ਰਾਜਨੀਤੀ ਲਈ ਧਰਮ ਨੂੰ ਵਰਤਣ ਦੀ ਭੁੱਲ ਜਿਸ ਨੇ ਵੀ ਕੀਤੀ, ਦੇਸ਼ ਤੇ ਤੰਤਰ ਦੋਵਾਂ ਦਾ ਨੁਕਸਾਨ ਕੀਤੈ - ਜਤਿੰਦਰ ਪਨੂੰ

ਆਪੋ ਆਪਣੇ ਰਾਜ ਵਿੱਚ ਕੋਈ ਕਿਸੇ ਤਰ੍ਹਾਂ ਦੇ ਹਾਲਾਤ ਵਿੱਚੋਂ ਵੀ ਗੁਜ਼ਰ ਰਿਹਾ ਹੋਵੇ, ਇਸ ਵੇਲੇ ਸਮੁੱਚੇ ਦੇਸ਼ ਦੇ ਪੱਧਰ ਉੱਤੇ ਸਿਆਸਤ ਦੀ ਕਤਾਰਬੰਦੀ ਅਗਲੇ ਸਾਲ ਦੀਆਂ ਲੋਕ ਸਭਾ ਚੋਣਾਂ ਲਈ ਸ਼ੁਰੂ ਹੋ ਚੁੱਕੀ ਹੈ। ਕੇਂਦਰ ਵਿੱਚ ਰਾਜ ਚਲਾ ਰਹੀ ਭਾਰਤੀ ਜਨਤਾ ਪਾਰਟੀ ਪੁਰਾਣੇ ਸਾਥੀਆਂ ਨੂੰ ਚੰਬੜੇ ਰਹਿਣ ਦੀ ਥਾਂ ਕੁਝ ਨਵੇਂ ਅਜ਼ਮਾਉਣ ਤੇ ਪਹਿਲੇ ਕੁਝ ਖੂੰਜੇ ਲਾਉਣ ਦੀ ਨੀਤੀ ਉੱਤੇ ਚੱਲ ਰਹੀ ਹੈ। ਕੁਝ ਧਿਰਾਂ ਬਾਰੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਉਹ ਵਿਖਾਵੇ ਵਾਸਤੇ ਇਸ ਵੇਲੇ ਭਾਜਪਾ ਤੋਂ ਫਾਸਲਾ ਪਾਉਂਦੀਆਂ ਪਈਆਂ ਹਨ, ਅੰਦਰੋਂ ਆਖਰੀ ਵੇਲੇ ਸੈਨਤ ਮਿਲਾਉਣ ਦੀ ਸਹਿਮਤੀ ਬਣੀ ਹੋਈ ਹੈ। ਇਸ ਵਿੱਚ ਕੁਝ ਹੱਦ ਤੱਕ ਸੱਚਾਈ ਹੋ ਸਕਦੀ ਹੈ, ਪਰ ਸਾਰੀ ਗੱਲ ਸੱਚੀ ਨਹੀਂ। ਸੱਚ ਇਹ ਹੈ ਕਿ ਚੋਣਾਂ ਨੇੜੇ ਪਹੁੰਚ ਕੇ ਭਾਜਪਾ ਹਮੇਸ਼ਾ ਇਹ ਵੇਖਦੀ ਹੁੰਦੀ ਹੈ ਕਿ ਫਲਾਣੀ ਧਿਰ ਨਾਲ ਜੁੜਨ ਦਾ ਲਾਭ ਹੈ ਤੇ ਇੰਜ ਕਰਨ ਵੇਲੇ ਉਹ ਸਿਧਾਂਤਕ ਮੁੱਦਿਆਂ ਨੂੰ ਕਿਸੇ ਤਰ੍ਹਾਂ ਵਜ਼ਨ ਨਹੀਂ ਦਿੱਤਾ ਕਰਦੀ, ਕਿਉਂਕਿ ਲੰਮੇ ਸਮੇਂ ਦੀ ਨੀਤੀ ਵਿੱਚ ਇਹ ਸਾਰੇ ਲੋਕ ਉਸ ਨੇ ਇੱਕ ਖਾਸ ਹੱਦ ਤੱਕ ਵਰਤਣ ਦੇ ਬਾਅਦ ਕੂੜੇਦਾਨ ਵਿੱਚ ਸੁੱਟ ਦੇਣੇ ਹੁੰਦੇ ਹਨ। ਪਹਿਲਾਂ ਕਾਂਗਰਸ ਉੱਤੇ ਇਹੋ ਦੋਸ਼ ਲੱਗਦਾ ਹੁੰਦਾ ਸੀ, ਪਰ ਇਨ੍ਹਾਂ ਗੱਲਾਂ ਵਿੱਚ ਭਾਜਪਾ ਦੇ ਆਗੂ ਕਾਂਗਰਸ ਵਾਲਿਆਂ ਤੋਂ ਵੱਧ ਤਿੱਖੇ ਨਿਕਲੇ ਹਨ।
ਇਸ ਵਕਤ ਕਰਨਾਟਕਾ ਦੀਆਂ ਵਿਧਾਨ ਸਭਾ ਚੋਣਾਂ ਲਈ ਤਿੰਨ ਮੁੱਖ ਧਿਰਾਂ ਵਿਚਾਲੇ ਖਿੱਚੋਤਾਣ ਚੱਲ ਰਹੀ ਹੈ ਅਤੇ ਕਾਂਗਰਸ ਤੇ ਭਾਜਪਾ ਵਾਲੀਆਂ ਦੋਵਾਂ ਮੋਹਰੀ ਧਿਰਾਂ ਦੇ ਆਗੂ ਅੰਦਰ-ਖਾਤੇ ਤੀਸਰੀ ਜਨਤਾ ਦਲ (ਐੱਸ) ਵਾਲੀ ਧਿਰ ਨਾਲ ਅੱਖ ਮਿਲਾਈ ਫਿਰਦੇ ਹਨ, ਤਾਂ ਕਿ ਚੋਣਾਂ ਤੋਂ ਬਾਅਦ ਲੋੜ ਪਵੇ ਤਾਂ ਨਾਲ ਲੈ ਸਕਣ। ਜਿੰਨੇ ਕੁ ਸਰਵੇਖਣ ਓਥੇ ਦੀ ਹਾਲਤ ਬਾਰੇ ਅੱਜ ਤੱਕ ਆਏ ਹਨ, ਉਨ੍ਹਾਂ ਵਿੱਚੋਂ ਕਾਂਗਰਸ ਦੀ ਅਗੇਤ ਝਲਕਦੀ ਹੈ, ਪਰ ਭਾਜਪਾ ਵੱਲ ਉਲਾਰ ਸਮਝੀ ਜਾਂਦੀ ਇੱਕ ਏਜੰਸੀ ਦਾ ਸਰਵੇਖਣ ਉਸ ਦੇ ਪੱਖ ਵਿੱਚ ਵੀ ਆ ਚੁੱਕਾ ਹੈ। ਇਸ ਲਈ ਮੁਕਾਬਲਾ ਕਾਫੀ ਸਖਤ ਹੈ। ਰਾਜ ਦੇ ਮੁੱਖ ਮੰਤਰੀ ਸਿੱਧਾਰਮਈਆ ਨੇ ਇਸ ਮੁਕਾਬਲੇ ਨੂੰ ਕਾਂਗਰਸ ਦੇ ਪੱਖ ਵਿੱਚ ਕਰਨ ਲਈ ਲਿੰਗਾਇਤ ਭਾਈਚਾਰੇ ਨੂੰ ਹਿੰਦੂਆਂ ਤੋਂ ਵੱਖਰਾ ਧਰਮ ਮੰਨੇ ਜਾਣ ਦਾ ਜਿਹੜਾ ਨੋਟੀਫਿਕੇਸ਼ਨ ਕਰਾਇਆ ਹੈ, ਉਸ ਦੇ ਬਾਅਦ ਦੋ ਸਰਵੇਖਣ ਕਾਂਗਰਸ ਪਾਰਟੀ ਲਈ ਕੁਝ ਜ਼ਿਆਦਾ ਸੁਖਾਵੇਂ ਪੇਸ਼ ਹੋ ਗਏ ਹਨ। ਭਾਜਪਾ ਇਸ ਗੱਲ ਵਿੱਚ ਬੜਾ ਸੰਭਲ ਕੇ ਚੱਲੀ ਹੈ। ਪਹਿਲਾਂ ਉਸ ਨੇ ਇਸ ਨੂੰ ਫਾਲਤੂ ਦੀ ਗੱਲ ਕਿਹਾ ਤੇ ਕੁਝ ਦਿਨ ਲੋਕਾਂ ਵਿੱਚ ਇਸ ਫੈਸਲੇ ਦੀ ਪ੍ਰਤੀਕਿਰਿਆ ਜਾਣਨ ਪਿੱਛੋਂ ਬਾਕਾਇਦਾ ਐਲਾਨ ਕਰ ਦਿੱਤਾ ਹੈ ਕਿ ਅਸੀਂ ਇਸ ਫੈਸਲੇ ਨੂੰ ਕੇਂਦਰ ਦੀ ਪ੍ਰਵਾਨਗੀ ਨਹੀਂ ਮਿਲਣ ਦੇਣੀ, ਕਿਉਂਕਿ ਇਸ ਕਾਰਨ ਹਿੰਦੂ ਧਰਮ ਵਿੱਚ ਪਾਟਕ ਪੈ ਸਕਦਾ ਹੈ। ਲਿੰਗਾਇਤ ਦੇ ਕੁਝ ਆਗੂ ਵੀ ਭਾਜਪਾ ਦੇ ਇਸ ਫੈਸਲੇ ਤੋਂ ਖੁਸ਼ ਹਨ, ਪਰ ਵੱਡੀ ਗਿਣਤੀ ਲਿੰਗਾਇਤ ਲੋਕਾਂ ਦਾ ਪ੍ਰਭਾਵ ਇਹੀ ਹੈ ਕਿ ਜਦੋਂ ਅਸੀਂ ਸਾਰੀਆਂ ਰੀਤਾਂ-ਰਸਮਾਂ ਵਿੱਚ ਹਿੰਦੂ ਭਾਈਚਾਰੇ ਤੋਂ ਵੱਖ ਹਾਂ ਤਾਂ ਇੱਕ ਵੱਖਰਾ ਧਰਮ ਬਣ ਕੇ ਘੱਟ-ਗਿਣਤੀ ਧਰਮਾਂ ਲਈ ਮਿਲਦੀਆਂ ਸਹੂਲਤਾਂ ਲੈਣੀਆਂ ਚਾਹੀਦੀਆਂ ਹਨ। ਇਸ ਸਮਝਦਾਰੀ ਦੇ ਕਾਰਨ ਲਿੰਗਾਇਤ ਭਾਈਚਾਰੇ ਦੀਆਂ ਬਾਈ ਫੀਸਦੀ ਦੇ ਕਰੀਬ ਵੋਟਾਂ ਦਾ ਵੱਡਾ ਹਿੱਸਾ ਕਾਂਗਰਸ ਦੇ ਪੱਖ ਵਿੱਚ ਭੁਗਤਦਾ ਜਾਪਦਾ ਹੈ।
ਪਿਛਲੇ ਦਿਨੀਂ ਮੱਧ ਪ੍ਰਦੇਸ਼ ਤੋਂ ਇੱਕ ਹੈਰਾਨੀ ਵਾਲੀ ਖਬਰ ਸੁਣੀ ਗਈ ਕਿ ਭਾਜਪਾ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਹਿੰਦੂ ਧਰਮ ਦੇ ਪੰਜ ਸੰਤਾਂ ਨੂੰ ਮੰਤਰੀ ਦਾ ਦਰਜਾ ਦੇ ਦਿੱਤਾ ਹੈ। ਮੰਤਰੀ ਦਰਜਾ ਕਿਸੇ ਨੂੰ ਦੇਣਾ ਹੋਵੇ ਤਾਂ ਰਾਜ ਸਰਕਾਰ ਕੋਲ ਇਸ ਦੇ ਅਧਿਕਾਰ ਹੁੰਦੇ ਹਨ। ਪੰਜਾਬ ਵਿੱਚ ਇੱਕ ਮਰਹੂਮ ਅਕਾਲੀ ਆਗੂ ਦੀ ਪਤਨੀ ਨੂੰ ਏਦਾਂ ਮੰਤਰੀ ਦਾ ਦਰਜਾ ਦਿੱਤੇ ਜਾਣ ਕਾਰਨ ਕੁਝ ਸਾਲ ਪਹਿਲਾਂ ਏਥੇ ਵੀ ਵਿਵਾਦ ਛਿੜਿਆ ਸੀ। ਹਿੰਦੂ ਧਰਮ ਦੇ ਜਿਨ੍ਹਾਂ ਸੰਤਾਂ ਨੂੰ ਮੰਤਰੀ ਦਾ ਦਰਜਾ ਦਿੱਤੇ ਜਾਣ ਦਾ ਐਲਾਨ ਕੀਤਾ ਗਿਆ ਹੈ, ਉਨ੍ਹਾਂ ਦੇ ਪਿੱਛੇ ਸਿਰਸੇ ਵਾਲੇ ਸਾਧ ਜਿੰਨੀਆਂ ਵੋਟਾਂ ਵੀ ਨਹੀਂ ਲੱਗਦੀਆਂ, ਪਰ ਜੇ ਇਹ ਦਰਜਾ ਨਾ ਦਿੱਤਾ ਜਾਵੇ ਤਾਂ ਭਾਜਪਾ ਦੀਆਂ ਵੋਟਾਂ ਵਿਗਾੜਨ ਦਾ ਕੰਮ ਕਰ ਸਕਦੇ ਹਨ। ਪਿਛਲੇ ਦਿਨੀਂ ਉਨ੍ਹਾਂ ਨੇ ਐਲਾਨ ਕਰ ਦਿੱਤਾ ਸੀ ਕਿ ਉਹ ਨਰਮਦਾ ਨਦੀ ਅਤੇ ਕੁਝ ਹੋਰ ਘਪਲਿਆਂ ਕਾਰਨ ਭਾਜਪਾ ਸਰਕਾਰ ਵਿਰੁੱਧ ਜਨਤਕ ਲਾਮਬੰਦੀ ਲਈ ਮੁਹਿੰਮ ਚਲਾਉਣਗੇ। ਵਿਧਾਨ ਸਭਾ ਚੋਣਾਂ ਇਸ ਰਾਜ ਵਿੱਚ ਹੋਣ ਵਾਲੀਆਂ ਹਨ ਤੇ ਇਸ ਵਿੱਚ ਮਸਾਂ ਅੱਠ ਮਹੀਨੇ ਬਾਕੀ ਰਹਿੰਦੇ ਹਨ। ਪਿਛਲੀਆਂ ਤਿੰਨ ਵਾਰੀਆਂ ਤੋਂ ਲਗਾਤਾਰ ਰਾਜ ਕਰ ਰਹੇ ਮੁੱਖ ਮੰਤਰੀ ਸ਼ਿਵਰਾਜ ਚੌਹਾਨ ਲਈ ਹਾਲਾਤ ਏਥੇ ਪਹਿਲਾਂ ਹੀ ਬੜੇ ਅਣਸੁਖਾਵੇਂ ਹਨ ਤੇ ਕਿਸਾਨਾਂ-ਮਜ਼ਦੂਰਾਂ ਤੋਂ ਲੈ ਕੇ ਵਪਾਰੀਆਂ ਤੇ ਕਰਮਚਾਰੀਆਂ ਤੱਕ ਹਰ ਕੋਈ ਉਸ ਨਾਲ ਮੂੰਹ ਵਿੰਗਾ ਕਰੀ ਫਿਰਦਾ ਹੈ। ਉਸ ਲਈ ਅਗਲੀ ਚੋਣ ਸੌਖੀ ਨਹੀਂ ਹੋਣੀ। ਇਸੇ ਕਾਰਨ ਸਾਧਾਂ ਦੇ ਜ਼ਰਾ ਕੁ ਦਬਕਾ ਮਾਰਦੇ ਸਾਰ ਮੁੱਖ ਮੰਤਰੀ ਨੇ ਪੰਜ ਸਾਧਾਂ ਨੂੰ ਮੰਤਰੀ ਦਰਜਾ ਦੇ ਕੇ ਪਤਿਆ ਲਿਆ ਹੈ। ਸਾਧ ਵੀ ਘਰਾਂ ਤੋਂ ਤਿਆਗੀ ਬਣ ਕੇ ਨਿਕਲੇ ਸਨ, ਪਰ ਜਦੋਂ ਉਨ੍ਹਾਂ ਇਹ ਵੇਖਿਆ ਕਿ ਯੋਗੀ ਆਦਿਤਿਆਨਾਥ ਵਰਗੇ ਮੱਠਾਂ ਦੇ ਮਹੰਤ ਵੀ ਮੁੱਖ ਮੰਤਰੀ ਬਣੇ ਫਿਰਦੇ ਹਨ ਤਾਂ ਰਾਜ-ਸੱਤਾ ਦੀ ਚਮਕ ਨੇ ਉਨ੍ਹਾਂ ਦੀਆਂ ਵੀ ਅੱਖਾਂ ਚੁੰਧਿਆ ਦਿੱਤੀਆਂ ਹਨ।
ਕਾਂਗਰਸ ਪਾਰਟੀ ਤੇ ਕੁਝ ਹੋਰ ਧਿਰਾਂ ਨੇ ਇਸ ਨੂੰ ਰਾਜਨੀਤੀ ਲਈ ਧਰਮ ਦੀ ਦੁਰਵਰਤੋਂ ਦੀ ਮਿਸਾਲ ਆਖਿਆ ਤੇ ਇਸ ਦੀ ਨਿੰਦਾ ਕੀਤੀ ਹੈ। ਗੱਲ ਉਨ੍ਹਾਂ ਦੀ ਸਾਰੀ ਠੀਕ ਹੈ, ਪਰ ਉਨ੍ਹਾਂ ਦੇ ਮੂੰਹੋਂ ਨਹੀਂ ਫਬਦੀ। ਏਦਾਂ ਦਾ ਮਿਹਣਾ ਉਹ ਮਾਰ ਸਕਦਾ ਹੈ, ਜਿਸ ਨੇ ਰਾਜਨੀਤੀ ਲਈ ਧਰਮ ਦੀ ਵਰਤੋਂ ਖੁਦ ਕਦੇ ਨਾ ਕੀਤੀ ਹੋਵੇ। ਬਹੁਤ ਸਾਰੇ ਸਾਧਾਂ ਨੂੰ ਕਾਂਗਰਸੀ ਆਗੂ ਵੀ ਆਪਣੇ ਪੱਖ ਵਿੱਚ ਕਰਦੇ ਅਤੇ ਵਰਤਦੇ ਆਏ ਹਨ, ਸਗੋਂ ਠੀਕ ਕਿਹਾ ਜਾਵੇ ਤਾਂ ਜਦੋਂ ਭਾਜਪਾ ਨੇ ਸਾਧਾਂ ਨੂੰ ਅੱਗੇ ਕੀਤਾ ਤੇ ਲੋਕਾਂ ਨੇ ਮੂੰਹ ਨਹੀਂ ਸੀ ਲਾਇਆ, ਓਦੋਂ ਸੱਤਪਾਲ ਮਹਾਰਾਜ ਵਰਗੇ ਸਾਧਾਂ ਨੂੰ ਉੱਤਰ ਪ੍ਰਦੇਸ਼ ਵਿੱਚ ਕਾਂਗਰਸ ਪਾਰਟੀ ਨੇ ਅੱਗੇ ਕੀਤਾ ਸੀ ਤੇ ਧੀਰੇਂਦਰ ਬ੍ਰਹਮਚਾਰੀ ਤੋਂ ਲੈ ਕੇ ਚੰਦਰਾ ਸਵਾਮੀ ਵਰਗਿਆਂ ਨੂੰ ਏਸੇ ਪਾਰਟੀ ਨੇ ਪ੍ਰਧਾਨ ਮੰਤਰੀਆਂ ਨਾਲ ਪੁਰਾਣੇ ਸਮੇਂ ਦੇ ਰਾਜ-ਪੁਰੋਹਿਤਾਂ ਵਾਂਗ ਜੋੜ ਕੇ ਬਦਨਾਮੀ ਪੱਲੇ ਪਵਾਈ ਸੀ। ਇਹ ਕੁਝ ਭਾਜਪਾ ਵੀ ਕਰਦੀ ਹੈ ਤਾਂ ਕਰਦੀ ਭਾਵੇਂ ਗਲਤ ਹੈ, ਪਰ ਉਸ ਨੂੰ ਕਾਂਗਰਸ ਤੋਂ ਸ਼ਰਮਿੰਦੇ ਹੋਣ ਦੀ ਲੋੜ ਨਹੀਂ ਰਹਿ ਜਾਂਦੀ।
ਮਾਮਲਾ ਲਿੰਗਾਇਤ ਦਾ ਹੋਵੇ ਜਾਂ ਮੱਧ ਪ੍ਰਦੇਸ਼ ਵਿੱਚ ਡੇਰਿਆਂ ਨਾਲ ਜੁੜੇ ਪੰਜ ਹਿੰਦੂ ਸੰਤਾਂ ਨੂੰ ਮੰਤਰੀ ਦਰਜਾ ਦੇਣ ਦਾ, ਜਿਹੜੀਆਂ ਵੀ ਧਿਰਾਂ ਰਾਜਨੀਤੀ ਲਈ ਇਹ ਹਲਕੇ ਹੱਥਕੰਡੇ ਵਰਤਦੀਆਂ ਹਨ, ਉਹ ਲੋਕਤੰਤਰ ਦੀਆਂ ਜੜ੍ਹਾਂ ਪੋਲੀਆਂ ਕਰਨ ਦਾ ਕੰਮ ਕਰਦੀਆਂ ਹਨ। ਇਹ ਸਾਧ ਅੱਜ ਇਸ ਪਾਰਟੀ ਨਾਲ ਤੇ ਕੱਲ੍ਹ ਉਸ ਪਾਰਟੀ ਨਾਲ ਹੋਣਗੇ ਤੇ ਖੁਦ ਆਪਣੀ ਸੱਤਾ ਦੀ ਹਵਸ ਪੂਰੀ ਕਰਨ ਲਈ ਸਮਾਜ ਵਿੱਚ ਪਹਿਲਾਂ ਫੈਲੇ ਹੋਏ ਪ੍ਰਦੂਸ਼ਣ ਵਿੱਚ ਵਾਧਾ ਕਰਨਗੇ। ਦੇਸ਼ ਦਾ ਇਤਿਹਾਸ ਇਹ ਗੱਲ ਸਾਬਤ ਕਰਨ ਨੂੰ ਕਾਫੀ ਹੈ ਕਿ ਜਿਸ ਕਿਸੇ ਨੇ ਵੀ ਰਾਜਨੀਤੀ ਲਈ ਧਰਮ ਨੂੰ ਵਰਤਣ ਦੀ ਭੁੱਲ ਇੱਕ ਵਾਰ ਕਰ ਲਈ, ਉਹ ਫਿਰ ਪਿੱਛੇ ਕਦੇ ਨਹੀਂ ਮੁੜ ਸਕਿਆ। ਇਹੋ ਗਲਤੀ ਅੱਜ ਵੀ ਕਈ ਪਾਸਿਆਂ ਤੋਂ ਦੁਹਰਾਈ ਜਾ ਰਹੀ ਹੈ।

8 April 2018