'ਚੋਰ-ਚੋਰ' ਦੇ ਰੌਲੇ ਵਿੱਚ ਚੋਰਾਂ ਦੇ ਰਲਗੱਡ ਹੁੰਦੇ ਮੁਹਾਂਦਰੇ - ਜਤਿੰਦਰ ਪਨੂੰ

ਪੰਜਾਬ ਕਹੋ ਜਾਂ ਭਾਰਤ ਦਾ ਸਮੁੱਚਾ ਦੇਸ਼ ਕਹੋ, ਇਸ ਵੇਲੇ ਚੋਣਾਂ ਵਾਲੀ ਲੀਹ ਉੱਤੇ ਪੈ ਚੁੱਕਾ ਹੈ। ਇਸ ਹਫਤੇ ਲੋਕ ਸਭਾ ਵਿੱਚ ਜਿੱਦਾਂ ਦੀ ਬਹਿਸ ਹੋਈ ਹੈ, ਜਿਹੋ ਜਿਹੀ ਬੋਲ-ਬਾਣੀ ਦੀ ਵਰਤੋਂ ਕੀਤੀ ਗਈ ਹੈ, ਜਿਸ ਤਰ੍ਹਾਂ ਸਿੱਠਣੀਆਂ ਅਤੇ ਮਿਹਣੇ ਦੇਣ ਤੋਂ ਵਧ ਕੇ ਗਾਲ੍ਹਾਂ ਵਰਗੇ ਸ਼ਬਦ ਵੀ ਵਰਤੇ ਗਏ ਹਨ, ਉਹ ਸਭ ਦੱਸਦੇ ਹਨ ਕਿ ਇਸ ਵਾਰੀ ਲੋਕ ਸਭਾ ਚੋਣ ਦੌਰਾਨ ਸਾਡੇ ਲੋਕਾਂ ਨੂੰ ਉਹ ਕੁਝ ਸੁਣਨ ਨੂੰ ਮਿਲਣ ਵਾਲਾ ਹੈ ਕਿ ਤੌਬਾ ਭਲੀ ਹੋਵੇਗੀ। ਆਪਣਾ ਦੋਸ਼ ਕਿਸੇ ਨੇ ਕਦੀ ਪਹਿਲਾਂ ਮੰਨਿਆ ਨਹੀਂ ਤੇ ਇਸ ਵਾਰੀ ਮੰਨਣਾ ਨਹੀਂ ਸੀ, ਪਰ ਹੈਰਾਨੀ ਦੀ ਗੱਲ ਇਹ ਸੀ ਕਿ ਹਰ ਕੋਈ ਆਪਣੇ ਦੋਸ਼ ਨੂੰ ਦੂਜਿਆਂ ਦੇ ਸਿਰ ਮੜ੍ਹ ਕੇ ਇਸ ਤਰ੍ਹਾਂ ਪੇਸ਼ ਕਰ ਰਿਹਾ ਸੀ, ਜਿਵੇਂ ਇਹ ਅੰਤਮ ਸੱਚ ਹੋਵੇ। ਕਮਾਲ ਦਾ ਸਵੈ ਵਿਸ਼ਵਾਸ ਸੀ।
ਲੜਾਈ ਦੀਆਂ ਮੁੱਖ ਧਿਰਾਂ ਇੱਕ ਵਾਰ ਫਿਰ ਪਹਿਲਾਂ ਵਾਂਗ ਦੋ ਹੀ ਹਨ। ਇੱਕ ਪਾਸੇ ਕੇਂਦਰ ਅਤੇ ਬਹੁਤੇ ਰਾਜਾਂ ਦੀ ਵਾਗ ਸੰਭਾਲ ਰਹੀ ਭਾਰਤੀ ਜਨਤਾ ਪਾਰਟੀ ਆਪਣੇ ਆਗੂ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਵੱਡੀ ਚੜ੍ਹਤ ਦਾ ਅਹਿਸਾਸ ਲਈ ਬੈਠੀ ਹੈ। ਦੂਸਰੇ ਪਾਸੇ ਦੇਸ਼ ਦੀ ਸਭ ਤੋਂ ਪੁਰਾਣੀ ਪਾਰਟੀ ਫਿਰ ਨਹਿਰੂ-ਗਾਂਧੀ ਪਰਵਾਰ ਦੀ ਵਿਰਾਸਤ ਦੇ ਝੰਡੇ ਹੇਠ ਫੈਸਲਾਕੁਨ ਜੰਗ ਲੜਨ ਦਾ ਇਰਾਦਾ ਜ਼ਾਹਰ ਕਰ ਰਹੀ ਹੈ। ਦੋਵੇਂ ਧਿਰਾਂ ਨੇ ਆਪੋ-ਆਪਣੇ ਗੱਠਜੋੜ ਸਿਰਜੇ ਹੋਏ ਹਨ ਅਤੇ ਇਨ੍ਹਾਂ ਵਿੱਚ ਖੋਰਾ ਲੱਗਣ ਤੋਂ ਬਚਾਉਣ ਅਤੇ ਵਾਧਾ ਕਰਨ ਦੀ ਦੁਵੱਲੀ ਪ੍ਰਕਿਰਿਆ ਵਿੱਚ ਰੁੱਝੀਆਂ ਪਈਆਂ ਹਨ। ਕਹਿਣ ਨੂੰ ਦੋਵਾਂ ਧਿਰਾਂ ਦੇ ਆਗੂ ਕਹਿੰਦੇ ਹਨ ਕਿ ਸਾਨੂੰ ਕਿਸੇ ਦਾ ਡਰ ਨਹੀਂ, ਪਰ ਡਰ ਦੋਵੇਂ ਪਾਸੇ ਦੀ ਲੀਡਰਸ਼ਿਪ ਦੇ ਚਿਹਰੇ ਚਮਕ ਤੋਂ ਸੱਖਣੇ ਕਰੀ ਜਾਂਦਾ ਹੈ। ਕਿਸੇ ਵੱਡੇ ਇਮਤਿਹਾਨ ਵਿੱਚ ਪੈਣ ਵਾਲੇ ਕੱਚੀ ਉਮਰ ਦੇ ਵਿਦਿਆਰਥੀ ਨੂੰ ਜਿੰਨੀ ਚਿੰਤਾ ਵੇਖੀ ਜਾਂਦੀ ਹੈ, ਉਸ ਤੋਂ ਵੱਧ ਇਨ੍ਹਾਂ ਦੋ ਧਿਰਾਂ ਦੇ ਮੋਹਰੀ ਆਗੂਆਂ ਦੇ ਚਿਹਰਿਆਂ ਤੋਂ ਝਲਕਣ ਲੱਗ ਪਈ ਹੈ। ਦਲੀਲਾਂ ਦਾ ਪੱਲਾ ਛੱਡਿਆ ਜਾਣਾ ਅਤੇ ਕੱਟੇ ਵਾਂਗ ਅੜਿੰਗਣ ਦਾ ਸਿਲਸਿਲਾ ਪੈਰੋ-ਪੈਰ ਏਦਾਂ ਵਧੀ ਜਾ ਰਿਹਾ ਹੈ, ਜਿਵੇਂ ਐਤਕੀਂ ਚੋਣਾਂ ਵਿੱਚ ਮੁਕਾਬਲਾ ਵੱਧ ਤੋਂ ਵੱਧ ਉੱਚੀ ਸੁਰ ਅਤੇ ਭੱਦੀ ਭਾਸ਼ਾ ਦੇ ਨਾਲ ਹੀ ਕਰਨ ਦਾ ਇਰਾਦਾ ਧਾਰਿਆ ਪਿਆ ਹੋਵੇ।
ਜਿਹੜੇ ਮੁੱਦੇ ਮੁੱਖ ਤੌਰ ਉੱਤੇ ਇਸ ਵਕਤ ਲੋਕਾਂ ਅੱਗੇ ਪਰੋਸੇ ਜਾ ਰਹੇ ਹਨ, ਉਨ੍ਹਾਂ ਵਿੱਚੋਂ ਕੋਈ ਇੱਕ ਵੀ ਏਦਾਂ ਦਾ ਨਹੀਂ, ਜਿਹੜਾ ਸਿਰਫ ਇੱਕ ਧਿਰ ਦੀ ਵਿਗੜੀ ਦਿੱਖ ਦਿਖਾਉਂਦਾ ਹੋਵੇ। ਭ੍ਰਿਸ਼ਟਾਚਾਰ ਦਾ ਮੁੱਦਾ ਖਾਸ ਤੌਰ ਉੱਤੇ ਪ੍ਰਚਾਰ ਦੇ ਲਈ ਉਭਾਰਿਆ ਜਾ ਰਿਹਾ ਹੈ। ਵਿਚਾਰੇ ਲੋਕਾਂ ਨੂੰ ਇਸ ਦੇ ਮੁੱਖ ਦੋਸ਼ੀ ਦੀ ਪਛਾਣ ਕਰਨ ਵਿੱਚ ਔਖ ਹੋ ਰਹੀ ਹੈ। ਦੇਸ਼ ਦੀ ਰਾਜਸੀ ਫਿਜ਼ਾ ਵਿੱਚ ਕਈ ਵਾਰੀ ਇਹ ਮੁੱਦਾ ਉੱਛਲਿਆ ਤੇ ਚੋਣਾਂ ਦੇ ਬਾਅਦ ਹਰ ਵਾਰੀ 'ਜੋ ਨਾ ਡਿੱਠਾ, ਉਹੀਓ ਮਿੱਠਾ' ਦੇ ਮੁਹਾਵਰੇ ਵਾਂਗ ਉਹ ਸਾਰੇ ਆਗੂ ਆਪਣੇ ਜਾਂ ਆਪਣੇ ਨੇੜੂਆਂ ਦੇ ਕਾਰਨ ਭ੍ਰਿਸ਼ਟਚਾਰ ਕਾਰਨ ਵਿਵਾਦ ਵਿੱਚ ਆਏ ਰਹੇ ਹਨ। ਜਾਂਚ ਪਿੱਛੋਂ ਕੋਈ ਮੁੱਦਾ ਸਿਰੇ ਨਹੀਂ ਲੱਗਦਾ। ਅਸਲ ਗੱਲ ਇਹ ਹੈ ਕਿ ਬਹੁਤੇ ਜਾਂਚ ਕਰਤੇ ਵੀ ਓਦਾਂ ਦੇ ਹੁੰਦੇ ਹਨ।
ਪਿਛਲੇ ਦਿਨੀਂ ਜਦੋਂ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਧਰਨਾ ਮਾਰਿਆ ਸੀ ਤਾਂ ਇਸ ਗੱਲ ਦੀ ਬਹੁਤ ਚਰਚਾ ਹੋਈ ਸੀ ਕਿ ਉਹ ਸ਼ਾਰਦਾ ਚਿੱਟ ਫੰਡ ਨਾਲ ਜੁੜੇ ਦੋਸ਼ੀਆਂ ਨੂੰ ਬਚਾ ਰਹੀ ਹੈ। ਇਹ ਵੀ ਚਰਚਾ ਸੀ ਕਿ ਉਸ ਨੇ ਜਿਹੜੇ ਪੁਲਸ ਅਫਸਰ ਰਾਜੀਵ ਕੁਮਾਰ ਦੀ ਹਮਾਇਤ ਵਿੱਚ ਧਰਨਾ ਮਾਰਿਆ, ਉਸ ਨੇ ਸ਼ਾਰਦਾ ਚਿੱਟ ਫੰਡ ਘਪਲੇ ਦੀ ਜਾਂਚ ਕੀਤੀ ਸੀ ਤੇ ਦੋਸ਼ੀਆਂ ਨੂੰ ਫੜਨ ਦੀ ਥਾਂ ਬਚਾਉਣ ਲੱਗਾ ਰਿਹਾ ਸੀ। ਸਥਿਤੀ ਦਾ ਦੂਸਰਾ ਪੱਖ ਇਹ ਹੈ ਕਿ ਇਸੇ ਕੇਸ ਦਾ ਸਭ ਤੋਂ ਵੱਡਾ ਦੋਸ਼ੀ ਮੁਕੁਲ ਰਾਏ ਪਹਿਲਾਂ ਮਮਤਾ ਬੈਨਰਜੀ ਦੀ ਪਾਰਟੀ ਦਾ ਪਾਰਲੀਮੈਂਟ ਮੈਂਬਰ ਸੀ ਤੇ ਫਿਰ ਉਸ ਨੇ ਭਾਜਪਾ ਦਾ ਝੰਡਾ ਜਾ ਚੁੱਕਿਆ ਸੀ। ਦੂਸਰਾ ਵੱਡਾ ਦੋਸ਼ੀ ਆਸਾਮ ਵਿੱਚ ਕਾਂਗਰਸੀ ਮੰਤਰੀ ਹੇਮੰਤ ਬਿਸਵਾ ਸਰਮਾ ਮੰਨਿਆ ਜਾਂਦਾ ਸੀ, ਪਰ ਸੀ ਬੀ ਆਈ ਜਾਂਚ ਚੱਲਦੀ ਦੌਰਾਨ ਉਹ ਵੀ ਭਾਜਪਾ ਵਿੱਚ ਚਲਾ ਗਿਆ ਅਤੇ ਅੱਜ ਕੱਲ੍ਹ ਉਹ ਭਾਜਪਾ ਦੀ ਆਸਾਮ ਸਰਕਾਰ ਦਾ ਸੜਕਾਂ ਬਾਰੇ ਮੰਤਰੀ ਹੈ। ਇਸ ਕੇਸ ਦੀ ਜਾਂਚ ਇਸ ਵਕਤ ਸੀ ਬੀ ਆਈ ਕੋਲ ਹੈ ਤੇ ਸੀ ਬੀ ਆਈ ਨੇ ਜਿਸ ਦਿਨ ਕੋਲਕਾਤਾ ਵਿੱਚ ਮਮਤਾ ਬੈਨਰਜੀ ਦੇ ਚਹੇਤੇ ਪੁਲਸ ਅਫਸਰ ਰਾਜੀਵ ਕੁਮਾਰ ਦੇ ਘਰ ਪੁੱਛਗਿੱਛ ਲਈ ਟੀਮ ਭਿਜਵਾਈ ਸੀ, ਉਸ ਦਿਨ ਸੀ ਬੀ ਆਈ ਦੀ ਕਮਾਂਡ ਐਕਟਿੰਗ ਡਾਇਰੈਕਟਰ ਨਾਗੇਸ਼ਵਰ ਰਾਓ ਦੇ ਹੱਥ ਸੀ। ਮਸਾਂ ਤਿੰਨ ਦਿਨ ਲੰਘੇ ਤੇ ਉਸ ਨਾਗੇਸ਼ਵਰ ਰਾਓ ਦੀ ਪਤਨੀ ਦੀਆਂ ਕੰਪਨੀਆਂ ਉੱਤੇ ਕੋਲਕਾਤਾ ਵਿੱਚ ਓਥੋਂ ਦੀ ਪੁਲਸ ਛਾਪੇ ਮਾਰਦੀ ਫਿਰਦੀ ਹੈ। ਲੋਕ ਆਖਦੇ ਹਨ ਕਿ ਨਾਗੇਸ਼ਵਰ ਰਾਓ ਦੀ ਪਤਨੀ ਦੀ ਏਂਜਲਾ ਮਰਕੈਂਟਾਈਲ ਗਰੁੱਪ ਵਾਲੀ ਕੰਪਨੀ ਗਲਤ ਗੱਲਾਂ ਵਿੱਚ ਸ਼ਾਮਲ ਹੋਣ ਦੇ ਚਰਚੇ ਹਨ। ਜਿਹੜੇ ਆਦਮੀ ਦੀ ਬੀਵੀ ਲੋਕਾਂ ਦੀ ਨਜ਼ਰ ਵਿੱਚ ਗਲਤ ਗਿਣੇ ਜਾਂਦੇ ਕੰਮਾਂ ਨਾਲ ਜੁੜੀ ਦੱਸੀ ਜਾਂਦੀ ਹੈ, ਉਹ ਦੂਸਰਿਆਂ ਦੇ ਖਿਲਾਫ ਭ੍ਰਿਸ਼ਟਾਚਾਰ ਦੇ ਕੇਸ ਦੀ ਜਾਇਜ਼ ਜਾਂਚ ਵੀ ਕਰਦਾ ਹੋਵੇਗਾ ਤਾਂ ਉਸ ਦੇ ਵੱਲ ਉਂਗਲਾਂ ਉੱਠਣੀਆਂ ਸੁਭਾਵਕ ਹਨ। ਇਹ ਕਹਾਵਤ ਹੈ ਕਿ ਕਿਸੇ ਵੱਲ ਉਂਗਲ ਉਠਾਉਣ ਵੇਲੇ ਆਮ ਤੌਰ ਉੱਤੇ ਬਾਕੀ ਦੀਆਂ ਤਿੰਨ ਉਂਗਲਾਂ ਖੁਦ ਉਸ ਬੰਦੇ ਵੱਲ ਉੱਠ ਪੈਂਦੀਆਂ ਹਨ। ਏਥੇ ਵੀ ਇਹੋ ਹੋ ਰਿਹਾ ਜਾਪਦਾ ਹੈ।
ਭਾਰਤ ਦੇ ਲੋਕ ਅਜੀਬ ਜਿਹੀ ਸ਼ਸ਼ਪੰਜ ਵਿੱਚ ਹਨ। ਉਹ ਇੱਕ ਪਾਰਟੀ ਵੱਲ ਝੁਕਦੇ ਹਨ, ਕਿਉਂਕਿ ਉਨ੍ਹਾਂ ਨੂੰ ਕਿਸੇ ਦੂਸਰੇ ਦੇ ਨੁਕਸ ਚੁਭਦੇ ਹਨ ਤੇ ਫਿਰ ਜਿਸ ਵੱਲ ਕਿਸੇ ਚੰਗੇ ਅਕਸ ਦੀ ਝਾਕ ਵਿੱਚ ਜੁੜੇ ਹੁੰਦੇ ਹਨ, ਉਹ ਪਹਿਲੀ ਤੋਂ ਵੀ ਨਖਿਧ ਸਾਬਤ ਹੋਣ ਲੱਗਦੀ ਹੈ। ਆਪਣੇ ਉੱਤੇ ਲੱਗੇ ਹੋਏ ਦੋਸ਼ਾਂ ਦਾ ਜਵਾਬ ਦੇਣ ਦੀ ਥਾਂ ਦੋਸ਼ ਲਾਉਣ ਵਾਲਿਆਂ ਨੂੰ ਨਕਾਰ ਦੇਣ ਦਾ ਰਿਵਾਜ ਵੀ ਇਹੋ ਜਿਹੇ ਮੌਕੇ ਲੋਕਾਂ ਸਾਹਮਣੇ ਆ ਜਾਂਦਾ ਹੈ। ਇਸ ਵੇਲੇ ਰਾਫੇਲ ਜਹਾਜ਼ਾਂ ਦੇ ਸੌਦੇ ਦਾ ਚਰਚਾ ਹੋਣ ਉਤੇ ਅੰਗਰੇਜ਼ੀ ਅਖਬਾਰ 'ਹਿੰਦੂ' ਨੇ ਇਹ ਸਬੂਤ ਛਾਪੇ ਹਨ ਕਿ ਵੱਡੇ ਫੌਜੀ ਜਰਨੈਲਾਂ ਵਿੱਚੋਂ ਇੱਕ ਨੇ ਇਹ ਸੌਦਾ ਹੋਣ ਦੇ ਵਕਤ ਹੀ ਫਾਈਲ ਵਿੱਚ ਇਹ ਗੱਲ ਲਿਖ ਦਿੱਤੀ ਸੀ ਕਿ ਫੌਜ ਦੀ ਖਰੀਦ ਕਮੇਟੀ ਦੇ ਬਰਾਬਰ ਵੱਖਰੇ ਤੌਰ ਉੱਤੇ ਭਾਰਤ ਦੇ ਪ੍ਰਧਾਨ ਮੰਤਰੀ ਦਾ ਦਫਤਰ ਇੱਕ ਆਪਣੀ ਖਰੀਦ ਕਮੇਟੀ ਚਲਾਈ ਜਾ ਰਿਹਾ ਹੈ। ਅੱਜ ਕੱਲ੍ਹ ਚਰਚਾ ਇਹੋ ਹੈ ਕਿ ਹਰ ਕਿਸਮ ਦੀ ਪ੍ਰਕਿਰਿਆ ਦੇ ਨਿਯਮਾਂ ਅਤੇ ਕਮੇਟੀਆਂ ਨੂੰ ਉਲੰਘ ਕੇ ਪ੍ਰਧਾਨ ਮੰਤਰੀ ਮੋਦੀ ਤੇ ਉਸ ਦੇ ਚੇਲਿਆਂ ਦੀ ਆਪਣੀ ਟੀਮ ਨੇ ਗੁਪਤ ਢੰਗ ਨਾਲ ਇਹ ਸੌਦਾ ਸਿਰੇ ਚਾੜ੍ਹਿਆ ਹੈ ਤੇ ਸਚਾਈ ਲੁਕਾਈ ਗਈ ਹੈ। ਉਸ ਫੌਜੀ ਜਰਨੈਲ ਦੀ ਏਦਾਂ ਦੀ ਟਿਪਣੀ ਵੀ ਪ੍ਰਧਾਨ ਮੰਤਰੀ ਦਫਤਰ ਦੇ ਅੰਦਰ ਚੱਲਦੀ ਇੱਕ ਗੁਪਤ ਖੇਡ ਬਾਰੇ ਭੇਦ ਖੋਲ੍ਹ ਰਹੀ ਹੈ। ਸਰਕਾਰ ਤੇ ਖਾਸ ਕਰ ਕੇ ਰੱਖਿਆ ਮੰਤਰੀ ਨੇ ਕਿਹਾ ਹੈ ਕਿ ਅਖਬਾਰ 'ਹਿੰਦੂ' ਦੀ ਰਿਪੋਰਟ ਭਰੋਸੇ ਯੋਗ ਨਹੀਂ ਹੈ। ਤੇਤੀ ਸਾਲ ਪਹਿਲਾਂ ਤੋਪਾਂ ਵਾਲੇ ਸੌਦੇ ਬਾਰੇ ਵੀ ਬਹੁਤਾ ਕੁਝ ਏਸੇ ਅੰਗਰੇਜ਼ੀ ਅਖਬਾਰ 'ਹਿੰਦੂ' ਨੇ ਛਾਪਿਆ ਸੀ। ਜਿਹੜੇ ਕਾਂਗਰਸੀ ਅੱਜ ਇਸ ਦੇ ਕਾਗਜ਼ ਉਛਾਲ ਕੇ ਮੋਦੀ ਸਰਕਾਰ ਨੂੰ ਜ਼ਿੱਚ ਕਰ ਰਹੇ ਹਨ, ਉਹ ਓਦੋਂ ਏਸੇ 'ਹਿੰਦੁ' ਅਖਬਾਰ ਨੂੰ ਝੂਠਾ ਕਹਿੰਦੇ ਸਨ। ਕਮਾਲ ਦੀ ਗੱਲ ਇਹ ਕਿ ਓਦੋਂ ਅਟਲ ਬਿਹਾਰੀ ਵਾਜਪਾਈ ਤੇ ਲਾਲ ਕ੍ਰਿਸ਼ਨ ਅਡਵਾਨੀ ਸਮੇਤ ਸਾਰੀ ਭਾਜਪਾ ਦੇ ਆਗੂ ਏਸੇ ਅਖਬਾਰ ਦੇ ਵਰਕੇ ਉਛਾਲ ਕੇ ਰਾਜੀਵ ਗਾਂਧੀ ਦੇ ਖਿਲਾਫ ਇਸ ਨੂੰ ਸਬੂਤ ਵਜੋਂ ਪੇਸ਼ ਕਰਦੇ ਸਨ। ਸਿਆਸਤ ਦੀਆਂ ਅਗਵਾਨੂੰ ਦੋਵਾਂ ਮੁੱਖ ਪਾਰਟੀਆਂ ਦੀ ਲੀਡਰਸ਼ਿਪ ਇਸ ਨੂੰ ਆਪਣੀ ਲੋੜ ਮੁਤਾਬਕ ਭੰਡਦੀ ਅਤੇ ਨਿੰਦਦੀ ਰਹਿੰਦੀ ਹੈ।
ਤੇਤੀ ਕੁ ਸਾਲ ਪਹਿਲਾਂ ਰਾਜੀਵ ਗਾਂਧੀ ਦੇ ਖਿਲਾਫ ਭਾਜਪਾ ਆਗੂ 'ਚੋਰ-ਚੋਰ' ਵਾਲੇ ਨਾਅਰੇ ਲਾਉਂਦੇ ਸਨ, ਦੇਸ਼ ਦੇ ਲੋਕਾਂ ਸਾਹਮਣੇ ਤੇਤੀ ਸਾਲਾਂ ਬਾਅਦ 'ਚੋਰ-ਚੋਰ' ਕਹੇ ਗਏ ਰਾਜੀਵ ਗਾਂਧੀ ਦਾ ਪੁੱਤਰ ਆਪਣੇ ਬਾਪ ਦੀ ਭੰਡੀ ਕਰਨ ਵਾਲੀ ਭਾਜਪਾ ਦੇ ਸਭ ਤੋਂ ਵੱਡੇ ਆਗੂ ਦੇ ਖਿਲਾਫ 'ਚੋਰ-ਚੋਰ' ਦੀ ਦੁਹਾਈ ਦੇਂਦਾ ਪਿਆ ਹੈ। ਇਤਹਾਸ ਆਪਣੇ ਆਪ ਨੂੰ ਦੁਹਰਾ ਸਕਦਾ ਹੈ,ਇਹ ਗੱਲ ਕਈ ਵੱਡੇ ਵਿਦਵਾਨ ਕਹਿੰਦੇ ਹਨ। ਜਦੋਂ ਦੁਹਰਾਉਂਦਾ ਹੈ ਤਾਂ ਇੰਨ-ਬਿੰਨ ਇਹ ਕੰਮ ਕਦੇ ਵੀ ਨਹੀਂ ਕਰਦਾ ਹੁੰਦਾ। ਕਈ ਵਾਰੀ ਇਸ ਖੇਡ ਦੇ ਪਾਤਰਾਂ ਦੀ ਭੂਮਿਕਾ ਦੁਹਰਾਓ ਦੇ ਵੇਲੇ ਇੱਕ ਦੂਸਰੇ ਨਾਲ ਬਦਲਵਾਈ ਜਾਣ ਦੀ ਕਮਾਲ ਵੀ ਹੋ ਜਾਂਦੀ ਹੈ। ਸ਼ਾਇਦ ਏਸੇ ਲਈ ਕੱਲ੍ਹ ਤੱਕ ਦੀ 'ਵੱਖਰੀ-ਨਿਆਰੀ' ਹੋਣ ਦਾ ਦਾਅਵਾ ਕਰਨ ਵਾਲੀ ਪਾਰਟੀ ਦੇ ਆਗੂ ਨਾ ਸਿਰਫ ਹੋਰ ਆਗੂਆਂ ਵਰਗੇ, ਸਗੋਂ ਕਈ ਗੱਲਾਂ ਵਿੱਚ ਉਨ੍ਹਾਂ ਦੇ ਵੀ ਗੁਰੂ-ਘੰਟਾਲ ਹੋਣ ਦਾ ਰਿਕਾਰਡ ਬਣਾ ਰਹੇ ਜਾਪਦੇ ਹਨ। ਇਹ ਵੀ ਦਿਨ ਆਉਣੇ ਸਨ, ਪਰ ਏਥੇ ਇਹ ਦਿਨ ਰੁਕਣੇ ਨਹੀਂ, ਹੋਰ ਵੀ ਨਜ਼ਾਰਾ ਪੇਸ਼ ਹੋ ਸਕਦਾ ਹੈ।

10 Feb. 2019