ਆਗਾਮੀ ਚੋਣ ਮੁੱਦਾ ਬਣੇ ਪਾਣੀ ਦਾ ਸੰਕਟ  - ਸੁਖਪਾਲ ਸਿੰਘ ਗਿੱਲ

ਆਪਣੇ ਸੁਭਾਅ ਅਨੁਸਾਰ ਸਮਾਜਿਕ, ਧਾਰਮਿਕ , ਸੱਭਿਆਚਾਰਕ ਅਤੇ ਸਿਹਤ ਪੱਖੋਂ ਬਹੁਤ ਮਿਸਾਲਾਂ ਹਨ ਕਿ ਵੇਲਾ ਬੀਤਣ ਤੋਂ ਬਾਅਦ ਜਾਗ ਆਈ । ਅਜਿਹੇ ਸਮੇਂ ਨਮੋਸ਼ੀ ਤੋਂ ਬਿਨਾਂ ਕੁਝ ਵੀ ਪੱਲੇ ਨਹੀਂ ਪੈਂਦਾ । ਅੱਜ ਅਸੀ ਪਾਣੀ ਦੇ ਸੰਕਟ ਨਾਲ ਜੂਝਣ  ਲਈ ਤਿਆਰ ਖੜੇ ਹਾਂ। ਦੂਸ਼ਿਤ ਅਤੇ  ਪਾਣੀ ਦੀ ਸ਼ੁੱਧਤਾ ਬਾਰੇ ਬਹੁਤ ਸਾਰਾ ਲਿਖਿਆ , ਪੜ੍ਹਿਆ ਅਤੇ ਸੁਣਿਆ  ਜਾ ਚੁੱਕਾ ਹੈ ਪਰ  ਸਭ ਕੁੱਝ ਫਿੱਕਾ ਹੈ  ।
               " ਪਹਿਲਾਂ ਪਾਣੀ ਜੀਓ ਹੈ " ਦੇ ਪਵਿੱਤਰ ਵਾਕ ਨੂੰ ਵੀ ਹਿਰਦੇ ਚ ਨਹੀਂ ਵਸਾ ਸਕੇ ।ਪਾਣੀ ਬਿਨਾਂ ਮਨੁੱਖਤਾ , ਪਸ਼ੂ ਅਤੇ ਬਨਸਪਤੀ ਸਭ ਬੇਜ਼ਾਨ ਹਨ ।  ਜੀਉਣਾ ਅਸੰਭਵ ਹੈ । ਜਦੋਂ ਸਾਡੀ ਅੱਖ ਮੁੱਢਲੀ ਅਤੇ ਜ਼ਰੂਰੀ ਲੋੜ ਪਾਣੀ ਲਈ ਨਾ ਖੁੱਲ੍ਹੀ ਤਾਂ ਤਰੱਕੀ ਦੀ ਹੋਰ ਆਸ ਕਿੱਥੋਂ ?  ਪਾਣੀ ਨੂੰ ਆਬ ਹਯਾਤ  ਦਾ ਦਰਜਾ ਸੀ  । ਇਸ ਲਈ ਇਸ ਨੂੰ  ਪੁੰਨ ਕਰਮ ਨਾਲ ਜੋੜ ਕੇ ਦੇਖਿਆ ਜਾਂਦਾ ਸੀ  । ਪਾਣੀ ਭਾਈਚਾਰਕ ਏਕਤਾ ਅਤੇ ਸਾਂਝੀਵਾਲਤਾ ਵੀ ਦਿੰਦਾ ਸੀ ।ਇਸ ਲਈ ਪੰਜਾਬ ਪੰਚਾਇਤੀ ਰਾਜ  ਐਕਟ ਵਿੱਚ ਵੀ ਪਾਣੀ ਨੂੰ ਅੰਕਤ ਕੀਤਾ ਗਿਆ ਹੈ । ਬਦਲੇ ਦੌਰ ਨੇ  ਸਭ ਕੁਝ ਘਸਮੰਡ ਕੇ ਪੁਲੀਤ ਕਰ ਦਿੱਤਾ ਹੈ । 
    ਰਾਸ਼ਟਰੀ ਪੱਧਰ ਤੇ 5723 ਬਲਾਕਾਂ ਵਿੱਚੋਂ 1820 ਬਲਾਕਾਂ ਵਿੱਚ ਪਾਣੀ ਦੀ ਮਾੜੀ ਹਾਲਤ ਅਤੇ ਪਾਣੀ ਦਾ ਪੱਧਰ ਹਰ ਸਾਲ ਥੱਲੇ ਜਾਣ   ਦੀ ਰਿਪੋਰਟ ਨੇ ਕੁਝ ਕੰਨ ਖੋਲੇ ਸਨ ।  ਪਰ ਸਰਕਾਰੀ ਉਪਰਾਲੇ  ਲੋਕਾਂ ਦਾ ਸਹਿਯੋਗ ਮੰਗਦੇ ਰਹੇ । ਦਿਨੋਂ ਦਿਨ ਪਲੀਤ ਹੁੰਦੀ ਪਾਣੀ ਦੀ ਹਾਲਤ ਲਈ  ਡੰਗ ਟਪਾਊ  ਨੀਤੀ ਵੀ  ਜ਼ਿੰਮੇਵਾਰ ਹੈ। ਇੱਥੋਂ ਸਾਡੇ ਸਮਾਜੀਕਰਨ ਅਤੇ ਨੈਤਿਕ ਸੁਭਾਅ  ਦੀ ਅਲੱਗ ਜਿਹੀ ਪਹਿਚਾਣ ਮਿਲਦੀ ਹੈ । ਖੁਦ ਪੁਲੀਤ ਕੀਤੇ ਪਾਣੀ ਨੇ ਮਨੁੱਖ ਦੇ ਸਾਰੇ ਪੱਖ ਪ੍ਰਭਾਵਿਤ ਕੀਤੇ ।ਹੋਰ ਵੀ ਡਰ ਲਗਦਾ ਹੈ ਜਦੋਂ ਅਗਲੇ ਦਹਾਕੇ ਪਾਣੀ ਖਤਮ ਹੋਣ ਦੇ ਸ਼ੰਕੇ ਖੜੇ ਹੁੰਦੇ ਹਨ ।
ਹੁਣ " ਆਗੈ ਸਮਝ ਚਲੋ   " ਦੇ ਸਿਧਾਂਤ ਨੂੰ ਗ੍ਰਹਿਣ ਕਰਕੇ ਹੀ ਸਾਫ ਤੇ ਸ਼ੁੱਧ ਪਾਣੀ ਲਈ ਮੁੱਦਾ ਲੋਕ ਕਚਿਹਰੀ ਵਿੱਚ ਲੰਬਿਤ ਨਹੀਂ ਰਹਿਣਾ ਚਾਹੀਦਾ । ਅੱਜ ਰਾਜਨੀਤਿਕ ਵਰਗ ਉੱਤੇ  ਦਬਾਓ ਬਣਾਉਣ ਲਈ ਲੋਕ ਇਕਮਤ ਹੋਣ ਤਾਂ ਜੋ  ਆਗਾਮੀ ਚੋਣਾਂ ਵਿੱਚ ਹਰ  ਰਾਜਨੀਤਕ ਜਮਾਤ ਸ਼ੁੱਧ ਪਾਣੀ ਦਾ ਮੁੱਦਾ ਪਰਮ ਅਗੇਤ ਦੇ ਤੌਰ ਤੇ ਵਿਚਾਰੇ । ਮਾਮਲਾ ਇੰਨ੍ਹਾਂ ਗੁੰਝਲ ਚੁੱਕਾ ਹੈ ਕਿ ਥੋੜਾ ਕੀਤਾ ਲੋਟ ਨਹੀਂ ਆਵੇਗਾ। ਪਰ ਰਾਜਨੀਤਕ ਗਲਿਆਰੇ ਸ਼ੁਰੂਆਤ ਕਰ ਸਕਦੇ ਹਨ । ਸਹੀ ਅਰਥਾਂ ਵਿੱਚ ਸ਼ੁੱਧ ਪਾਣੀ ਮੁਹੱਈਆ ਕਰਵਾਉਣਾ ਰਾਜ ਨਹੀਂ ਸੇਵਾ ਹੋਵੇਗੀ । ਰਾਜਨੀਤਕ ਵਰਗ ਇਸ ਤੋਂ ਇਲਾਵਾ ਸਖਤ ਨੀਤੀ ਦਾ ਨਿਰਮਾਣ ਵੀ ਕਰੇ ਤਾਂ ਜੋ ਲੋਕ ਵੀ ਸਹਿਯੋਗ ਦੇ ਸਕਣ ।
                ਸਭ ਤੋਂ ਮਾੜੀ ਗੱਲ ਇਹ ਹੈ ਕਿ ਪਾਣੀ ਸਮਾਜਿਕ ਢਾਂਚੇ ਵਿੱਚ ਅਮੀਰੀ ਗਰੀਬੀ  ਅਤੇ ਉੱਚੇ ਨੀਵੇਂ ਦਾ ਪਾੜਾ ਖੜ੍ਹਾ ਕਰਕੇ  ਸਾਨੂੰ ਸ਼ਰਮਸਾਰ ਕਰ ਰਿਹਾ ਹੈ  । ਦੂਸ਼ਿਤ ਪਾਣੀ ਸ਼ਰਾਬ ਵਾਂਗ ਮਨੁੱਖੀ ਜਾਨਾਂ ਦਾ ਨੁਕਸਾਨ ਕਰ ਰਿਹਾ ਹੈ । ਅੱਜ ਪਾਣੀ ਦਾ ਸੰਕਟ ਦੂਰ ਨਿਕਲ ਚੁੱਕਾ ਹੈ । ਇਹ ਸਿਰਫ ਸਖਤੀ , ਜਾਗਰੂਕਤਾ  ਅਤੇ ਸਹਿਯੋਗ ਨਾਲ  ਮੁੜਨ ਦੀ ਆਸ ਹੈ  । ਲਾਰੇ ਲਪੇ ਅਤੇ  ਢਿੱਲੇ ਉਪਰਾਲੇ ਬੰਦ ਕਰਕੇ  ਕਾਨੂੰਨੀ ਅਤੇ ਸਮਾਜਿਕ ਨਿਯਮਾਂ ਵਾਲੀ ਨੂੰ ਲਾਗੂ ਕਰਨਾ ਪਵੇਗਾ ਜਿਸ ਦੀ  ਸਮਾਂ ਮੰਗ ਕਰਦਾ ਹੈ ਤਾਂ ਜੋ  ਭਵਿੱਖੀ  ਪੀੜੀ ਸੁੱਖ ਦਾ ਸਾਹ ਲੈ ਸਕੇ ।

ਸੁਖਪਾਲ ਸਿੰਘ ਗਿੱਲ
9878111445
ਅਬਿਆਣਾ ਕਲਾਂ

31 Jan 2019