ਸ੍ਰੋਮਣੀ ਕਮੇਟੀ ਚੋਣਾਂ : ਕੀ ਹੁਣ ਕੌਂਮ ਦੀ ਬਿਗੜੀ ਸੰਵਾਰਨ ਲਈ,ਖੁਆਰ ਹੋਏ ਸਭ ਮਿਲਕੇ ਚੱਲ ਸਕਣਗੇ ? - ਬਘੇਲ ਸਿੰਘ ਧਾਲੀਵਾਲ

ਸਰੋਮਣੀ ਗੁਰਦੁਆਰਾ ਪਰਬੰਧਕ ਕਮੇਟੀ ਸਿੱਖਾਂ ਦੀ ਸਰਮੌਰ ਸੰਸਥਾ ਹੈ,ਜਿਸਨੂੰ ਸਿੱਖਾਂ ਦੀ ਪਾਰਲੀਮੈਟ ਵੀ ਕਿਹਾ ਜਾਂਦਾ ਰਿਹਾ ਹੈ,ਪਰੰਤੂ ਅੱਜ ਇਸ ਪਾਰਲੀਮੈਂਟ ਦੇ ਅਰਥ ਬਿਲਕੁਲ ਹੀ ਬਦਲ ਦਿੱਤੇ ਗਏ ਹਨ। ਹੁਣ ਇਸ ਪਾਰਲੀਮੈਂਟ ਤੇ ਕਾਬਜ ਲੋਕ ਸਿੱਖਾਂ ਦੀ ਨਹੀ ਬਲਕਿ ਸਿੱਖ ਵਿਰੋਧੀ ਤਾਕਤਾਂ ਦੀ ਨੁਮਾਇੰਦਗੀ ਕਰਦੇ ਹਨ।ਪੰਜਾਬ ਦੀ ਰਾਜ ਸੱਤਾ ਹਥਿਆਉਣ ਲਈ ਉਹ ਸਰੋਮਣੀ ਗੁਰਦੁਆਰਾ ਪਰਬੰਧਕ ਕਮੇਟੀ ਦਾ ਇਸਤੇਮਾਲ ਕਰਦੇ ਹਨ,ਭਾਵ ਕੇਂਦਰ ਦੇ ਇਸਾਰਿਆਂ ਤੇ ਸਿੱਖੀ ਸਿਧਾਂਤਾਂ ਨੂੰ ਤੋੜਿਆਂ ਮਰੋੜਿਆ ਜਾ ਰਿਹਾ ਹੈ।ਸਿੱਖੀ ਦੇ ਸ਼ਨਾਮੱਤੇ ਇਤਿਹਾਸ ਨੂੰ ਵਿਗਾੜਨ ਦੇ ਯਤਨ ਹੋ ਰਹੇ ਹਨ।ਸ਼ਹੀਦੀ ਦਿਹਾੜੇ ਅਤੇ ਗੁਰੂ ਸਹਿਬਾਨਾਂ ਦੇ ਜਨਮ ਦਿਹਾੜਿਆਂ ਨੂੰ ਰਲਗੱਡ ਕਰਕੇ ਦੁਬਿਧਾ ਪੈਦਾ ਕੀਤੀ ਜਾ ਰਹੀ ਹੈ। ਦੁਨੀਆਂ ਲਈ ਮਿਸ਼ਾਲੀ ਅਤੇ ਲਾਸਾਨੀ ਮਾਤਾ ਗੁਜਰੀ ਤੇ ਛੋਟੇ ਸਹਿਬਜਾਦਿਆਂ ਦੀ ਸ਼ਹਾਦਤ ਅਤੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਜਨਮ ਦਿਹਾੜੇ ਨੂੰ ਰਲਗੱਡ ਕਰਕੇ ਪੋਹ ਦੇ ਸ਼ਹੀਦੀ ਹਫਤੇ ਨੂੰ ਭੁਲਾਉਣ ਦੀ ਗਹਿਰੀ ਸਾਜਿਸ਼ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ।ਸ਼ਹੀਦੀ ਦਿਹਾੜਿਆਂ ਨੂੰ ਜੋੜਮੇਲਿਆਂ ਦਾ ਨਾਮ ਦੇਕੇ ਉਸ ਮੌਕੇ ਦੇ ਵਰਤਾਰੇ ਅਤੇ ਉਹਨਾਂ ਅਲੋਕਿਕ ਸ਼ਹਾਦਤਾਂ ਦੇ ਸਮੇ ਦੀ ਦਰਦਨਾਕ ਹਾਲਤ ਨੂੰ ਮਹਿਸੂਸ ਕਰਨ ਵਾਲੀ ਸਿੱਖ ਭਾਵਨਾ ਨੂੰ ਖੁਸ਼ੀਆਂ ਵਿੱਚ ਬਦਲਣ ਦੇ ਯਤਨ ਹੋ ਰਹੇ ਹਨ। ਰਹਿਤ ਮਰਯਾਦਾ ਤਾਰ ਤਾਰ ਕੀਤੀ ਜਾ ਚੁੱਕੀ ਹੈ।ਸਰੋਮਣੀ ਗੁਰਦੁਆਰਾ ਪਰਬੰਧਕ ਕਮੇਟੀ ਵੱਲੋਂ ਛਾਪੀਆਂ ਜਾਣ ਵਾਲੀਆਂ ਇਤਿਹਾਸਿਕ ਪੁਸਤਕਾਂ ਵਿੱਚ ਹੀ ਸਿੱਖ ਗੁਰੂਆਂ ਦੇ ਖਿਲਾਫ ਮੰਦੀ ਭਾਸ਼ਾ ਦਾ ਇਸਤੇਮਾਲ ਕੀਤਾ ਗਿਆ ਹੈ।ਸਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਕਮੇਟੀ ਵੱਲੋਂ ਥਾਪੇ ਤਖਤ ਸਾਹਿਬਾਨਾਂ ਦੇ ਜਥੇਦਾਰ ਸਿੱਖ ਵਿਰੋਧੀ ਤਾਕਤਾਂ ਵੱਲੋਂ ਕੀਤੇ ਜਾਂਦੇ ਯੋਜਨਾਵੱਧ ਸਿੱਖੀ ਵਿਰੋਧੀ ਸਮਾਗਮਾਂ ਦਾ ਵਿਰੋਧ ਕਰਨ ਦੀ ਬਜਾਏ,ਉਹਨਾਂ ਤੇ ਸਹੀ ਪਾਉਂਦੇ ਹਨ।ਜਿਸ ਸੰਸਥਾ ਦਾ ਮੁਢਲਾ ਕਾਰਜ ਸਿਧਾਤਾਂ ਦੀ ਰਾਖੀ ਅਤੇ ਧਰਮ ਦਾ ਪਰਚਾਰ ਪਾਸਾਰ ਕਰਨਾ ਹੈ,ਉਹ ਖੁਦ ਸਿਧਾਂਤਾਂ ਨੂੰ ਤਹਿਸ ਨਹਿਸ ਕਰਨ ਦੀ ਗੁਨਾਹਗਾਰ ਅਤੇ ਧਰਮ ਦੇ ਪਰਚਾਰ ਪਾਸਾਰ ਤੋ ਹੱਟ ਕੇ ਧਰਮ ਨੂੰ,ਕੌਂਮ ਨੂੰ ਕਮਜੋਰ ਕਰਨ ਦੇ ਕਾਰਜ ਕਰਨ ਵਿੱਚ ਮਸ਼ਰੂਫ ਹੈ।ਲਿਹਾਜਾ ਅੱਜ ਕੌਂਮ ਦਾ ਵਿਸ਼ਵਾਸ ਅਪਣੀ ਹੀ ਸਿਰਮੌਰ ਸੰਸਥਾ ਤੋ ਬਿਲਕੁਲ ਹੀ ਉੱਠ ਗਿਆ ਹੈ।ਸਿੱਖ ਇਸ ਸੰਸਥਾ ਨੂੰ ਅਪਣੀ ਨੁਮਾਇੰਦਾ ਨਹੀ ਬਲਕਿ ਇੱਕ ਸਰਕਾਰੀ ਸੰਸਥਾ ਵਜੋਂ ਦੇਖ ਰਹੇ ਹਨ,ਜਿਹੜੀ ਹਰ ਸਮੇ ਸਿੱਖੀ ਦੇ ਨੁਕਸਾਨ ਵਾਲੇ ਫੈਸਲੇ ਲਾਗੂ ਕਰਕੇ ਜੜਾਂ ਵਿੱਚ ਤੇਲ ਦੇਣ ਵਰਗੇ ਕੰਮਾਂ ਵਿੱਚ ਗਲਤਾਨ ਰਹਿੰਦੀ ਹੈ।ਅੱਜ ਲੋੜ ਹੈ ਇਸ ਸੰਸਥਾ ਤੋ ਸਿੱਖ ਵਿਰੋਧੀ ਪਰਿਵਾਰਿਕ ਗਲਬੇ ਨੂੰ ਹਟਾ ਕੇ ਸੱਚੇ ਸੁੱਚੇ ਗੁਰਸਿੱਖਾਂ ਨੂੰ ਇਸ ਦੀ ਕਮਾਂਨ ਸੰਭਾਲਣ ਦੀ ਜੁੰਮੇਵਾਰੀ ਸੌਂਪੀ ਜਾਵੇ ਤਾਂ ਕਿ ਇਸ ਸਰਬ ਉੱਚ ਸਿੱਖ ਸੰਸਥਾ ਨੂੰ ਪੁਰਾਤਨ ਸਮੇ ਵਾਲਾ ਮਾਣ ਸਨਮਾਨ ਮਿਲ ਸਕੇ ਅਤੇ ਸਿੱਖੀ ਦੇ ਪਰਚਾਰ ਪਾਸਾਰ ਵਿੱਚ ਆਈ ਖੜੋਤ ਨੂੰ ਤੋੜਿਆ ਜਾ ਸਕੇ,ਸਿੱਖੀ ਸਿਧਾਂਤਾਂ ਵਿੱਚ ਰਲਗੱਡ ਕੀਤੇ ਜਾ ਚੁੱਕੇ ਫੋਕੇ ਕਰਮਕਾਂਡਾਂ ਨੂੰ ਅਲੱਗ ਕਰਕੇ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਦੀ ਕਰਮਕਾਂਡਾਂ ਨੂੰ ਰੱਦ ਕਰਦੀ ਸਹੀ ਸੋਚ ਅਤੇ ਸਰਬੱਤ ਦੇ ਭਲੇ ਦੇ ਸੰਦੇਸ਼ ਨੂੰ ਘਰ ਘਰ ਪਹੁੰਚਾਉਣ ਦੇ ਯਤਨ ਤੇਜ ਹੋ ਸਕਣ।ਛੇਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੇ ਪੀਰੀ ਅਤੇ ਮੀਰੀ ਦੇ ਸਿਧਾਂਤ ਨੂੰ ਦ੍ਰਿੜਤਾ ਨਾਲ ਲਾਗੂ ਕਰਨ ਦੇ ਉਪਰਾਲੇ ਹੋ ਸਕਣ ਅਤੇ ਸਰਬੰਸ ਦਾਨੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਦੀ ਨਿਆਰੀ ਨਿਰਾਲੀ ਖਾਲਸਾ ਕੌਂਮ ਦੀ ਚੜਦੀ ਕਲਾ ਹੋ ਸਕੇ ਅਤੇ ਸਹੀ ਅਰਥਾਂ ਵਿੱਚ ਖਾਲਸੇ ਦੇ ਬੋਲਬਾਲੇ ਹੋਣ।ਹੁਣ ਏਥੇ ਸੁਆਲ ਉੱਠਦਾ ਹੈ ਕਿ ਇਸ ਅਧੋਗਤੀ ਚੋ ਕੱਢਣ ਦੇ ਇਹ ਸ਼ੁਭ ਕਾਰਜ ਕਰੇਗਾ ਕੌਣ? ਹਰ ਪਾਸੇ ਹਨੇਰਾ ਹੀ ਹਨੇਰਾ ਦਿਖਾਈ ਦਿੰਦਾ ਹੈ। ਆਪਣੇ ਆਪ ਨੂੰ ਪੰਥਕ ਅਖਵਾਉਣ ਵਾਲਿਆਂ ਦਾ ਕੁੱਝ ਹੋਰ ਹੀ ਸੱਚ ਸਾਹਮਣੇ ਆ ਰਿਹਾ ਹੈ।ਹਰ ਕੋਈ ਮੌਜੂਦਾ ਸਰੋਮਣੀ ਗੁਰਦੁਆਰਾ ਪਰਬੰਧਕ ਕਮੇਟੀ ਅਤੇ ਸਰੋਮਣੀ ਅਕਾਲੀ ਦਲ ਤੇ ਕਾਬਜ ਲੋਕਾਂ ਨੂੰ ਪਛਾੜ ਕੇ ਦਿੱਲੀ ਨਾਲ ਅਪਣੀ ਸਾਂਝ ਗੂੜ੍ਹੀ ਕਰਨ ਦੀ ਦੌੜ ਵਿੱਚ ਲੱਗਾ ਹੋਇਆ ਹੈ।ਬੇਹੱਦ ਹੀ ਅਫਸੋਸਨਾਕ ਅਤੇ ਕੌੜੀ ਸਚਾਈ ਇਹ ਹੈ ਕਿ ਬਹੁ ਗਿਣਤੀ ਪੰਥਕ ਅਖਵਾਉਣ ਵਾਲੇ ਸਿੱਖ ਆਗੂ ਪੰਥਕ ਏਕਤਾ ਕਰਕੇ ਸਾਂਝੀ ਲੜਾਈ ਲੜਨ ਲਈ ਆਪਣੇ ਗੁਰੂ ਤੇ ਟੇਕ ਰੱਖ ਕੇ ਚੱਲਣ ਨਾਲੋਂ ਦਿੱਲੀ ਦੇ ਥਾਪੜੇ ਨਾਲ ਸਫਲਤਾ ਲੈਣ ਵਿੱਚ ਜਿਆਦਾ ਯਕੀਨ ਕਰਨ ਲੱਗੇ ਹੋਏ ਹਨ,ਜਿਸ ਕਰਕੇ ਪੰਥਕ ਏਕਤਾ ਅਜੇ ਕਿਸੇ ਸੁਪਨੇ ਵਰਗੀ ਹੀ ਜਾਪਦੀ ਹੈ।ਸੁਆਲ ਇਹ ਵੀ ਉੱਠਦਾ ਹੈ ਕਿ ਸਮੁੱਚੀ ਸਿੱਖ ਕੌਮ ਸਮੇਤ ਪੰਥਕ ਧਿਰਾਂ ਦੇ ਆਗੂ ਇਹ ਤਾਂ ਚਾਹੁੰਦੇ ਹਨ ਕਿ ਸਰੋਮਣੀ ਗੁਰਦੁਆਰਾ ਪਰਬੰਧਕ ਕਮੇਟੀ ਦੀਆਂ ਚੋਣਾਂ ਹੋਣ,ਇਹਦੇ ਲਈ ਬਹੁਤ ਹੋ ਹੱਲਾ ਵੀ ਕੀਤਾ ਜਾ ਰਿਹਾ ਹੈ,ਪਰ ਕੀ ਇਹ ਸੁਆਲ ਦਾ ਜਵਾਬ ਮਿਲੇਗਾ ਕਿ ਇਸ ਦੀ ਦੁਹਾਈ ਪਾਉਣ ਵਾਲੇ ਲੋਕ ਦੱਸਣਗੇ ਕਿ ਇਸ ਸੰਸਥਾ ਤੋ ਕਬਜਾ ਛੁਡਵਾਉਣ ਲਈ ਕੀ ਰਣਨੀਤੀ ਤਿਆਰ ਕੀਤੀ ਗਈ ਹੈ।ਇੱਥੇ ਹਰ ਕੋਈ ਅਪਣੀ ਅਪਣੀ ਡਫਲੀ ਬਜਾਉਂਦਾ ਦਿਖਾਈ ਦਿੰਦਾ ਹੈ,ਕੋਈ ਦਿੱਲ਼ੀ ਦੀ ਮਦਦ ਨਾਲ ਇਹ ਚੋਣਾਂ ਲੜਨ ਵਿੱਚ ਜਿਆਦਾ ਯਕੀਨ ਰੱਖਦਾ ਹੈ ਤੇ ਕੋਈ ਸੂਬਾ ਸਰਕਾਰ ਤੇ ਟੇਕ ਰੱਖ ਕੇ ਚੱਲ ਰਹੇ ਹਨ,ਪਰੰਤੂ ਖਾਲਸਾ ਪੰਥ ਨੂੰ ਨਾਲ ਲੈਕੇ ਚੱਲਣ ਵਾਲੀ ਸੋਚ ਅਜੇ ਤੱਕ ਮਨਫੀ ਹੈ।ਹਰ ਕੋਈ ਦਾਅ ਲਾਉਣ ਦੇ ਚੱਕਰ ਵਿੱਚ ਰੁੱਝਿਆ ਹੋਇਆ ਦਿਖਾਈ ਦਿੰਦਾ ਹੈ।ਕਿਸੇ ਪਾਸੇ ਵੀ ਕੋਈ ਆਸ ਦੀ ਕਿਰਨ ਦਿਖਾਈ ਨਹੀ ਦਿੰਦੀ।ਪੰਥਕ ਅਖਵਾਉਣ ਵਾਲੇ ਲੋਕ ਬਰਗਾੜੀ ਮੋਰਚੇ ਵਿੱਚ ਅਪਣੀ ਪੜਤ ਗੁਆ ਚੁੱਕੇ ਹਨ।ਬੇਸ਼ੱਕ ਜੋ ਮਰਜੀ ਦਮਗਜੇ ਮਾਰਦੇ ਰਹਿਣ,ਪਰ ਸਚਾਈ ਇਹ ਹੈ ਕਿ ਲੋਕਾਂ ਵਿੱਚੋਂ ਉਹ ਆਪਣਾ ਅਧਾਰ ਅਸਲੋਂ ਹੀ ਖੋ ਬੈਠੇ ਹਨ।ਸੰਤ ਸਮਾਜ ਤੇ ਵੀ ਅਲੱਗ ਅਲੱਗ ਰਾਜਨੀਤਕ ਧਿਰਾਂ ਦੇ ਠੱਪੇ ਲੱਗੇ ਹੋਏ ਹਨ,ਕੋਈ ਬਾਦਲ ਦੀ ਵਫਾਦਾਰੀ ਪਾਲ ਰਿਹਾ ਹੈ ਤੇ ਕੋਈ ਕੈਪਟਨ ਦੇ ਕਹਿਣੇ ਵਿੱਚ ਹੈ,ਪਰੰਤੂ ਉਹ ਇਸ ਅਤਿ ਪਵਿੱਤਰ ਸਬਦ ਸੰਤ ਦੀ ਮਹਾਨਤਾ ਨੂੰ ਅਸਲੋਂ ਹੀ ਵਿਸਾਰ ਕੇ ਪਦਾਰਥ ਅਤੇ ਸੁਆਰਥ ਵਿੱਚ ਗਲਤਾਨ ਹੋ ਚੁੱਕੇ ਹਨ ਭਾਵ ਉਹ ਅਪਣੇ ਗੁਰੂ ਨਾਲ ਨਹੀ ਹਨ। ਪੰਥ ਕੌੰਮ ਦਾ ਦਰਦ ਰੱਖਣ ਵਾਲੀਆਂ ਨੌਜਵਾਨ ਜਥੇਬੰਦੀਆਂ ਵੀ ਵੱਖ ਵੱਖ ਨਾਵਾਂ ਹੇਠ ਵੱਖ ਵੱਖ ਵਿਚਰ ਰਹੀਆਂ ਹਨ,ਉਹਨਾਂ ਸਭਨਾਂ ਨੂੰ ਏਕਤਾ ਦੀ ਲੜੀ ਵਿੱਚ ਪਰੋਣ ਵਾਲੇ ਆਗੂ ਦੀ ਜਰੂਰਤ ਹੈ,ਤਾਂ ਕਿ ਹਨੇਰੇ ਰਾਹਾਂ ਵਿੱਚ ਗੁਆਚੀ  ਕੌਂਮ ਨੂੰ ਸੱਚ ਦੇ ਸੂਰਜ ਦੇ ਪਰਕਾਸ਼ ਨਾਲ ਸਹੀ ਰਸਤਾ ਦਿਖਾਇਆ ਜਾ ਸਕੇ।ਇਹਦੇ ਲਈ ਸਭ ਤੋ ਪਹਿਲਾਂ ਆਤਮ ਮੰਥਨ ਦੀ ਜਰੂਰਤ ਹੈ,ਪੰਥਕ ਅਖਵਾਉਣ ਵਾਲੇ ਸਾਰੇ ਹੀ ਧੜਿਆਂ ਦੇ ਆਗੂਆਂ ਨੂੰ ਸੁਆਰਥਾਂ ਪਦਾਰਥਾਂ ਦੇ ਲੋਭ ਨੂੰ ਤਿਆਗਣਾ ਹੋਵੇਗਾ।ਚੌਧਰ ਭੁੱਖ ਦੀ ਲਾਲਸਾ ਛੱਡ ਕੇ ਤਿਆਗ ਦੀ ਭਾਵਨਾ ਪੈਦਾ ਕਰਨੀ ਪਵੇਗੀ,ਗੁਰੂ ਦੇ ਭੈਅ ਵਿੱਚ ਰਹਿਣ ਦੀ ਜਾਚ ਸਿੱਖਣੀ ਹੋਵੇਗੀ,ਸਭ ਨੂੰ ਨਾਲ ਲੈਕੇ ਚੱਲਣ ਦੀ ਜਾਚ ਸਿੱਖਣੀ ਹੋਵੇਗੀ,ਹਾਉਮੈ ਨੂੰ ਮਾਰਨਾ ਹੋਵੇਗਾ, ਇਮਾਨਦਾਰੀ ਦਾ ਪੱਲਾ ਘੁੱਟ ਕੇ ਫੜਨਾ ਹੋਵੇਗਾ,ਫਿਰ ਕੌਂਮ ਦਾ ਭਰੋਸ਼ਾ ਹਾਸਲ ਹੋਵੇਗਾ ਅਤੇ ਫਿਰ ਕੋਈ ਵੀ ਤਾਕਤ ਪੰਥ ਦੀ ਫਤਹਿ ਨੂੰ ਰੋਕ ਨਹੀ ਸਕੇਗੀ।ਹਾਲਾਤਾਂ ਦੇ ਮੱਦੇਨਜ਼ਰ ਕਿਹਾ ਜਾ ਸਕਦਾ ਹੈ ਕਿ ਸਰੋਮਣੀ ਗੁਰਦੁਆਰਾ ਪਰਬੰਧਕ ਕਮੇਟੀ ਦੀਆਂ ਚੋਣਾਂ ਹੋ ਸਕਦੀਆਂ ਹਨ।ਪੰਜਾਬ ਸਰਕਾਰ ਵੱਲੋਂ ਵਿਧਾਨ ਸਭਾ ਵਿੱਚ ਪਾਸ ਕੀਤਾ ਗਿਆ ਮਤਾ ਇਹ ਦਰਸਾਉਂਦਾ ਹੈ ਕਿ ਕਿਤੇ ਨਾ ਕਿਤੇ ਕੇਂਦਰ ਨੇ ਸਰੋਮਣੀ ਕਮੇਟੀ ਚੋਣਾਂ ਸਬੰਧੀ ਸੂਬਾ ਸਰਕਾਰ ਨੂੰ ਕੋਈ ਹੁੰਗਾਰਾ ਦਿੱਤਾ ਹੈ।ਇਹ ਚੋਣਾਂ ਕਿਸੇ ਪਾਰਟੀ ਵਿਸ਼ੇਸ ਦੇ ਨਾਮ ਹੇਠਾਂ ਜਾਂ ਕਿਸੇ ਰਾਜਨੀਤਕ ਧਿਰ ਦੀ ਪਰਛਾਈ ਹੇਠਾਂ ਨਹੀ ਬਲਕਿ ਬਤੌਰ ਸਿੱਖ ਲੜਨੀਆਂ ਚਾਹੀਦੀਆਂ ਹਨ।ਇਹ ਚੋਣਾਂ ਵਿੱਚ ਅਕਾਲੀ ਆਗੂਆਂ ਵੱਲੋਂ ਕਾਂਗਰਸੀ ਹੋਣ ਦਾ ਠੱਪਾ ਲਾਕੇ ਲੋਕਾਂ ਨੂੰ ਗੁਮਰਾਹ ਕਰਨ ਦੀ ਚਾਲ ਨੂੰ ਵੀ ਸਮਝਣਾ ਪਵੇਗਾ ਅਤੇ ਇਹ ਗੱਲ ਦ੍ਰਿੜਤਾ ਨਾਲ ਲੋਕਾਂ ਵਿੱਚ ਰੱਖਣੀ ਪਵੇਗੀ ਕਿ ਸਿੱਖ ਭਾਵੇਂ ਕਿਸੇ ਵੀ ਰਾਜਨੀਤਕ ਪਾਰਟੀ ਵਿੱਚ ਹੋਵੇ,ਉਹ ਪਹਿਲਾਂ ਸਿੱਖ ਹੈ,ਇਸ ਲਈ ਇਹ ਕਾਂਗਰਸੀ ਅਕਾਲੀ ਵਾਲੀ ਰਟ ਨੂੰ ਤੋੜਕੇ ਨਿਰੋਲ ਸਿੱਖ ਭਾਵਨਾ ਪੈਦਾ ਕਰਨ ਦੀ ਜਰੂਰਤ ਹੈ।ਜਿਸ ਤਰਾਂ ਪਿਛਲੇ ਸਮੇ ਵਿੱਚ ਹੋਏ ਸਰਬੱਤ ਖਾਲਸਾ ਮੌਕੇ ਜਾਂ ਤਾਂ ਵੱਡੇ ਕਾਂਗਰਸੀ ਆਪਣੀ ਕੇਂਦਰੀ ਆਹਲਾਕਮਾਂਨ ਦੀ ਘੁਰਕੀ ਦੇ ਡਰੋਂ ਸ਼ਾਮਿਲ ਹੀ ਨਹੀ ਸਨ ਹੋਏ,ਜਿਹੜੇ ਹੋਏ,ਉਹਨਾਂ ਨੂੰ ਅਕਾਲੀਆਂ ਨੇ ਇਹ ਕਹਿ ਕੇ ਬਦਨਾਮ ਕਰਨ ਦੀ ਕੋਸ਼ਿਸ ਕੀਤੀ ਕਿ ਕਾਂਗਰਸੀਆਂ ਦਾ ਸਰਬੱਤ ਖਾਲਸਾ ਵਿੱਚ ਕੀ ਕੰਮ? ਸਾਡੇ ਪੰਥਕ ਜਾਂ ਧਾਰਮਿਕ ਆਗੂ ਆਮ ਲੋਕਾਂ ਦਾ ਇਹ ਭੁਲੇਖਾ ਵੀ ਦੂਰ ਨਹੀ ਕਰ ਸਕੇ ਕਿ ਸਰਬੱਤ ਖਾਲਸਾ ਵਿੱਚ ਸ਼ਾਮਿਲ ਹੋਣਾ ਹਰ ਸਿੱਖ ਦਾ ਫਰਜ ਹੈ ਭਾਵੇ ਉਹ ਰਾਜਨੀਤਕ ਤੌਰ ਤੇ ਕਿਸੇ ਵੀ ਪਾਰਟੀ ਦਾ ਹਿੱਸਾ ਹੋਵੇ।ਏਸੇ ਤਰਾਂ ਹੀ ਸਰੋਮਣੀ ਗੁਰਦੁਆਰਾ ਪਰਬੰਧਕ ਕਮੇਟੀ ਦੀਆਂ ਚੋਣਾਂ ਵਿੱਚ ਇਹ ਚੇਤਨਾ ਪੈਦਾ ਕਰਨ ਦੀ ਲੋੜ ਹੈ ਕਿ ਇਹਨਾਂ ਚੋਣਾਂ ਵਿੱਚ ਭਾਗ ਲੈਣ ਵਾਲੇ ਲੋਕ ਸਿਆਸੀ ਖੇਡਾਂ ਨਾ ਖੇਡਣ ਬਲਕਿ ਗੁਰੂ ਨੂੰ ਹਾਜਰ ਨਾਜਰ ਸਮਝਕੇ ਬਤੌਰ ਸਿੱਖ ਉਹ ਇਹਨਾਂ ਚੋਣਾਂ ਵਿੱਚ ਭਾਗ ਲੈਣ ਤਾਂ ਕਿ ਸਿੱਖ ਰਹਿਤ ਮਰਿਯਾਦਾ ਅਤੇ ਸਿੱਖੀ ਸਿਧਾਂਤਾਂ ਦੀ ਰਾਖੀ ਕੀਤੀ ਜਾ ਸਕੇ।ਜਿੰਨੀ ਦੇਰ ਇਹ ਦੁਬਿਧਾ ਦੂਰ ਨਹੀ ਕੀਤੀ ਜਾਂਦੀ,ਓਨੀ ਦੇਰ ਇਹ ਭੰਬਲਭੂਸਾ ਕੌਮ ਦਾ ਨੁਕਸਾਨ ਕਰਦਾ ਰਹੇਗਾ।ਗੁਰਦੁਆਰਾ ਪਰਬੰਧਾਂ ਵਿੱਚ ਸੁਧਾਰ ਕਰਨ ਲਈ ਇਹ ਬੇਹੱਦ ਜਰੂਰੀ ਹੈ ਕਿ ਗੁਰਦੁਅਰਾ ਪਰਬੰਧ ਸੁਹਿਰਦ ਸਿੱਖਾਂ ਦੇ ਹੱਥਾਂ ਵਿੱਚ ਹੋਵੇ,ਇਸ ਲਈ ਉਪਰੋਕਤ ਖਾਮੀਆਂ ਨੂੰ ਵਿਚਾਰ ਕੇ ਹੀ ਅੱਗੇ ਵਧਿਆ ਜਾ ਸਕਦਾ ਹੈ।ਆਸ ਕਰਨੀ ਬਣਦੀ ਹੈ ਕਿ ਸਿੱਖ ਦੀ ਅਰਦਾਸ ਮਨਜੂਰ ਹੋਵੇਗੀ,ਬੀਤੇ ਤੋ ਸਬਕ ਲੈਕੇ ਖੁਆਰ ਹੋਏ ਸਭ ਮਿਲਣਗੇ ਤੇ ਇਕੱਠੇ ਹੋਕੇ ਗੁਰੂ ਦੀ ਮੱਤ ਅਨੁਸਾਰ ਅੱਗੇ ਵਧਣਗੇ, ਫਿਰ ਕੌਂਮ ਦਾ ਭਵਿੱਖ ਉਜਲਾ ਹੋਵੇਗਾ।

ਬਘੇਲ ਸਿੰਘ ਧਾਲੀਵਾਲ
99142-58142

17 Feb. 2019