ਔਲਾਦ ਲਈ ਮਾਂ ਕਿੱਥੋਂ ਤੱਕ ਜਾਂਦੀ ਹੈ - ਹਰਦੇਵ ਸਿੰਘ ਧਾਲੀਵਾਲ

1977 ਵਿੱਚ ਮੈਂਂ ਥਾਣੇ ਮਾਨਸਾ ਵਿਖੇ ਮੁੱਖ ਅਫਸਰ ਸੀ । ਅਗਲੇ ਸਾਲ ਦੇ ਸ਼ੁਰੂ ਵਿੱਚ ਮੈਂ ਪ੍ਰਮੋਟ ਹੋ ਗਿਆ ਉੱਥੇ ਹੀ ਡਿਟੈਕਟਿਵ ਇੰਸਪੈਕਟਰ ਲੱਗ ਗਿਆ । ਥਾਣੇ ਮਾਨਸਾ ਦਾ ਸਰਕਲ ਅਫਸਰ ਵੀ ਮੈਂ ਹੀ ਸੀ, ਅਤੇ ਥਾਣੇ ਵਿੱਚ ਹੀ ਮੇਰੀ ਰਿਹਾਇਸ ਸੀ । ਇੱਕ ਦਿਨ ਮੈਂ ਵਿਹੜੇ ਵਿੱਚ ਨਿੰਮ ਦੀ ਛਾਂ ਹੇਠ ਬੈਠਾ ਸੀ, ਤਾਂ ਇੱਕ ਅੱਖ ਤੋਂ ਭੈਗਾਂ ਆਦਮੀ 45 ਕੁ ਸਾਲ ਦਾ ਆਇਆ, ਮੈਨੂੰ ਕਹਿਣ ਲੱਗਿਆ, ਕਿ ਮੈਂ ਕਈ ਦਰਖਾਸਤਾਂ ਦਿੱਤੀਆਂ ਹਨ, ਮੇਰੀ ਜਾਨ ਨੂੰ ਮੇਰੇ ਛੋਟੇ ਭਰਾ ਤੋਂ ਖਤਰਾ ਹੈ । ਉਸ ਦੀ ਘਰਵਾਲੀ ਦੇ ਕਈ ਭਰਾ ਹਨ । ਮੈਨੂੰ ਕਿਸੇ ਸਮੇਂ ਵੀ ਖਤਮ ਕੀਤਾ ਜਾ ਸਕਦਾ ਹੈ । ਮੈਂ ਕਈ ਦਿਨਾਂ ਤੋਂ ਦੁਰਖਾਸਤਾਂ ਦੇ ਰਿਹਾ ਹਾਂ, ਪਰ ਆਪ ਦਾ ਛੋਟਾ ਥਾਣੇਦਾਰ ਉਸ ਵਿਰੁੱਧ ਕੋਈ ਕਾਰਵਾਈ ਨਹੀਂ ਕਰ ਰਿਹਾ । ਮੈਨੂੰ ਕਦੇ ਵੀ ਖਤਮ ਕੀਤਾ ਜਾ ਸਕਦਾ ਹੈ । ਮੈਂ ਤੁਰੰਤ ਸਹਾਇਕ ਥਾਣੇਦਾਰ ਇਕਬਾਲ ਸਿੰਘ ਨੂੰ ਸੱਦਿਆ ਅਤੇ ਕਿਹਾ ਕਿ ਹੁਣ 11 ਵੱਜੇ ਹਨ, ਸਾਮ ਦੇ 3 ਵਜੇ ਤੱਕ ਇਸ ਦੀ ਦੁਰਖਾਸਤ ਤੇ ਕਾਰਵਾਈ ਹੋਣੀ ਚਾਹੀਦੀ ਹੈ। ਉਹ ਤੁਰੰਤ ਉਸ ਦੇ ਪਿੰਡ ਨੂੰ ਚਲਿਆ ਗਿਆ।

    ਉਹ ਤਿੰਨ ਵਜੇ ਤੋਂ ਪਹਿਲਾਂ ਹੀ ਸਬੰਧਤ ਵਿਅਕਤੀਆਂ ਨੂੰ ਲੈ ਆਇਆ । ਕੋਈ ਤਿੰਨ ਕੁ ਵਜੇ ਮੈਂ ਫੇਰ ਉਸੇ ਮੇਜ ਤੇ ਆ ਕੇ ਬੈਠ ਗਿਆ, ਐਤਵਾਰ ਦਾ ਦਿਨ ਸੀ । ਮੇਰੇ ਕੋਲ 2 ਵਿਅਕਤੀ ਹੋਰ ਬੈਠੇ ਸਨ, ਤਾਂ ਇੱਕ ਪੇਂਡੂ ਔਰਤ 35-36 ਸਾਲ ਉਮਰ ਦੀ ਆਈ ਉਹ ਸਾਫ ਤੇ ਸਧਾਰਨ ਕੱਪੜਿਆਂ ਵਿੱਚ ਸੀ । ਪਰ ਬਿਨਾਂ ਕਿਸੇ ਫਰਜੀ ਟਿੱਪ ਟਾਪ ਦੇ ਉਹ ਬਹੁਤ ਆਕਰਸ਼ਕ ਸੀ। ਉਹ ਗੱਲ ਕਰਨਾ ਜਾਣਦੀ ਸੀ । ਉਸ ਨੇ ਕਿਹਾ ਕਿ ਮੈਂ ਆਪ ਨਾਲ ਗੱਲ ਕਰਨੀ ਹੈ ? ਮੈਂ ਕਿਹਾ, ਬੀਬੀ ਤੂੰ ਦੱਸ, ਉਸ ਨੇ ਫੇਰ ਕਿਹਾ ਮੈਂ ਆਪ ਨਾਲ ਇਕੱਲੇ ਹੀ ਗੱਲ ਕਰਨੀ ਹੈ । ਤਾਂ ਮੇਰੇ ਕੋਲ ਬੈਠੇ ਰਾਜ ਕੁਮਾਰ ਆਦਿ ਉੱਠ ਕੇ ਮੁਨਸ਼ੀ ਦੇ ਕਮਰੇ ਵੱਲ ਚਲੇ ਗਏ, ਤਾਂ ਬੈਚ ਤੇ ਬੈਠ ਕੇ ਉਸ ਨੇ ਬੜੀ ਧੀਮੀ ਆਵਾਜ ਵਿੱਚ ਕਿਹਾ, ਕਿ ਮੈਂ ਬਹੁਤ ਪੜ੍ਹੀ ਲਿਖੀ ਨਹੀਂ 4-5 ਜਮਾਤਾਂ ਹੀ ਪੜ੍ਹੀ ਹਾਂ, ਮੇਰੇ ਘਰ ਵਾਲੇ ਦਾ ਇੱਕ ਵੱਡਾ ਭਰਾ ਹੈ, ਜੋ ਕਿ ਵਿਆਹਿਆ ਹੋਇਆ ਨਹੀਂ,ਂ ਮੇਰੇ ਸੱਸ ਸਹੁਰਾ ਚਲਾਣਾ ਕਰ ਚੁੱਕੇ ਹਨ । ਸਾਡੇ ਕੋਲ 18 ਕਿੱਲੇ ਜਮੀਨ ਹੈ, ਅਸੀਂ ਮਿਹਨਤ ਕਰਕੇ 4 ਕਿੱਲੇ ਜਮੀਨ ਹੋਰ ਖਰੀਦੀ ਹੈ, ਜੋ ਕਿ ਮੇਰੇ ਨਾਮ ਹੈ ਤੇ ਮੇਰੇ ਦੋ ਲੜਕੇ ਹਨ ਤੇ ਦੋਵੇਂ ਹੀ ਪੜ੍ਹਦੇ ਹਨ । ਸਚਾਈ ਇਹ ਹੈ, ਕਿ ਮੇਰੇ ਜੇਠ ਨੂੰ ਸਾਡੀ ਇੱਕ ਸਕੀ ਗੁਆਂਢਣ ਨੇ ਵਰਗਲਾ ਲਿਆ ਹੈ । ਉਹ, ਜਮੀਨ ਦਾ ਲਾਲਚ ਕਰ ਰਹੀ ਹੈ, ਇਹ ਕਦੇ ਕਦੇ ਰੋਟੀ ਵੀ ਉਸ ਦੇ ਘਰ ਹੀ ਖਾ ਆਉਂਦਾ ਹੈ । ਉਹਦੀ ਅੱਖ ਮੇਰੇ ਜੇਠ ਦੇ 9 ਕਿੱਲਿਆਂ ਤੇ ਹੈ । ਮੇਰੇ ਜੇਠ ਨੂੰ ਮੇਰੇ ਘਰ ਵਾਲੇ ਜਾਂ ਹੋਰ ਕਿਸੇ ਤੋਂ ਕੋਈ ਖਤਰਾ ਨਹੀਂ । ਮੇਰੇ ਘਰ ਵਾਲਾ ਤਾਂ ਕਹਿੰਦਾ ਸੀ, ਕਿ 9 ਕਿੱਲਿਆਂ ਦਾ ਮਾਲਕ ਹੈ, ਇਸ ਨੂੰ ਵੀ ਖੁਸ਼ ਰੱਖਿਆ ਕਰ । ਪਰ ਮੈਂ ਕਦੇ ਵੀ ਮੱਖੀ ਨਹੀਂ ਬੈਠਣ ਦਿੱਤੀ । ਹੱਥ ਜੋੜ ਕੇ ਕਹਿਣ ਲੱਗੀ, ਕਿ ਤੁਸੀਂ ਜੇ ਅੱਜ ਸੱਤ ਕਵੰਜਾ (107-151) ਦੀ ਕਾਰਵਾਈ ਕਰ ਦਿੱਤੀ ਤਾਂ ਮੇਰੇ ਪੁੱਤਾਂ ਦੀ 9 ਕਿੱਲੇ ਜਮੀਨ ਚਲੀ ਜਾਏਗੀ । ਇਹ ਸਾਡੇ ਤੋਂ ਬਿਲਕੁਲ ਦੂਰ ਹੋ ਜਾਏਗਾ ।
    ਮੈਂ ਸਸੋਪੰਜ ਵਿੱਚ ਪੈ ਗਿਆ । ਮੈਨੂੰ ਦੁਬਿਧਾ ਵਿੱਚ ਪਿਆ ਦੇਖ ਕੇ ਫੇਰ ਬੋਲ ਪਈ, ਕਿ ਬਿਲਕੁਲ ਫਿਕਰ ਨਾ ਕਰੋ । ਮੇਰੇ ਜੇਠ ਨੂੰ ਕੁੱਝ ਨਹੀਂ ਹੋਏਗਾ ਤੇ ਪੂਰੀ ਮਾਲਵੇ ਦੀ ਬੋਲੀ ਵਿੱਚ ਬੋਲੀ, "ਮੈਨੂੰ ਕੁੱਤਿਆਂ ਤੋਂ ਤੁੜਵਾ ਦਿਓ ਜੇਕਰ ਇਸ ਨੂੰ ਕੁੱਝ ਹੋਵੇ" । ਮੈਨੂੰ ਉਹਦੀਆਂ ਗੱਲਾਂ ਤੇ ਚਿਹਰੇ ਦੇ ਹਾਵ-ਪਾਵ ਤੋਂ ਸਚਾਈ ਦਿਸੀ, ਮੈਂ ਉਸ ਦੇ ਜੇਠ ਨੂੰ ਸੱਦ ਲਿਆ ਤੇ ਕਿਹਾ ਕਿ ਅੱਜ ਐਤਵਾਰ ਹੈ, ਤੁਸੀਂ ਦੋਵੇਂ ਧਿਰਾ ਕੱਲ ਨੂੰ 9 ਵਜੇ ਆ ਜਾਇਓ, ਤੁਹਾਡੀਆਂ ਦੋਹਾਂ ਧਿਰਾਂ ਦੀਆਂ ਜਮਾਨਤਾਂ ਕਰਾ ਦਿਆਂ ਗੇ । ਤਾਂ ਉਹ ਕਹਿਣ ਲੱਗਿਆ, ਜੇਕਰ ਰਾਤ ਨੂੰ ਮੈਨੂੰ ਮਾਰ ਦਿੱਤਾ, ਫੇਰ ਜਮਾਨਤਾਂ ਕਿਹਦੀਆਂ ਕਰਏਗਾ । ਮੈਂ ਉਸ ਨੂੰ ਪੁੱਠਾ ਬੋਲਿਆ, ਜਿਵੇਂ ਕਿ ਆਦਮੀ ਆਪਣੀ ਗੱਲ ਮਨਵਾਉਣ ਦੀ ਕੋਸਿਸ ਕਰਦਾ ਹੈ, ਇੱਥੋਂ ਤੱਕ ਕਹਿ ਦਿੱਤਾ ਕਿ ਤੇਰੇ ਕਾਗਜ ਭਰ ਦਿਆਂ ਗੇ । ਮੈਂ ਸ਼ਖਤੀ ਦੇ ਲਹਿਜੇ ਵਿੱਚ ਉਸ ਨੂੰ ਭਜਾ ਦਿੱਤਾ ਤੇ ਸਵੇਰ ਦਾ ਸਮਾਂ ਦੇ ਦਿੱਤਾ ।
    ਉਨ੍ਹਾਂ ਦੇ ਜਾਣ ਪਿੱਛੋਂ ਮੈਂ ਦੁਬਿਧਾ ਵਿੱਚ ਹੀ ਰਿਹਾ, ਕਿ ਕਿਤੇ ਇਸ ਨੂੰ ਰਾਤ ਨੂੰ ਇਹ ਮਾਰ ਹੀ ਨਾ ਦੇਣ, ਤਾਂ ਮੇਰੇ ਲਈ ਮਾੜੀ ਗੱਲ ਹੋਵੇਗੀ । ਕਿ ਕਾਰਵਾਈ ਨਾ ਕਰਨ ਕਰਕੇ ਇੱਕ ਬੰਦਾ ਮਾਰਿਆ ਗਿਆ, ਮੈਂ ਆਪਣੇ ਆਪ ਨੂੰ ਮੁਆਫ ਨਹੀਂ ਕਰ ਸਕਾਂਗਾ । ਇੱਕ ਵਾਰੀ ਮੇਰੇ ਮਨ ਵਿੱਚ ਆਇਆ ਕਿ ਹੁਣੇ ਇਕਬਾਲ ਸਿੰਘ ਨੂੰ ਭੇਜ ਕੇ ਦੋਹਾਂ ਧਿਰਾਂ ਨੂੰ ਬੁਲਾ ਲਵਾਂ ਤੇ ਬੰਦ ਕਰਵਾ ਦਿਆਂ । ਮੈਂ ਕਦੇ ਵੇਹਲੇ ਸਮੇਂ ਮਨ ਵਿੱਚ ਬਹੁਤਾ ਨਹੀਂ ਸੋਚਿਆ (ਮੇਰੇ ਤੇ ਮੇਰੇ ਐਸ.ਪੀ. ਬਨਣ ਤੋਂ ਬਾਅਦ ਮੇਰੇ ਵਿਰੁੱਧ 311 ਦੀ ਸੀਕਰਿੱਟ ਇਨਕੁਆਰੀ ਹੋ ਰਹੀ ਸੀ, ਪਰ ਮੈਂ ਕਦੇ ਘਰ ਨਹੀਂ ਸੀ ਦੱਸਿਆ ਨਾ ਹੀ ਮੇਰੀ ਨੀਂਦ ਹਰਾਮ ਹੋਈ ਸੀ, ਕਿਉਂ ਕਿ ਮੈਂ ਕਦੇ ਕਿਸੇ ਅੱਤਵਾਦੀ ਦੀ ਮਦਤ ਨਹੀਂ ਸੀ ਕੀਤੀ ਤੇ ਸੱਚਾ ਸੀ) ਮੈਂ ਉਸ ਔਰਤ ਦੇ ਹਾਵਭਾਵ ਜੋ ਦੇਖੇ ਸਨ, ਉਨ੍ਹਾਂ ਤੇ ਤਸੱਲੀ ਕਰਕੇ ਅਰਾਮ ਨਾਲ ਸੋ ਗਿਆ । ਦੂਸਰੇ ਦਿਨ ਸਵੇਰੇ  ਕੋਈ  10 ਕੁ ਵਜੇ ਦਾ ਸਮਾਂ ਸੀ, ਮੈਂ ਦਫਤਰ ਵਿੱਚ ਕੰਮ ਕਾਜ ਵਿੱਚ ਰੁੱਝਿਆ ਹੋਇਆ ਸੀ, ਤਾਂ ਉਹ ਔਰਤ ਆ ਗਈ, ਮੈਨੂੰ ਸਿਪਾਹੀ ਨੇ ਦੱਸਿਆ ਤਾਂ ਮੈਂ ਅੰਦਰ ਬੁਲਵਾ ਲਈ । ਉਸ ਨੇ  ਮੂੰਹ ਤੇ ਆਪਣੀ ਚੁੰਨੀ ਇੱਕ ਹੱਥ ਨਾਲ ਰੱਖੀ ਹੋਈ ਸੀ ਤੇ ਦੂਜੇ ਹੱਥ ਨਾਲ ਉਸ ਨੇ ਰਾਜਨਾਮੇ ਦਾ ਕਾਗਜ ਮੈਨੂੰ ਫੜਾ ਦਿੱਤਾ, ਮੈਂ ਪੜਿਆ ਰਾਜੀਨਾਮਾ ਹੀ ਸੀ, ਤੇ ਉਸ ਦੇ ਜੇਠ ਦਾ ਅੰਗੂਠਾ ਲੱਗਿਆ ਹੋਇਆ । ਉਸ ਦੀਆਂ ਅੱਖਾਂ ਵਿੱਚ ਹਾਸੀ ਸੀ ਜੋ ਦਿਸ ਰਹੀਆਂ ਸਨ । ਮੈਂ ਕਿਹਾ ਕਿ ਹੁਣੇ ਕਿਵੇਂ ਮੰਨ ਗਿਆ, ਤਾਂ ਕਹਿਣ ਲੱਗੀ ਕੀ ਕਰਦੀ, "ਮੈਂ ਭੈਂਗੇ ਦਾ ਮੱਥਾ ਡੰਮ ਤਾਂ" ਮੇਰੇ ਮੁੰਡਿਆਂ ਦੀ 9 ਕਿੱਲੇ ਜਮੀਨ ਜਾਂਦੀ ਸੀ । ਉਸ ਦਾ ਜੇਠ ਪਿੱਛੇ ਦੂਰ ਨਿੰਮ ਹੇਠ ਚੌਤਰੇ ਤੇ ਬੈਠਾ ਸੀ, ਮੈਂ ਉਸ ਨੂੰ ਬੁਲਵਾਇਆ ਤਾਂ ਉਹ ਆਪਣੇ ਜੇਠ ਨੂੰ ਵੀ ਨਾਲ ਲੈ ਆਈ । ਮੈਂ ਭਾਰੂ ਲਹਿਜੇ ਵਿੱਚ ਕਿਹਾ, ਕਿ ਤੈਨੂੰ ਰਾਤ ਨੂੰ ਇਨ੍ਹਾਂ ਨੇ ਕਤਲ ਕਿਉਂ ਨਹੀਂ ਕੀਤਾ, ਤੂੰ ਤਾਂ ਜਿੰਮੇਵਰੀ  ਮੇਰੇ ਤੇ ਪਾਉਂਦਾ ਸੀ । ਤਾਂ ਉਹ ਪੈਰਾ ਨੂੰ ਹੱਥ ਲਾਉਣ ਲੱਗਿਆ ਤਾਂ ਮੈਂ ਰੋਕ ਦਿੱਤਾ ਅਤੇ ਕਹਿਣ ਲੱਗਿਆ । ਜਨਾਬ ਭਾਈ ਹੈ, ਫਿਰ ਵੀ ਛੋਟਾ ਭਾਈ ਹੈ । ਘਰ ਵਿੱਚ ਗੁੱਸੇ ਗਿੱਲੇ ਹੋ ਜਾਂਦੇ ਹਨ, ਪਰ ਨੌਹਾਂ ਨਾਲੋਂ ਮਾਸ ਤਾਂ ਅੱਠ ਨਹੀਂ ਹੁੰਦਾ । ਮੈਂ ਵੀ ਹੱਸ ਪਿਆ ਤੇ ਚਲੇ ਗਏ ।
    1985 ਵਿੱਚ ਮੈਂ ਡੀ.ਐਸ.ਪੀ. ਮਾਨਸਾ ਲੱਗ ਗਿਆ । ਉਸ ਸਮੇਂ ਹੁਣ ਵਾਲਾ ਜਿਲ੍ਹਾ ਸਬ-ਡਵੀਜਨ ਸੀ, ਤਾਂ ਉਹ ਔਰਤ ਖੋਆ ਕੱਢ ਕੇ ਪਿੰਨੀਆਂ ਬਣਾ ਕੇ ਲੈ ਆਈ ਤੇ ਬਿਨ੍ਹਾਂ ਝਿਜਕ ਦੇ ਮੇਰੇ ਘਰ ਵਾਲੀ ਤੱਕ ਪਹੁੰਚ ਗਈ । ਮੈਂ ਕਿਹਾ ਕਿ ਅਸੀਂ ਖੋਆ ਨਹੀਂ ਰੱਖਣਾ, ਉਸ ਨੇ ਬੜੇ ਤਕੜੇ ਲਹਿਜੇ ਵਿੱਚ ਕਿਹਾ, ਮੈਂ ਕੋਈ ਰਿਸ਼ਵਤ ਨਹੀਂ ਦੇ ਰਹੀ, ਮੇਰੇ ਪੁੱਤਾਂ ਦੀ 9 ਕਿੱਲੇ ਜਮੀਨ ਸਰਦਾਰ ਜੀ ਤੇਰੇ ਕਰਕੇ ਬਚ ਗਈ ਹੈ । ਉਸ ਨੇ ਇਹ ਵੀ ਦੱਸਿਆ ਕਿ ਉਸ ਨੇ 6 ਕਿੱਲੇ ਜੇਠ ਦੀ ਜਮੀਨ ਆਪਣੇ ਨਾਂ ਕਰਵਾ ਲਈ ਹੈ, 3 ਕਿੱਲੇ ਮੈਂ ਉਸ ਨੂੰ ਛੱਡ ਦਿੱਤੇ ਹਨ, ਤਾਂ ਕਿ ਕਿਤੇ ਮੇਰੇ ਪਿੱਛੋਂ ਮੇਰੇ ਮੁੰਡੇ ਉਸ ਨੂੰ ਰੋਟੀ ਹੀ ਨਾ ਦੇਣ । ਮੈਂ ਸੋਚ ਰਿਹਾ ਸੀ ਕਿ ਔਰਤ ਨੂੰ ਕਈ ਕੁੱਝ ਕਰਨਾ ਪੈਂਦਾ ਹੈ ਭਾਵੇਂ ਮਨ ਨਾ ਚਾਹੇ, ਇਹਦੇ ਵਿੱਚ ਉਹਦੀ ਮਮਤਾ ਹੀ ਝਲਕਦੀ ਸੀ ।
    ਮਮਤਾ ਦੀ ਮਜਬੂਰੀ ਕੀ ਕੁੱਝ ਕਰਵਾ ਦਿੰਦੀ ਹੈ ।

ਹਰਦੇਵ ਸਿੰਘ ਧਾਲੀਵਾਲ,
ਰਿਟ: ਐਸ.ਐਸ.ਪੀ.,
ਪੀਰਾਂ ਵਾਲਾ ਗੇਟ, ਸੁਨਾਮ
ਮੋਬ: 98150-37279

03 Feb. 2019