ਛੱਡ ਗਿਆ ਸਾਥ, ਸਾਥੀ ਲੁਧਿਆਣਵੀ - ਕੇ. ਸੀ. ਮੋਹਨ

ਪੰਜਾਬੀ ਕਵਿੱਤਰੀ ਅਮਰ ਜਿਓਤੀ ਦਾ ਫੋਨ ਆਉਂਦਾ ਹੈ, ''ਸਾਥੀ ਲੁਧਿਆਣਵੀ ਕੈਂਸਰ ਦੀ ਨਾਮੁਰਾਦ ਬਿਮਾਰੀ ਕਰਕੇ ਹਸਪਤਾਲ ਵਿੱਚ ਭਰਤੀ ਹੈ। ਉਹਦਾ ਪਤਾ ਲੈਣ ਚੱਲੀਏ।'' ਹੋ ਸਕਦਾ ਹੈ ਉਹ ਘਰ ਵੀ ਚਲਾ ਗਿਆ ਹੋਵੇ। ਸੁਣ ਕੇ ਮਨ ਹਿੱਲ ਜਾਦਾ ਹੈ। ਸਾਥੀ ਹੁਣੇ ਜਿਹੇ ਤੱਕ ਤਾ ਸਾਹਿਤਕ ਪ੍ਰੋਗਰਾਮਾ ਵਿੱਚ ਭਾਗ ਲੈਂਦਾ ਸੁਣਿਆ ਹੈ। ਉਹਦਾ ਐੱਮ ਏ ਟੀ ਵੀ ਵਾਲਾ ਟੈਲੀ ਪ੍ਰੋਗਰਾਮ ਸਰੋਤੇ ਮਾਣਦੇ ਰਹੇ ਨੇ। ਉਹ ਲਗਾਤਾਰ ਅਖਬਾਰਾ/ਰਸਾਲਿਆ ਵਿੱਚ ਛਪਦਾ ਨਜ਼ਰ ਆ ਰਿਹਾ ਹੈ।
       ਸਾਥੀ ਨੇ ਸਤੰਬਰ ਵਿੱਚ ਹੀ ਮੈਨੂੰ ਆਪਣੇ ਟੀ ਵੀ ਪ੍ਰੋਗਰਾਮ ਵਿੱਚ ਸਰੋਤਿਆ ਦੇ ਰੂਬਰੂ ਕੀਤਾ ਸੀ। ਉਹ ਇਕਦਮ ਚੜ੍ਹਦੀ ਕਲਾ ਵਿੱਚ ਸੀ। ਕਹਿੰਦਾ ਸੀ ਇਹ ਘੰਟੇ ਦਾ ਪ੍ਰੋਗਰਾਮ ਫਟਾਫਟ ਹੀ ਖਤਮ ਹੋ ਗਿਆ। ਫਿਰ ਮਿਲਣਾ ਪੈਣਾ ਹੈ। ਤੁਹਾਡੇ ਨਾਲ ਬਰਤਾਨੀਆ ਵਿੱਚ ਬੱਚਿਆ ਨੂੰ ਗੋਦ ਲੈਣ/ਮੁਤਬੰਨਾ ਬਣਾਉਣ ਦੇ ਵਿਸ਼ੇ ਬਾਰੇ ਹੋਰ ਗੱਲਾ ਕਰਨੀਆ ਹਨ। ਇਸ ਵਿਸ਼ੇ ਬਾਰੇ ਸਾਡੇ ਏਸ਼ੀਅਨ ਲੋਕਾ ਨੂੰ ਜਾਗਰੂਕ ਕਰਨ ਦੀ ਲੋੜ ਹੈ। ਨਵੰਬਰ ਦੇ ਗੇੜ ਵਿੱਚ ਹੀ ਸਾਥੀ ਹੁਰਾ ਰਣਜੀਤ ਧੀਰ ਹੋਰਾਂ ਨਾਲ ਟੀ ਵੀ 'ਤੇ ਗੱਲਬਾਤ ਕੀਤੀ ਸੀ। ਸਾਥੀ ਦਾ ਇੰਜ ਗੰਭੀਰਤਾ ਨਾਲ ਬਿਮਾਰ ਹੋ ਜਾਣਾ ਹੈਰਾਨੀਜਨਕ ਲੱਗਿਆ, ਪਰ ਅਜਿਹੀਆ ਖਬਰਾ ਕਿੱਥੇ ਛੁਪੀਆ ਹੁੰਦੀਆ ਨੇ।
        ਕੁਝ ਇੱਕ ਹੋਰ ਮਿੱਤਰਾ ਨੂੰ ਫੋਨ ਕਰਕੇ ਸਾਥੀ ਦੀ ਬਿਮਾਰੀ ਬਾਰੇ ਅਤੇ ਉਹਦੇ ਹਸਪਤਾਲ ਭਰਤੀ ਹੋਣ ਬਾਰੇ ਪੁੱਛਿਆ। ਇਹ ਗੱਲ ਸਹੀ ਹੁੰਦੀ ਲੱਗੀ। ਮੈਂ ਸਿੱਧਾ ਹਸਪਤਾਲ ਜਾਣ ਤੋਂ ਗੁਰੇਜ਼ ਕਰਨ ਦਾ ਸੋਚਦਾ ਸਾ। ਗੰਭੀਰ ਤੌਰ 'ਤੇ ਬਿਮਾਰ ਬੰਦੇ ਨੂੰ ਬਾਹਰੀ ਪਤਾ ਲੈਣ ਆਏ ਲੋਕਾ ਤੋਂ ਇਨਫੈਕਸ਼ਨ ਆਦਿ ਹੋ ਜਾਣ ਦੇ ਡਰੋਂ, ਡਾਕਟਰ ਅਹਿਤੀਆਤ ਵਰਤਣ ਲਈ ਅਕਸਰ ਕਿਹਾ ਕਰਦੇ ਨੇ। ਕਈ ਦਫਾ ਪਰਵਾਰ ਵਾਲੇ ਮਰੀਜ਼ ਨੂੰ ਮਾਨਸਿਕ ਪਰੇਸ਼ਾਨੀ ਵੀ ਨਹੀਂ ਦੇਣਾ ਚਾਹੁੰਦੇ।
      ਸਾਥੀ ਜੀ ਦੇ ਪਰਮ ਮਿੱਤਰ ਕਵੀ ਚਮਨ ਲਾਲ ਚਮਨ ਨੇ ਦੱਸਿਆ ਕਿ ਸਾਥੀ ਪੱਛਮੀ ਲੰਡਨ ਦੇ ਹਿਲਿੰਗਡਨ ਹਸਪਤਾਲ ਦੇ ਬੈਵਿਨ ਵਾਰਡ ਵਿੱਚ ਦਾਖਲ ਹੈ। ਉਸ ਨੂੰ ਮਿਲਿਆ ਜਾ ਸਕਦਾ ਹੈ। ਉਸ ਕੋਲ ਆਪਣਾ ਕਮਰਾ ਹੈ, ਮਿਲਣ ਦੇ ਸਮੇਂ 'ਤੇ ਕੋਈ ਪਾਬੰਦੀ ਨਹੀਂ ਹੈ।
       ਅਮਰ ਜਿਓਤੀ ਤੇ ਮੈਂ ਅਗਲੇ ਦਿਨ ਹਸਪਤਾਲ ਪੁੱਜਦੇ ਹਾ। ਸਾਥੀ ਦੇ ਕਈ ਕਰੀਬੀ ਮਿੱਤਰ, ਕਰੀਬੀ ਰਿਸ਼ਤੇਦਾਰ ਰੀਸੈਪਸ਼ਨ ਵਿੱਚ ਬੈਠੇ ਹਨ। ਸਾਥੀ ਹੁਰਾ ਦੀ ਧਰਮ ਪਤਨੀ ਯਸ਼ ਸਾਥੀ ਨੇ ਦੱਸਿਆ ਕਿ ਦਰਦ ਘੱਟ ਕਰਨ ਦੀਆ ਦਵਾਈਆ ਕਰਕੇ ਸਾਥੀ ਹੁਰੀਂ ਸੁੱਤੇ ਹੋਏ ਨੇ। ਉਹਨਾ ਨੂੰ ਜਗਾਉਣਾ ਠੀਕ ਨਹੀਂ। ਤੁਸੀਂ ਥੋੜ੍ਹਾ ਇੰਤਜ਼ਾਰ ਕਰ ਲਓ। ਯਸ਼ ਜੀ ਦੀ ਇਹ ਸਲਾਹ ਉਚਿਤ ਸੀ। ਆਪਣਾ ਅੰਦਰਲਾ ਦਰਦ ਲਾਭੇ ਕਰਦੇ ਹੋਏ ਯਸ਼ ਸਾਥੀ ਸਾਨੂੰ ਸਾਥੀ ਹੁਰਾ ਦੀ ਬਿਮਾਰੀ ਦਾ ਪਿਛੋਕੜ ਦੱਸਣ ਲੱਗੇ। ਕੈਂਸਰ ਹੋ ਜਾਣ ਦਾ ਪਤਾ ਲੰਘੀ ਜੁਲਾਈ ਵਿੱਚ ਲੱਗ ਗਿਆ ਸੀ। ਟੈਸਟ 'ਤੇ ਟੈਸਟ ਹੋਣ ਲੱਗੇ। ਸਾਥੀ ਹੁਰੀਂ ਆਪਣੇ ਨਿੱਤ ਪ੍ਰਤੀ ਦਿਨ ਦੇ ਕੰਮਾ ਵਿੱਚ ਪਹਿਲਾ ਵਾਗ ਹੀ ਜੁਟੇ ਰਹੇ। ਟੀ ਵੀ ਪ੍ਰੋਗਰਾਮ ਕਰਦੇ ਰਹੇ। ਅਸੀਂ ਉਹਨਾ ਦੀ ਮਰਜ਼ ਬਾਰੇ ਕਿਸੇ ਨੂੰ ਦੱਸਿਆ ਵੀ ਨਹੀਂ। ਡਾਕਟਰਾ ਤੋਂ ਬਿਨਾ ਹੋਰ ਕੋਈ ਕੀ ਕਰ ਸਕਦਾ ਸੀ। ਫਿਰ ਹੌਲੀ-ਹੌਲੀ ਸਾਥੀ ਹੁਰਾ ਦਾ ਵਜ਼ਨ ਘਟਣ ਲੱਗਾ। ਰੇਡੀਓ ਥੈਰੇਪੀ ਚੱਲਦੀ ਰਹੀ। ਉਹ ਆਪਣੇ ਕੰਮਾ ਵਿੱਚ ਲਗਾਤਾਰ ਵਿਅਸਥ ਰਹੇ।
       ਪਰ ਕੈਸਰ ਹੁਣ ਭਾਰੂ ਹੋਣ ਲੱਗਾ ਸੀ। ਇਹ ਆਪਣੇ ਪੈਰ ਪਸਾਰ ਰਿਹਾ ਸੀ। ਇਹ ਗੁਰਦਿਆ ਤੋਂ ਸ਼ੁਰੂ ਹੋ ਕੇ ਹੌਲੀ-ਹੌਲੀ ਸਰੀਰ ਦੇ ਦੂਜੇ ਹਿੱਸਿਆ ਵਿੱਚ ਫੈਲਣ ਲੱਗਾ। ਸਾਥੀ ਹਸਪਤਾਲ ਭਰਤੀ ਕੀਤੇ ਗਏ। ਵਿੱਚਦੀ ਘਰ ਵੀ ਆ ਜਾਦੇ, ਨਵਾ ਸਾਲ ਅਸੀਂ ਘਰ ਮਨਾਇਆ।
       ਸਾਥੀ ਹੁਰਾ ਦੇ ਦਰਸ਼ਨ ਕਰਾਉਣ ਲਈ ਯਸ਼ ਹੋਰੀ ਸਾਨੂੰ ਸਾਥੀ ਦੇ ਕਮਰੇ ਬਾਹਰ ਵੱਲ ਲੈ ਗਏ। ਸ਼ਾਇਦ ਸਾਥੀ ਹੁਰੀਂ ਜਾਗ ਗਏ ਹੋਣ। ਸਾਥੀ ਡੂੰਘੀ ਘੂਕੀ ਵਿੱਚ ਲੇਟੇ ਹੋਏ ਸਨ। ਯਸ਼ ਹੁਰਾ ਸਾਨੂੰ ਫਿਰ ਕਿਸੇ ਦਿਨ ਗੇੜਾ ਲਾਉਣ ਲਈ ਕਿਹਾ ਤੇ ਇਹ ਵੀ ਕਿ ਜਦ ਸਾਥੀ ਹੁਰੀਂ ਸੁੱਤੇ ਨਹੀਂ ਹੁੰਦੇ, ਖ਼ੂਬ ਗੱਲਾ ਕਰਕੇ ਖੁਸ਼ ਹੁੰਦੇ ਹਨ। ਪਤਾ ਲੈਣ ਆਏ ਮਿੱਤਰਾ ਨੂੰ ਮਿਲ ਕੇ ਖਿੜ ਜਾਦੇ ਹਨ।
      ਰੇਡੀਓ ਤੇ ਟੀ ਵੀ ਰਾਹੀਂ ਲੱਖਾ ਸਰੋਤਿਆ ਦਾ ਮਨੋਰੰਜਨ ਕਰਨ ਵਾਲਾ ਹਰਮਨ-ਪਿਆਰਾ ਪ੍ਰੀਜੈਂਟਰ ਹੁਣ ਚੁੱਪ ਲੇਟਿਆ ਪਿਆ ਸੀ। ਇਹ ਮੰਜਰ ਵੇਖ ਝੱਲ ਨਹੀਂ ਸੀ ਹੋ ਰਿਹਾ। ਜਦੋਂ ਅਸੀਂ ਸਾਥੀ ਹੋਰਾ ਦੇ ਕਮਰੇ ਵੱਲ ਪਿੱਠ ਕੀਤੀ, ਮੈਨੂੰ ਸਾਥੀ ਦੇ ਖੁੱਲ੍ਹੇ ਹਾਸੇ ਦਾ ਝਉਲਾ ਪਿਆ।
      ਦਿਨ ਵੀਰਵਾਰ 10 ਜਨਵਰੀ ਨੂੰ ਕਹਾਣੀਕਾਰ ਗੁਰਪਾਲ ਸਿੰਘ ਅਤੇ ਮੈਂ ਸਾਥੀ ਹੁਰਾ ਦੀ ਖਬਰ ਲੈਣ ਲਈ ਹਸਪਤਾਲ ਗਏ। ਯਸ਼ ਜੀ ਅਤੇ ਉਹਨਾ ਦੇ ਭਰਾਤਾ ਕੌਂਸਲਰ ਮੋਹਨੇਸ਼ ਚੰਦਰ (ਕੁਕੂ) ਸਾਥੀ ਜੀ ਦੇ ਕਮਰੇ 'ਚ ਬੈਠੇ ਸਨ। ਸਾਥੀ ਹੁਰੀਂ ਪੂਰੇ ਚੇਤੰਨ ਸਨ। ਸਾਨੂੰ ਵੇਖਦਿਆ ਉਹਨਾ ਦਾ ਚਿਹਰਾ ਖਿੜ ਗਿਆ। ਉਨ੍ਹਾ ਚਾਅ ਨਾਲ ਸਾਡੇ ਨਾਲ ਆਪਣਾ ਹੱਥ ਮਿਲਾਇਆ। ਦੋ-ਚਾਰ ਮਿੰਟਾ ਦੀ ਖਾਮੋਸ਼ੀ ਬਾਅਦ ਅਸੀਂ ਆਮ ਵਾਗ ਗੱਲਾ ਕਰਨ ਲੱਗੇ। ਸਾਥੀ ਦੀ ਆਵਾਜ਼ ਵਿੱਚ ਆਮ ਵਰਗਾ ਵਹਾਅ ਸੀ। ਭਾਰ ਜ਼ਰੂਰ ਕੁਝ ਘਟਿਆ ਲੱਗਦਾ ਸੀ, ਪਰ ਉਹਦੇ ਚਿਹਰੇ 'ਤੇ ਕੈਂਸਰ ਜਿਹੀ ਗੰਭੀਰ ਰੋਗ ਦੀ ਰਤਾ ਵੀ ਝਲਕ ਨਹੀਂ ਸੀ। ਮੈਂ ਸਾਥੀ ਨੂੰ ਆਖਿਆ ਕਿ ਜੇਕਰ ਮੈਂ ਹਸਪਤਾਲੋਂ ਬਾਹਰ ਉਹਨੂੰ ਕਿਤੇ ਮਿਲਦਾ ਤਾ ਮੈਂ ਕਦੀ ਨਾ ਸੋਚਦਾ ਕਿ ਉਹ ਢਿੱਲੇ-ਮੱਠੇ ਨੇ। ਸਾਥੀ ਦਾ ਚਿਹਰਾ ਰੁੱਗ ਸਾਰੀ ਮੁਸਕਾਨ ਨਾਲ ਭਰਿਆ ਗਿਆ। ਮੈਂ ਫਿਰ ਸਾਥੀ ਹੁਰਾ ਨੂੰ ਉਹਨਾ ਦਾ ਮੇਰੇ ਨਾਲ ਕੀਤਾ ਵਾਅਦਾ ਵੀ ਯਾਦ ਦਿਲਾਇਆ ਕਿ ਉਹਨਾ ਦੇ ਮੈਨੂੰ ਫਿਰ ਟੀ ਵੀ 'ਤੇ ਬੁਲਾ ਕੇ ਬੱਚਿਆ ਨੂੰ ਮੁਤਬੰਨਾ ਬਣਾਉਣ ਤੇ ਵਿਸ਼ੇ 'ਤੇ ਗੱਲ ਕਰਨੀ ਹੈ। ਉਹਨਾ ਨੂੰ ਆਪਣਾ ਵਾਅਦਾ ਪੂਰੀ ਤਰ੍ਹਾ ਯਾਦ ਸੀ। ਅਸੀਂ ਬਰੈਕਸਿਟ, ਪਹਿਲੇ ਵਿਸ਼ਵ ਪੰਜਾਬੀ ਸਮਾਗਮ, ਸਾਥੀ ਦੇ ਤਾਜ਼ਾ ਨਾਵਲ 'ਸਾਹਿਲ', ਬੀਤੇ ਦੀਆ ਸਾਹਿਤਕ ਸਰਗਰਮੀਆ ਬਾਰੇ ਗੱਲਾ ਕਰਦੇ ਰਹੇ। ਸਾਥੀ ਹੁਰਾ ਆਪਣੇ ਭਰਾਵਾਂ/ਪਰਿਵਾਰਕ ਮੈਂਬਰਾ, ਲੁਧਿਆਣਾ ਵਿਚਲੇ ਉਹਨਾ ਦੇ ਕਾਰੋਬਾਰਾ ਅਤੇ ਆਪਣੀ ਬਰਤਾਨੀਆ ਵਿੱਚ ਕੰਮਾਕਾਰਾ ਬਾਰੇ ਲਗਾਤਾਰ ਗੱਲਾ ਕੀਤੀਆ। ਗੁਰਪਾਲ ਸਿੰਘ ਨੇ ਸਾਥੀ ਹੁਰਾ ਦੇ ਪੋਸਟ ਆਫਿਸ ਉਪਰਲੇ ਵੱਡੇ ਕਮਰੇ ਵਿੱਚ ਹੁੰਦੀਆ ਸਾਹਿਤਕ ਮਹਿਫਲਾ ਨੂੰ ਯਾਦ ਕੀਤਾ।
      ਸਾਥੀ ਹੁਰਾ ਨੂੰ ਮਿਲ ਕੇ ਅਤੇ ਉਹਨਾ ਨਾਲ ਕਈ ਸਾਰੀਆ ਗੱਲਾ ਕਰਕੇ ਮਨ ਬਹੁਤ ਖੁਸ਼ ਹੋਇਆ। ਮੈਨੂੰ ਲੱਗਾ ਕਿ ਸਾਥੀ ਹੁਰੀਂ ਤਕੜੀ ਮੁਦਰਾ 'ਚ ਨੇ। ਉਹ ਛੇਤੀ ਕੀਤੇ ਜਿਹੇ ਨਹੀਂ ਜਾਣ ਲੱਗੇ। ਉਹਨਾ ਨੂੰ ਛੇਤੀ ਹੀ ਫਿਰ ਮਿਲਣ ਆਵਾਗੇ।
        ਪਰ ਕੁਦਰਤ ਨੇ ਜੋ ਤੈਅ ਕੀਤਾ ਹੋਇਆ ਸੀ, ਉਹੀ ਹੋਇਆ। ਚਮਨ ਲਾਲ ਚਮਨ ਹੁਰਾ ਦਾ ਬੁੱਧਵਾਰ 17 ਜਨਵਰੀ ਨੂੰ ਸੁਨੇਹਾ ਆਇਆ। ਸਾਥੀ ਹੁਰੀਂ ਅੱਜ ਸਵੇਰੇ 4 ਵਜੇ ਚਲੇ ਗਏ ਨੇ।
       ਸਾਥੀ ਹੁਰੀਂ ਇੱਕ ਅਦਾਰਾ ਸਨ। ਬਰਤਾਨੀਆ ਵਿੱਚ ਪਹਿਲੇ ਪੂਰ ਦੇ ਪੰਜਾਬੀ ਸਾਹਿਤਕਾਰਾ ਵਿਚਲੇ ਮੋਹਰੀਆ 'ਚੋਂ ਸਨ। ਸੱਠਵਿਆ ਤੋਂ ਆਉਣੇ ਸ਼ੁਰੂ ਹੋਏ ਇਹਨਾ ਪੰਜਾਬੀ ਸਾਹਿਤਕ ਥੰਮ੍ਹਾ ਵਿੱਚ ਸਾਥੀ ਹੁਰਾ ਦਾ ਨਾਅ ਹਮੇਸ਼ਾ ਅਗਲੀ ਕਤਾਰ ਵਿੱਚ ਰਿਹਾ। ਉਹ 1962 ਵਿੱਚ ਬਰਤਾਨੀਆ ਆਏ ਅਤੇ ਉਹਨਾ ਦਾ ਮਸ਼ਹੂਰ ਕਾਲਮ 'ਸਮੁੰਦਰੋ ਪਾਰ' ਸਤਿਕਾਰਤ ਸਾਹਿਤਕ ਰਸਾਲੇ 'ਪ੍ਰੀਤ ਲੜੀ' ਦਾ ਦੋ ਦਹਾਕਿਆ ਤੋਂ ਵੱਧ ਸਮੇਂ ਲਈ ਸ਼ਿੰਗਾਰ ਰਿਹਾ। ਪੰਜਾਬੀ ਸਾਹਿਤ ਦਾ ਹਰ ਪਾਠਕ ਇਸ ਕਾਲਮ ਤੋਂ ਵਾਕਫ ਰਿਹਾ ਹੈ। ਫਿਰ ਇਹ ਕਾਲਮ 'ਪੰਜਾਬੀ ਟ੍ਰਿਬਿਊਨ' ਵਿੱਚ 6 ਸਾਲ ਛਪਦਾ ਰਿਹਾ। ਸਾਥੀ ਲੁਧਿਆਣਵੀ 'ਸਮੁੰਦਰੋ ਪਾਰ ਵਾਲਾ ਸਾਥੀ' ਦੇ ਤੌਰ 'ਤੇ ਸਮੁੱਚੇ ਪੰਜਾਬੀ ਸਾਹਿਤਕ ਜਗਤ ਵਿੱਚ ਜਾਣਿਆ ਜਾਣ ਲੱਗਾ।
      ਸਾਥੀ ਲੁਧਿਆਣਵੀ ਦਾ ਅਸਲੀ ਨਾਅ ਮੋਹਨ ਸਿੰਘ ਸਾਥੀ ਸੀ। ਸਾਥੀ ਹੁਰਾ ਦਾ ਜਨਮ 1 ਫਰਵਰੀ 1941 ਨੂੰ ਪਿੰਡ ਝਿੱਕੀ ਪੱਲੀ, ਜ਼ਿਲ੍ਹਾ ਜਲੰਧਰ ਵਿੱਚ ਹੋਇਆ। ਉਹਨਾ ਦੀ ਮਾਤਾ ਦਾ ਨਾਅ ਰਾਜ ਕੌਰ ਅਤੇ ਪਿਤਾ ਦਾ ਨਾਅ ਪ੍ਰੇਮ ਸਿੰਘ ਸੀ। ਇਸ ਫਰਵਰੀ 'ਚ ਉਹਨਾ ਨੇ 78 ਸਾਲਾ ਦਾ ਹੋ ਜਾਣਾ ਸੀ। ਸਾਥੀ ਤੇ ਯਸ਼ ਹੁਰਾ ਦੀ ਸ਼ਾਦੀ 1965 ਵਿੱਚ ਹੋਈ।
       ਸਾਥੀ ਹੁਰਾ ਆਪਣੇ ਪਿੱਛੇ ਆਪਣੀ ਪਤਨੀ ਯਸ਼ ਸਾਥੀ, ਬੇਟਾ ਨਵੀਨ, ਨੂੰਹ ਸ਼ਰਨਜੀਤ, ਪੋਤਰੇ ਨਿਹਾਲ ਅਤੇ ਆਕਾਸ਼ ਅਤੇ ਪੋਤਰੀ ਜਯਾ ਛੱਡ ਗਏ ਹਨ। ਉਹਨਾ ਦਾ ਦੂਜਾ ਪੁੱਤਰ ਪਰਵੀਨ ਭਰ ਜਵਾਨੀ ਵਿੱਚ ਸੰਨ 2004 ਵਿੱਚ ਕੈਂਸਰ ਦੀ ਨਾਮੁਰਾਦ ਬਿਮਾਰੀ ਨੇ ਖੋਹ ਲਿਆ ਸੀ। ਆਪਣੇ ਪਰਵਾਰ ਤੋਂ ਬਿਨਾ ਸਾਥੀ ਹੋਰੀਂ ਪੰਜਾਬੀ ਪਾਠਕਾ ਲਈ ਆਪਣੀਆ 18 ਦੇ ਕਰੀਬ ਪੁਸਤਕਾ ਛੱਡ ਗਏ ਹਨ, ਜੋ ਪੰਜਾਬੀ ਬੋਲੀ ਦੀ ਅਮੀਰੀ ਦਾ ਪਰਚਮ ਲਹਿਰਾਉਂਦੀਆ ਰਹਿਣਗੀਆ।
       ਸਾਥੀ ਹੁਰੀ ਬਰਤਾਨੀਆ ਵਿੱਚ 1962 ਵਿੱਚ ਪੜ੍ਹਾਈ ਕਰਨ ਲਈ ਆਏ ਸਨ। ਉਹਨਾ ਨੇ ਅਕਾਊਂਟੈਂਸੀ ਵਿੱਚ ਡਿਪਲੋਮਾ ਕੀਤਾ ਅਤੇ ਉਹ ਆਨਰਜ਼ ਇਨ ਪੰਜਾਬੀ ਸਨ। ਕਿੱਤਿਆ ਦੇ ਹਵਾਲੇ ਨਾਲ ਉਹਨਾ ਕੁਝ ਦੇਰ ਬ੍ਰਿਟਿਸ਼ ਏਅਰਵੇਜ਼ ਵਿੱਚ ਨੌਕਰੀ ਕੀਤੀ, ਕੁਝ ਸਾਲ ਕੇਦਰੀ ਲੰਡਨ ਦੇ ਇੱਕ ਪੋਸਟ ਆਫਿਸ ਵਿੱਚ ਸੀਨੀਅਰ ਅਧਿਕਾਰੀ ਦੇ ਤੌਰ 'ਤੇ ਕੰਮ ਕੀਤਾ, ਫਿਰ ਆਪਣੇ ਪੋਸਟ ਆਫਿਸ ਦੀ ਪੋਸਟ ਮਾਸਟਰੀ ਕੀਤੀ ਅਤੇ ਕਾਫੀ ਸਮਾ ਆਪਣਾ ਬਿਜ਼ਨੈੱਸ ਵੀ ਕੀਤਾ।
        ਸਾਥੀ ਹੁਰੀਂ ਇੱਕ ਪ੍ਰਸਿੱਧ ਲੇਖਕ, ਰੇਡੀਓ ਪ੍ਰੀਜੈਟਰ ਅਤੇ ਇੱਕ ਟੀ ਵੀ ਪ੍ਰੀਜੈਟਰ ਸਨ। ਉਹ ਬਰਤਾਨੀਆ ਦੇ ਕਈ ਇੱਕ ਰੇਡੀਓ ਸਟੇਸ਼ਨਾ ਅਤੇ ਟੀ ਵੀ ਚੈਨਲਾ ਨਾਲ ਬਾਵਸਤਾ ਰਹੇ। ਉਹ ਸਨਰਾਈਜ ਰੇਡੀਓ ਦੇ ਪੰਜਾਬੀ ਵਿਭਾਗ ਦੇ ਨਿਊਜ਼ ਐਡੀਟਰ ਕਈ ਸਾਲਾ ਤੱਕ ਰਹੇ। ਉਹ ਇੱਕ ਵਿਚਾਰ-ਵਟਾਦਰੇ ਦਾ ਪ੍ਰੋਗਰਾਮ ਵੀ ਪੇਸ਼ ਕਰਿਆ ਕਰਦੇ ਸਨ, ਜੋ ਕਿ ਭਾਰਤੀ ਅਤੇ ਪਾਕਿਸਤਾਨੀ ਸਰੋਤਿਆ ਵਿੱਚ ਬਹੁਤ ਹਰਮਨ ਪਿਆਰਾ ਸੀ। ਉਹ ਭਖਦੇ ਮਸਲਿਆ ਨੂੰ ਲੈ ਕੇ ਸਰੋਤਿਆ ਨੂੰ ਬਹਿਸਾ ਵਿੱਚ ਖਿੱਚ ਲੈਦੇ ਸਨ ਅਤੇ ਬੜੇ ਹੀ ਸੰਤੁਲਤ ਤਰੀਕੇ ਨਾਲ ਵਿਚਾਰ-ਵਟਾਦਰੇ ਦੀ ਕਮਾਨ ਸੰਭਾਲਦੇ ਸਨ।
        ਰੇਡੀਓ ਦੀ ਤਰ੍ਹਾ ਸਾਥੀ ਹੁਰਾ ਨੇ ਟੀ ਵੀ ਦੇ ਕਈ ਇੱਕ ਚੈਨਲਾ ਰਾਹੀ ਸਰੋਤਿਆ ਦਾ ਮਨੋਰੰਜਨ ਕੀਤਾ ਅਤੇ ਉਹਨਾ ਨੂੰ ਭਖਦੇ ਮਸਲਿਆ ਸੰਬੰਧੀ ਜਾਣਕਾਰੀ ਦਿੱਤੀ। ਰੇਡੀਓ ਅਤੇ ਟੀ ਵੀ ਉੱਪਰ ਭਖਦੇ ਮਸਲਿਆ ਨਾਲ ਸਫਲਤਾ ਨਾਲ ਨਜਿੱਠਣ ਲਈ ਪ੍ਰੀਜੈਟਰ ਕੋਲ ਗਿਆਨ ਅਤੇ ਕਸਬ ਹੋਣ ਦੀ ਜ਼ਰੂਰਤ ਹੁੰਦੀ ਹੈ। ਸਾਥੀ ਹੁਰਾ ਕੋਲ ਇਹ ਹੈ ਸੀ। ਯਸ਼ ਸਾਥੀ ਅਤੇ ਨਵੀਨ ਸਾਥੀ ਦਾ ਦੱਸਣਾ ਹੈ ਕਿ ਸਾਥੀ ਹੁਰੀ ਘੰਟਿਆ ਬੱਧੀ ਅਖਬਾਰ ਅਤੇ ਕਿਤਾਬਾ ਪੜ੍ਹਦੇ ਸਨ ਅਤੇ ਹੋਰ ਟੀ ਵੀ ਚੈਨਲਾ ਉੱਪਰ ਨਜ਼ਰ ਰੱਖਦੇ ਸਨ। ਮਸਲਿਆ ਬਾਰੇ ਲੈਸ ਹੋ ਕੇ ਉਹ ਸਰੋਤਿਆ ਸਾਹਮਣੇ ਪੇਸ਼ ਹੁੰਦੇ ਸਨ।
        ਸਾਥੀ ਲੁਧਿਆਣਵੀ ਦੀ ਝੋਲੀ ਵਿੱਚ ਅਨੇਕਾ ਇਨਾਮ/ਐਵਾਰਡ ਪਏ। ਇਹ ਉਹਨਾ ਦੀਆ ਸਾਹਿਤਕ ਪ੍ਰਾਪਤੀਆ, ਪ੍ਰਿੰਟ ਮੀਡੀਏ ਵਿੱਚ ਯੋਗਦਾਨ, ਰੇਡੀਓ ਅਤੇ ਟੀ ਵੀ ਪ੍ਰੀਜੈਂਟੇਸ਼ਨ ਦੇ ਕੰਮਾ ਦੇ ਸਤਿਕਾਰ ਵਿੱਚ ਮਿਲੇ। ਇਹਨਾ ਇਨਾਮਾ ਦੀ ਲਿਸਟ ਬੜੀ ਲੰਮੀ ਹੈ। ਕੁਝ ਇੱਕ ਇਨਾਮਾ ਦਾ ਵਰਨਣ ਜ਼ਰੂਰੀ ਹੈ। 29 ਅਕਤੂਬਰ 2009 ਨੂੰ ਯੂਨੀਵਰਸਿਟੀ ਆਫ ਈਸਟ ਲੰਡਨ ਨੇ ਆਨਰੇਰੀ ਡਾਕਟਰੇਟ ਦੀ ਉਪਾਧੀ ਪ੍ਰਦਾਨ ਕੀਤੀ। ਸੰਨ 1985 ਵਿੱਚ ਪੰਜਾਬ ਸਰਕਾਰ ਦੇ ਪੰਜਾਬੀ ਭਾਸ਼ਾ ਵਿਭਾਗ ਵੱਲੋਂ ਉਹਨਾ ਨੂੰ ਸਾਹਿਤ ਸ਼੍ਰੋਮਣੀ ਐਵਾਰਡ ਨਾਲ ਨਿਵਾਜਿਆ ਗਿਆ। ਬਹੁਤ ਸਾਰੇ ਇਨਾਮ ਉਹਨਾ ਨੂੰ ਦੁਨੀਆ ਭਰ ਦੇ ਵੱਖ-ਵੱਖ ਅਦਾਰਿਆ ਵੱਲੋਂ ਪ੍ਰਦਾਨ ਕੀਤੇ ਗਏ।
         ਸਾਥੀ ਹੁਰਾ ਦੀ ਪੁਸਤਕ 'ਸਮੁੰਦਰੋ ਪਾਰ' ਬਰਤਾਨੀਆ ਵਿੱਚ ਏ-ਲੈਵਲ ਦੇ ਵਿਦਿਆਰਥੀਆ ਦੇ ਸਿਲੇਬਸ ਵਿੱਚ 1994 ਤੋਂ 1996 ਤੱਕ ਲੱਗੀ ਰਹੀ। ਉਹ ਬਰਤਾਨੀਆ ਅਤੇ ਦੁਨੀਆ ਦੇ ਹੋਰ ਮੁਲਕਾ ਵਿੱਚ ਹੁੰਦੇ ਪੰਜਾਬੀ ਦੇ ਸਾਹਿਤਕ ਸਮਾਗਮਾ ਵਿੱਚ ਹੁੰਮਹੁਮਾ ਕੇ ਭਾਗ ਲੈਂਦੇ ਰਹੇ। ਸਾਹਿਤਕ ਸਭਾਵਾ ਦੇ ਅਹੁਦੇਦਾਰ ਰਹੇ, ਉਹਨਾ ਨੇ ਕਾਨਫਰੰਸਾ ਲਈ ਪਰਚੇ ਵੀ ਲਿਖੇ, ਜੋ ਹਮੇਸ਼ਾ ਚਰਚਾ ਦਾ ਸਬੱਬ ਰਹੇ। ਉਹ ਪ੍ਰਗਤੀਸ਼ੀਲ ਲਿਖਾਰੀ ਸਭਾ ਅਤੇ ਪੰਜਾਬੀ ਸਾਹਿਤ ਸੰਗਮ ਦੇ ਸਕੱਤਰ ਸਨ। ਉਹ ਪੰਜਾਬੀ ਸਾਹਿਤ ਕਲਾ ਕੇਦਰ ਯੂ ਕੇ ਦੇ ਪ੍ਰਧਾਨ ਸਨ। ਉਹ ਪੰਜਾਬੀ ਸਾਹਿਤਕ ਕਾਨਫਰੰਸਾ ਅਤੇ ਮੁਸ਼ਾਇਰਿਆ ਦਾ ਸ਼ਿੰਗਾਰ ਸਨ। ਉਹ ਲਿਖਣ ਅਤੇ ਸਾਹਿਤਕ ਸਮਾਗਮਾ ਵਿੱਚ ਭਾਗ ਲੈਣ ਦੇ ਮਾਮਲੇ ਵਿੱਚ ਰਤਾ ਵੀ ਸੁਸਤ ਨਹੀਂ ਸਨ, ਸਗੋਂ ਬੜੇ ਚਾਅ ਅਤੇ ਉਤਸ਼ਾਹ ਨਾਲ ਸਮਾਗਮਾ ਦੀ ਰੌਣਕ ਵਧਾਉਂਦੇ ਸਨ। ਕਾਬਲੇ-ਗੌਰ ਗੱਲ ਇਹ ਵੀ ਹੈ ਕਿ ਹਮੇਸ਼ਾ ਆਪਣੀ ਧਰਮ ਪਤਨੀ ਯਸ਼ ਸਾਥੀ ਨੂੰ ਹਰ ਮਹਿਫਲ ਵਿੱਚ ਆਪਣੇ ਨਾਲ ਲਿਜਾਦੇ ਸਨ। ਮੈਂ ਕਦੀ ਵੀ ਸਾਥੀ ਹੁਰਾ ਨੂੰ ਇਕੱਲਿਆ ਕਿਸੇ ਪ੍ਰੋਗਰਾਮ ਵਿੱਚ ਭਾਗ ਲੈਂਦੇ ਨਹੀ ਸੀ ਦੇਖਿਆ।
         ਸਾਥੀ ਲੁਧਿਆਣਵੀ ਦੀ ਪੰਜਾਬੀ ਸਾਹਿਤ, ਪੱਤਰਕਾਰੀ, ਰੇਡੀਓ ਤੇ ਟੀ ਵੀ ਬਰੌਡਕਾਸਟਿੰਗ ਦੇ ਖੇਤਰ ਵਿੱਚ ਦੇਣ ਨੂੰ ਨਾਪਣਾ-ਤੋਲਣਾ ਅਤੇ ਮਿਣਨਾ ਬਹੁਤ ਮੁਸ਼ਕਲ ਹੈ। ਸਾਥੀ ਹੁਰੀਂ ਜ਼ਿਆਦਾਤਰ ਗਜ਼ਲਗੋ ਦੇ ਤੌਰ 'ਤੇ ਜਾਣੇ ਜਾਦੇ ਸਨ, ਪਰ ਕਹਾਣੀ, ਨਾਵਲ ਅਤੇ ਵਾਰਤਕ ਦੇ ਖੇਤਰ ਵਿੱਚ ਉਹਨਾ ਦੀ ਦੇਣ ਲਾਸਾਨੀ ਹੈ। ਉਹ ਬਹੁਤ ਖੁੱਭ ਕੇ ਅਤੇ ਮਿਹਨਤ ਨਾਲ ਆਪਣਾ ਕੰਮ ਕਰਦੇ ਸਨ। ਪੰਜਾਬੀ ਲੇਖਕ ਜਗਤ ਵਿੱਚ ਚੱਲਦੀ ਖਹਿਬਾਜ਼ੀ ਉਹਨਾ ਦੀ ਵਰਤੋਂ/ਵਿਹਾਰ ਵਿੱਚ ਵਿਘਨ ਨਹੀਂ ਸੀ ਬਣਦੀ। ਉਹ ਵੱਖਰੇ-ਵੱਖਰੇ ਖੇਤਰਾ ਵਿੱਚ ਕੰਮ ਕਰਨ ਵਾਲੇ ਅਤੇ ਵੱਖਰੇ-ਵੱਖਰੇ ਵਿਚਾਰ ਰੱਖਣ ਵਾਲੇ ਬੰਦਿਆ ਨੂੰ ਆਪਣੇ ਪ੍ਰੋਗਰਾਮਾ ਨਾਲ ਜੋੜਦੇ ਸਨ।
        ਸਾਥੀ ਮਹਿਫਲਾ ਦੀ ਰੌਣਕ ਅਤੇ ਜਿੰਦ-ਜਾਨ ਸਨ। ਸੁਭਾਅ ਨਰਮ ਤੇ ਹੱਸਮੁੱਖ। ਹੱਸਣਾ ਤਾ ਖੂਬ ਖੁੱਲ੍ਹ ਕੇ ਭਾਵੇ ਮਹਿਫਲ ਹੋਏ ਜਾ ਭਾਵੇ ਰੇਡੀਓ/ਟੈਲੀਵੀਜ਼ਨ। ਸਾਹਿਤ ਰਚਣ ਤੇ ਪੜ੍ਹਨ ਦੇ ਖੇਤਰ ਵਿੱਚ ਉਹਨਾ ਨਿੱਠ ਕੇ ਕੰਮ ਕੀਤਾ। ਉਹਨਾ ਦਾ ਨਵਾ/ਆਖਰੀ ਨਾਵਲ 'ਸਾਹਿਲ' ਉਹਨਾ ਦੀ ਬਿਮਾਰੀ ਦੌਰਾਨ ਹੀ ਛਪ ਕੇ ਆ ਗਿਆ ਸੀ। ਇਸ ਨਾਵਲ ਦਾ ਵਿਮੋਚਨ ਕਰਨ ਦੇ ਉਤਸੁਕ ਸਨ। ਆਪਣੇ ਬੇਟੇ ਨਵੀਨ ਕੋਲ ਸਿਆਟਲ ਵਿੱਚ ਅਕਸਰ ਜਾਦੇ ਸਨ। ਲੱਗਦਾ ਸੀ ਉਹਨਾ ਦੀ ਦੂਜੀ ਰਿਹਾਇਸ਼ ਸਿਆਟਲ ਹੈ। ਉਹ ਸਿਆਟਲ ਵਿੱਚ ਇੱਕ ਰੇਡੀਓ ਸਟੇਸ਼ਨ ਕਾਇਮ ਕਰਨ ਦੇ ਪ੍ਰਾਜੈਕਟ 'ਤੇ ਵੀ ਕੰਮ ਕਰ ਰਹੇ ਸਨ।
       ਬਰਤਾਨੀਆ ਵਿੱਚ ਸੁਨਹਿਰੇ ਭਵਿੱਖ ਦੀ ਤਲਾਸ਼ ਵਿੱਚ ਆਏ ਪੰਜਾਬੀਆ ਦੀ ਜ਼ਿੰਦਗੀ ਬਾਰੇ ਇੱਕ ਪੱਖ ਇਹ ਵੀ ਹੈ ਕਿ ਬਹੁਤ ਸਾਰਿਆ ਨੇ ਬਹੁਤ ਸਾਰੇ ਪੈਸੇ ਕਮਾ ਲਏ ਹਨ। ਜ਼ਿੰਦਗੀ ਆਰਥਿਕ ਪੱਖੋਂ ਸੁਖਾਲੀ ਕਰ ਲਈ ਹੈ, ਪਰ ਬਹੁਤ ਸਾਰੇ ਆਪਣੇ ਟੱਬਰਾ/ਬੱਚਿਆ ਤੋਂ ਦੂਰ ਹੋ ਗਏ ਹਨ। ਕਈਆ ਨੇ ਆਪਣੀਆ ਔਲਾਦਾ ਖੋਹ ਲਈਆ ਹਨ। ਸਾਥੀ ਹੁਰੀਂ ਇਸ ਪੱਖੋਂ ਖੁਸ਼ਕਿਸਮਤ ਸਨ ਕਿ ਉਹਨਾ ਨੂੰ ਇੱਕ ਨਿੱਘਾ, ਕੇਅਰਿੰਗ ਅਤੇ ਮੁਹੱਬਤੀ ਪਰਵਾਰ ਮਿਲਿਆ। ਉਹਨਾ ਦੀ ਧਰਮ ਪਤਨੀ ਯਸ਼ ਨੇ ਹਮੇਸ਼ਾ ਇੱਕ ਸਹਾਈ ਹਮਸਫਰ ਦੀ ਭੂਮਿਕਾ ਨਿਭਾਈ। ਉਹਨਾ ਦਾ ਬੇਟਾ ਨਵੀਨ ਪਿਛਲੇ ਸਾਲ 11 ਵਾਰੀ ਅਮਰੀਕਾ ਤੋਂ ਆਪਣੇ ਪਿਤਾ ਨਾਲ ਸਮਾ ਬਿਤਾਉਣ ਅਤੇ ਉਹਦਾ ਪਤਾ ਸਾਰ ਲੈਣ ਲਈ ਆਇਆ। ਯਸ਼ ਸਾਥੀ ਨੇ ਸਾਥੀ ਹੁਰਾ ਦੀ ਸੰਭਾਲ ਕਰਨ ਵਿੱਚ ਕੋਈ ਕਮੀ ਨਹੀਂ ਰਹਿਣ ਦਿੱਤੀ।
       ਕਵੀ ਚਮਨ ਲਾਲ ਚਮਨ ਹੁਰਾ ਸਾਥੀ ਨੂੰ ਸ਼ਰਧਾਜਲੀ ਦਿੰਦਿਆ ਆਖਿਆ ਹੈ ਕਿ ਮੈਂ ਉਹਨਾ ਦੇ ਜਾਣ ਬਾਅਦ ਉਹਨਾ ਦੀਆ ਪ੍ਰਾਪਤੀਆ ਨੂੰ ਹੋਰ ਵੀ ਸ਼ਿੱਦਤ ਨਾਲ ਯਾਦ ਕਰ ਰਿਹਾ ਹਾ। ਸਾਥੀ ਬਹੁਤ ਕਾਹਲੀ ਕਰਨ ਵਾਲਾ ਸ਼ਖਸ ਸੀ। ਉਹ ਚਲਾ ਵੀ ਕਾਹਲੀ-ਕਾਹਲੀ 'ਚ ਹੀ ਗਿਆ ਹੈ। ਉਹ ਗਜ਼ਲ ਦਾ ਧਨੀ ਸੀ, ਪਰ ਉਸ ਦੀ ਵਾਰਤਕ ਵੀ ਮਿਕਨਾਤੀਸੀ ਸੀ। ਗੁਰਬਖਸ਼ ਸਿੰਘ ਪ੍ਰੀਤਲੜੀ ਦੇ ਮੁਤਾਬਕ ਸਾਥੀ ਦੀ ਵਾਰਤਕ ਕਥਾਰਸ ਨਾਲ ਲਬਰੇਜ ਸੀ। ਮੈਨੂੰ ਸਾਥੀ ਦਾ ਸਾਥ ਹਮੇਸ਼ਾ ਯਾਦ ਰਹੇਗਾ।
        ਸਾਥੀ ਹੁਰੀਂ ਏਸ਼ੀਆਈ ਭਾਈਚਾਰੇ ਵਿੱਚ ਕਿੰਨੇ ਹਰਮਨ ਪਿਆਰੇ ਸਨ, ਇਸ ਦਾ ਪਤਾ ਉਹਨਾ ਨੂੰ ਹਸਪਤਾਲ ਵਿੱਚ ਮਿਲਣ ਆਏ ਮਿੱਤਰ-ਪਿਆਰਿਆ ਤੇ ਪ੍ਰਸੰਸਕਾ ਦੇ ਸ਼ੁਮਾਰ ਤੋਂ ਸਹਿਜੇ ਹੀ ਲੱਗਦਾ ਸੀ। ਅਣ-ਗਿਣਤ ਸਨੇਹੀ ਸਾਥੀ ਹੁਰਾ ਦੇ ਪਰਵਾਰ ਨਾਲ ਦੁੱਖ ਸਾਝਾ ਕਰਨ ਲਈ ਉਹਨਾ ਦੇ ਰਾਏ ਸਲਿੱਪ ਵਾਲੇ ਘਰ ਵਿੱਚ ਵੀ ਪਧਾਰੇ।
       ਸਾਥੀ ਹੁਰਾ ਦੇ ਜਾਣ ਨਾਲ ਬਰਤਾਨੀਆ ਦੇ ਪੰਜਾਬੀ ਸਾਹਿਤਕ ਪਿੜ ਵਿੱਚ, ਰੇਡੀਓ ਅਤੇ ਟੀ ਵੀ ਬਰੌਡਕਾਸਟਿੰਗ ਦੀ ਦੁਨੀਆ ਵਿੱਚ ਇੱਕ ਡਾਢਾ ਖਲਾਅ ਪੈ ਗਿਆ ਹੈ, ਜੋ ਪੂਰਾ ਹੋਣਾ ਮੁਸ਼ਕਲ ਹੈ।

16 Feb. 2019