ਚੁੰਝਾਂ-ਪ੍ਹੌਂਚੇ - ਨਿਰਮਲ ਸਿੰਘ ਕੰਧਾਲਵੀ

04 Feb. 2019

ਜਾਤ-ਪਾਤ ਦੇ ਆਧਾਰ 'ਤੇ ਵੰਡੀਆਂ ਪਾਉਣੀਆਂ ਠੀਕ ਨਹੀਂ- ਮੋਦੀ
ਹਾਥੀ ਕੇ ਦਾਂਤ, ਖਾਨੇ ਕੇ ਔਰ ਦਿਖਾਨੇ ਕੇ ਔਰ।

ਭਾਜਪਾ ਦੀਆਂ ਕਾਰਵਾਈਆਂ ਤੋਂ ਬਾਦਲ ਦਲ ਪੂਰੀ ਤਰ੍ਹਾਂ ਦੁਖੀ- ਇਕ ਖ਼ਬਰ
ਤੇਰੀਆਂ 'ਮੁਹੱਬਤਾਂ' ਨੇ ਮਾਰ ਸੁੱਟਿਆ, ਦੱਸ ਕੀ ਕਰਾਂ?

ਨਵਾਂ ਭਾਰਤ ਉਸਾਰ ਰਹੀ ਹੈ ਸਰਕਾਰ- ਰਾਸ਼ਟਰਪਤੀ ਕੋਵਿੰਦ
ਹਿਜ਼ ਮਾਸਟਰਜ਼ ਵਾਇਸ।

ਜੋ ਘਰ ਨਹੀਂ ਸੰਭਾਲ ਸਕਦਾ, ਉਹ ਦੇਸ਼ ਕੀ ਸੰਭਾਲੇਗਾ- ਨਿਤਿਨ ਗਡਕਰੀ
ਧੀਏ ਗੱਲ ਸੁਣ, ਨੂੰਹੇ ਕੰਨ ਕਰ।ਕਿਧਰ ਨੂੰ ਗਿਆ ਬਈ ਤੀਰ? ਭਲਾ ਬੁੱਝੋ।

ਸੁਖਬੀਰ ਬਾਦਲ ਦੀ ਕੋਟਕਪੂਰਾ ਮੀਟਿੰਗ ਬਾਰੇ ਸੌਦਾ ਸਾਧ ਦੇ ਚੇਲੇ ਨੇ ਅਕਾਲੀਆਂ ਨੂੰ ਟੈਲੀਫੂਨ ਕੀਤੇ- ਇਕ ਖ਼ਬਰ
ਨਾ ਜੀਵਾਂ ਮਹਾਰਾਜ, ਮੈਂ ਤੇਰੇ ਬਿਨ ਨਾ ਜੀਵਾਂ।

ਸਰਕਾਰ ਦੱਸੇ ਬੇਅਦਬੀ ਮਾਮਲੇ 'ਤੇ ਬਾਦਲਕਿਆਂ ਦੀ ਜੂਹ ਨੂੰ ਜਾਂਦੀਆਂ ਪੈੜਾਂ ਕਿਉਂ ਰੋਕੀਆਂ?- ਅਕਾਲੀ ਦਲ 1920
ਜੱਟੀਆਂ ਦੇ ਰੰਗ ਮੁਸ਼ਕੀ, ਲੈਣ ਬਿੜਕਾਂ ਦੇ ਲਾਲੇ।

ਸਿਰਸਾ ਪਹਿਲਾਂ ਬੀ.ਜੇ.ਪੀ. ਦੀ ਵਿਧਾਇਕੀ ਤੋਂ ਲਾਂਭੇ ਹੋਵੇ, ਫੇਰ ਗੱਲ ਕਰੇ-ਆਰ. ਐੱਸ. ਐੱਸ.
ਤੇਰਾ ਯਾਰ ਤਾਂ ਵੈਲੀ ਨੀਂ, ਤੈਨੂੰ ਦਿਨੇ ਦਿਖਾ ਦਊ ਤਾਰੇ।

ਅਕਾਲੀ ਦਲ ਨੇ ਮੰਨਿਐਂ ਕਿ ਗੁਰਦੁਆਰਾ ਪ੍ਰਬੰਧਾਂ 'ਚ ਸੰਘ ਦਾ ਦਖ਼ਲ ਵਧ ਰਿਹੈ- ਇਕ ਖ਼ਬਰ
ਹੁਣ ਗਈ ਵਸਤ ਨੂੰ ਝੂਰਦਾ, ਜਿਉਂ ਪੈਰਾਂ ਨੂੰ ਝੂਰੇ ਮੋਰ।

ਗਡਕਰੀ ਦੀਆਂ ਨਜ਼ਰਾਂ ਹੁਣ ਪ੍ਰਧਾਨ ਮੰਤਰੀ ਦੀ ਕੁਰਸੀ 'ਤੇ- ਕਾਂਗਰਸ
ਸੁੱਤੀ ਹੋਈ ਸੋਨ ਚਿੜੀ, ਲੈਣ ਲੱਗੀ ਅੰਗੜਾਈਆਂ।

ਅਕਾਲੀ-ਭਾਜਪਾ 'ਚ ਸਭ ਅੱਛਾ ਨਹੀਂ, ਦੂਰੀਆਂ ਵਧੀਆਂ- ਇਕ ਖ਼ਬਰ
ਜਾਵੋ ਨੀ ਕੋਈ ਮੋੜ ਲਿਆਵੋ, ਮੇਰੇ ਨਾਲ਼ ਗਿਆ ਅੱਜ ਲੜ ਕੇ।

ਕਾਂਗਰਸ ਸਰਕਾਰ ਬਣੀ ਤਾਂ ਕੋਈ ਵੀ ਭੁੱਖਾ ਤੇ ਗ਼ਰੀਬ ਨਹੀਂ ਰਹੇਗਾ- ਰਾਹੁਲ ਗਾਂਧੀ
ਬੋਤਾ ਵੇਚ ਕੇ ਘੜਾ ਦਊਂ ਕਾਂਟੇ, ਤੂੰ ਹੌਸਲਾ ਨਾ ਹਾਰ ਗੋਰੀਏ।

ਹੁਣ ਤੱਕ ਕਿੰਨੇ ਦਲਿਤਾਂ ਤੇ ਮੁਸਲਮਾਨਾਂ ਨੂੰ ਭਾਰਤ ਰਤਨ ਮਿਲਿਆ- ਓਵੈਸੀ
ਅੰਨ੍ਹਾ ਵੰਡੇ ਰਿਉੜੀਆਂ, ਮੁੜ ਮੁੜ ਆਪਣਿਆਂ ਨੂੰ ਦੇਹ।

ਬੇਅਦਬੀ ਕਾਂਡ 'ਚ ਸਰਕਾਰ ਵੱਡੇ ਮਗਰਮੱਛਾਂ ਨੂੰ ਬਚਾਅ ਰਹੀ ਹੈ- ਬ੍ਰਹਮਪੁਰਾ
ਹੀਰੇ ਲੱਭ ਲਈ ਅਸਾਂ ਗੱਲ ਤੇਰੀ, ਤੇਰਾ ਧਰਮ ਤੇ ਨੇਮ ਹੁਣ ਚੱਲਿਆ ਈ।

ਹੁਣ ਬੁਲੇਟ ਦੇ ਪਟਾਕੇ ਪਵਾਉਣ ਵਾਲ਼ਿਆਂ ਦੇ ਪੈਣਗੇ ਪਟਾਕੇ- ਇਕ ਖ਼ਬਰ
ਬਸ਼ਰਤਿ ਕਿ ਇਹ ਬੁਲੇਟ ਵੱਡਿਆਂ ਘਰਾਂ ਦੇ ਕਾਕਿਆਂ ਦੇ ਨਾ ਹੋਣ।

ਡੋਪ ਟੈਸਟ ਦੇ ਚੈਲੇਂਜ 'ਤੇ ਸੁਖਬੀਰ ਨੇ ਪੁੱਛਿਆ ''ਇਹ ਜ਼ੀਰਾ ਕੌਣ ਐ?''-ਇਕ ਖ਼ਬਰ
ਖਾਧੀ ਪੀਤੀ 'ਚ ਬੰਦਾ ਨਹੀਂ ਪਛਾਣਿਆਂ ਜਾਂਦਾ ਬਈ ਕਈ ਵਾਰੀ।

ਨਿਤਿਨ ਗਡਕਰੀ, ਮੋਦੀ ਦੇ ਬਦਲ ਵਜੋਂ ਪੇਸ਼ ਕੀਤੇ ਜਾਣ ਲੱਗ ਪਏ- ਇਕ ਖ਼ਬਰ
ਓ ਭਾਈ ਬਾਦਲ ਨੂੰ ਵੀ ਪੁੱਛ ਲਉ, ਉਹ ਤਾਂ ਕਹਿੰਦੈ ਕਿ ਮੋਦੀ ਦਾ ਬਦਲ ਹੀ ਹੈ ਨਹੀਂ।