ਰਾਜਿਆਂ ਤੇ ਲੀਡਰਾਂ ਨੇ ਨਹੀਂ, ਇਹ ਦੇਸ਼ ਹਾਲੇ ਤੱਕ ਵੱਸਦਾ ਰੱਖਿਐ ਤਾਂ ਲੋਕਾਂ ਨੇ ਰੱਖਿਐ - ਜਤਿੰਦਰ ਪਨੂੰ

ਪਿਛਲੇ ਦਿਨਾਂ ਵਿੱਚ ਬਿਹਾਰ ਵਿੱਚ ਅੱਗੜ-ਪਿੱਛੜ ਹੋਏ ਦੰਗਿਆਂ ਨੇ ਕਈ ਲੋਕਾਂ ਨੂੰ ਇਹ ਕਹਿਣ ਦਾ ਮੌਕਾ ਦਿੱਤਾ ਹੈ ਕਿ ਓਥੇ ਮੁੱਖ ਮੰਤਰੀ ਨਿਤੀਸ਼ ਕੁਮਾਰ ਵਾਸਤੇ ਰਾਜਨੀਤੀ ਦਾ ਰਾਹ ਅੱਗੋਂ ਬੰਦ ਹੋਣ ਦਾ ਵਕਤ ਆ ਪਹੁੰਚਾ ਹੈ। ਉਸ ਨੂੰ ਭਾਜਪਾ ਨਾਲ ਨਿਭ ਸਕਣਾ ਔਖਾ ਹੋ ਜਾਣਾ ਹੈ ਤੇ ਪਿੱਛੇ ਲਾਲੂ ਯਾਦਵ ਵੱਲ ਮੁੜਨਾ ਸੰਭਵ ਨਹੀਂ ਰਿਹਾ। ਭਾਜਪਾ ਨਾਲ ਨਿਭ ਨਾ ਸਕਣ ਦਾ ਕਾਰਨ ਇਸ ਹਫਤੇ ਦੇ ਦੰਗਿਆਂ ਵਿੱਚ ਭਾਜਪਾ ਆਗੂਆਂ ਦੀ ਚੁਭਣ ਵਾਲੀ ਭੂਮਿਕਾ ਤੇ ਪੁਲਸ ਵੱਲੋਂ ਉਨ੍ਹਾਂ ਦੇ ਖਿਲਾਫ ਦਰਜ ਕੀਤੇ ਗਏ ਕੇਸਾਂ ਨਾਲ ਨਿਤੀਸ਼ ਕੁਮਾਰ ਬਾਰੇ ਪੈਦਾ ਹੋਈ ਕੌੜ ਬਣ ਜਾਣੀ ਹੈ। ਬਿਹਾਰ ਕਿਸ ਪਾਸੇ ਨੂੰ ਕਦੋਂ ਕਿੱਦਾਂ ਦਾ ਮੋੜਾ ਕੱਟੇਗਾ, ਇਹ ਬਾਅਦ ਦੀ ਗੱਲ ਹੈ, ਉਸ ਤੋਂ ਪਹਿਲੀ ਗੱਲ ਭਾਰਤ ਦੇ ਹਾਲਾਤ ਦੀ ਹੈ, ਜਿਹੜੇ ਨਿੱਤ ਨਵੇਂ ਦਿਨ ਨਵੇਂ ਰੱਫੜ ਦੇ ਕਾਰਨ ਵਿਗਾੜ ਵੱਲ ਤੁਰੇ ਜਾਂਦੇ ਹਨ ਤੇ ਸਿਆਸਤ ਦੀਆਂ ਗੋਟੀਆਂ ਖੇਡਣ ਦੇ ਸ਼ੌਕੀਨ ਇਨ੍ਹਾਂ ਹਾਲਾਤ ਨੂੰ ਕਾਬੂ ਵਿੱਚ ਕਰਨ ਦੀ ਥਾਂ ਅਗਲੇ ਸਾਲ ਹੋਣ ਵਾਲੀਆਂ ਲੋਕ ਸਭਾ ਚੋਣਾਂ ਬਾਰੇ ਸੋਚ ਰਹੇ ਹਨ।
ਤਾਜ਼ਾ ਦੰਗਾਕਾਰੀ ਦੀ ਸ਼ੁਰੂਆਤ ਬਿਹਾਰ ਦੇ ਭਾਗਲਪੁਰ ਤੋਂ ਹੋਈ ਹੈ। ਇਸੇ ਸ਼ਹਿਰ ਵਿੱਚ ਸਾਲ 1989 ਵਿੱਚ ਰਾਮ ਜਨਮ ਭੂਮੀ ਮੰਦਰ ਦੀ ਉਸਾਰੀ ਲਈ ਸ਼ਿਲਾ-ਪੂਜਨ ਦਾ ਜਲੂਸ ਕੱਢਣ ਮੌਕੇ ਇੱਕ ਥਾਂ ਭੜਕਾਹਟ ਹੋਈ ਤੇ ਫਿਰ ਅੱਗੇ ਫੈਲ ਗਈ ਸੀ। ਕਰੀਬ ਇੱਕ ਮਹੀਨਾ ਲਾ ਕੇ ਜਦੋਂ ਸਥਿਤੀ ਕਾਬੂ ਵਿੱਚ ਕੀਤੀ ਗਈ, ਸੈਂਕੜੇ ਲੋਕ ਕਤਲ ਕੀਤੇ ਜਾ ਚੁੱਕੇ ਸਨ ਤੇ ਕਿਹਾ ਜਾਂਦਾ ਹੈ ਕਿ ਇਸ ਕਿਸਮ ਦੇ ਦੰਗਿਆਂ ਵਿੱਚ ਗੁਜਰਾਤ ਵਿੱਚ ਵੱਧ ਨੁਕਸਾਨ ਹੋਇਆ ਜਾਂ ਭਾਗਲਪੁਰ ਵਿੱਚ, ਇਸ ਦਾ ਫਰਕ ਕਰਨਾ ਔਖਾ ਹੈ। ਉਸ ਪਿੱਛੋਂ ਏਥੇ ਆਮ ਤੌਰ ਉੱਤੇ ਸ਼ਾਂਤੀ ਰਹੀ ਸੀ। ਇਸ ਸਾਲ ਫਿਰ ਓਸੇ ਸ਼ਹਿਰ ਵਿੱਚ ਦੰਗੇ ਹੋ ਗਏ ਤਾਂ ਕਾਰਨ ਰਾਮ ਨੌਮੀ ਦੀ ਉਹ ਯਾਤਰਾ ਬਣੀ, ਜਿਹੜੀ ਉਨ੍ਹਾਂ ਇਲਾਕਿਆਂ ਤੋਂ ਕੱਢੀ ਗਈ, ਜਿੱਧਰ ਜਾਣ ਦੀ ਆਗਿਆ ਨਹੀਂ ਸੀ ਦਿੱਤੀ ਗਈ। ਕੇਂਦਰ ਸਰਕਾਰ ਦੇ ਇੱਕ ਭਾਜਪਾ ਮੰਤਰੀ ਦੇ ਪੁੱਤਰ ਵਿਰੁੱਧ ਇਸ ਦੰਗੇ ਦਾ ਕੇਸ ਦਰਜ ਹੋਇਆ ਤਾਂ ਬਿਹਾਰ ਦੇ ਭਾਜਪਾ ਆਗੂ ਚੁੱਪ ਕੀਤੇ ਰਹੇ, ਕਿਉਂਕਿ ਸਚਾਈ ਬਾਰੇ ਜਾਣਦੇ ਸਨ, ਪਰ ਓਸੇ ਹੀ ਪਾਰਟੀ ਦਾ ਕੇਂਦਰੀ ਮੰਤਰੀ ਅਤੇ ਹੋਰ ਬਾਹਰਲੇ ਆਗੂ ਇਸ ਨੂੰ ਹਵਾ ਦੇਣ ਲੱਗੇ ਰਹੇ। ਨਿਤੀਸ਼ ਕੁਮਾਰ ਨੇ ਇਸ ਸਾਰੇ ਦੌਰ ਵਿੱਚ ਚੁੱਪ ਨਹੀਂ ਤੋੜੀ ਤੇ ਕਾਰਨ ਇਹ ਹੈ ਕਿ ਉਹ ਰਾਜਸੀ ਭਵਿੱਖ ਦੀ ਚਿੰਤਾ ਵਿੱਚ ਸਿਰ ਸੁੱਟੀ ਬੈਠਾ ਦੱਸਿਆ ਜਾਂਦਾ ਹੈ। ਬਿਹਾਰ ਦੇ ਇਸ ਸ਼ਹਿਰ ਤੋਂ ਬਾਅਦ ਤਿੰਨ ਹੋਰ ਸ਼ਹਿਰਾਂ ਵਿੱਚ ਇਹੋ ਜਿਹੇ ਦੰਗੇ ਹੋਏ ਤੇ ਫਿਰ ਸਥਿਤੀ ਦਾ ਵਿਗਾੜ ਸਮੁੱਚੇ ਰਾਜ ਵਿੱਚ ਤਨਾਅ ਫੈਲਣ ਦਾ ਕਾਰਨ ਬਣਨ ਲੱਗ ਪਿਆ ਹੈ, ਜਿਹੜਾ ਕਦੇ ਕਾਬੂ ਤੋਂ ਬਾਹਰ ਵੀ ਜਾ ਸਕਦਾ ਹੈ।
ਹਾਲਾਤ ਹਾਲੇ ਬਿਹਾਰ ਵਿੱਚ ਕਾਬੂ ਵਿੱਚ ਨਹੀਂ ਸਨ ਆਏ ਕਿ ਪੱਛਮੀ ਬੰਗਾਲ ਵਿੱਚ ਇਹੋ ਚਿੰਗਾੜੀ ਚਲੀ ਗਈ ਤੇ ਆਸਨਸੋਲ ਵਰਗੇ ਵੱਡੇ ਸ਼ਹਿਰ ਸਮੇਤ ਕਈ ਥਾਂਈਂ ਦੰਗੇ ਹੋਣ ਤੋਂ ਬਾਅਦ ਲੋਕਾਂ ਵਿੱਚ ਤਨਾਅ ਪੈਦਾ ਹੋਣ ਲੱਗ ਪਿਆ, ਪਰ ਰਾਜ ਦੀ ਮੁੱਖ ਮੰਤਰੀ ਦਿੱਲੀ ਵਿੱਚ ਬੈਠੀ ਕਹੀ ਜਾਂਦੀ ਰਹੀ ਕਿ ਸਥਿਤੀ ਕਾਬੂ ਹੇਠ ਹੀ ਹੈ। ਬਿਹਾਰ ਸਰਕਾਰ ਵਿੱਚ ਸ਼ਾਮਲ ਹੋਣ ਕਾਰਨ ਭਾਜਪਾ ਆਗੂ ਓਥੇ ਦੀ ਸਥਿਤੀ ਲਈ ਨਿਤੀਸ਼ ਕੁਮਾਰ ਨੂੰ ਕੋਈ ਦੋਸ਼ ਨਹੀਂ ਦੇਂਦੇ, ਚੁੱਪ ਰਹਿ ਜਾਂਦੇ ਹਨ। ਜਦੋਂ ਪੱਛਮੀ ਬੰਗਾਲ ਦੀ ਗੱਲ ਆਉਂਦੀ ਹੈ ਤਾਂ ਸਾਰਾ ਜ਼ਿੰਮਾ ਤ੍ਰਿਣਮੂਲ ਕਾਂਗਰਸ ਤੇ ਮੁੱਖ ਮੰਤਰੀ ਮਮਤਾ ਬੈਨਰਜੀ ਦੇ ਸਿਰ ਪਾ ਕੇ ਇੱਕ ਤਰਫਾ ਪ੍ਰਚਾਰ ਦੀ ਮੁਹਿੰਮ ਚਲਾਈ ਜਾਂਦੇ ਹਨ, ਕਿਉਂਕਿ ਅਗਲੀਆਂ ਚੋਣਾਂ ਉੱਤੇ ਅੱਖ ਟਿਕੀ ਹੋਈ ਹੈ।
ਦੂਸਰੇ ਪਾਸੇ ਭਾਜਪਾ ਦਾ ਗੜ੍ਹ ਮੰਨੇ ਜਾਣ ਵਾਲੇ ਗੁਜਰਾਤ ਵਿੱਚ ਦੋ ਘਟਨਾਵਾਂ ਏਦਾਂ ਦੀਆਂ ਵਾਪਰ ਗਈਆਂ ਹਨ ਕਿ ਓਥੇ ਬਿਹਾਰ ਤੇ ਬੰਗਾਲ ਤੋਂ ਵੱਡੀ ਮੁਸ਼ਕਲ ਖੜੀ ਹੋ ਸਕਦੀ ਹੈ। ਪਹਿਲੀ ਘਟਨਾ ਓਥੇ ਸੂਰਤ ਸ਼ਹਿਰ ਵਿੱਚ ਦੋ ਫਿਰਕਿਆਂ ਵਿਚਾਲੇ ਝੜਪ ਦੀ ਹੈ। ਇਸ ਟੱਕਰ ਵਿੱਚ ਦੋਵਾਂ ਫਿਰਕਿਆਂ ਦੇ ਧਰਮ ਅਸਥਾਨਾਂ ਉੱਤੇ ਪੱਥਰਬਾਜ਼ੀ ਹੋਈ ਹੋਣ ਦਾ ਜ਼ਿਕਰ ਕੀਤਾ ਗਿਆ ਹੈ, ਪਰ ਆਮ ਲੋਕ ਇਸ ਨੂੰ ਫਿਰਕੂ ਦੰਗਾ ਮੰਨਣ ਨੂੰ ਤਿਆਰ ਨਹੀਂ। ਉਹ ਕਹਿੰਦੇ ਹਨ ਕਿ ਟੱਕਰ ਨਾਜਾਇਜ਼ ਸ਼ਰਾਬ ਵੇਚਣ ਵਾਲੇ ਦੋ ਮਾਫੀਆ ਗਰੋਹਾਂ ਦੀ ਹੈ, ਜਿਨ੍ਹਾਂ ਵਿੱਚੋਂ ਇੱਕ ਹਿੰਦੂ ਗੈਂਗਸਟਰ ਦੇ ਕੰਟਰੋਲ ਹੇਠ ਚੱਲਦਾ ਤੇ ਦੂਸਰੇ ਗੈਂਗ ਦੀ ਕਮਾਂਡ ਇੱਕ ਮੁਸਲਿਮ ਗੈਂਗਸਟਰ ਦੇ ਹੱਥ ਹੈ। ਧਰਮ ਅਸਥਾਨਾਂ ਉੱਤੇ ਪੱਥਰਬਾਜ਼ੀ ਹੋਈ ਜਾਂ ਨਹੀਂ, ਜੋ ਕੁਝ ਵੀ ਹੋਇਆ ਹੈ, ਇਨ੍ਹਾਂ ਦੋ ਗੈਂਗਾਂ ਦੇ ਬੰਦਿਆਂ ਦਾ ਆਪਸੀ ਹੋਣਾ ਚਾਹੀਦਾ ਸੀ, ਐਵੇਂ ਫਿਰਕੂ ਰੰਗ ਦੇ ਦਿੱਤਾ ਗਿਆ ਹੈ। ਸੋਚਣ ਵਾਲੀ ਖਾਸ ਗੱਲ ਇਹ ਕਿ ਸਾਰੇ ਗੁਜਰਾਤ ਵਿੱਚ ਸ਼ਰਾਬਬੰਦੀ ਲਾਗੂ ਹੈ ਤੇ ਇਸ ਦੇ ਬਾਵਜੂਦ ਸ਼ਰਾਬ ਵੇਚਣ ਵਾਲੇ ਗਰੋਹ ਉਸ ਰਾਜ ਵਿੱਚ ਏਨੇ ਹਨ ਕਿ ਜਿਹੜਾ ਵਿਅਕਤੀ ਜਿਸ ਕਿਸਮ ਦੀ ਦੇਸੀ, ਵਿਦੇਸ਼ੀ ਜਾਂ ਮਟਕੇ ਦੀ ਕੱਢੀ ਹੋਈ ਦਾਰੂ ਲੈਣਾ ਚਾਹੁੰਦਾ ਹੈ, ਉਸ ਦੀ 'ਹੋਮ ਡਿਲਿਵਰੀ' ਦਾ ਪ੍ਰਬੰਧ ਕੀਤਾ ਜਾਂਦਾ ਹੈ। ਇਹ ਗੁਜਰਾਤ ਦੀ ਸਚਾਈ ਹੈ।
ਇੱਕ ਵੱਖਰੀ ਗੱਲ ਪੱਛਮੀ ਬੰਗਾਲ ਤੋਂ ਸੁਣਨ ਨੂੰ ਮਿਲੀ ਹੈ, ਜਿਹੜੀ ਇੱਕੋ ਵਕਤ ਦੁੱਖ ਵਾਲੀ ਵੀ ਹੈ ਤੇ ਉਤਸ਼ਾਹ ਬੰਨ੍ਹਾਉਣ ਵਾਲੀ ਵੀ। ਪੰਜਾਬ ਦੇ ਪਟਿਆਲੇ ਸ਼ਹਿਰ ਜਿੰਨੀ ਆਬਾਦੀ ਵਾਲੇ ਪੱਛਮੀ ਬੰਗਾਲ ਦੇ ਆਸਨਸੋਲ ਸ਼ਹਿਰ ਦੇ ਦੰਗਾ ਮਾਰੇ ਹਾਲਾਤ ਵਿੱਚ ਨੂਰਾਨੀ ਮਸਜਿਦ ਦੇ ਇਮਾਮ ਮੌਲਾਨਾ ਇਮਦਾਦੁਲ ਰਸ਼ੀਦੀ ਦਾ ਪੁੱਤਰ ਅਚਾਨਕ ਗੁੰਮ ਹੋ ਗਿਆ ਅਤੇ ਫਿਰ ਉਸ ਦੀ ਲਾਸ਼ ਮਿਲੀ। ਉਹ ਮੁੰਡਾ ਕਤਲ ਕੀਤਾ ਗਿਆ ਸੀ। ਮੁਸਲਿਮ ਭਾਈਚਾਰੇ ਦੇ ਲੋਕਾਂ ਅਤੇ ਖਾਸ ਕਰ ਕੇ ਉਸ ਭਾਈਚਾਰੇ ਦੇ ਨੌਜਵਾਨਾਂ ਵਿੱਚ ਇਸ ਦਾ ਬਦਲਾ ਲੈਣ ਦੀਆਂ ਗੱਲਾਂ ਚੱਲ ਰਹੀਆਂ ਸਨ। ਇਸ ਦੌਰਾਨ ਮੌਲਾਨਾ ਇਮਦਾਦੁਲ ਰਸ਼ੀਦੀ ਨੇ ਉਹ ਕਰ ਵਿਖਾਇਆ, ਜਿਸ ਦੀ ਏਦਾਂ ਦੇ ਵਕਤ ਕਿਸੇ ਬਾਪ ਤੋਂ ਆਸ ਨਹੀਂ ਕੀਤੀ ਜਾਂਦੀ। ਉਸ ਨੇ ਭਾਈਚਾਰੇ ਦੇ ਧਾਰਮਿਕ ਇਕੱਠ ਵਿੱਚ ਜਾ ਕੇ ਕਿਹਾ: 'ਮੇਰਾ ਪੁੱਤਰ ਮੈਥੋਂ ਖੋਹ ਲਿਆ ਗਿਆ ਹੈ, ਮੈਂ ਨਹੀਂ ਚਾਹੁੰਦਾ ਕਿ ਹੋਰਨਾਂ ਲੋਕਾਂ ਦੇ ਬੱਚਿਆਂ ਨਾਲ ਇਹੋ ਕੁਝ ਹੋਵੇ, ਇਸ ਲਈ ਮੈਂ ਸ਼ਹਿਰ ਵਿੱਚ ਅਮਨ ਚਾਹੁੰਦਾ ਹਾਂ, ਕੋਈ ਬਦਲੇ ਦੀ ਕਾਰਵਾਈ ਨਹੀਂ ਕਰਨ ਦੇਣੀ ਤੇ ਜੇ ਕਿਸੇ ਨੇ ਏਦਾਂ ਦੀ ਕੋਈ ਵੀ ਹਰਕਤ ਕੀਤੀ ਤਾਂ ਮੈਂ ਇਹ ਸ਼ਹਿਰ ਛੱਡ ਕੇ ਚਲਾ ਜਾਵਾਂਗਾ'। ਸੁੰਨ ਵਰਗੀ ਚੁੱਪ ਹਰ ਪਾਸੇ ਫੈਲ ਗਈ। ਸ਼ਹਿਰ ਦਾ ਮੇਅਰ ਜੀਤੇਂਦਰ ਤਿਵਾੜੀ ਉਸ ਦਾ ਧੰਨਵਾਦ ਕਰਨ ਗਿਆ। ਨਤੀਜਾ ਸਭ ਦੇ ਸਾਹਮਣੇ ਹੈ ਕਿ ਓਥੇ ਕਿਸੇ ਨੇ ਬਦਲੇ ਦੀ ਕਾਰਵਾਈ ਨਹੀਂ ਕੀਤੀ ਅਤੇ ਉਸ ਸ਼ਹਿਰ ਨੂੰ ਵੱਸਦਾ ਰੱਖਣ ਲਈ ਅਗਲੇ ਦਿਨ ਏਕਤਾ ਮਾਰਚ ਸ਼ੁਰੂ ਕਰ ਦਿੱਤਾ ਗਿਆ। ਜ਼ਿੰਮੇਵਾਰੀ ਦਾ ਅਹਿਸਾਸ ਇਸ ਨੂੰ ਕਿਹਾ ਜਾਂਦਾ ਹੈ।
ਸਦੀਆਂ ਤੋਂ ਅਣਕਿਆਸੇ ਸਮਿਆਂ ਦਾ ਸਾਹਮਣਾ ਕਰਦਾ ਆਇਆ ਇਹ ਦੇਸ਼ ਰਾਜਿਆਂ ਤੇ ਫਿਰ ਲੀਡਰਾਂ ਨੇ ਨਹੀਂ ਸੀ ਵੱਸਦਾ ਰੱਖਿਆ, ਇਸ ਨੂੰ ਉਨ੍ਹਾਂ ਲੋਕਾਂ ਨੇ ਵੱਸਦੇ ਰੱਖਿਆ ਸੀ, ਜਿਨ੍ਹਾਂ ਵਿੱਚ ਮੌਲਾਨਾ ਇਮਦਾਦੁਲ ਰਸ਼ੀਦੀ ਇੱਕ ਕਹਿ ਸਕਦੇ ਹਾਂ। ਉਹ ਇੱਕ ਹੈ, ਪਰ ਉਹ ਇੱਕੋ ਇੱਕ ਨਹੀਂ। ਭਾਰਤ ਦੇ ਕੋਨੇ-ਕੋਨੇ ਵਿੱਚ ਏਦਾਂ ਦੀ ਸੋਚ ਵਾਲੇ ਲੋਕ ਮਿਲ ਜਾਂਦੇ ਹਨ, ਜਿਹੜੇ ਦੇਸ਼ ਨੂੰ ਵੱਸਦਾ ਰੱਖਣ ਦੇ ਚਾਹਵਾਨ ਹਨ। ਲੀਡਰਾਂ ਨੂੰ ਉਨ੍ਹਾਂ ਲੋਕਾਂ ਤੋਂ ਸਿੱਖਣਾ ਚਾਹੀਦਾ ਹੈ।

1 April 2018