ਮੋਬਾਈਲ ਭੱਤਾ - ਮੁਨੀਸ਼ ਸਰਗਮ

ਮੈਂ ਅਜੋਕੇ ਯੁੱਗ ਦਾ ਫ਼ਿਕਰਮੰਦ ਵਿਅਕਤੀ ਹਾਂ
ਤੇ ਮੈਂ ਮੋਬਾਈਲ਼ ਆਪਣੇ ਘਰਦਿਆਂ ਦੀ ਖ਼ਬਰ ਲਈ ਖ਼ਰੀਦਿਆ ਹੈ
ਜ਼ਰੂਰੀ ਨਹੀਂ ਕਿ ਆਈ ਹਰ ਕਾਲ ਦਾ ਜੁਆਬ ਦੇਵਾਂ
ਮੈਂ ਕੋਈ ਟੈਲੀਫੋਨ ਕੰਪਨੀ ਦੇ ਕਸਟਮਰ ਕੇਅਰ ਦਾ ਅਧਿਕਾਰੀ ਨਹੀਂ 
ਅਤੇ ਨਾ ਹੀ ਕਿਸੇ ਟੱਚ ਸਕਰੀਨ ਦਾ ਮਜਬੂਰ ਆਈਕਨ ਹਾਂ
ਕਿ ਟਿਕਣ ਨਾ ਦੇਵੇ ਮੈਨੂੰ ਭਿਣਕਦੀਆਂ ਉਂਗਲ਼ਾਂ ਦੀ ਛੋਹ
ਮੈਂ ਅਜੋਕੇ ਯੁੱਗ ਦਾ ਫ਼ਿਕਰਮੰਦ ਵਿਅਕਤੀ ਹਾਂ।
ਠੀਕ ਏ ਕਿ ਸਰਕਾਰ ਨੇ ਮੈਨੂੰ ਮੋਬਾਈਲ ਭੱਤਾ ਲਗਾ ਦਿੱਤੈ
ਪਰ ਇਸਦਾ ਮਤਲਬ ਇਹ ਨਹੀਂ
ਕਿ ਮੈਨੂੰ ਮੋਬਾਈਲ ਦੀ ਰਿੰਗ
ਨੇਤਾ ਜੀ ਦੀ ਕਾਰ ਦੇ ਹੂਟਰ ਵਰਗੀ ਲੱਗੇ
ਅਤੇ ਜਦੋਂ ਅਫ਼ਸਰ ਦਾ ਫੋਨ ਆਵੇ ਮੈਂ ਝੱਟ ਦੇਣੇ ਚੁੱਕ ਲਵਾਂ
ਜਿਵੇਂ ਬਿੱਲੀ ਝਪਟਦੀ ਹੈ ਆਪਣੇ ਸ਼ਿਕਾਰ ਚੂਹੇ 'ਤੇ
ਮੈਂ ਕੋਈ ਬਿੱਲੀ ਨਹੀਂ, ਨਾ ਹੀ ਚੂਹਾ ਹਾਂ
ਮੈਂ ਅਜੋਕੇ ਯੁੱਗ ਦਾ ਫ਼ਿਕਰਮੰਦ ਵਿਅਕਤੀ ਹਾਂ।
ਮੇਰੇ ਮੋਬਾਈਲ ਤੇ ਕੋਈ ਮੇਰੇ ਬੇਲੀ ਦਾ ਸੁੱਖ-ਸੁਨੇਹਾ ਵੀ
ਮੈਂ ਆਪਣੀ ਮਰਜ਼ੀ ਨਾਲ਼ ਸੁਣ ਸਕਨੈਂ
ਮੇਰੀ ਮਰਜ਼ੀ ਹੈ ਕਿ ਕਿਸ ਕਾਲ ਨੂੰ ਅਹਿਮੀਅਤ ਦੇਵਾਂ
ਕਿਸ ਨੂੰ ਵੇਟਿੰਗ 'ਤੇ ਲਾਵਾਂ ਅਤੇ ਕਿਸਨੂੰ ਰਿਜੈਕਟ ਲਿਸਟ ਵਿਚ ਪਾਵਾਂ
ਮੈਂ ਸਰਕਾਰ ਦਾ ਬੰਨ੍ਹਿਆਂ ਮੁਲਜ਼ਮ ਨਹੀਂ, ਮੁਲਾਜ਼ਮ ਹਾਂ
ਅਤੇ ਕੰਮ ਦੀ ਤਨਖ਼ਾਹ ਲੈਂਦਾ ਹਾਂ
ਮੈਂ ਅਜੋਕੇ ਯੁੱਗ ਦਾ ਫ਼ਿਕਰਮੰਦ ਵਿਅਕਤੀ ਹਾਂ
ਜ਼ਰੂਰੀ ਨਹੀਂ ਕਿ ਆਈ ਹਰ ਕਾਲ ਦਾ ਜੁਆਬ ਦੇਵਾਂ।