'ਐਮਾਜ਼ੋਨ ਵਰਖਾ ਵਣ' : ਜਿੱਥੇ ਹਜ਼ਾਰਾਂ ਮੀਲਾਂ ਵਿੱਚ ਸਿਰਫ ਕੁਦਰਤ ਹੀ ਧੜਕਦੀ ਹੈ - ਯਾਦਵਿੰਦਰ ਸਿੰਘ ਸਤਕੋਹਾ

ਧਰਤੀ ਦੇ ਪੁੱਤਰ ਮਨੁੱਖ ਨੇ ਤਰੱਕੀ ਅਤੇ ਸ਼ਹਿਰੀਕਰਨ ਦੇ ਆਧੁਨਿਕ ਨਜ਼ਰੀਏ ਅਧੀਨ ਜਿਉਂਦਿਆਂ ਸ਼ਾਂਤ ਕੁਦਰਤ ਨਾਲ ਬੇਹਿਸਾਬੀ ਛੇੜਛਾੜ ਕੀਤੀ ਹੈ। ਜਿੱਥੇ ਭਾਰਤ ਅਤੇ ਹੋਰ ਸੰਘਣੀ ਆਬਾਦੀ ਵਾਲੇ ਦੇਸ਼ਾਂ ਅੰਦਰ ਮਨੁੱਖ ਦੁਆਰਾ ਨਿਰੰਤਰ ਤਿਆਰ ਕੀਤੇ ਜਾਂਦੇ ਕੰਕਰੀਟ ਦੇ ਜੰਗਲਾਂ ਕਾਰਨ ਕੁਦਰਤ ਆਪਣਾ ਸੰਤੁਲਨ ਗਵਾਉਂਦੀ ਜਾ ਰਹੀ ਹੈ, ਉੱਥੇ ਇਸ ਧਰਤੀ ਉੱਪਰ ਕੁਝ ਇੱਕ ਐਸੇ ਖਿੱਤੇ ਵੀ ਮੌਜੂਦ ਹਨ ਜਿੱਥੇ ਕੁਦਰਤ ਸੁਤੰਤਰਤਾ ਨਾਲ ਆਪਣੀ ਅਣਛੋਹ ਖੂਬਸੂਰਤੀ ਅਤੇ ਤਾਜ਼ਗੀ ਸਮੇਤ ਜੀਅ ਰਹੀ ਹੈ। ਕੁਦਰਤ ਦੀ ਐਸੀ ਹੀ ਇੱਕ ਵਿਸ਼ਾਲ ਰਿਆਸਤ ਦਾ ਨਾਂਅ ਹੈ 'ਐਮਾਜ਼ੋਨ' ਵਰਖਾ-ਵਣ। ਦੱਖਣੀ ਅਮਰੀਕੀ ਮਹਾਂਦੀਪ ਵਿੱਚ ਫੈਲਿਆ ਹੋਇਆ ਇਹ ਮਹਾਂਜੰਗਲ ਆਪਣੇ ਆਪ ਵਿੱਚ ਕੁਦਰਤ ਦੇ ਅਨੰਤ ਰਹੱਸਾਂ ਨੂੰ ਲੁਕਾਈ ਬੈਠਾ ਹੈ। ਇਹ ਜੰਗਲ ਏਨਾ ਵਿਸ਼ਾਲ ਅਤੇ ਅਥਾਹ ਹੈ ਕਿ ਇਸ ਦਾ ਰਕਬਾ ਬ੍ਰਾਜ਼ੀਲ, ਪੇਰੂ, ਕੋਲੰਬੀਆ, ਐਕੁਆਡੋਰ, ਵੈਨੇਜ਼ੁਲਾ, ਬੋਲਿਵੀਆ, ਗੁਆਨਾ ਅਤੇ ਸਰਨਾਮ ਆਦਿ ਦੇਸ਼ਾਂ ਵਿੱਚ ਸਾਂਝੇ ਤੌਰ ਤੇ ਫੈਲਿਆ ਹੋਇਆ ਹੈ ਅਤੇ ਲਗਭੱਗ 1.4 ਬਿਲੀਅਨ ਵਰਗ ਏਕੜ ਦਾ ਖੇਤਰ ਇਸ ਦੇ ਹੇਠ ਆਉਂਦਾ ਹੈ। ਇਹ ਰਕਬਾ ਸਾਰੇ ਭਾਰਤ ਦੇ ਦੁਗਣੇ ਖੇਤਰ ਤੋਂ ਵੀ ਜਿਆਦਾ ਹੈ।  ਇਸਦਾ ਅੱਧੇ ਤੋਂ ਜਿਆਦਾ ਖੇਤਰ  ਬ੍ਰਾਜੀਲ ਦੇ ਅੰਦਰ ਆਉਂਦਾ ਹੈ। ਇਸ ਨੂੰ ਵਰਖਾ-ਵਣਾਂ ਦੀ ਵੰਨਗੀ ਵਿੱਚ ਗਿਣਿਆ ਜਾਂਦਾ ਹੈ ਅਤੇ ਧਰਤੀ ਉੱਪਰ ਇਸ ਸ਼੍ਰੇਣੀ ਦਾ ਇਹ ਸਭ ਤੋਂ ਵਿਸ਼ਾਲ ਜੰਗਲ ਹੈ। ਨਿਰਸੰਦੇਹ ਇਹ ਵਣ ਇਸ ਧਰਤੀ ਉੱਤੇ ਕੁਦਰਤ ਦੀ ਸਭ ਤੋਂ ਵੱਡੀ ਵਿਰਾਸਤ ਹੈ।
        ਵਿਸ਼ਾਲ ਐਮਾਜ਼ੋਨ ਖਿੱਤੇ ਵਿੱਚ ਘੁੰਮਣ ਵਾਲਾ ਇਨਸਾਨ ਇੱਕ ਵਾਰ ਇਹ ਭੁੱਲ ਜਾਂਦਾ ਹੈ ਕਿ ਉਹ ਵਿਗਿਆਨ ਅਤੇ ਤਕਨੀਕ ਦੀ ਤਰੱਕੀ ਦੇ ਸਿਖਰ ਤੇ ਖੜੀ ਇੱਕੀਵੀਂ ਸਦੀ ਵਿੱਚ ਜੀਅ ਰਿਹਾ ਹੈ। ਸੰਘਣੇ ਵਣਾਂ ਵਿੱਚ ਵੱਸਦੇ ਜੰਗਲੀ ਜੀਵ ਆਪਣੇ ਜਾਂਗਲੀ ਹੁਸਨ ਨਾਲ ਭਰੇ ਹੋਏ ਬੇਪਰਵਾਹ ਜੀਵਨ ਜਿਉਂਦੇ ਹਨ। ਸੰਘਣੇ ਰੁੱਖਾਂ ਨਾਲ ਭਰੇ ਜੰਗਲਾਂ ਦੇ ਕਈ ਵਿਸ਼ਾਲ ਹਿੱਸੇ ਐਸੇ ਵੀ ਹਨ ਜਿੱਥੇ ਸਿਖਰ ਦੁਪਹਿਰੇ ਵੀ ਹਨੇਰਾ ਹੀ ਰਹਿੰਦਾ ਹੈ। ਇਹਨਾ ਸੰਘਣੇ ਜੰਗਲਾਂ ਉੱਤੇ ਬਹੁਤ ਤੇਜ਼ ਮੀਂਹ ਪੈਣ ਦੀ ਸੂਰਤ ਵਿੱਚ ਵੀ ਪਾਣੀ ਜ਼ਮੀਨ ਤੱਕ ਪਹੁੰਚਦਿਆਂ ਦਸ ਤੋਂ ਪੰਦਰਾਂ ਮਿੰਟ ਤੱਕ ਦਾ ਸਮਾਂ ਲੈ ਲੈਂਦਾ ਹੈ। ਇੱਥੇ ਲਗਭੱਗ 40,000 ਕਿਸਮ ਦੀ ਬਨਸਪਤੀ, ਦਰਿਆਵਾਂ, ਨਦੀਆਂ ਅਤੇ ਝੀਲਾਂ ਵਿੱਚ 3000 ਕਿਸਮਾ ਦੇ ਕਰੀਬ ਜਲ-ਜੰਤੂ, 1300 ਕਿਸਮਾ ਦੇ ਕਰੀਬ ਪੰਛੀ ਅਤੇ ਸੈਂਕੜੇ ਕਿਸਮਾ ਦੇ ਜੰਗਲੀ ਜਾਨਵਰ ਮਿਲਦੇ ਹਨ। ਇਹਨਾਂ ਵਿੱਚੋਂ ਬਹੁਤ ਸਾਰੇ ਜੀਵ ਦੁਨੀਆਂ ਦੇ ਕਿਸੇ ਵੀ ਹੋਰ ਹਿੱਸੇ ਵਿੱਚ ਨਹੀਂ ਪਾਏ ਜਾਂਦੇ। ਜੀਵ ਵਿਗਿਆਨੀ ਤਾਂ ਇੱਥੋਂ ਤੱਕ ਕਹਿੰਦੇ ਹਨ ਕਿ ਉਹਨਾ ਨੂੰ ਅੱਜ ਵੀ ਐਮਾਜ਼ੋਨ ਵਿੱਚੋਂ ਜੰਗਲੀ ਅਤੇ ਜਲ ਜੀਵਾਂ ਦੀਆਂ ਨਵੀਆਂ ਕਿਸਮਾ ਲੱਭ ਰਹੀਆਂ ਹਨ। ਭਾਵੇਂ ਕਿ ਦੱਖਣੀ ਅਮਰੀਕੀ ਮਹਾਂਦੀਪ ਦੇ ਦੇਸ਼ ਵੀ ਆਧੁਨਿਕਤਾ ਦੇ ਨਾਂਅ ਹੇਠ ਨਿਰੰਤਰ ਜੰਗਲਾਂ ਨੂੰ ਸ਼ਹਿਰੀ ਰਕਬੇ ਹੇਠ ਲਿਆ ਰਹੇ ਹਨ ਪਰ ਫਿਰ ਵੀ ਇਹ ਜੰਗਲ ਆਪਣੀ ਅਸੀਮ ਵਿਸ਼ਾਲਤਾ ਕਾਰਨ ਬਹੁਤ ਹੱਦ ਤੱਕ ਮਨੁੱਖੀ ਛੇੜਛਾੜ ਤੋਂ ਬਚਿਆ ਹੋਇਆ ਹੈ। ਇਸ ਦੇ ਬਹੁਤ ਸਾਰੇ ਹਿੱਸਿਆਂ ਤੱਕ ਤਾਂ ਅੱਜ ਤੱਕ ਮਨੁੱਖ ਪਹੁੰਚਿਆ ਹੀ ਨਹੀਂ ਹੈ। ਇਸ ਤਰਾਂ ਇੱਥੇ ਪਾਏ ਜਾਂਦੇ ਪੌਦਿਆਂ, ਵੱਸਣ ਵਾਲੇ ਪਛੂ-ਪੰਛੀਆਂ ਅਤੇ ਜਲ ਜੀਵਾਂ ਦੀਆਂ ਹਜ਼ਾਰਾਂ ਕਿਸਮਾ ਅਜ਼ਾਦ ਫਿਜ਼ਾਵਾਂ ਵਿੱਚ ਸਾਹ ਲੈਂਦੀਆਂ ਹਨ।
ਇਸ ਜੰਗਲ ਨੂੰ ਧਰਤੀ ਉੱਪਰ ਆਕਸੀਜਨ ਉਪਲਭਧ ਕਰਾਉਣ ਅਤੇ ਕਾਰਬਨਡਾਈਕਸਾਈਡ ਸੋਖਣ ਵਾਲੇ ਸਭ ਤੋਂ ਵੱਡੇ ਕੁਦਰਤੀ ਸ੍ਰੋਤ ਵਜੋਂ ਵੀ ਜਾਣਿਆ ਜਾਂਦਾ ਹੈ। ਵਿਗਿਆਨ ਦੀ ਦੁਨੀਆਂ ਵਿੱਚ ਤਾਂ ਐਮਾਜ਼ੋਨ ਨੂੰ ਧਰਤੀ ਦੇ ਫੇਫੜਿਆਂ ਦੀ ਤੁਲਨਾ ਦਿੱਤੀ ਜਾਂਦੀ ਹੈ। ਧਰਤੀ ਦੇ ਕਿਸੇ ਵੀ ਹਿੱਸੇ ਵਿੱਚ ਵੱਸਦਾ ਸ਼ਖਸ਼ ਖੁਦ ਨੂੰ ਐਮਾਜ਼ੋਨ ਨਾਲ ਸੰਪਰਕ ਵਿੱਚ ਮਹਿਸੂਸ ਕਰੇਗਾ ਜਦ ਉਹ ਜਾਣੇਗਾ ਕਿ ਸਾਰੀ ਧਰਤੀ ਦੀ ਬਨਾਸਪਤੀ ਵੱਲੋਂ ਪੈਦਾ ਕੀਤੀ ਜਾਂਦੀ ਆਕਸੀਜਨ ਵਿੱਚ ਐਮਾਜ਼ੋਨ ਵੀਹ ਪ੍ਰਤੀਸ਼ਤ ਦਾ ਯੋਗਦਾਨ ਪਾਉਂਦਾ ਹੈ। ਸੂਰਜ ਦੀ ਤਪਸ਼ ਨੂੰ ਸੋਖਣ ਵਾਲੇ ਇਹ ਜੰਗਲ ਗਲੋਬਲ ਵਾਰਮਿੰਗ ਨਾਲ ਲੜਨ ਵਿੱਚ ਸਭ ਤੋਂ ਵੱਡੀ ਭੂਮਿਕਾ ਨਿਭਾਉਂਦੇ ਹਨ।
    'ਐਮਾਜ਼ੋਨ' ਨਾਂਅ ਵੀ ਦਿਲਚਸਪੀ ਦਾ ਵਿਸ਼ਾ ਹੈ। ਖੇਤਰੀ ਤੌਰ ਤੇ ਇਹ ਰਕਬਾ ਕਈ ਦੇਸ਼ਾਂ ਨਾਲ ਸਬੰਧ ਰੱਖਦਾ ਹੈ ਪਰ ਹਰ ਖੇਤਰ ਵਿੱਚ ਇਸ ਨੂੰ ਇਸੇ ਨਾਂਅ ਨਾਲ ਹੀ ਸੰਬੋਧਤ ਕੀਤਾ ਜਾਂਦਾ ਹੈ। ਇਹ ਨਾਂਅ ਫਰਾਂਸਿਸਕੋ ਡੀ ਓਰਲੈਨਾ ਨਾਂਅ ਦੇ ਪਹਿਲੇ ਯੂਰਪੀਅਨ ਯਾਤਰੀ ਵੱਲੋਂ ਦਿੱਤਾ ਗਿਆ ਸੀ ਜਿਸ ਨੇ ਸੋਹਲਵੀਂ ਸਦੀ ਦੌਰਾਨ ਇਹਨਾ ਜੰਗਲਾਂ ਵਿੱਚ ਮਹੀਨਿਆਂ ਬੱਧੀ ਸਫਰ ਕੀਤਾ ਅਤੇ ਆਪਣੇ ਸਫਰਨਾਮਿਆਂ ਵਿੱਚ ਇੱਥੋਂ ਦੀ ਸੱਭਿਅਤਾ ਅਤੇ ਕੁਦਰਤੀ ਖੂਬਸੂਰਤੀ ਨੂੰ ਪਹਿਲੀ ਵਾਰ ਪੂਰੀ ਦੁਨੀਆਂ ਦੇ ਸਾਹਮਣੇ ਰੱਖਿਆ ਸੀ। ਫਰਾਂਸਿਸਕੋ ਦਲੇਰ ਸੁਭਾਅ ਦਾ ਯਾਤਰੀ ਸੀ। ਉਸ ਨੇ ਆਪਣੀ ਜਾਂਨ ਜੋਖਮ ਵਿੱਚ ਪਾ ਕੇ ਇਹਨਾ ਵਿਸ਼ਾਲ ਜੰਗਲਾਂ ਵਿੱਚ ਮਹੀਨਿਆਂ ਬੱਧੀ ਸਫਰ ਕੀਤਾ। ਉਸ ਨੇ ਜਿਆਦਾਤਰ ਸਫਰ ਨਦੀਆਂ ਅਤੇ ਦਰਿਆਵਾਂ ਦੇ ਰਸਤੇ ਤਹਿ ਕੀਤਾ। ਆਪਣੀ ਲੰਮੀ ਯਾਤਰਾ ਦੌਰਾਨ ਉਸ ਨੇ ਬਹੁਤ ਸਾਰੇ ਕਬੀਲਿਆਂ ਵਿੱਚ ਹੁੰਦੀਆਂ ਆਪਸੀ ਲੜਾਈਆਂ ਨੂੰ ਤੱਕਿਆ। ਉੇਸ ਨੂੰ ਹੈਰਾਨੀ ਹੋਈ ਜਦ ਉਸਨੇ ਇਹਨਾ ਲੜਾਈਆਂ ਦੌਰਾਨ ਔਰਤਾਂ ਨੂੰ ਵੀ ਆਦਮੀਆਂ ਦੇ ਬਰਾਬਰ ਲੜਦਿਆਂ ਵੇਖਿਆ। ਇਹਨਾ ਘਟਨਾਵਾਂ ਤੋਂ ਪ੍ਰਭਾਵਤ ਹੋ ਕੇ ਉਸਨੇ ਇਸ ਵਿਸ਼ਾਲ ਖੇਤਰ ਨੂੰ ਗਰੀਕ ਮਿਥਿਹਾਸ ਦੀ ਲੜਾਕੂ ਔਰਤ-ਸ਼੍ਰੇਣੀ  'ਐਮਾਜ਼ੋਨ' ਦੇ ਨਾਂਅ ਨਾਲ ਜੋੜ ਲਿਆ ਜੋ ਕਿ ਜੰਗ ਦੇ ਮੈਦਾਨ ਵਿੱਚ ਮਰਦਾਂ ਦੇ ਬਰਾਬਰ ਹੋ ਕੇ ਲੜਦੀਆਂ ਸਨ। ਜਦ ਫਰਾਂਸਿਸਕੋ ਦੀਆਂ ਲਿਖਤਾਂ ਯੂਰਪੀ ਦੁਨੀਆਂ ਦੇ ਸਾਹਮਣੇ ਆਈਆਂ ਤਾਂ ਇਸ ਖੇਤਰ ਦਾ ਇਹੀ ਨਾਂਅ ਮਸ਼ਹੂਰ ਹੋ ਗਿਆ।
        ਐਮਾਜ਼ੋਨ ਚਾਰ ਸੌ ਦੇ ਕਰੀਬ ਮਨੁੱਖੀ ਕਬੀਲਿਆਂ ਦੇ ਰਹਿਣ ਦੀ ਧਰਤੀ ਵੀ ਹੈ ਜਿਨ੍ਹਾਂ ਵਿੱਚੋਂ ਪੰਜਾਹ ਦੇ ਕਰੀਬ ਅੱਜ ਤੱਕ ਵੀ ਬਾਹਰੀ ਦੁਨੀਆਂ ਦੇ ਸੰਪਰਕ ਵਿੱਚ ਨਹੀਂ ਹਨ। ਇਹਨਾ ਦਾ ਜੀਵਨ ਪੂਰੀ ਤਰਾਂ ਕੁਦਰਤ ਤੇ ਆਧਾਰਤ ਹੈ। ਉਹ ਅੱਜ ਵੀ ਕਬੀਲਿਆਂ ਦੇ ਰੂਪ ਵਿੱਚ ਰਹਿੰਦੇ ਹੋਏ ਆਪੋ ਆਪਣੇ ਕਬੀਲੇ ਵੱਲੋਂ ਨਿਰਧਾਰਤ ਕਾਨੂੰਨਾ ਅਨੁਸਾਰ ਜਿਉਂਦੇ ਹਨ ਅਤੇ ਸ਼ਿਕਾਰ ਖੇਡ ਕੇ, ਮੱਛੀਆਂ ਫੜ ਕੇ ਜਾਂ ਕਿਧਰੇ ਥੋੜੀ ਬਹੁਤ ਖੇਤੀ ਕਰ ਕੇ ਜੀਵਨ ਨਿਰਬਾਹ ਕਰਦੇ ਹਨ। ਨਦੀਆਂ ਜਾਂ ਦਰਿਆਵਾਂ ਦੇ ਕੰਢੇ ਵੱਸਦੇ ਕਬੀਲੇ ਤਾਂ ਥੋੜੇ ਬਹੁਤ ਬਾਹਰੀ ਦੁਨੀਆਂ ਦੇ ਸੰਪਰਕ ਵਿੱਚ ਆ ਚੁੱਕੇ ਹਨ ਅਤੇ ਪਛਾਣੇ ਜਾ ਚੁੱਕੇ ਹਨ ਪਰ ਧੁਰ ਅੰਦਰ ਜੰਗਲਾਂ ਵਿੱਚ ਵੱਸਦੇ ਕਬੀਲੇ ਦੁਨੀਆਂ ਦੀ ਪਹੁੰਚ ਤੋਂ ਪੂਰੀ ਤਰਾਂ ਬਾਹਰ ਹਨ। ਪੇਰੂ ਅਤੇ ਬ੍ਰਾਜੀਲ ਦੀਆਂ ਸਰਕਾਰਾਂ ਅੱਜ ਵੀ ਇਹਨਾ ਕਬੀਲਿਆਂ ਦਾ ਵਰਗੀਕਰਨ ਕਰਨ ਦੀ ਕੋਸ਼ਿਸ਼ ਵਿੱਚ ਲੱਗੀਆਂ ਹਨ ਅਤੇ ਬੇਰਾਬਤਾ ਕਬੀਲਿਆਂ ਦਾ ਪਤਾ ਕਰਕੇ ਉਹਨਾ ਦਾ ਸਬੰਧ ਬਾਹਰੀ ਦੁਨੀਆਂ ਨਾਲ ਜੋੜਨ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਹਨ। ਵੈਸੇ ਇਹ ਇੱਕ ਮੁਸ਼ਕਿਲ ਜਿਹਾ ਕੰਮ ਹੈ ਕਿਉਂਕਿ ਦੁਨੀਆਂ ਤੋਂ ਬੇਰਾਬਤਾ ਕਬੀਲੇ ਬਾਹਰੀ ਦੁਨੀਆਂ ਨਾਲ ਸਬੰਧ ਰੱਖ ਕੇ ਖੁਸ਼ ਨਹੀਂ ਹੁੰਦੇ। ਉਹ ਆਪਣੀ ਜਾਂਗਲੀ ਅਤੇ ਅਜ਼ਾਦ ਜ਼ਿੰਦਗੀ ਜਿਉਣ ਵਿੱਚ ਮਸਤ ਹਨ ਅਤੇ ਇਸ ਤਰਾਂ ਦੀਆਂ ਕੋਸ਼ਿਸ਼ਾਂ ਨੂੰ ਆਪਣੇ ਕੁਦਰਤੀ ਜੀਵਨ ਵਿੱਚ ਪੈਦਾ ਕੀਤੀ ਜਾ ਰਹੀ ਪ੍ਰੇਸ਼ਾਨੀ ਵਜੋਂ ਵੇਖਦੇ ਹਨ। ਅਕਸਰ ਹੀ ਸੰਘਣੇ ਜੰਗਲਾ ਵਿੱਚ ਫਿਰਦੇ ਸਰਕਾਰੀ ਵਲੰਟੀਅਰ ਇਹਨਾ ਦੇ ਗੁੱਸੇ ਦਾ ਸ਼ਿਕਾਰ ਹੋ ਕੇ ਜ਼ਖਮੀ ਹੋ ਜਾਂਦੇ ਹਨ ਅਤੇ ਕਦੇ ਕਦਾਈਂ ਜਾਂਨ ਤੋਂ ਵੀ ਹੱਥ ਧੋ ਬਹਿੰਦੇ ਹਨ।
    ਇਨ੍ਹਾਂ ਵਿਸ਼ਾਲ ਜੰਗਲਾਂ ਨੂੰ ਆਪਣਾ ਘਰ ਸਮਝਣ ਵਾਲੇ ਕਬੀਲੇ ਵਣ ਸੁਰੱਖਿਆ ਪ੍ਰਤੀ ਬਹੁਤ ਚੇਤੰਨ ਹਨ। ਸਤੰਬਰ 2015 ਨੂੰ 'ਦ ਗਾਰਡੀਅਨ' ਵਿੱਚ ਛਪੀ ਇੱਕ ਰਿਪੋਰਟ ਮੁਤਾਬਕ ਉੱਤਰੀ ਬ੍ਰਾਜੀਲ ਵਿੱਚ ਕਾਪੋਰ ਨਾਂਅ ਦਾ ਇੱਕ ਕਬੀਲਾ ਵਣਾਂ ਵਿੱਚੋਂ ਲੱਕੜਾਂ ਦੀ ਤਸਕਰੀ ਕਰਨ ਵਾਲੇ ਵੱਡੇ ਤਸਕਰਾਂ ਦੇ ਖਿਲਾਫ ਆਪਣੇ ਹੀ ਦਮ ਤੇ ਹਥਿਆਰਬੰਦ ਸੰਘਰਸ਼ ਕਰ ਰਿਹਾ ਹੈ। ਇਹਨਾ ਤਸਕਰਾਂ ਖਿਲਾਫ ਸਰਕਾਰੀ ਤੰਤਰ ਵੀ ਫੇਲ ਹੋ ਚੁੱਕਾ ਸੀ। ਆਖਰ ਜੰਗਲ ਦੇ ਪੁੱਤਰਾਂ ਨੇ ਆਪਣੇ ਰਵਾਇਤੀ ਅਤੇ ਜਾਂਗਲੀ ਹਥਿਆਰਾਂ ਨਾਲ ਹੀ 2011 ਵਿੱਚ ਤਸਕਰਾਂ ਦੇ ਖਿਲਾਫ ਹਥਿਆਰਬੰਦ ਕਾਰਵਾਈ ਸ਼ੁਰੂ ਕੀਤੀ ਜਿਸ ਨਾਲ 530,000 ਹੈਕਟੇਅਰ ਵਾਲੇ ਆਲਟੋ ਇੰਡੀਗਨਸ ਰਕਬੇ ਵਿੱਚ ਭਾਰੀ ਮਾਤਰਾ ਵਿੱਚ ਹੁੰਦੀ ਜੰਗਲੀ ਲੱਕੜ ਦੀ ਤਸਕਰੀ ਨੂੰ ਠੱਲ ਪੈ ਗਈ। ਇਸ ਸੰਘਰਸ਼ ਵਿੱਚ ਬਹੁਤ ਸਾਰੇ ਕਬੀਲਾ ਮੈਂਬਰਾਂ ਨੂੰ ਜਾਂਨ ਤੋਂ ਵੀ ਹੱਥ ਧੋਣੇ ਪਏ। ਇਸੇ ਤਰਾਂ ਮੱਧ ਬ੍ਰਾਜੀਲ ਵਿੱਚ ਮੁੰਡੂਰੁਕੂ, ਅਪਿਆਕਾ, ਕਾਯਾਬੀ ਅਤੇ ਰਿਕਬਾਕਤਸਾ ਨਾਂਮੀ ਕਬੀਲੇ ਇਕੱਠੇ ਹੋ ਕੇ ਬ੍ਰਾਜ਼ੀਲ ਸਰਕਾਰ ਵੱਲੋਂ ਹਾਇਡਰੋਇਲੈਕਟ੍ਰਿਕ ਡੈਮ ਬਣਾਉਣ ਦੇ ਵਿਰੋਧ ਵਿੱਚ ਖੜੇ ਹੋ ਗਏ ਹਨ। ਉਹਨਾ ਦਾ ਕਹਿਣਾ ਹੈ ਕਿ ਉਹ ਕਿਸੇ ਵੀ ਕੀਮਤ ਤੇ ਜੰਗਲਾਂ ਅਤੇ ਨਦੀਆਂ ਨੂੰ ਤਬਾਹ ਨਹੀਂ ਹੋਣ ਦੇਣਗੇ।
    ਐਮਾਜ਼ੋਨ ਦੇ ਅਥਾਹ ਜੰਗਲਾਂ ਦੀ ਹਰਿਆਲੀ ਅਤੇ ਖੂਬਸੂਰਤੀ ਦੇ ਪਿੱਛੇ ਕੁਦਰਤ ਦਾ ਇੱਕ ਰਹੱਸਪਈ ਅਤੇ ਦਿਲਚਸਪ ਤੱਥ ਜੁੜਿਆ ਹੋਇਆ ਹੈ ਜਿਸ ਨੂੰ ਜਾਣਨ ਤੋਂ ਬਾਅਦ ਪਤਾ ਲੱਗਦਾ ਹੈ ਕਿ ਕੁਦਰਤ ਕਿਵੇਂ ਆਤਮਨਿਰਭਰ ਢੰਗ ਨਾਲ ਆਪਣੀ ਹੋਂਦ ਨੂੰ ਬਰਕਰਾਰ ਰੱਖਦੀ ਹੈ। ਸਹਾਰਾ ਮਾਰੂਥਲ ਤੋਂ ਉੱਠਦੀਆਂ ਤੇਜ਼ ਹਵਾਵਾਂ ਧੂੜ-ਮਿੱਟੀ ਦੇ ਕਣ ਆਪਣੇ ਨਾਲ ਲੈ ਕੇ ਐਟਲਾਂਟਿਕ ਸਾਗਰ ਦੇ ਉੱਤੋਂ ਦੀ ਉੱਡਦੀਆਂ ਹੋਈਆਂ ਐਮਾਜ਼ੋਨ ਪਹੁੰਚਦੀਆਂ ਹਨ। ਇਹਨਾਂ ਧੂੜ-ਮਿੱਟੀ ਦੇ ਕਣਾਂ ਵਿੱਚ ਫਾਸਫੋਰਸ ਦੀ ਕਾਫੀ ਮਿਕਦਾਰ ਹੁੰਦੀ ਹੈ ਜੋ ਕਿ ਰੁੱਖਾਂ ਲਈ ਬਹੁਤ ਵਧੀਆ ਖੁਰਾਕ ਦਾ ਕੰਮ ਕਰਦੀ ਹੈ। ਫਾਸਫੋਰਸ ਦਾ ਤੱਤ ਜੰਗਲਾਂ ਵੱਲੋਂ ਸੋਖ ਲਿਆ ਜਾਂਦਾ ਹੈ ਅਤੇ ਭਾਰੀ ਮੀਂਹ ਨਾਲ ਧੂੜ-ਮਿੱਟੀ ਦੇ ਕਣ ਨਦੀਆਂ ਰਾਹੀਂ ਵਹਿੰਦੇ ਹੋਏ ਸਾਗਰ ਵਿੱਚ ਸਮਾ ਜਾਂਦੇ ਹਨ। ਇੱਕ ਅੰਦਾਜ਼ੇ ਮੁਤਾਬਕ ਹਰ ਸਾਲ 50 ਮਿਲੀਅਨ ਟਨ ਦੇ ਕਰੀਬ ਮਿੱਟੀ ਸਹਾਰਾ ਮਾਰੂਥਲ ਤੋਂ ਹਵਾ ਦੇ ਰਸਤੇ ਉੱਡ ਕੇ ਐਮਾਜ਼ੋਨ ਦੇ ਜੰਗਲਾਂ ਉੱਤੇ ਆ ਡਿੱਗਦੀ ਹੈ। ਨਾਸਾ ਵੱਲੋਂ ਜਾਰੀ ਬਹੁਤ ਸਾਰੇ ਅਕਾਸ਼-ਚਿੱਤਰਾਂ ਵਿੱਚ ਇਹਨਾ ਧੂੜ ਭਰੀਆਂ ਹਨੇਰੀਆਂ ਨੂੰ ਸਾਫ ਵੇਖਿਆ ਜਾ ਸਕਦਾ ਹੈ।
    ਧਰਤੀ ਦੇ ਇਸ ਖਿੱਤੇ ਦਾ ਜਿਕਰ ਅਧੂਰਾ ਹੀ ਰਹੇਗਾ ਜੇਕਰ ਇਸ ਦਰਮਿਆਨ ਵਹਿੰਦੇ ਖੂਬਸੂਰਤ ਐਮਾਜ਼ੋਨ ਦਰਿਆ ਦਾ ਜ਼ਿਕਰ ਨਾਂ ਕੀਤਾ ਜਾਵੇ। ਧਰਤੀ ਦੇ ਵਿਸ਼ਾਲ ਦਰਿਆਵਾਂ ਵਿੱਚ ਸ਼ੁਮਾਰ ਐਮਾਜ਼ੋਨ ਦਰਿਆ ਪੈਰੁਵਿਅਨ ਐਂਡੇਨ ਪਹਾੜਾਂ ਤੋਂ ਉੱਤਰ ਕੇ ਲਗਭੱਗ ਸਾਢੇ ਛੇ ਹਜ਼ਾਰ ਕਿਲੋਮੀਟਰ ਦਾ ਸਫਰ ਕਰਦਾ ਹੋਇਆ ਐਟਲਾਂਟਿਕ ਸਾਗਰ ਵਿੱਚ ਸਮਾ ਜਾਂਦਾ ਹੈ। ਇਸ ਦੇ ਲੰਮੇ ਸਫਰ ਦੌਰਾਨ ਮਹਾਂਦੀਪ ਦੀਆਂ ਦਰਜ਼ਨਾ ਨਦੀਆਂ ਇਸ ਵਿੱਚ ਸਮਾਉਂਦੀਆਂ ਜਾਂਦੀਆਂ ਹਨ ਅਤੇ ਇਹ ਅੱਗੇ ਵਧਦਾ ਜਾਂਦਾ ਹੈ। ਸਾਗਰ ਵਿੱਚ ਵਿਲੀਨ ਹੋਣ ਤੋਂ ਪਹਿਲਾਂ ਇਸ ਦੀ ਚੌੜਾਈ 240 ਕਿਲੋਮੀਟਰ ਦੇ ਕਰੀਬ ਹੋ ਜਾਂਦੀ ਹੈ। ਦਿਲਚਸਪ ਹੈ ਕਿ ਏਨੇ ਲੰਮੇ ਦਰਿਆ ਉੱਪਰ ਪੁਲ ਵਗੈਰਾ ਨਹੀਂ ਬਣੇ ਹੋਏ। ਦਰਅਸਲ ਇਹ ਦਰਿਆ ਆਪਣਾ ਸਾਰਾ ਸਫਰ ਜੰਗਲੀ ਇਲਾਕੇ ਵਿਚਦੀ ਗੁਜ਼ਰ ਕੇ ਪੂਰਾ ਕਰ ਲੈਂਦਾ ਹੈ ਅਤੇ ਸ਼ਹਿਰੀ ਰਕਬੇ ਦੇ ਸੰਪਰਕ ਵਿੱਚ ਨਾਂ ਆਉਂਦਾ ਹੋਣ ਕਾਰਨ ਇਸ ਤੇ ਪੁਲਾਂ ਦੀ ਉਸਾਰੀ ਦੀ ਕੋਈ ਖਾਸ ਜ਼ਰੂਰਤ ਨਹੀਂ ਪੈਂਦੀ। ਕਿਹਾ ਜਾਂਦਾ ਹੈ ਕਿ ਲੱਖਾਂ ਸਾਲ ਪਹਿਲਾਂ ਇਹ ਦਰਿਆ ਪੂਰਬ ਤੋਂ ਪੱਛਮ ਵੱਲ ਨੂੰ ਵਹਿੰਦਾ ਹੋਇਆ ਪੈਸੇਫਿਕ ਸਾਗਰ ਵਿੱਚ ਡਿੱਗਦਾ ਸੀ। ਕਰੀਬ ਵੀਹ ਮਿਲੀਅਨ ਸਾਲ ਪਹਿਲਾਂ ਵਕਤ ਦੀ ਮਹੀਨ ਗਤੀ ਨਾਲ ਧਰਤੀ ਹੇਠਲੀਆਂ ਟੈਕਟੋਨਿਸ ਪਲੇਟਾਂ ਦੀ ਹਲਚਲ ਕਾਰਨ ਦੱਖਣੀ ਅਮਰੀਕੀ ਮਹਾਦੀਪ ਦੀ ਪੂਰਬੀ ਬਾਹੀ ਵਿੱਚ ਐਂਡਸ ਪਰਬਤ ਉੱਠਣੇ ਸ਼ੁਰੂ ਹੋ ਗਏ ਤਾਂ ਇਸ ਦਰਿਆ ਦਾ ਰਾਹ ਬੰਦ ਹੋਣਾ ਸ਼ੁਰੂ ਹੋ ਗਿਆ। ਕੁਦਰਤੀ ਨਿਯਮ ਤਹਿਤ ਇਸ ਦਰਿਆ ਨੇ ਕਈ ਬਦਲਵੇਂ ਰੁਖ ਅਖਤਿਆਰ ਕੀਤੇ ਅਤੇ ਲੱਖਾਂ ਸਾਲਾਂ ਦੇ ਸਮੇ ਵਿੱਚ ਹੌਲੀ ਹੌਲੀ ਮੌਜੂਦਾ ਰੂਪ ਧਾਰਨ ਕਰ ਲਿਆ।
    ਕੁਝ ਇੱਕ ਦੁਰਲੱਭ ਜਲਜੀਵ ਸਿਰਫ ਐਮਾਜ਼ੋਨ ਦਰਿਆ ਦੀ ਹੀ ਵਿਰਾਸਤ ਹਨ। ਇਹਨਾ ਵਿੱਚ ਦੁਨੀਆਂ ਦਾ ਸਭ ਤੋਂ ਲੰਮਾ ਸੱਪ ਨੀਲਾ ਐਨਾਕੋਂਡਾ ਖਾਸ ਤੌਰ ਤੇ ਜਿਕਰਯੋਗ ਹੈ। ਲਗਭੱਗ ਨੌਂ ਮੀਟਰ ਲੰਬਾਈ ਵਾਲਾ ਇਹ ਜੀਵ ਜ਼ਮੀਨ ਨਾਲੋਂ ਪਾਣੀ ਵਿੱਚ ਰਹਿਣਾ ਜਿਆਦਾ ਪਸੰਦ ਕਰਦਾ ਹੈ ਕਿਉਂਕਿ ਪਾਣੀ ਵਿੱਚ ਇਸ ਦੇ 250 ਕਿਲੋਗ੍ਰਾਮ ਤੱਕ ਭਾਰੇ ਸਰੀਰ ਦੀ ਹਲਚਲ ਸੌਖੇ ਢੰਗ ਨਾਲ ਹੋ ਸਕਦੀ ਹੈ। ਇਹ ਖਤਰਨਾਕ ਜੈਗੁਆਰ ਅਤੇ ਜੰਗਲੀ ਸੂਰਾਂ ਤੱਕ ਨੂੰ ਸਾਬਤ ਨਿਗਲ ਜਾਂਦਾ ਹੈ ਅਤੇ ਇੱਕ ਵਾਰ ਭੋਜਨ ਕਰਨ ਤੋਂ ਬਾਅਦ ਕਈ ਮਹੀਨੇ ਮਸਤੀ ਵਿੱਚ ਪਿਆ ਰਹਿੰਦਾ ਹੈ। ਬਹੁਤ ਵੱਡੇ ਆਕਾਰ ਦਾ ਕਾਲਾ ਮਗਰਮੱਛ ਇੱਕ ਦੂਸਰਾ ਖਤਰਨਾਕ ਜੀਵ ਹੈ ਜੋ ਕਦੇ ਮੌਕਾ ਬਣੇ ਤੇ ਨੀਲੇ ਐਨਾਕੋਂਡਾ ਨੂੰ ਵੀ ਨਹੀਂ ਬਖਸ਼ਦਾ। ਬਹੁਤ ਤਾਕਤਵਰ ਜਬਾੜੇ ਦੀ ਮਦਦ ਨਾਲ ਇਹ ਵੱਡੇ ਵੱਡੇ ਜਾਨਵਰਾਂ ਨੂੰ ਬੇਦਮ ਕਰ ਦਿੰਦਾ ਹੈ। ਇਸ ਤੋਂ ਇਲਾਵਾ ਸਾਗਰਾਂ ਵਿੱਚ ਬਹੁਤ ਹੀ ਘੱਟ ਪਾਈ ਜਾਂਦੀ ਗੁਲਾਬੀ ਡਾਲਫਿਨ ਵੀ ਐਨਾਜ਼ੋਨ ਦਰਿਆ ਦੀ ਹੀ ਧੀ ਹੈ।
     ਭਾਵੇਂ ਕਿ ਇਹਨਾਂ ਜੰਗਲਾਂ ਵਿੱਚ ਮਨੁੱਖੀ ਜੀਵਨ ਨਿਰਵਾਹ ਬੇਹੱਦ ਔਖਾ ਕੰਮ ਹੈ ਪਰ  ਕੁਝ ਦਲੇਰ ਸੁਭਾਅ ਵਾਲੇ ਮਨਮੌਜੀ ਐਮਾਜ਼ੋਨ ਨੂੰ ਸੈਰਗਾਹ ਵਜੋਂ ਵੀ ਵਰਤਦੇ ਹਨ। ਜੰਗਲ ਦੇ ਖਤਰਨਾਕ ਜੀਵਨ ਨੂੰ ਨੇੜਿਉਂ ਵੇਖਣ ਅਤੇ ਮਹਿਸੂਸ ਕਰਨ ਦੇ ਚਾਹਵਾਨ ਪੂਰੀ ਦੁਨੀਆਂ ਤੋਂ ਇੱਥੇ ਪਹੁੰਚਦੇ ਹਨ। ਐਮਾਜ਼ੋਨ ਜੰਗਲੀ ਜਾਨਵਰਾਂ ਵਿੱਚ ਖਤਰਨਾਕ ਜੈਗੁਆਰ ਵਰਗੇ ਜਾਨਵਰਾਂ ਅਤੇ ਅਤਿਅੰਤ ਜ਼ਹਿਰੀਲੇ ਡੱਡੂਆਂ ਦੀ ਧਰਤੀ ਵਜੋਂ ਜਾਣਿਆ ਜਾਂਦਾ ਹੈ ਇਸ ਲਈ ਕਿਸੇ ਸਿੱਖਿਅਤ ਗਾਈਡ ਦੀ ਸਹਾਇਤਾ ਤੋਂ ਬਿਨਾ ਇਹਨਾ ਜੰਗਲਾਂ ਵਿੱਚ ਪ੍ਰਵੇਸ਼ ਕਰਨ ਦੀ ਮਨਾਹੀ ਹੈ। ਆਮ ਤੌਰ ਤੇ ਨਦੀਆਂ ਰਾਹੀਂ ਜੰਗਲਾਂ ਵਿੱਚ ਸਫਰ ਕਰਨ ਨੂੰ ਸੁਰੱਖਿਅਤ ਮੰਨਿਆਂ ਜਾਂਦਾ ਹੈ। ਐਮਾਜ਼ੋਨ ਨਦੀ ਇਸ ਕੰਮ ਲਈ ਸਭ ਤੋਂ ਵੱਧ ਪਸੰਦੀਦਾ ਮੰਨੀ ਜਾਂਦੀ ਹੈ। ਇਸ ਵਿੱਚ ਹਜ਼ਾਰਾਂ ਹੋਟਲਨੁਮਾ ਕਿਸ਼ਤੀਆਂ ਚੱਲਦੀਆਂ ਹਨ ਜਿਨ੍ਹਾਂ ਵਿੱਚ ਸੈਲਾਨੀ ਕਈ ਕਈ ਦਿਨ ਬਿਤਾ ਕੇ ਇਸ ਧਰਤੀ ਅਤੇ ਜੰਗਲਾਂ ਨੂੰ ਨੇੜਿਉਂ ਵੇਖਦੇ ਹਨ। ਜੰਗਲੀ ਜੀਵਨ ਨੂੰ ਪਿੰਡੇ ਤੇ ਹੰਢਾਉਣ ਦੇ ਸ਼ੌਕੀਨ ਸੈਲਾਨੀ ਖਾਸ ਗਾਈਡਾਂ ਨੂੰ ਨਾਲ ਲੈ ਕੇ ਜੰਗਲ ਅੰਦਰ ਰਾਤਾਂ ਕੱਟਣ ਦੀ ਦਲੇਰੀ ਵੀ ਵਿਖਾਉਂਦੇ ਹਨ। ਜੰਗਲ ਅੰਦਰ ਰਾਤ ਕੱਟਣ ਲਈ ਜ਼ਮੀਨ ਤੇ ਸੌਣਾ ਖਤਰਨਾਕ ਹੈ। ਇਸ ਕੰਮ ਲਈ ਖਾਸ ਤੌਰ ਤੇ ਬਣੇ ਜਾਲਨੁਮਾ ਪੰਘੂੜੇ ਵਰਤੋਂ ਵਿੱਚ ਲਿਆਂਦੇ ਜਾਂਦੇ ਹਨ ਜਿਨ੍ਹਾਂ ਦੇ ਦੋਹਾਂ ਸਿਰਿਆਂ ਨੂੰ ਰੁੱਖਾਂ ਦੇ ਤਣਿਆਂ ਨਾਲ ਬੰਨ੍ਹ ਕੇ ਸੈਲਾਨੀ ਜ਼ਮੀਨ ਤੋਂ ਉੱਪਰ ਹਵਾ ਵਿੱਚ ਹੀ ਸੌਂਦੇ ਹਨ। ਰਾਤ ਸਮੇ ਕੋਲ ਅੱਗ ਬਾਲ ਕੇ ਰੱਖਣੀ ਵੀ ਜ਼ਰੂਰੀ ਹੈ। ਡੈਰੀਅਨ ਨੈਸ਼ਨਲ ਪਾਰਕ, ਮਨੂ ਵਰਖਾ ਜੰਗਲ (ਪੇਰੂ), ਮਦੀਦੀ ਨੈਸ਼ਨਲ ਪਾਰਕ (ਬੋਲਿਵੀਆ), ਮੰਕੀ ਆਈਸਲੈਂਡ (ਐਕੁਆਡੋਰ) ਆਦਿ ਐਮਾਜ਼ੋਨ ਦੀਆਂ ਚਰਚਿਤ ਸੈਰਗਾਹਾਂ ਹਨ। ਸੈਰਸਪਾਟਾ ਇੱਥੋਂ ਦਾ ਇੱਕ ਬਹੁਤ ਵੱਡਾ ਕਾਰੋਬਾਰ ਹੈ।
    ਅੱਜ ਜਦ ਸ਼ਹਿਰੀਕਰਨ ਦੀ ਹਵਾ ਇਹਨਾ ਵਿਸ਼ਾਲ ਜੰਗਲਾਂ ਉੱਤੇ ਵੀ ਮੰਡਰਾ ਰਹੀ ਹੈ ਅਤੇ ਇਸ ਵਰਤਾਰੇ ਦੇ ਨਤੀਜਿਆਂ ਤੋਂ ਸਾਰੀ ਦੁਨੀਆਂ ਦੇ ਵਾਤਾਵਰਣ ਪ੍ਰੇਮੀ ਚਿੰਤਤ ਹਨ। ਵਾਤਾਵਰਣ ਦੀ ਰਖਵਾਲੀ  ਲਈ ਕੰਮ ਕਰ ਰਹੀਆਂ ਅੰਤਰਰਾਸ਼ਟਰੀ ਸੰਸਥਾਵਾਂ ਇਹਨਾ ਜੰਗਲਾਂ ਨੂੰ ਬਚਾਉਣ ਅਤੇ ਸੁਰੱਖਿਅਤ ਰੱਖਣ ਲਈ ਕਾਫੀ ਕੰਮ ਕਰ ਰਹੀਆਂ ਹਨ। ਧਰਤੀ ਤੇ ਜੀਵਨ ਦੀ ਸੁਰੱਖਿਅਤਾ ਲਈ ਇਹਨਾ ਦੀ ਦੇਣ ਅਤੇ ਯੋਗਦਾਨ ਇਹਨਾ ਦੇ ਵਜੂਦ ਨੂੰ ਬਹੁਤ ਕੀਮਤੀ ਬਣਾ ਦਿੰਦਾ ਹੈ। ਇਹਨਾ ਵਿਸ਼ਾਲ ਵਰਖਾ ਵਣਾ ਦੀ ਸਲਾਮਤੀ ਨਾਲ ਹੀ ਮਨੁੱਖੀ ਨਸਲ ਦਾ ਭਵਿੱਖ ਜੁੜਿਆ ਹੋਇਆ ਹੈ। ਬਹੁਤ ਜ਼ਰੂਰੀ ਹੈ ਕਿ ਸਬੰਧਿਤ ਸਰਕਾਰਾਂ ਜੰਗਲਾਂ ਦੀ ਕਟਾਈ ਖਿਲਾਫ ਸਖਤ ਕਾਨੂੰਨ ਬਣਾ ਕੇ ਇਹਨਾ ਜੰਗਲਾਂ ਦੀ ਸਲਾਮਤੀ ਨੂੰ ਯਕੀਨੀ ਬਣਾਉਣ ਤਾਂ ਕਿ ਇਸ ਧਰਤੀ ਤੇ ਜੀਵਨ ਦਾ ਵਹਾਅ ਨਿਰਵਿਘਨ ਤੁਰਿਆ ਰਹੇ।

ਵਾਰਸਾ, ਪੋਲੈਂਡ
0048-516732105
yadsatkoha@yahoo.com

29 Jan. 2019