ਗ਼ਜਲ - ਮੁਨੀਸ਼ ਸਰਗਮ

ਅਜੇ ਤਾਂ ਸਾਥੋਂ ਬਹੁਤੇ ਦੂਰ ਸਵੇਰੇ ਨੇ ।
ਅਜੇ  ਤਾਂ ਫ਼ੈਲੇ ਚਾਰੇ ਪਾਸੇ ਨ੍ਹੇਰੇ ਨੇ ।

ਅਜੇ ਤਾਂ ਸੁਬਹ ਦਾ ਭੁੱਲਿਆ ਘਰ ਨਹੀਂ ਮੁੜਿਆ ,
ਅਜੇ ਉਡੀਕਾਂ ਚਲਦੀਆਂ ਚਾਰ ਚੁਫ਼ੇਰੇ ਨੇ ।

ਅਜੇ ਦਿਵਾਲੀ ਸੁੱਕੀ ਈਦਾਂ ਰੁੱਸੀਆਂ ਨੇ ,
ਅਜੇ ਤਾਂ ਸੁੰਨੇ ਦੀਵਿਆਂ ਬਾਝ ਬਨੇਰੇ ਨੇ ।

ਉਸਰਨ ਨੂੰ ਤਾਂ ਉਸੱਰ ਜਾਂਦੇ ਚਾਨਣ ਵੀ ,
ਪਰ ਧੂੰਏ ਦੇ ਬੱਦਲ ਬਹੁਤ ਘਨੇਰੇ ਨੇ ।

ਅਜੇ ਤਾਂ ਸਫ਼ਰ ਬਥੇਰਾ ਵਾਟਾਂ ਲੰਮੀਆਂ ਨੇ ,
ਚੱਲਣ ਵਾਲੇ ਹਾਲੇ ਪੰਧ ਲੰਮੇਰੇ ਨੇ ।

ਉਮਰਾਂ ਵੱਟੇ ਜੀਵਨ ਮੁੱਕਦਾ ਜਾਂਦੈ ਸਰਗਮ,
ਜੰਮਣ ਦਿਵਸ ਮਨਾਉਂਦੇ ਲੋਕ ਬਥੇਰੇ ਨੇ ।