ਪਰਜਾਮੰਡਲ ਲਹਿਰ : ਮਾਲਵੇ ਦਾ ਇਤਿਹਾਸਕ ਘੋਲ - ਡਾ. ਤਰਸਪਾਲ ਕੌਰ

ਇਹ ਭਾਰਤੀ ਰਾਜਨੀਤਿਕ ਪ੍ਰਣਾਲੀ ਤੇ ਸਿਆਸੀ ਸੋਚ ਦਾ ਸਦਾ ਹੀ ਨਜ਼ਰੀਆ ਰਿਹਾ ਹੈ ਕਿ ਦੇਸ਼ ਦੇ ਜਿਨ੍ਹਾਂ ਹਿੱਸਿਆਂ ਵਿਚ ਸਿਰਕੱਢ ਲੋਕ ਹਿਤੈਸ਼ੀ ਸੋਚ ਵਾਲੇ ਆਗੂਆਂ ਨੇ ਆਪਣੇ ਲੋਕਾਂ ਦੇ ਹਿਤਾਂ ਲਈ ਜਿਹੜੇ ਘੋਲ ਕੀਤੇ, ਉਨ੍ਹਾਂਂ ਬਾਰੇ ਆਉਣ ਵਾਲੀਆਂ ਪੀੜ੍ਹੀਆਂ ਜਾਣ ਹੀ ਨਾ ਸਕਣ। ਹਾਲ ਹੀ ਵਿਚ ਸਕੂਲੀ ਵਿਦਿਆਰਥੀਆਂ ਦੇ ਸਿਲੇਬਸ ਵਿਚ ਵੀ ਇਤਿਹਾਸਕ ਤੱਥਾਂ ਨੂੰ ਹਟਾਉਣ ਅਤੇ ਤੋੜ ਮਰੋੜ ਕੇ ਪੇਸ਼ ਕਰਨ ਦਾ ਮਾਮਲਾ ਸਾਹਮਣੇ ਆ ਚੁੱਕਿਆ ਹੈ। ਪੰਜਾਬੀ ਸੂਬਾ ਪੈਪਸੂ ਰਿਆਸਤ ਵੇਲੇ ਵੀ ਤੇ ਬਾਅਦ 'ਚ ਸਠਵਿਆਂ-ਸੱਤਰਵਿਆਂ 'ਚ ਵੀ ਸਮਾਜਿਕ-ਰਾਜਸੀ ਅੰਦੋਲਨਾਂ 'ਚ ਬੇਹੱਦ ਸਰਗਰਮ ਰਿਹਾ ਹੈ। ਇੱਥੇ ਸਵਾਲ ਇਹ ਉਠਦਾ ਹੈ ਕਿ ਉਂਜ ਤਾਂ ਪੰਜਾਬ ਅੰਦਰ ਵੀ ਅਨੇਕਾਂ ਲਹਿਰਾਂ ਅਤੇ ਅੰਦੋਲਨ ਨੇ ਜਨਮ ਲਿਆ ਪ੍ਰੰਤੂ ਖਾਸ ਕਰ ਕੇ ਮਾਲਵਾ ਖੇਤਰ ਪੰਜਾਬ ਦਾ ਉਹ ਇਲਾਕਾ ਹੈ ਜਿਹੜਾ ਸਦੀਆਂ ਤੋਂ ਜਾਗਰੂਕ ਲੋਕਾਂ ਅਤੇ ਲੋਕ ਲਹਿਰ ਦੀ ਧਰਤੀ ਰਿਹਾ ਹੈ ਪਰ ਇਸ ਧਰਤੀ 'ਤੇ ਉੱਠੇ ਬਹੁਤੇ ਸਮਾਜੀ-ਰਾਜਸੀ ਅੰਦੋਲਨ ਜਾਂ ਲੋਕ ਸੰਘਰਸ਼ ਬਾਰੇ ਏਸ ਸਦੀ ਦੇ ਲੋਕਾਂ ਨੂੰ ਬਹੁਤਾ ਗਿਆਨ ਹੀ ਨਹੀਂ ਹੈ। ਦੂਸਰੇ ਪਾਸੇ ਅਜਿਹੀਆਂ ਲਹਿਰਾਂ ਨੂੰ ਇਤਿਹਾਸ ਦੇ ਪਾਠਕ੍ਰਮ 'ਚ ਜਾਂ ਤਾਂ ਸ਼ਾਮਿਲ ਹੀ ਨਹੀਂ ਕੀਤਾ ਗਿਆ ਤੇ ਜੇ ਕੀਤਾ ਗਿਆ ਵੀ ਹੈ ਤਾਂ ਸਿਰਫ਼ ਨਾ-ਮਾਤਰ ਹੀ। ਮਾਲਵੇ ਦੀ ਧਰਤੀ 'ਤੇ ਜੇ ਅਸੀਂ ਪਰਜਾਮੰਡਲ ਲਹਿਰ ਦੀ ਗੱਲ ਛੇੜੀਏ ਤਾਂ ਇਸ ਲਹਿਰ ਦਾ ਲੰਮਾ ਘੋਲ ਹੈ। ਜਿਹੜੀ ਸਿੱਧੇ ਰੂਪ ਵਿਚ ਮਾਲਵੇ ਦੇ ਸ਼ਹੀਦ ਸੇਵਾ ਸਿੰਘ ਠੀਕਰੀਵਾਲਾ ਨਾਲ ਜੁੜੀ ਹੈ। ਮਾਲਵੇ ਦੇ ਪ੍ਰਸਿੱਧ ਪਿੰਡ ਠੀਕਰੀਵਾਲਾ (ਬਰਨਾਲਾ) ਦਾ ਜਨਮ 1886 ਈ. ਨੂੰ ਹੋਇਆ ਸੀ। ਸਿੱਖੀ ਨਾਲ ਲਗਾਉ ਹੋਣ ਕਰਕੇ 1912 ਈ. ਵਿਚ ਉਨ੍ਹਾਂ ਨੇ ਪਿੰਡ ਠੀਕਰੀਵਾਲਾ ਵਿਚ ਸਿੰਘ ਸਭਾ ਦਾ ਮੁੱਢ ਬੰਨ੍ਹ ਦਿੱਤਾ ਸੀ। ਇਸ ਤਰ੍ਹਾਂ 1914 ਤੋਂ ਹੀ ਪਿੰਡ ਦਾ ਗੁਰਦੁਆਰਾ ਧਾਰਮਿਕ ਸਰਗਰਮੀਆਂ ਦਾ ਧੁਰਾ ਬਣ ਗਿਆ। 1920 ਈ. ਵਿਚ ਸੇਵਾ ਸਿੰਘ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਐਗਜ਼ੈਕੇਟਿਵ ਕਮੇਟੀ ਦੇ ਮੈਂਬਰ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਚੁਣੇ ਗਏ। ਇਹ ਉਹ ਸਮਾਂ ਸੀ ਜਦੋਂ ਅੰਗਰੇਜ਼ ਸਰਕਾਰ ਦੇ ਖ਼ਿਲਾਫ਼ ਲੋਕ ਰੋਹ ਵੀ ਜ਼ੋਰ ਫੜਨ ਲੱਗ ਪਿਆ ਸੀ ਤੇ ਦੂਸਰੇ ਪਾਸੇ ਰਜਵਾੜਾਸ਼ਾਹੀ ਨੇ ਆਪਣੀਆਂ ਆਪਹੁਦਰੀਆਂ ਕਾਰਨ ਲੋਕਾਂ 'ਤੇ ਅੱਤ ਮਚਾਈ ਸੀ। ਇਹ ਵੀ ਅੰਗਰੇਜ਼ ਹਕੂਮਤ ਦਾ ਦੂਜਾ ਰੂਪ ਸੀ। ਸੇਵਾ ਸਿੰਘ ਭਾਵੇਂ ਰਾਜਸੀ ਅਤੇ ਪੰਥਕ ਸਰਗਰਮੀਆਂ 'ਚ ਮੋਹਰੀ ਵੱਜੋਂ ਆਪਣੀ ਭੂਮਿਕਾ ਨਹੀਂ ਅਦਾ ਕਰਦੇ ਸਨ ਪਰ ਜਲ੍ਹਿਆਂਵਾਲੇ ਬਾਗ ਦੇ ਖੂਨੀ ਸਾਕੇ ਨੇ ਉਨ੍ਹਾਂ ਅੰਦਰ ਬਾਗੀ ਸੁਰ ਅਤੇ ਰੋਹ ਭਰ ਦਿੱਤਾ। ਉਨ੍ਹਾਂ ਜਲ੍ਹਿਆਂਵਾਲੇ ਬਾਗ ਦੇ ਸ਼ਹੀਦਾਂ ਪ੍ਰਤੀ ਹਮਦਰਦੀ ਪ੍ਰਗਟ ਕਰਦਿਆਂ, ਪਿੰਡ ਦੇ ਗੁਰਦੁਆਰੇ ਵਿਚ ਹੀ ਅਖੰਡ ਪਾਠ ਦੇ ਭੋਗ ਪੁਆਏ ਤੇ ਅੰਗਰੇਜ਼ੀ ਸਰਕਾਰ ਇਸ ਕਾਰਵਾਈ ਕਰ ਕੇ ਸੇਵਾ ਸਿੰਘ ਤੇ ਹੋਰ ਸਾਥੀਆਂ ਨੂੰ ਪੂਰੇ ਸ਼ੱਕ ਦੀ ਨਜ਼ਰ ਨਾਲ ਦੇਖਣ ਲੱਗ ਪਈ। ਦੂਸਰੇ ਪਾਸੇ ਰਜਵਾੜਿਆਂ ਦਾ ਵਿਰੋਧ ਕਰਨ ਕਰ ਕੇ ਇਹ ਲਹਿਰ ਸਰਗਰਮੀਆਂ ਦੀਆਂ ਪਹਿਲੀਆਂ ਸਫ਼ਾਂ ਵਿਚ ਆ ਗਈ। ਫਿਰ 1921 'ਚ ਸ੍ਰੀ ਨਨਕਾਣਾ ਸਾਹਿਬ 'ਚ ਇਕ ਹੋਰ ਸ਼ਹੀਦੀ ਸਾਕਾ ਵਰਤਿਆ, ਜਿੱਥੋਂ ਸੇਵਾ ਵਿਚ ਪੰਜ ਪਿਆਰਿਆਂ ਦੇ ਜਥੇ ਨਾਲ ਉਹ ਨਨਕਾਣਾ ਸਾਹਿਬ ਗਏ।
      ਉਸ ਵੇਲੇ ਦੇ ਮਹਾਰਾਜੇ ਭੁਪਿੰਦਰ ਸਿੰਘ ਦੀਆਂ ਲੋਕਮਾਰੂ ਅਤੇ ਰਜਵਾੜਾਸ਼ਾਹੀ ਨੀਤੀਆਂ ਵਿਰੁੱਧ ਸੇਵਾ ਸਿੰਘ ਠੀਕਰੀਵਾਲ ਹੋਰਾਂ ਨੇ ਸੰਘਰਸ਼ ਵਿੱਢ ਲਿਆ। ਸੰਘਰਸ਼ ਬਦਲੇ ਇਕ ਵਾਰ ਜੇਲ੍ਹ ਜਾਣ ਮਗਰੋਂ 1929 ਈ. ਵਿਚ ਉਨ੍ਹਾਂ ਨੂੰ ਬਿਨਾਂ ਸ਼ਰਤ ਰਿਹਾਅ ਕਰ ਦਿੱਤਾ ਗਿਆ। ਰਜਵਾੜਾਸ਼ਾਹੀ ਖ਼ਿਲਾਫ਼ ਇਸ ਮੁਹਿੰਮ ਨੇ ਪੂਰੇ ਮੁਲਕ 'ਚ ਜ਼ੋਰ ਵਿਖਾਇਆ ਅਤੇ ਪਹਿਲੀ ਵਾਰ ਇਸੇ ਤਹਿਤ ਹੋਰ ਅੰਦੋਲਨ ਵੀ ਹੋਂਦ ਵਿਚ ਆਏ। ਸੇਵਾ ਸਿੰਘ ਦੀਆਂ ਲੋਕ ਹਿਤੀ ਸਰਗਰਮੀਆਂ ਅਤੇ ਕਿਸਾਨੀ ਮਸਲਿਆਂ ਲਈ ਲੜਨ ਕਰ ਕੇ ਪਹਿਲੀ ਵਾਰ ਅਜਿਹੇ ਹਿੱਤਾਂ ਲਈ ਲੜਨ ਲਈ 'ਪਰਜਾ ਮੰਡਲ ਲਹਿਰ' ਹੋਂਦ ਵਿਚ ਆਈ। ਜਿਸ ਦੇ ਉਹ ਬਾਨੀ ਪ੍ਰਧਾਨ ਬਣੇ। ਇਸ ਦੇ ਨਾਲ ਹੀ ਅਕਾਲ ਡਿਗ਼ਰੀ ਕਾਲਜ ਮਸਤੂਆਣਾ ਸਾਹਿਬ ਦੇ ਪ੍ਰਧਾਨ ਵੀ ਚੁਣੇ ਗਏ। 1930 ਈ. ਵਿਚ ਪੰਜਾਬ ਰਿਆਸਤ 'ਪਰਜਾ ਮੰਡਲ' ਦੀ ਲੁਧਿਆਣਾ ਕਾਨਫਰੰਸ ਵਿਚ ਸੇਵਾ ਸਿੰਘ ਨੂੰ ਫ਼ਿਰ ਗ੍ਰਿਫਤਾਰ ਕੀਤਾ ਗਿਆ ਤੇ ਉਨ੍ਹਾਂ ਨੂੰ 5 ਸਾਲ ਦੀ ਕੈਦ ਸੁਣਾਈ ਗਈ ਪਰ ਬਹੁਤ ਸਾਰੀਆਂ ਕੌਮੀ ਜਥੇਬੰਦੀਆਂ ਦੇ ਸੰਘਰਸ਼ ਕਾਰਨ ਉਨ੍ਹਾਂ ਨੂੰ ਚਾਰ ਮਹੀਨਿਆਂ ਬਾਅਦ ਬਿਨਾਂ ਸ਼ਰਤ ਰਿਹਾਅ ਕਰ ਦਿੱਤਾ ਗਿਆ। ਫਿਰ 1931 ਈ. ਵਿਚ ਜੀਂਦ ਦੀ ਸਰਕਾਰ ਵਿਰੁੱਧ ਅਕਾਲੀ ਮੋਰਚੇ ਵਿਚ ਚਾਰ ਮਹੀਨੇ ਅਤੇ ਸਿਆਸਤ ਮਲੇਰਕੋਟਲੇ ਦੀ ਸਰਕਾਰ ਵਿਰੁੱਧ ਕੁਠਾਲਾ ਅੰਦੋਲਨ ਵਿਚ ਵੀ 3 ਮਹੀਨਿਆਂ ਦੀ ਕੈਦ ਕੱਟੀ। ਮਹਾਰਾਜਾ ਪਟਿਆਲਾ ਵਿਰੁੱਧ ਅੰਦੋਲਨ ਕਰਨ ਕਰ ਕੇ, ਪਰਜਾ ਮੰਡਲ ਦੀ ਦਿੱਲੀ ਕਾਨਫਰੰਸ ਵਿਚ ਹਿੱਸਾ ਲੈਣ ਕਰ ਕੇ ਅਤੇ ਪਿੰਡ ਖਡਿਆਲ (ਸੁਨਾਮ) ਦੀ ਅਕਾਲੀ ਕਾਨਫਰੰਸ 'ਚ ਹਿੱਸਾ ਲੈਣ ਦੇ ਦੋਸ਼ ਵਿਚ ਮੁੜ ਅਪਰੈਲ 1933 ਈ. ਵਿਚ ਸੇਵਾ ਸਿੰਘ 'ਤੇ ਇਹ ਸਾਰੇ ਦੋਸ਼ ਲਗਾਉਂਦਿਆਂ ਪਟਿਆਲਾ ਰਿਆਸਤ ਨੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ। ਇਹ ਉਨ੍ਹਾਂ ਦੀ ਅੰਤਿਮ ਜੇਲ੍ਹ ਯਾਤਰਾ ਰਹੀ ਪਰ ਲਹਿਰ ਨੇ ਇਸ ਵੇਲੇ ਤਕ ਲੋਕ-ਹਿਤੈਸ਼ੀ ਲਹਿਰ ਵਲੋਂ ਸੰਪੂਰਨ ਮਾਨਤਾ ਲੈ ਲਈ ਸੀ।
       ਸੇਵਾ ਸਿੰਘ ਹੋਰਾਂ ਦੇ ਨਾਲ ਸਮੁੱਚੇ ਮਾਲਵੇ ਦੇ ਨਾਇਕਾਂ ਨੇ ਜ਼ਿਕਰਯੋਗ ਭੂਮਿਕਾ ਨਿਭਾਈ ਜਿਨ੍ਹਾਂਂ ਵਿਚ ਪ੍ਰਮੁੱਖ ਜਥੇਦਾਰ ਜਗੀਰ ਸਿੰਘ ਫੱਗੂਵਾਲੀਆ, ਭਗਵਾਨ ਸਿੰਘ ਲੌਂਗੋਵਾਲੀਆ, ਜਵਾਹਰ ਸਿੰਘ ਗੁਜਰਾਂ, ਭਾਗ ਸਿੰਘ ਸੰਗਤਪੁਰਾ, ਮੁਕੰਦ ਸਿੰਘ ਹਮੀਰਗੜ੍ਹ, ਲਹਿਣਾ ਸਿੰਘ ਖਿਆਲੀ, ਦਲੀਪ ਸਿੰਘ ਢੇਰ, ਸੁੱਖਾ ਸਿੰਘ ਖੁੱਡੀ, ਰੂੜ ਸਿੰਘ ਸੰਘੇੜਾ, ਭਗਵਾਨ ਸਿੰਘ ਘਲੌਟੀ, ਲਾਲਾ ਸਿੰਘ ਘਲੌਟੀ ਅਤੇ ਅਨੋਖ ਸਿੰਘ ਜਿਉਂਦ ਵੀ ਉਨ੍ਹਾਂ ਨਾਲ ਜੇਲ੍ਹ ਵਿਚ ਨਜ਼ਰਬੰਦ ਰਹੇ। ਕੇਂਦਰੀ ਜੇਲ ਪਟਿਆਲਾ ਦੇ ਅਧਿਕਾਰੀਆਂ ਦੇ ਜ਼ੁਲਮ ਅਤੇ ਧੱਕੇਸ਼ਾਹੀ ਖ਼ਿਲਾਫ਼ ਸੇਵਾ ਸਿੰਘ ਨੇ ਅਪਰੈਲ 1934 ਈ. ਵਿਚ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ। ਇਨ੍ਹਾਂ ਧੱਕੇਸ਼ਾਹੀਆਂ ਦੌਰਾਨ ਧੰਨਾ ਸਿੰਘ ਸੰਗਤਪੁਰਾ ਦੀ ਮੌਤ ਹੋ ਗਈ। ਲਗਭਗ 9 ਮਹੀਨੇ ਦੀ ਲੰਮੀ ਹੜਤਾਲ ਤੋਂ ਬਾਅਦ ਸੇਵਾ ਸਿੰਘ ਹੋਰਾਂ ਦਾ ਮਿਤੀ 19-20 ਜਨਵਰੀ 1935 ਈ. ਦੀ ਰਾਤ ਦੇਹਾਂਤ ਹੋ ਗਿਆ। ਪਰਜਾਮੰਡਲ ਗਤੀਵਿਧੀਆਂ ਨੂੰ ਭਾਵੇਂ ਇਹ ਬਹੁਤ ਹੀ ਵੱਡਾ ਘਾਟਾ ਪਿਆ ਸੀ ਪਰ ਫ਼ੇਰ ਵੀ ਲਹਿਰ ਕਿਸੇ ਨਾ ਕਿਸੇ ਰੂਪ ਵਿਚ ਸਰਗਰਮ ਜ਼ਰੂਰ ਰਹੀ। ਬਰਨਾਲੇ ਦਾ ਇਲਾਕਾ ਲੰਮੇ ਸਮਾਜਿਕ ਤੇ ਰਾਜਨੀਤਿਕ ਘੋਲਾਂ ਦੇ ਇਲਾਕੇ ਵਜੋਂ ਪ੍ਰਸਿੱਧ ਰਿਹਾ ਹੈ। ਪਰਜਾਮੰਡਲ ਲਹਿਰ ਇੱਥੇ ਬੇਹੱਦ ਹਰਮਨ-ਪਿਆਰੀ ਰਹੀ। ਨਾਲ ਹੀ ਬਰਨਾਲੇ ਦੇ ਸਰਗਰਮ ਆਗੂ ਵੀ ਲਹਿਰ ਨਾਲ ਜੁੜੇ ਰਹੇ ਜਿਨ੍ਹਾਂ ਵਿਚ ਵਿਸ਼ੇਸ਼ ਤੌਰ 'ਤੇ ਐੱਸ. ਡੀ. ਕਾਲਜ ਬਰਨਾਲਾ ਦੇ ਮੋਢੀ ਡਾ. ਰਘੂਬੀਰ ਪ੍ਰਕਾਸ਼ ਹੋਰਾਂ ਦਾ ਨਾਂ ਪਹਿਲੀਆਂ ਸਫ਼ਾਂ ਵਿਚ ਲਿਆ ਜਾਂਦਾ ਹੈ। ਸਮਾਜਸੁਧਾਰਕ ਅਤੇ ਅਗਾਂਹਵਧੂ ਵਿਚਾਰਧਾਰਾ ਦੇ ਧਾਰਨੀ ਡਾ. ਪ੍ਰਕਾਸ਼ ਰਿਆਸਤਾਂ ਤੇ ਰਜਵਾੜਿਆਂ ਦੇ ਵਿਰੋਧ ਵਿਚ ਲਹਿਰ ਨਾਲ ਪੂਰੀ ਤਰਾਂ ਸਰਗਰਮ ਰਹੇ। ਇਸ ਦੇ ਨਾਲ ਹੀ ਹਰਦੇਵ ਸਿੰਘ ਐਡਵੋਕੇਟ, ਹੀਰਾ ਸਿੰਘ, ਹੀਰਾ ਸਿੰਘ ਭੱਠਲ, ਹਰਦਿੱਤ ਸਿੰਘ ਭੱਠਲ, ਪ੍ਰਤਾਪ ਸਿੰਘ ਧਨੌਲਾ ਦਾ ਨਾਂ ਵੀ ਲਹਿਰ ਵਿਚ ਵਿਸ਼ੇਸ਼ ਸਥਾਨ ਰਖਦਾ ਹੈ।

ਸੰਪਰਕ : 98155-61993

08 Feb. 2019