ਅਕਾਲੀ-ਭਾਜਪਾ ਗਠਜੋੜ : ਮਜਬੂਰੀ ਦਾ : ਟੁੱਟੇ ਵੀ ਤਾਂ ਕਿਵੇਂ? - ਜਸਵੰਤ ਸਿੰਘ 'ਅਜੀਤ'


ਬੀਤੇ ਦਿਨੀਂ ਮਹਾਰਾਸ਼ਟਰਾ ਸਰਕਾਰ ਵਲੋਂ ਤਖਤ ਸੱਚਖੰਡ ਹਜ਼ੂਰ ਸਾਹਿਬ ਨਾਂਦੇੜ ਦੇ ਪ੍ਰਬੰਧ ਨਾਲ ਸੰਬੰਧਤ ਕਾਨੂੰਨ ਵਿੱਚ ਸੋਧ ਕਰ, ਤਖਤ ਸਾਹਿਬ ਦੇ ਪ੍ਰਬੰਧਕੀ ਬੋਰਡ ਵਿੱਚ ਸਰਕਾਰੀ ਪ੍ਰਤੀਨਿਧੀਆਂ ਦੀ ਗਿਣਤੀ 2 ਤੋਂ ਵਧਾ 6 ਕਰ, ਪ੍ਰਬੰਧਕੀ ਬੋਰਡ ਪੁਰ ਆਪਣੀ ਪਕੜ ਮਜ਼ਬੂਤ ਕਰ ਲੈਣ ਦੀ ਕਥਤ ਸਾਜ਼ਿਸ਼ ਦੀ ਜੋ ਚਰਚਾ ਹੋਈ, ਉਸ ਵਿੱਚ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕਤੱਰ ਸ. ਮਨਜਿੰਦਰ ਸਿੰਘ ਸਿਰਸਾ ਵਲੋਂ ਇਸ ਸੋਧ ਦਾ ਤਿੱਖਾ ਵਿਰੋਧ ਕਰਦਿਆਂ, ਭਾਜਪਾ ਨਾਲੋਂ ਅਕਾਲੀ ਦਲ ਦਾ ਦਹਾਕਿਆਂ ਪੁਰਾਣਾ ਗਠਜੋੜ ਤੋੜ ਲਏ ਜਾਣ ਦੀ, ਧਮਕੀ ਦੇ ਦਿੱਤੀ ਗਈ, ਮੀਡਿਯਾ ਵਲੋਂ ਉਸ ਧਮਕੀ ਨੂੰ ਗੰਭੀਰਤਾ ਨਾਲ ਲੈਂਦਿਆਂ, ਬਾਦਲ ਅਕਾਲੀ ਦਲ ਅਤੇ ਭਾਜਪਾ ਵਿੱਚਲੇ ਦੋ ਦਹਾਕਿਆਂ ਤੋਂ ਵੀ ਵੱਧ ਸਮੇਂ ਤੋਂ ਚਲਦੇ ਆ ਰਹੇ ਨਹੁੰ-ਮਾਸ ਵਰਗੇ ਰਿਸ਼ਤੇ ਵਿੱਚ ਤਰੇੜਾਂ ਪੈਦਾ ਹੋ ਜਾਣ ਤੋਂ ਲੈ ਕੇ, ਉਸਦੇ ਟੁੱਟ ਜਾਣ ਦੇ ਕਿਨਾਰੇ ਪੁਜ ਜਾਣ ਦੀਆਂ ਭਵਿਖਬਾਣੀਆਂ ਕੀਤੀਆਂ ਜਾਣ ਲਗੀਆਂ ਪਈਆਂ ਸਨ। ਇਨ੍ਹਾਂ ਭਵਿਖ-ਬਾਣੀਆਂ ਦੇ ਚਲਦਿਆਂ ਹੀ ਅਚਾਨਕ ਹੀ ਖਬਰ ਆ ਗਈ ਕਿ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਅਤੇ ਭਾਜਪਾ ਦੇ ਪ੍ਰਧਾਨ ਸ਼੍ਰੀ ਅਮਿਤ ਸ਼ਾਹ ਵਿੱਚਕਾਰ ਹੋਈ ਲੰਮੀ ਗਲਬਾਤ ਵਿੱਚ ਇਸ ਮਸਲੇ ਨੂੰ ਸੁਲਝਾ ਲਿਆ ਗਿਆ ਹੈ। ਇਸਦੇ ਨਾਲ ਹੀ ਸ. ਸੁਖਬੀਰ ਸਿੰਘ ਬਾਦਲ ਦਾ ਬਿਆਨ ਵੀ ਆ ਗਿਆ, ਜਿਸ ਵਿੱਚ ਉਨ੍ਹਾਂ ਦਾਅਵਾ ਕੀਤਾ ਹੋਇਆ ਸੀ ਕਿ ਬੀਤੇ ਕੁਝ ਸਮੇਂ ਤੋਂ ਅਕਾਲੀ-ਭਾਜਪਾ ਗਠਜੋੜ ਦੇ ਟੁੱਟ ਜਾਣ ਦੀਆਂ ਜੋ ਸੰਭਾਵਨਾਵਾਂ ਪ੍ਰਗਟ ਕੀਤੀਆਂ ਜਾ ਰਹੀਆਂ ਸਨ, ਉਹ ਹੁਣ ਮੁਕ-ਮੁਕਾ ਗਈਆਂ ਹਨ। ਉਨ੍ਹਾਂ ਅਨੁਸਾਰ ਮਹਾਰਾਸ਼ਟਰਾ ਦੇ ਮੁੱਖ ਮੰਤਰੀ ਨੇ ਭਰੋਸਾ ਦੁਆਇਆ ਹੈ ਕਿ ਸਰਕਾਰ ਨੇ ਤਖਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਦੇ ਪ੍ਰਬੰਧਕੀ ਬੋਰਡ ਨਾਲ ਸੰਬੰਧਤ ਕਾਨੂੰਨ ਵਿੱਚ ਸੋਧ ਕੀਤੇ ਜਾਣ ਦਾ ਜੋ ਫੈਸਲਾ ਕੀਤਾ ਸੀ, ਉਸਨੂੰ 'ਸਦਾ' ਲਈ ਠੰਡੇ ਬਸਤੇ ਵਿੱਚ ਪਾ ਦਿੱਤਾ ਗਿਆ ਹੈ।
ਇਸ ਸਥਿਤੀ ਪੁਰ ਆਪਣੀ ਪ੍ਰਤੀਕ੍ਰਿਆ ਦਿੰਦਿਆਂ ਪੰਜਾਬ ਦੀ ਜ਼ਮੀਨੀ ਰਾਜਨੀਤੀ ਨਾਲ ਜੁੜੇ ਚਲੇ ਆ ਰਹੇ ਰਾਜਸੀ ਮਾਹਿਰਾਂ ਦਾ ਕਹਿਣਾ ਹੈ ਕਿ ਬੀਤੇ ਵਰ੍ਹਿਆਂ ਤੋਂ, ਵਿਸ਼ੇਸ਼ ਕਰਕੇ ਸ. ਸੁਖਬੀਰ ਸਿੰਘ ਬਾਦਲ ਵਲੋਂ ਦਲ ਦੇ ਪ੍ਰਧਾਨ ਦੇ ਅਹੁਦੇ ਦੀਆਂ ਜ਼ਿਮੇਂਦਾਰੀਆਂ ਸੰਭਾਲਣ ਤੋਂ ਬਾਅਦ, ਕਈ ਵਾਰ ਅਕਾਲੀ-ਭਾਜਪਾ ਸੰਬੰਧਾਂ ਵਿੱਚ ਤਰੇੜਾਂ ਪੈਦਾ ਹੋਣ ਅਤੇ ਉਸਦੇ ਟੁੱਟ ਜਾਣ ਦੀਆਂ ਭਵਿਖ-ਬਾਣੀਆਂ ਹੁੰਦੀਆਂ ਚਲੀਆਂ ਆ ਰਹੀਆਂ ਹਨ। ਇਨ੍ਹਾਂ ਰਾਜਸੀ ਮਾਹਿਰਾਂ ਅਨੁਸਾਰ ਇਹ ਭਵਿਖ-ਬਾਣੀਆਂ ਉਨ੍ਹਾਂ ਰਾਜਨੀਤਕਾਂ ਵਲੋਂ ਕੀਤੀਆਂ ਜਾਂਦੀਆਂ ਹਨ, ਜੋ ਪੰਜਾਬ ਦੀ ਜ਼ਮੀਨੀ ਰਾਜਸੀ ਹਾਲਾਤ ਦੀ ਸੱਚਾਈ ਤੋਂ ਬਿਲਕੁਲ ਹੀ ਅਨਜਾਣ ਹਨ। ਉਹ ਦਸਦੇ ਹਨ ਕਿ ਲਗਭਗ ਦੋ-ਕੁ ਵਰ੍ਹੇ ਪਹਿਲਾਂ ਵੀ ਜ਼ੋਰਦਾਰ ਚਰਚਾ ਸੁਣਨ ਨੂੰ ਮਿਲਣ ਲਗ ਪਈ ਸੀ ਕਿ ਲੰਮੇਂ ਸਮੇਂ ਤੋਂ ਅਟੁੱਟ ਮੰਨਿਆ ਜਾਂਦਾ ਚਲਿਆ ਆ ਰਿਹਾ, ਸ਼੍ਰੋਮਣੀ ਅਕਾਲੀ ਦਲ (ਬਾਦਲ) ਅਤੇ ਭਾਜਪਾ ਵਿਚਲਾ ਦਹਾਕਿਆਂ ਪੁਰਾਣਾ 'ਅਟੁੱਟ' ਗਠਜੋੜ ਟੁਟਣ ਕਿਨਾਰੇ ਆ ਪੁਜਾ ਹੈ। ਇਸਦੇ ਨਾਲ ਹੀ ਇਹ ਸੰਭਾਵਨਾ ਵੀ ਪ੍ਰਗਟ ਕੀਤੀ ਜਾਣ ਲਗ ਪਈ ਸੀ ਕਿ ਭਵਿਖ ਵਿੱਚ ਪੰਜਾਬ ਵਿੱਚ ਹੋਣ ਵਾਲੀਆਂ ਸਾਰੀਆਂ ਚੋਣਾਂ, ਭਾਵੇਂ ਲੋਕਸਭਾ ਦੀਆਂ ਹੋਣ ਜਾਂ ਵਿਧਾਨਸਭਾ ਦੀਆਂ ਜਾਂ ਸਥਾਨਕ ਕਾਰਪੋਰੇਸ਼ਨਾਂ ਆਦਿ ਦੀਆਂ, ਭਾਜਪਾ ਆਪਣੇ ਬੂਤੇ ਹੀ ਲੜੇਗੀ। ਇਸਦੇ ਨਾਲ ਹੀ ਇਹ ਦਾਅਵਾ ਵੀ ਕੀਤਾ ਜਾਣ ਲਗਾ ਸੀ ਕਿ ਦਿੱਲੀ ਵਿੱਚ ਹੋਣ ਵਾਲੀਆਂ ਚੋਣਾਂ ਵਿੱਚ ਵੀ, ਭਾਵੇਂ ਉਹ ਨਗਰ ਨਿਗਮ ਦੀਆਂ ਹੋਣ ਜਾਂ ਵਿਧਾਨ ਸਭਾ ਦੀਆਂ, ਬਾਦਲ ਅਕਾਲੀ ਦਲ ਨੂੰ ਸੀਟਾਂ ਦੇਣ ਦੀ ਬਜਾਏ, ਭਾਜਪਾ ਆਪਣੀ ਪਾਰਟੀ ਦੇ ਹੀ ਸਿੱਖ ਮੁੱਖੀਆਂ ਨੂੰ, ਮੈਦਾਨ ਵਿਚ ਉਤਾਰੇਗੀ। ਇਸਦਾ ਤੁਰੰਤ ਕਾਰਣ ਇਹ ਦਸਿਆ ਗਿਆ ਕਿ ਭਾਜਪਾ ਦੀ ਸਹਿਯੋਗੀ ਸੰਸਥਾ ਆਰਐਸਐਸ ਦੇ ਸੈੱਲ ਰਾਸ਼ਟਰੀ ਸਿੱਖ ਸੰਗਤ ਵਲੋਂ ਦਿੱਲੀ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਜਿਸ ਸਮਾਗਮ ਦਾ ਆਯੋਜਨ ਕੀਤਾ ਗਿਆ, ਸ਼੍ਰੋਮਣੀ ਅਕਾਲੀ ਦਲ (ਬਾਦਲ) ਦੀ ਦਿੱਲੀ ਇਕਾਈ ਅਤੇ ਉਸਦੀ ਸੱਤਾ-ਅਧੀਨ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖੀਆਂ ਨੇ ਉਸ ਨਾਲੋਂ ਨਾ ਕੇਵਲ ਆਪ ਦੂਰੀ ਬਣਾਈ, ਸਗੋਂ ਆਮ ਸਿੱਖਾਂ ਨੂੰ ਵੀ ਉਸ ਤੋਂ ਦੂਰੀ ਬਣਾਈ ਰਖਣ ਦਾ ਅਦੇਸ਼ ਜਾਰੀ ਕਰ ਦਿੱਤਾ। ਇਥੋਂ ਤਕ ਕਿ ਕਮੇਟੀ ਦੇ ਉਨ੍ਹਾਂ ਮੈਂਬਰਾਂ ਨੂੰ ਵੀ ਸਮਾਗਮ ਵਿੱਚ ਆਪਣੀ ਸ਼ਮੂਲੀਅਤ ਦਰਜ ਕਰਵਾਣ ਤੋਂ ਰੋਕ ਦਿੱਤਾ ਗਿਆ, ਜੋ ਕਿ ਭਾਜਪਾ ਦੇ ਪ੍ਰਤੀਨਿਧੀ ਵਜੋਂ ਵਿਧਾਇਕ ਅਤੇ ਪਾਰਸ਼ਦ ਚੁਣੇ ਗਏ ਹੋਏ ਹਨ। ਇਸ ਸੰਬੰਧ ਵਿੱਚ ਭਾਜਪਾ ਦੇ ਕੁਝ ਮੁੱਖੀਆਂ, ਵਿਸ਼ੇਸ਼ ਰੂਪ ਵਿੱਚ ਪੰਜਾਬ ਭਾਜਪਾ ਦੇ ਸੀਨੀਅਰ ਮੁੱਖੀਆਂ ਦੇ ਉਨ੍ਹਾਂ ਬਿਆਨਾਂ ਦਾ ਹਵਾਲਾ ਵੀ ਦਿੱਤਾ ਗਿਆ, ਜਿਨ੍ਹਾਂ ਵਿੱਚ ਉਨ੍ਹਾਂ ਸ਼੍ਰੋਮਣੀ ਅਕਾਲੀ ਦਲ (ਬਾਦਲ) ਵਲੋਂ ਰਸ਼ਾਟਰੀ ਸਿੱਖ ਸੰਗਤ ਦੇ ਸਮਾਗਮ ਦਾ ਬਾਈਕਾਟ ਕੀਤੇ ਜਾਣ ਪੁਰ ਨਰਾਜ਼ਗੀ ਪ੍ਰਗਟ ਕਰਦਿਆਂ, ਉਸ ਨਾਲੋਂ ਨਾਤਾ ਤੋੜ ਲੈਣ ਅਤੇ ਭਵਿੱਖ ਵਿੱਚ ਪੰਜਾਬ ਵਿੱਚ ਹੋਣ ਵਾਲੀਆਂ ਸਾਰੀਆਂ ਹੀ ਚੋਣਾਂ ਆਪਣੇ ਹੀ ਬੂਤੇ ਲੜਨ ਦਾ ਦਾਅਵਾ ਕੀਤਾ ਹੋਇਆ ਸੀ।
ਉਸ ਸਮੇਂ ਵੀ ਪੰਜਾਬ ਦੀ ਰਾਜਨੀਤੀ ਨਾਲ ਸੰਬੰਧਤ ਚਲੇ ਆ ਰਹੇ ਮਾਹਿਰਾਂ ਨੇ ਦਾਅਵਾ ਕੀਤਾ ਸੀ ਕਿ ਭਾਜਪਾ-ਅਕਾਲੀ ਗਠਜੋੜ ਦੇ ਟੁਟਣ ਦੀਆਂ ਸੰਭਾਵਨਾਵਾਂ ਪ੍ਰਗਟ ਕਰਦਿਆਂ, ਜੋ ਦਾਅਵੇ ਕੀਤੇ ਜਾ ਰਹੇ ਹਨ, ਉਹ ਰੋਸ (ਗੁੱਸੇ) ਵਿੱਚ ਪੈਦਾ ਹੋਏ ਜੋਸ਼ ਦਾ ਹੀ ਨਤੀਜਾ ਹਨ। ਇਨ੍ਹਾਂ ਮਾਹਿਰਾਂ ਅਨੁਸਾਰ ਅਜਿਹੀ ਸੰਭਾਵਨਾ ਉਹੀ ਲੋਕ ਪ੍ਰਗਟ ਕਰ ਰਹੇ ਹਨ, ਜੋ ਪੰਜਾਬ ਦੇ ਜ਼ਮੀਨੀ ਰਾਜਨੈਤਕ ਹਾਲਾਤ ਨੂੰ ਸਮਝ ਪਾਣ ਦੀ ਸਥਿਤੀ ਵਿੱਚ ਨਹੀਂ। ਉਨ੍ਹਾਂ ਦਾ ਕਹਿਣਾ ਹੈ ਕਿ ਬੀਤੇ ਵਿੱਚ ਕਈ ਵਾਰ ਅਜਿਹੇ ਹਾਲਾਤ ਬਣੇ, ਜਿਨ੍ਹਾਂ ਦੇ ਚਲਦਿਆਂ ਇਸ ਗਠਜੋੜ ਦੇ ਟੁੱਟ ਜਾਣ ਦੇ ਦਾਅਵੇ ਕੀਤੇ ਜਾਂਦੇ ਰਹੇ। ਪ੍ਰੰਤੂ ਇਸ ਸਭ ਕੁਝ ਦੇ ਚਲਦਿਆਂ ਅਕਾਲੀ-ਭਾਜਪਾ ਗਠਜੋੜ ਨੇ ਨਾ ਟੁੱਟਣਾ ਸੀ ਅਤੇ ਨਾ ਹੀ ਉਹ ਟੁੱਟਾ। ਉਨ੍ਹਾਂ ਦਾ ਮੰਨਣਾ ਹੈ ਕਿ ਇਹ, ਅਕਾਲੀ-ਭਾਜਪਾ ਗਠਜੋੜ ਕਿਸੇ ਸਿਧਾਂਤ ਜਾਂ ਆਦਰਸ਼ ਦੀਆਂ ਨੀਂਹਾਂ ਪੁਰ ਆਧਾਰਤ ਨਹੀਂ, ਜੋ ਜ਼ਰਾ-ਕੁ ਝਟਕਾ ਲਗਦਿਆਂ ਹੀ ਟੁੱਟ ਜਾਏ। ਉਨ੍ਹਾਂ ਅਨੁਸਾਰ ਇਹ ਗਠਜੋੜ, ਪੰਜਾਬ ਦੇ ਰਾਜਸੀ ਹਾਲਾਤ ਦੇ ਚਲਦਿਆਂ, ਦੋਹਾਂ ਦੀਆਂ ਸਵਾਰਥ-ਅਧਾਰਤ ਮਜਬੂਰੀਆਂ ਦਾ ਨਤੀਜਾ ਹੈ। ਦੋਹਾਂ ਪਾਰਟੀਆਂ ਦੇ ਮੁੱਖੀ ਜਾਣਦੇ ਹਨ ਕਿ ਬਿਨਾ ਆਪਸੀ ਗਠਜੋੜ ਦੇ ਉਹ ਨਾ ਤਾਂ ਰਾਜ (ਪੰਜਾਬ) ਦੀ ਸੱਤਾ ਦੇ ਗਲਿਆਰਿਆਂ ਤਕ ਪਹੁੰਚ ਸਕਦੇ ਹਨ ਅਤੇ ਨਾ ਹੀ ਉਥੇ ਕੋਈ ਮਜ਼ਬੂਤ ਅਧਾਰ ਬਣਾ ਕੇ ਰਖ ਸਕਦੇ ਹਨ। ਉਨ੍ਹਾਂ ਅਨੁਸਾਰ ਭਾਵੇਂ ਦੋਹਾਂ ਪਾਰਟੀਆਂ ਦੇ ਮੁੱਖੀ ਦਾਅਵਾ ਕਰਦੇ ਰਹਿਣ ਕਿ ਉਨ੍ਹਾਂ ਦੀ ਪਾਰਟੀ ਧਰਮ-ਨਿਰਪੇਖ ਅਤੇ ਲੋਕਤਾਂਤ੍ਰਿਕ ਹੈ, ਪ੍ਰੰਤੂ ਸੱਚਾਈ ਇਹੀ ਹੈ ਕਿ ਉਨ੍ਹਾਂ ਦੀ ਰਾਜਨੀਤੀ ਵਿਸ਼ੇਸ਼ ਫਿਰਕਿਆਂ ਦੇ ਸਹਾਰੇ ਹੀ ਫਲਦੀ-ਫੁਲਦੀ ਹੈ। ਜਿਥੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੀ ਰਾਜਨੀਤੀ ਸਿੱਖਾਂ ਦੀ ਪ੍ਰਤੀਨਿਧਤਾ ਕਰਨ ਦੇ ਦਾਅਵੇ ਨਾਲ, ਉਨ੍ਹਾਂ ਦੇ ਹਿਤਾਂ-ਅਧਿਕਾਰਾਂ ਦੀ ਰਖਿਆ ਕਰਨ ਦੇ ਦਾਅਵਿਆਂ ਪੁਰ ਟਿੱਕੀ ਹੋਈ ਹੈ, ਉਥੇ ਹੀ ਭਾਜਪਾ ਦੀ ਰਾਜਨੀਤੀ ਹਿੰਦੂਆਂ ਦੀ ਪ੍ਰਤੀਨਿਧਤਾ ਕਰਨ ਦੇ ਸਹਾਰੇ ਪਨਪਦੀ ਹੈ।


...ਅਤੇ ਅੰਤ ਵਿੱਚ : ਪੰਜਾਬ ਦੇ ਰਾਜਸੀ ਹਲਕੇ ਸਵੀਕਾਰ ਕਰਦੇ ਹਨ ਕਿ ਚੋਣਾਂ ਦੇ ਸਮੇਂ ਭਾਜਪਾ ਨੂੰ ਸਿੱਖਾਂ ਦੇ ਸਹਿਯੋਗ ਲਈ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਅਤੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਨੂੰ ਹਿੰਦੂਆਂ ਦੇ ਸਮਰਥਨ ਲਈ ਭਾਜਪਾ ਦੇ ਸਹਾਰੇ ਦੀ ਲੋੜ ਹੁੰਦੀ ਹੈ ਅਤੇ ਉਨ੍ਹਾਂ ਦੀ ਇਹ ਸਵਾਰਥ-ਸਿੱਧੀ, ਬਿਨਾਂ ਗੈਰ-ਸਿਧਾਂਤਕ ਗਠਜੋੜ ਤੋਂ ਦੇ ਕਿਸੇ ਵੀ ਤਰ੍ਹਾਂ ਸੰਭਵ ਨਹੀਂ ਹੋ ਸਕਦੀ। ਇਹੀ ਕਾਰਣ ਹੈ ਕਿ ਇਹ ਮੰਨ ਲੈਣਾ ਕਿ ਦੋਹਾਂ ਪਾਰਟੀਆਂ ਵਿੱਚ ਕਿਸੇ ਮੁੱਦੇ ਪੁਰ ਮਤਭੇਦ ਪੈਦਾ ਹੋ ਜਾਣ 'ਤੇ, ਇਹ (ਅਕਾਲੀ-ਭਾਜਪਾ) ਗਠਜੋੜ ਟੁੱਟ ਜਾਇਗਾ, ਹਵਾ ਵਿੱਚ ਤੀਰ ਚਲਾਣ ਦੇ ਸਮਾਨ ਹੈ।

Mobile : + 91 95 82 71 98 90
E-mail : jaswantsinghajit@gmail.com

Address : Jaswant Singh ‘Ajit’, Flat No. 51, Sheetal Apartment, Plot No. 12,
 Sector – 14, Rohini,  DELHI-110085

07 Feb. 2019