ਦੀਵਾਲੀ ਦਾ ਤਿਉਹਾਰ ਭਾਰਤ ਵਿਚ ਮਨਾਇਆ ਜਾਣਾ ਵਾਲਾ ਇੱਕ ਪ੍ਰਮੁੱਖ ਤਿਉਹਾਰ ਮੰਨਿਆ ਜਾਂਦਾ ਹੈ,,ਬਲਜਿੰਦਰ ਕੌਰ ਸ਼ੇਰਗਿੱਲ

ਦੀਵਾਲੀ ਦਾ ਤਿਉਹਾਰ ਭਾਰਤ ਵਿਚ ਮਨਾਇਆ ਜਾਣਾ ਵਾਲਾ ਇੱਕ ਪ੍ਰਮੁੱਖ ਤਿਉਹਾਰ ਮੰਨਿਆ ਜਾਂਦਾ ਹੈ। ਧਾਰਮਿਕ ਪੱਖ ਵੱਲ ਝਾਤ ਮਾਰੀਏ ਤਾਂ ਦੇਸ਼ ਭਰ ’ਚ ਇਸ ਤਿਉਹਾਰ ਨਾਲ ਵੱਖ ਵੱਖ ਕਥਾਵਾਂ ਜੁੜੀਆਂ ਹੋਈਆਂ ਹਨ। ਇਹ ਤਿਉਹਾਰ ਦੇਸੀ ਮਹੀਨੇ ਦੇ ਕੱਤਕ ਵਿਚ ਆਉਂਦਾ ਹੈ। ਇਸ ਤਿਉਹਾਰ ਨੂੰ ਰੋਸ਼ਨੀਆਂ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਇਹ ਤਿਉਹਾਰ ਸੱਭਿਆਚਾਰਕ ਅਤੇ ਧਾਰਮਿਕ ਭਾਵਨਾਵਾਂ ਨਾਲ ਵੀ ਜੁੜਿਆ ਹੋਇਆ ਹੈ। ਜਿਵੇਂ ਕਿ ਸਭ ਜਾਣਦੇ ਹੀ ਹਨ ਕਿ ਭਾਰਤ ਵਿੱਚ ਤਿਉਹਾਰਾਂ ਦੀ ਬਹੁਤ ਮਹੱਤਤਾ ਹੈ। ਇਥੇ ਸਾਰੇ ਧਰਮਾਂ ਦੇ ਤਿਉਹਾਰ ਬੜੀ ਧੂਮਧਾਮ ਨਾਲ ਮਨਾਏ ਜਾਂਦੇ ਹਨ। ਇਹ ਰੁੱਤਾਂ ਦੇ ਬਦਲਣ ਦਾ ਸੰਕੇਤ ਵੀ ਹੁੰਦਾ ਹੈ।ਭਗਵਾਨ ਰਾਮ ਚੰਦਰ ਜੀ 14 ਸਾਲ ਦਾ ਬਨਵਾਸ ਕੱਟ ਅਯੋਧਿਆ ਪਹੁੰਚੇ ਦੀਵਾਲੀ ਤਿਉਹਾਰ ਹਿੰਦੂ ਤੇ ਸਿੱਖ ਧਰਮ ਦੇ ਇਤਿਹਾਸ ਨਾਲ ਸੰਬੰਧਿਤ ਮੰਨਿਆ ਜਾਂਦਾ ਹੈ। ਦੀਵਾਲੀ ਦਾ ਭਾਵ ਦੀਵਿਆਂ ਨਾਲ ਕੀਤੀ ਗਈ ਰੌਸ਼ਨੀ ਤੋਂ ਹੈ। ਹਿੰਦੂ ਧਰਮ ਅਨੁਸਾਰ ਭਗਵਾਨ ਰਾਮ ਚੰਦਰ ਜੀ ਜਦੋਂ 14 ਸਾਲ ਦਾ ਬਨਵਾਸ ਕੱਟ ਕੇ ‘ਬਦੀ ਤੇ ਨੇਕੀ ਦੀ ਜਿੱਤ’ ਪ੍ਰਾਪਤ ਕਰਕੇ ਅਯੋਧਿਆ ਪਹੁੰਚੇ ਸੀ ਤਾਂ ਲੋਕਾਂ ਨੇ ਉਹਨਾਂ ਦੇ ਆਉਣ ਦੀ ਖ਼ੁਸ਼ੀ ਵਿੱਚ ਘਿਉ, ਤੇਲ ਦੇ ਦੀਵੇ ਬਾਲ ਕੇ ਦੀਵਿਆਂ ਦੀ ਰੋਸ਼ਨੀ ਕਰਕੇ ਦੀਵਾਲੀ ਮਨਾਈ ਗਈ ਸੀ।
‘‘ਬੰਦੀ ਛੋੜ ਦਿਵਸ’’
ਇਸ ਤਰ੍ਹਾਂ ਸਿੱਖ ਇਤਿਹਾਸ ਅਨੁਸਾਰ ਛੇਵੇਂ ਪਾਤਸ਼ਾਹ ਗੁਰੂ ਹਰਿਗੋਬਿੰਦ ਸਾਹਿਬ ਨੇ ਗਵਾਲੀਅਰ ਦੇ ਕਿਲ੍ਹੇ ਵਿੱਚ ਕੈਦ 52 ਪਹਾੜੀ ਰਾਜਿਆਂ ਨੂੰ ਮੁਗਲ ਬਦਾਸ਼ਾਹ ਜਹਾਂਗੀਰ ਦੀ ਕੈਦ ਵਿੱਚ ਰਿਹਾਅ ਕਰਵਾ ਕੇ ਅੰਮ੍ਰਿਤਸਰ ਸਾਹਿਬ ਪੁੱਜੇ ਸੀ। ਉਹਨਾਂ ਰਾਜਿਆਂ ਨੂੰ ਰਿਹਾਅ ਕਰਾ ਕੇ ਲਿਆਉਣ ਦੀ ਖ਼ੁਸ਼ੀ ਵਿੱਚ ਅੰਮ੍ਰਿਤਸਰ ਸਾਹਿਬ ਵਿਖੇ ਦੀਵਿਆਂ ਨਾਲ ਰੋਸ਼ਨੀ ਕਰ ‘‘ਬੰਦੀ ਛੋੜ ਦਿਵਸ’’ ਮਨਾਇਆ ਗਿਆ ਸੀ। ਗੁਰਬਾਣੀ ਵਿੱਚ ਦਰਜ ਸ਼ਬਦ ਦਾ ਉਚਾਰਨ ਕੀਤਾ ਗਿਆ।
ਦੀਵਾਲੀ ਦੀ ਰਾਤ ਦੀਵੇ ਬਾਲੀਅਨਿ।।
ਤਾਰੇ ਜਾਤ ਸਨਾਤ ਅੰਬਰ ਭਾਲੀਅਨਿ।।
ਫੁਲਾਂ ਦੀ ਬਾਗਾਤ ਚੁਣ ਚੁਣ ਚਾਲੀਅਨਿ।।
ਤੀਰਥਿ ਜਾਤੀ ਜਾਤ ਨੈਣ ਨਿਹਾਲੀਅਨਿ।।
ਹਰਿ ਚੰਦੁਰੀ ਝਾਤ ਵਸਾਇ ਉਚਾਲੀਅਨਿ।।
ਗੁਰਮੁਖ ਸੁਖਫਲ ਦਾਤ ਸਬਦ ਸਮਹਾਲੀਅਨਿ।।
ਘਰਾਂ ਦੀ ਸਾਫ਼ ਸਫ਼ਾਈ
ਦੀਵਾਲੀ ਮਨਾਉਣ ਦੀ ਖ਼ੁਸ਼ੀ ਵਿੱਚ ਘਰਾਂ ਦੀ ਸਾਫ਼- ਸਫ਼ਾਈ ਕੁਝ ਦਿਨ ਪਹਿਲਾਂ ਹੀ ਔਰਤਾਂ ਸ਼ੁਰੂ ਕਰ ਦਿੰਦੀਆਂ ਹਨ। ਘਰਾਂ ਨੂੰ ਸਫੇਦੀ ਵੀ ਕਰਵਾਈ ਜਾਂਦੀ ਹੈ। ਇਸ ਤਰ੍ਹਾਂ ਸਫਾਈ ਹੋਣ ਨਾਲ ਘਰਾਂ ਦੀ ਗੰਦਗੀ ਵੀ ਖ਼ਤਮ ਹੋ ਜਾਂਦੀ ਹੈ ਅਤੇ ਘਰ ਦੀ ਸਫ਼ਾਈ ਨਾਲ ਸਾਡਾ ਸਰੀਰ ਵੀ ਤੰਦਰੁਸਤ ਮਹਿਸੂਸ ਹੁੰਦਾ ਹੈ।  ਕਿਸੇ ਨੇ ਸੱਚ ਕਿਹਾ ਕਿ ‘ਜਿੱਥੇ ਸਫ਼ਾਈ ਉਥੇ ਖੁਦਾਈ’ ਹੁੰਦੀ ਹੈ।
ਦੀਵਾਲੀ ਦੇ ਤਿਉਹਾਰ ਹਿੰੰਦੂ ਧਰਮ ਵਿਚ ਮਾਤਾ ਲਕਸ਼ਮੀ ਜੀ ਦੀ ਪੂਜਾ ਕੀਤੀ ਜਾਂਦੀ ਹੈ ਤੇ ਕਹਿੰਦੇ ਹਨ ਜਿਸ ਘਰ ਵਿੱਚ ਸਭ ਤੋਂ ਜ਼ਿਆਦਾ ਸਫ਼ਾਈ ਹੁੰਦੀ ਹੈ ਉਥੇ ਮਾਤਾ ਜੀ ਦਾ ਵਾਸ ਜ਼ਰੂਰ ਹੁੰਦਾ ਹਨ।
ਬਜ਼ਾਰਾਂ ’ਚ ਚਹਿਲ ਪਹਿਲ
ਦੀਵਾਲੀ ਦਾ ਤਿਉਹਾਰ ਤੋਂ ਪਹਿਲਾਂ ਹੀ ਸ਼ਹਿਰਾਂ, ਕਸਬਿਆਂ ਦੀਆਂ ਮਾਰਕੀਟਾਂ ਵਿੱਚ ਕੁਝ ਦਿਨ ਪਹਿਲਾਂ ਹੀ ਚਹਿਲ ਪਹਿਲ ਸ਼ੁਰੂ ਹੋ ਜਾਂਦੀ ਹੈ। ਮਾਰਕੀਟਾਂ ਦੁਲਹਨਾਂ ਵਾਂਗ ਤਰ੍ਹਾਂ ਸੱਜੀਆਂ ਹੋਈਆਂ ਦਿਖਾਈ ਦਿੰਦੀਆਂ ਹਨ। ਹਰ ਕੋਈ ਆਪਣੇ ਰਿਸ਼ਤੇਦਾਰਾਂ, ਦੋਸਤਾਂ ਨੂੰ ਦੀਵਾਲੀ ਦੀਆਂ ਸ਼ੁਭਕਾਮਨਾਵਾਂ ਵਜੋਂ ਮਿਠਾਈਆਂ ਤੇ ਤੋਹਫੇ ਭੇਂਟ ਕਰਨ ਲਈ ਮਾਰਕੀਟਾਂ ਵਿੱਚ ਖ਼ਰੀਦਦਾਰੀ ਸ਼ੁਰੂ ਕਰ ਦਿੰਦੇ ਹਨ। ਪਰ ਸਾਨੂੰ ਸਭ ਨੂੰ ਸੋਚ ਸਮਝ ਕੇ ਖ਼ਰੀਦਦਾਰੀ ਕਰਨੀ ਚਾਹੀਦੀ ਹੈ ਕਿਉਂਕਿ ਅੱਜ ਕੱਲ੍ਹ ਹਰ ਇਕ ਚੀਜ਼ ਵਿੱਚ ਮਿਲਾਵਟ ਪਾਈ ਜਾਂਦੀ ਹੈ ਜੋ ਸਾਡੀ ਸਿਹਤ ਲਈ ਬਹੁਤ ਹਾਨੀਕਾਰਕ ਹੁੰਦੀ ਹੈ। ਸਾਨੂੰ ਆਪਣੀ ਸਿਹਤ ਨਾਲ ਸੰਬੰਧਿਤ ਚੀਜ਼ਾਂ ਹੀ ਇੱਕ ਦੂਜੇ ਨੂੰ ਭੇਂਟ ਕਰਨੀਆਂ ਚਾਹੀਦੀਆਂ ਹਨ, ਤਾਂ ਕਿ ਹਰ ਕੋਈ ਸਿਹਤਮੰਦ ਰਹੇ ਅਤੇ ਮਿਠਾਈਆਂ ਤੋਂ ਤਾਂ ਪ੍ਰਹੇਜ਼ ਹੀ ਕਰਨਾ ਚਾਹੀਦਾ ਹੈ। ਕਿਉਂਕਿ ਇਹ ਮਿਠਾਈਆਂ ਨਾ ਤਾਂ  ਤਾਜੀਆਂ ਹੁੰਦੀਆਂ ਹਨ ਬਲਕਿ ਇਹਨਾਂ ਦੀ ਪੈਕਿੰਗ ਬਹੁਤ ਦਿਨ ਪਹਿਲਾਂ ਹੀ ਸ਼ੁਰੂ ਹੋ ਜਾਂਦੀ ਹੈ।
ਮਿੱਟੀ ਦੇ ਦੀਵੇ
ਦੀਵਾਲੀ ਦੇ ਤਿਉਹਾਰ ’ਤੇ ਮਿੱਟੀ ਦੀਵਿਆਂ ਦੀ ਬਹੁਤ ਮਹੱਤਤਾ ਹੁੰਦੀ ਹੈ। ਇਹਨਾਂ ਦੀਵਿਆਂ ਵਿਚ ਸਰ੍ਹੋਂ ਦਾ ਤੇਲ ਪਾ ਕੇ ਮੰਦਰ, ਗੁਰਦੁਆਰੇ, ਘਰਾਂ ਅੱਗੇ ਦੀਵੇ ਜਗਾਏ ਜਾਂਦੇ ਹਨ, ਜਿਨ੍ਹਾਂ ਦੀ ਰੌਸ਼ਨੀ ਨਾਲ ਹਰ ਪਾਸੇ ਰੌਸ਼ਨੀ ਹੀ ਰੌਸ਼ਨੀ ਜਗਦੀ ਦਿਖਾਈ ਦਿੰਦੀ ਹੈ। ਜਿਸ ਕਰਕੇ ਦੀਵਾਲੀ ਦੇ ਤਿਉਹਾਰ ਨੂੰ ਰੌਸ਼ਨੀਆਂ ਦਾ ਤਿਉਹਾਰ ਕਹਿਣਾ ਗ਼ਲਤ ਨਹੀਂ ਹੋਵੇਗਾ।  ਵੈਸੇ ਜੇ ਦੇਖਿਆ ਜਾਵੇ ਤਾਂ ਮਿੱਟੀ ਦੇ ਦੀਵੇ ਖਰੀਦਣ ਨਾਲ ਗ਼ਰੀਬ ਘੁਮਿਆਰਾਂ ਅਤੇ ਕਾਰੀਗਰਾਂ ਦੇ ਘਰਾਂ ਵਿੱਚ ਵੀ ਦੀਵਾਲੀ ਦੀ ਰੌਸ਼ਨੀ ਪਹੁੰਚਦੀ ਹੈ ਜੋ ਕਈ ਮਹੀਨੇ ਪਹਿਲਾਂ ਤੋਂ ਦਿਨ ਰਾਤ ਇੱਕ ਕਰਕੇ ਮਿੱਟੀ ਦੇ ਦੀਵੇ ਬਣਾਉਣ ਲਈ ਸਖ਼ਤ ਮਿਹਨਤ ਕਰਦੇ ਹਨ।
ਸ਼ਾਸਤਰਾਂ ਅਨੁਸਾਰ ਮਿੱਟੀ ਦਾ ਦੀਵਾ ਜਗਾਉਣ ਨਾਲ ਘਰ ਵਿੱਚੋਂ ਨਕਾਰਾਤਮਕ ਊਰਜਾ ਖ਼ਤਮ ਹੁੰਦੀ ਹੈ ਅਤੇ ਮਾਨਸਿਕ ਤੇ ਸਰੀਰਕ ਤਣਾਅ ਦੂਰ ਹੁੰਦਾ ਹੈ।
ਆਤਿਬਾਜ਼ੀ
ਹੁਣ ਜੇਕਰ ਗੱਲ ਕਰੀਏ ਆਤਿਬਾਜ਼ੀ ਦੀ ਤਾਂ ਦੀਵਾਲੀ ਦੇ ਤਿਉਹਾਰ ਤੇ ਹਰ ਇੱਕ ਨੂੰ ਆਤਿਸ਼ਬਾਜ਼ੀ ਮਤਲਬ ਪਟਾਕੇ ਚਲਾਉਣਾ ਬਹੁਤ ਪਸੰਦ ਹੁੰਦਾ ਹੈ। ਇਹ ਤਿਉਹਾਰ ਹੁਣ ਭਾਵੇਂ ਰਵਾਇਤੀ ਸਾਦਗ਼ੀ ਅਨੁਸਾਰ ਨਹੀਂ ਮਨਾਇਆ ਜਾਂਦਾ ਬਲਕਿ ਇਸ ਤਿਉਹਾਰ ’ਤੇ ਲੋਕਾਂ ਵਲੋਂ ਲੱਖਾਂ ਕਰੋੜਾਂ ਰੁਪਿਆਂ ਦੀ ਆਤਿਸ਼ਬਾਜ਼ੀ ਚਲਾਈ ਜਾਂਦੀ ਹੈ ਜੋ ਕੇ ਬਹੁਤ ਨੁਮਾਇਸ਼ੀ ਤੇ ਦਿਖਾਵੇ ਵਾਲਾ ਹੈ। ਜਿਸ ਨਾਲ ਵੱਡੇ ਪੱਧਰ ’ਤੇ ਆਤਿਸ਼ਬਾਜ਼ੀ ਚਲਾਏ ਜਾਣ ਕਾਰਨ ਪ੍ਰਦੂਸ਼ਣ ਪੈਦਾ ਹੁੰਦਾ ਹੈ ਜਿਸ ਕਾਰਨ ਬਜ਼ੁਰਗਾਂ ਨੂੰ ਸਾਹ ਲੈ ਵਿਚ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਆਤਿਸ਼ਬਾਜ਼ੀ ਕਾਰਨ ਕਈ ਘਰਾਂ ਵਿਚ ਜਾਨੀ ਮਾਲੀ ਵੀ ਨੁਕਸਾਨ ਦੀਆਂ ੰਘਟਨਾਵਾਂ ਸੁਣਨ ਵਿਚ  ਸਾਹਮਣੇ ਆਉਂਦੀਆਂ ਹਨ ਜੋ ਬਹੁਤ ਦੁਖ ਦਾਈ ਹੁੰਦੀਆਂ ਹਨ। ਜੇਕਰ ਦੇਖਿਆ ਜਾਵੇ ਤਾਂ ਪਟਾਕਿਆਂ ਦੇ ਨਾਲ ਪੈਦਾ ਹੁੰਦਾ ਸ਼ੋਰ, ਪ੍ਰਦੂਸ਼ਣ, ਮਨੁੱਖ, ਜਾਨਵਰ ਅਤੇ ਪਸ਼ੂ ਪੰਛੀਆਂ ਲਈ ਅਨੇਕਾਂ ਪੱਖਾਂ ਤੇ ਮਾਰੂ ਸਾਬਤ ਹੁੰਦਾ ਹੈ ਸੋ ਸਾਨੂੰ ਸਭ ਨੂੰ ਆਪਣੇ ਤੇ ਦੂਜਿਆਂ ਦੀ ਸਿਹਤ ਦਾ ਧਿਆਨ ਰੱਖਦੇ ਹੋਏ ਪ੍ਰਦੂਸਣ ਫਲਾਊ ਪਟਾਕਿਆਂ ਦਰਕਿਨਾਰ ਹੀ ਕਰਨਾ ਚਾਹੀਦਾ ਹੈ।
ਕਾਨੂੰਨ ਦੀ ਪਾਲਣਾ ਕਰਨਾ
ਇਸ ਲਈ ਸਾਨੂੰ ਹਮੇਸ਼ਾਂ ਕਾਨੂੰਨ ਦੇ ਨਿਰਦੇਸ਼ਾਂ ਦੀ ਪਾਲਣਾ ਕਰਕੇ ਆਤਿਸ਼ਬਾਜ਼ੀ ਚਲਾਉਣੀ ਚਾਹੀਦੀ ਹੈ ਤਾਂ ਕਿ ਅਸੀਂ ਆਪਣੇ ਸਮਾਜ ਤੇ ਆਸ ਪਾਸ ਦੇ ਹਨੇਰੇ ਨੂੰ ਦੂਰ ਕਰਕੇ ਹਰ ਇਕ ਦੇ ਜੀਵਨ ਵਿਚ ਉਜਾਲਾ ਪੈਦਾ ਕਰ ਸਕੀਏ।  
ਦੀਵਾਲੀ ਸੱਚਾਈ, ਪ੍ਰਕਾਸ਼ ਤੇ ਚੰਗਿਆਈ ਦੀ ਹਮੇਸ਼ਾ ਜਿੱਤ ਦਾ ਅਹਿਸਾਸ ਦਿਵਾਉਂਦੀ ਹੈ।  ਇਸ ਸ਼ੁਭ ਅਵਸਰ ’ਤੇ ਸਾਰੇ ਦੇਸ਼ ਵਾਸੀਆਂ ਨੂੰ ਬਲਜਿੰਦਰ ਕੌਰ ਸ਼ੇਰਗਿੱਲ ਵਲੋਂ ਦੀਵਾਲੀ ਦੀਆਂ ਬਹੁਤ ਬਹੁਤ ਸ਼ੁੱਭਕਾਮਨਾਵਾਂ।
ਆਓ ਇਸ ਪਵਿੱਤਰ ਤੇ ਖ਼ੁਸ਼ੀਆਂ ਭਰੇ ਤਿਉਹਾਰ ਨੂੰ ਮੋਹ ਪਿਆਰ ਨਾਲ ਗੱਲ ਲਾਈਏ ਤੇ ਹੱਸ ਕੇ ਸ਼ਾਂਤੀਪੂਰਵਕ ਮਨਾਈਏ ਅਤੇ ਇਸ ਫਜ਼ੂਲ ਦੇ ਖਰਚੇ ਨੂੰ ਨੱਥ ਪਾਈਏ।
ਬਲਜਿੰਦਰ ਕੌਰ ਸ਼ੇਰਗਿੱਲ
98785-19278