ਚੁੰਝਾਂ-ਪ੍ਹੌਂਚੇ - ਨਿਰਮਲ ਸਿੰਘ ਕੰਧਾਲਵੀ

12 Feb. 2019

ਪੰਜ ਮੈਂਬਰੀ ਕਮੇਟੀ ਨੇ ਮੰਡ, ਦਾਦੂਵਾਲ ਤੇ ਅਜਨਾਲਾ ਸਿੱਖ ਸੰਘਰਸ਼ ਤੋਂ ਕੀਤੇ ਲਾਂਭੇ-ਇਕ ਖ਼ਬਰ
ਜੇ ਮਾਏਂ ਕੁਝ ਦਿਸਦਾ ਹੋਵੇ, ਕਰਾਂ ਅੰਦੇਸਾ ਥੋੜ੍ਹਾ।

ਕੇਜਰੀਵਾਲ ਨੂੰ ਦਿੱਲੀ 'ਚ ਮੋਦੀ ਹਟਾਉ, ਲੋਕਤੰਤਰ ਬਚਾਉ ਮੁਹਿੰਮ ਨੂੰ ਮਮਤਾ ਤੇ ਨਾਇਡੂ ਵਲੋਂ ਹਮਾਇਤ-ਇਕ ਖ਼ਬਰ
ਆਉਂਦਿਆਂ ਘੋੜੇ ਬੰਨ੍ਹੇ ਬੂਹੇ, ਦੱਸ ਗੋਰੀਏ ਸੱਟ ਕਿੱਥੇ ਲੱਗੀ ਆ।

ਜੇ ਮੈਨੂੰ ਕੁਝ ਹੋਇਆ ਤਾਂ ਪ੍ਰਧਾਨ ਮੰਤਰੀ ਜ਼ਿੰਮੇਵਾਰ ਹੋਣਗੇ- ਅੰਨਾ ਹਜ਼ਾਰੇ
ਹੱਥ ਪਕੜ ਜੁੱਤੀ ਮੋਢੇ ਮਾਰ ਬੁੱਕਲ, ਰਾਂਝਾ ਹੋ ਤੁਰਿਆ ਵਾਰਸ ਸ਼ਾਹ ਜੇਹਾ।

ਸੱਤਾ ਦੇ ਨਸ਼ੇ 'ਚ ਅੰਨ੍ਹੀਂ ਸਰਕਾਰ ਨੇ ਅਧਿਆਪਕਾਂ ਵਿਰੁੱਧ ਹਿੰਸਾ ਦੀ ਵਰਤੋਂ ਕੀਤੀ- ਸੁਖਬੀਰ ਬਾਦਲ
ਤੇ ਤੁਸੀਂ ਕਿਹੜਾ ਅਧਿਆਪਕਾਂ ਲਈ ਸੰਧਾਰੇ ਲੈ ਕੇ ਜਾਂਦੇ ਸੀ।

ਹਰਸਿਮਰਤ ਬਾਦਲ ਦਾ ਹਲਕਾ ਤਬਦੀਲ ਕਰਨ ਲਈ ਵਿਚਾਰਾਂ- ਇਕ ਖ਼ਬਰ
ਮੈਨੂੰ ਦੱਸੋ ਸਹੇਲੀਓ ਹਾਣ ਦੀਓ, ਕਿਹੜੇ ਰਸਤੇ 'ਬਾਗ਼' ਨੂੰ ਜਾਵਾਂ।

ਸਾਧ ਪਿੱਪਲੀ ਵਾਲੇ ਦੀ ਹਮਾਇਤ ਵਿਚ ਆਏ ਦੋ ਪੰਥਕ ਰਾਗੀ- ਇਕ ਖ਼ਬਰ
'ਮਹਿਰਮ' ਸਾਡੇ ਦੀ, ਕੋਈ ਖ਼ਬਰ ਲਿਆ ਦਿਓ ਸਾਨੂੰ।

ਕਾਂਗਰਸ ਸਰਕਾਰ ਪੰਜਾਬ ਦੇ ਲੋਕਾਂ ਨੁੰ ਲੁੱਟ ਰਹੀ ਹੈ- ਸੁਖਬੀਰ ਬਾਦਲ
ਸੱਸੇ ਮੇਰੀ ਕਰੇਂ ਬਦਨਾਮੀ, ਆਪਣੇ ਤੂੰ ਦਿਨ ਭੁੱਲ ਗਈ।

ਅਕਾਲੀ ਦਲ ਅਤੇ 'ਆਪ' ਹੋਈ ਖੇਰੂੰ ਖੇਰੂੰ- ਬੀਬੀ ਭੱਠਲ
ਗਲੀਆਂ ਹੋ ਜਾਵਣ ਸੁੰਨੀਆਂ ਤੇ ਵਿਚ ਮਿਰਜ਼ਾ ਯਾਰ ਫਿਰੇ।

ਸਾਡੀ ਸਰਕਾਰ ਆਉਣ 'ਤੇ ਸਾਰੇ ਕਿਸਾਨਾਂ ਦੇ ਕਰਜ਼ੇ ਮੁਆਫ਼ ਕਰਾਂਗੇ- ਰਾਹੁਲ ਗਾਂਧੀ
ਕਰਮੋ ਕਰ ਦਊਂ ਡੰਡੀਆਂ, ਕੇਰਾਂ ਦੇਖ ਲਾ ਛੜੇ ਨਾਲ਼ ਲਾ ਕੇ॥

ਪੰਜਾਬੀਆਂ ਨੂੰ ਅਕਾਲੀ-ਭਾਜਪਾ ਤੇ ਕਾਂਗਰਸ ਤੋਂ ਭਲੇ ਦੀ ਕੋਈ ਆਸ ਨਹੀਂ-ਬ੍ਰਹਮਪੁਰਾ
ਖ਼ਾਲੀ ਘੋੜੀ ਹਿਣਕਦੀ, ਉੱਤੇ ਨਹੀਂ ਦੀਂਹਦਾ ਵੀਰ।

ਖ਼ਾਲਿਸਤਾਨੀ ਏਜੰਡੇ ਕਾਰਨ ਟਕਸਾਲੀਆਂ ਦਾ ਮਾਨ ਨਾਲ਼ ਚਲਣਾ ਮੁਸ਼ਕਿਲ- ਬ੍ਰਹਮਪੁਰਾ
ਤੇਰੀ ਮੇਰੀ ਨਹੀਂ ਨਿਭਣੀ, ਤੂੰ ਤੇਲਣ ਮੈਂ ਸੁਨਿਆਰਾ।

ਦੇਸ਼ ਤੇ ਸੰਵਿਧਾਨ ਬਚਾਉਣ ਲਈ ਜਾਰੀ ਰੱਖਾਂਗੀ ਸੱਤਿਆਗ੍ਰਹਿ- ਮਮਤਾ ਬੈਨਰਜੀ
ਦੱਬ ਲਈ ਕਬੀਲਦਾਰੀਆਂ, ਜਿੰਦ ਗੁੱਡੀਆਂ ਸੀ ਖੇਲਣ ਵਾਲ਼ੀ।

2014 ਦੀਆਂ ਚੋਣਾਂ 'ਚ ਭਾਜਪਾ ਨੇ ਮੈਨੂੰ ਵਰਤਿਆ- ਅੰਨਾ ਹਜ਼ਾਰੇ
ਢਿੱਡ ਛਿੱਲ ਲਿਆ ਬੋਸਕੀ ਵਰਗਾ, ਰੋੜਾਂ ਵਾਲ਼ੀ ਕੰਧ ਟੱਪ ਕੇ।

ਬਰਤਾਨੀਆ ਵਲੋਂ ਵਿਜੇ ਮਾਲਿਆ ਨੂੰ ਭਾਰਤ ਹਵਾਲੇ ਕਰਨ ਦੇ ਹੁਕਮ- ਇਕ ਖ਼ਬਰ
ਰਾਜਾ ਕਰਦਾ ਹੁਕਮ ਜੱਲਾਦ ਨੂੰ, ਇਹਨੂੰ ਛੇਤੀ ਕਰੋ ਹਲਾਲ।

ਕਾਲ਼ੇ ਧਨ ਬਾਰੇ ਰਿਪੋਰਟਾਂ ਦੇ ਖੁਲਾਸੇ ਅਸੀਂ ਨਹੀਂ ਕਰ ਸਕਦੇ- ਵਿਤ ਮੰਤਰਾਲਾ
ਗੋਰਾ ਰੰਗ ਵੰਡਿਆ ਨਾ ਜਾਵੇ, ਗੁੜ ਹੋਵੇ ਵੰਡਦੀ ਫਿਰਾਂ।

ਬੇਅਦਬੀ ਕਾਂਡ ਦੇ ਦੋਸ਼ੀਆਂ ਨੂੰ ਫੜਨ ਲਈ ਕੈਪਟਨ ਸਰਕਾਰ ਨੇ ਕੁਝ ਨਹੀਂ ਕੀਤਾ-ਸੁਖਬੀਰ ਬਾਦਲ
ਬਿਲਕੁਲ ਠੀਕ ਬਾਦਲ ਜੀ, 'ਅਸਲ' ਦੋਸ਼ੀਆਂ ਨੂੰ ਫੜਨ ਲਈ ਕੈਪਟਨ ਨੇ ਕੁਝ ਨਹੀਂ ਕੀਤਾ।

ਚੋਣ ਵਰ੍ਹੇ 'ਚ ਸਰਕਾਰ ਨੇ ਲੋਕ ਪਾਲ ਲਈ ਅਰਜ਼ੀਆਂ ਮੰਗੀਆਂ- ਇਕ ਖ਼ਬਰ
ਰੁੱਤ ਯਾਰੀਆਂ ਲਾਉਣ ਦੀ ਆਈ, ਬੇਰੀਆਂ ਦੇ ਬੇਰ ਪੱਕ ਗਏ।

ਢਾਈ ਸਾਲ ਪਹਿਲਾਂ ਬਣੇ ਰੇਲਵੇ ਓਵਰਬਰਿੱਜ ਦੀ ਸਲੈਬ ਦਬਣੀ ਸ਼ੁਰੂ- ਇਕ ਖ਼ਬਰ
ਢਾਈ ਸਾਲ ਕੱਢ ਗਈ ਸਲੈਬ ਏਨਾ ਥੋੜ੍ਹਾ। ਹੋਰ ਕੀ ਚਾਹੁੰਦੇ ਹੋ।