ਆਈਲੈਟਸ ਦੀ ਅੰਨ੍ਹੀ ਦੌੜ - ਜਸਪ੍ਰੀਤ ਕੌਰ ਮਾਂਗਟ

ਆਈਲੈਟਸ ਬਾਰੇ ਲਗਪਗ ਹਰ ਕਿਸੇ ਨੂੰ ਪਤਾ ਹੈ। ਅੱਜ ਦੇ ਨੌਜਵਾਨ ਮੁੰਡੇ-ਕੁੜੀਆਂ ਸਿਰਫ਼ ਤੇ ਸਿਰਫ਼ ਵਿਦੇਸ਼ਾਂ ਵਿੱਚ ਜਾ ਕੇ ਵਸਣਾ ਚਾਹੁੰਦੇ ਹਨ। ਬਹੁਤ ਘੱਟ ਬੱਚੇ ਹੋਣਗੇ ਜੋ ਭਾਰਤ ਵਿਚ ਹੀ ਰਹਿਣਾ ਪਸੰਦ ਕਰਦੇ ਹੋਣਗੇ। ਕਈ ਅਜਿਹੇ ਵੀ ਹਨ ਜੋ ਖ਼ਰਚਾ ਨਹੀਂ ਕਰ ਸਕਦੇ। ਇਸ ਲਈ ਮਨ ਮਾਰ ਕੇ ਇੱਥੇ ਹੀ ਰਹਿ ਜਾਂਦੇ ਹਨ। ਹਰ ਪਾਸੇ ਬੱਸ ਇਹੀ ਸੁਣੀਦਾ ਕਿ ਇੰਡੀਆ ਵਿੱਚ ਤਾਂ ਕੁਝ ਨਹੀਂ, ਜੋ ਕੁਝ ਹੈ ਬਾਹਰ ਵਿਦੇਸ਼ਾਂ ਵਿੱਚ ਹੀ ਹੈ, ਉੱਥੋਂ ਦੀ ਜ਼ਿੰਦਗੀ ਹੀ ਅਸਲ ਜ਼ਿੰਦਗੀ ਹੈ ਆਦਿ। ਲੋਕਾਂ ਦੀ ਸੋਚ ਹੀ ਅਜਿਹੀ ਬਣ ਗਈ ਹੈ। ਕਿਉਂ ਆਪਣੇ ਹੀ ਦੇਸ਼ 'ਤੇ ਭਰੋਸਾ ਨਹੀ ਕੀਤਾ ਜਾ ਰਿਹਾ,  ਇਹ ਸੋਚਣ ਵਾਲੀ ਗੱਲ ਹੈ। ਜੇ ਪੜ੍ਹੇ-ਲਿਖੇ ਨੂੰ ਇੱਥੇ ਹੀ ਨੌਕਰੀ ਮਿਲ ਜਾਵੇ ਤਾਂ ਉਸ ਨੂੰ ਵਿਦੇਸ਼ਾਂ ਵਿੱਚ ਧੱਕੇ ਖਾਣ ਦੀ ਕੀ ਜਰੂਰਤ ਹੈ? ਵਿਦੇਸ਼ਾਂ ਵਿੱਚ ਪੜ੍ਹਨ ਗਿਆ ਬੱਚਾ ਕਿਵੇਂ ਰਹਿ ਰਿਹਾ ਹੈ, ਇਸ ਬਾਰੇ ਕਿਸੇ ਨੂੰ ਪਤਾ ਨਹੀਂ। ਬਸ ਉਡੀਕ ਹੈ ਕਿ ਕਦੋਂ ਪੜ੍ਹਾਈ ਪੂਰੀ ਕਰ ਕੇ ਨੌਕਰੀ ਮਿਲ ਜਾਵੇ। ਹੋਰ ਵੀ ਕਈ ਪੰਗੇ ਨੇ ਕਦੇ ਵੀਜ਼ਾ ਵਧਾਓ ਤੇ ਕਦੇ ਪੱਕੇ ਹੋਣ ਦੀ ਫ਼ਿਕਰ। ਕਈ ਬੱਚਿਆਂ ਦੇ ਮਾਂ-ਪਿਓ ਨੂੰ ਵਿਦੇਸ਼ਾਂ ਵਿੱਚ ਰਹਿਣਾ ਪਸੰਦ ਨਹੀਂ। ਇਸ ਲਈ ਬੱਚਾ ਦੂਰ ਪ੍ਰਦੇਸ਼ ਵਿੱਚ ਰਹਿ ਰਿਹਾ ਹੁੰਦਾ ਹੈ ਤੇ ਮਾਂ-ਬਾਪ ਇਕੱਲੇ ਇੱਥੇ। ਆਈਲੈਟਸ ਕਰ ਕੇ ਵਿਦੇਸ਼ ਜਾਣ ਦੀ ਅੰਨ੍ਹੀ ਦੌੜ ਨੇ ਲੋਕਾਂ ਨੂੰ ਕਮਲੇ ਕੀਤਾ ਪਿਆ ਹੈ। ਕੋਈ ਜ਼ਮੀਨ ਵੇਚ ਕੇ ਪੜ੍ਹਨ ਵਿਦੇਸ਼ ਭੇਜਦਾ ਹੈ ਤੇ ਕੋਈ ਅੰਤਾਂ ਦਾ ਕਰਜ਼ਾ ਚੁੱਕ ਕੇ। ਕੋਈ ਵਿਰਲਾ-ਟਾਵਾਂ ਹੀ ਕਿਸਮਤ ਵਾਲਾ ਹੁੰਦਾ ਹੈ ਜਿਸ ਦੀ ਰਿਸ਼ਤੇਦਾਰ ਮਦਦ ਕਰ ਦਿਉ। ਮਦਦ ਵੀ ਉਹੀ ਕਰ ਸਕਦਾ ਹੈ ਜਿਸ ਕੋਲ ਪੈਸਾ ਹੋਊ। ਦੂਜੇ ਦੇ ਹੱਕਾਂ ਵੱਲ ਝਾਕਣਾ ਬਹੁਤ ਔਖਾ ਹੁੰਦਾ ਹੈ। ਆਓ, ਸਾਰੇ ਆਪਣੀ ਸੋਚ ਬਦਲੀਏ। ਆਪਣੇ ਦੇਸ਼ ਨੂੰ ਪਿਆਰ ਕਰੀਏ। ਇਸ ਦੇਸ਼ ਦੀਆਂ ਗਲੀਆਂ ਸੁੰਨੀਆਂ ਨਾ ਹੋਣ ਦਿਉ।

ਜਸਪ੍ਰੀਤ ਕੌਰ ਮਾਂਗਟ
ਬੇਗੋਵਾਲ (ਲੁਧਿਆਣਾ)
9914348246