ਪੁਲਵਾਮਾ ਦਹਿਸਤਗਰਦੀ ਹਮਲਾ : ਬੇਕਸੂਰ ਕਸ਼ਮੀਰੀ ਲੋਕਾਂ ਦੀ ਬਰਬਾਦੀ ਦੀ ਸ਼ਰਤ ਤੇ ਅਜਿਹੇ ਹਮਲਿਆਂ ਨੂੰ ਰੋਕਣ ਦੀ ਸੋਚ ਦੇਸ਼ ਦੀ ਅਖੰਡਤਾ ਲਈ ਘਾਟੇਬੰਦ ਹੋਵੇਗੀ - ਬਘੇਲ ਸਿੰਘ ਧਾਲੀਵਾਲ

ਪਿਛਲੇ ਦਿਨੀ ਕਸ਼ਮੀਰ ਦੇ ਪੁਲਵਾਮਾ ਜਿਲੇ ਵਿੱਚ ਵਾਪਰੀ ਬੇਹੱਦ ਹੀ ਦਰਦਨਾਕ ਘਠਨਾ ਦੀ ਜਿੰਨੀ ਵੀ ਨਿੰਦਾ ਕੀਤੀ ਜਾਵੇ ਘੱਟ ਹੋਵੇਗੀ,ਪਰੰਤੂ ਉਹਦੇ ਉੱਤੇ ਹੋ ਰਹੀ ਸਿਅਸਤ ਦੀ ਜਿੰਨੀ ਨਿੰਦਾ ਕੀਤੀ ਜਾਵੇ ਉਹ ਵੀ ਘੱਟ ਹੈ। ਬਿਨਾ ਸ਼ੱਕ ਕੱਟੜਵਾਦ ਨਾ ਕਿਸੇ ਮਸਲੇ ਦਾ ਹੱਲ ਹੈ,ਨਾ ਕਿਸੇ ਦੇਸ਼ ਵਾਸਤੇ ਫਾਇਦੇਮੰਦ ਹੈ ਅਤੇ ਨਾ ਕਿਸੇ ਕੌਮ ਵਾਸਤੇ ਲਾਹੇਮੰਦ ਹੋ ਸਕਦਾ ਹੈ।ਇਹ ਸੱਚ ਹੈ ਕਿ ਕੱਟੜਵਾਦ ਕਿਸੇ ਵੀ ਕੌਮ ਨੂੰ ਅਜਾਦੀ ਨਾਲ ਜਿਉਣ ਦੀ ਇਜਾਜ਼ਤ ਨਹੀ ਦਿੰਦਾ।ਇਹਦੇ ਵਿੱਚ ਕੋਈ ਸ਼ੱਕ ਜਾਂ ਝੂਠ ਨਹੀ ਕਿ ਜੇਕਰ ਕੱਟੜਵਾਦ ਪਾਕਿਸਤਾਨ,ਅਫਗਾਨਸਿਤਾਨ ਸਮੇਤ ਅਰਬ ਮੁਲਕਾਂ ਵਿੱਚ ਜੋਰਾਂ ਤੇ ਹੈ ਤਾਂ ਉਹ ਹੀ ਕੱਟੜਵਾਦ ਭਾਰਤ ਵਿੱਚ ਵੀ ਜੋਰਾਂ ਤੇ ਹੈ,ਉਹ ਵੱਖਰੀ ਗੱਲ ਹੈ ਕਿ ਓਥੇ ਇਸਲਾਮਿਕ ਕੱਟੜਵਾਦ ਦਾ ਬੋਲਬਾਲਾ ਹੈ ਤੇ ਇੱਥੇ ਭਗਵਾਸ਼ਾਹੀ ਕੱਟੜਵਾਦ ਦਾ ਕਹਿਰ ਹੈ।ਪਿਛਲੇ 71 ਸਾਲਾਂ ਤੋ ਲੈ ਕੇ ਚੱਲ ਰਹੀ ਕਸ਼ਮੀਰ ਦੇ ਮੁੱਦੇ ਤੇ ਸਿਆਸਤ ਨੂੰ ਸਮਝਣ ਦੀ ਲੋੜ ਹੈ। ਮੈ ਪੁਲਵਾਮਾ ਹਮਲੇ ਤੋ ਬਾਅਦ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦੀ ਇੱਕ ਵੀਡੀਓ ਦੇਖੀ ਸੁਣੀ ਹੈ,ਜਿਸ ਵਿੱਚ ਉਹਨਾਂ ਨੇ ਬੜੀਆਂ ਵਧੀਆਂ ਗੱਲਾਂ ਕੀਤੀਆਂ ਹਨ।ਮੈ ਇੱਥੇ ਇੱਕ ਹੋਰ ਗੱਲ ਸਾਫ ਕਰ ਦੇਵਾਂ ਕਿ ਮੈ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦੇ ਪਰਚਾਰ ਦੇ ਤੌਰ ਤਰੀਕਿਆਂ ਨਾਲ ਸਹਿਮਤ ਨਹੀ ਹਾਂ।ਮੈ ਉਹਦੇ ਵੱਲੋਂ ਕੀਤੀਆਂ ਜਾਂਦੀਆਂ ਵਿਵਾਦਿਤ ਗੱਲਾਂ ਦਾ ਵਿਰੋਧੀ ਵੀ ਹਾਂ,ਪਰ ਇਸ ਦੇ ਬਾਵਜੂਦ ਵੀ ਜੋ ਗੱਲ ਸਹੀ ਹੈ ਉਸ ਨੂੰ ਸਹੀ ਕਹਿਣਾ ਵੀ ਅਪਣਾ ਫਰਜ ਸਮਝਦਾ ਹਾਂ। ਉਹਨਾਂ ਨੇ ਵੀਡੀਓ ਵਿੱਚ ਕਿਹਾ ਹੈ ਕਿ ਜੇਕਰ ਭਾਰਤ ਅਤੇ ਪਾਕਿਸਤਾਨ ਦੇ ਸਾਰੇ ਹੀ ਰਾਜਨੀਤਕ ਲੋਕਾਂ ਤੇ ਇਹ ਸ਼ਰਤ ਲਾਗੂ ਹੋ ਜਾਵੇ ਕਿ ਹਰ ਰਾਜਨੀਤਕ ਵਿਅਕਤੀ ਨੂੰ ਆਪਣੇ ਪਰਿਵਾਰ ਚੋ ਘੱਟੋ ਘੱਟ ਇੱਕ ਵਿਅਕਤੀ ਫੌਜ ਵਿੱਚ ਭਰਤੀ ਕਰਵਾਉਣਾ ਜਰੂਰੀ ਹੈ,ਅਤੇ ਉਹ ਸਾਰੇ ਹੀ ਰਾਜਨੀਤਕ ਲੋਕਾਂ ਦੇ ਪਰਿਵਾਰਾਂ ਚੋ ਫੌਜੀ ਬਣੇ ਜਵਾਨ ਬਾਰਡਰਾਂ ਤੇ ਆਪੋ ਆਪਣੇ ਮੁਲਕ ਦੀ ਰਾਖੀ ਕਰਨਗੇ,ਤਾਂ ਕਦੇ ਵੀ ਅਜਿਹੀ ਅਣਹੋਣੀ ਘਟਨਾ ਨਹੀ ਵਾਪਰੇਗੀ।ਭਾਈ ਰਣਜੀਤ ਸਿੰਘ ਦੀਆਂ ਕਹੀਅਆ ਇਹ ਗੱਲਾਂ ਨੂੰ ਗੰਭੀਰਤਾ ਨਾਲ ਸਮਝਣ ਦੀ ਲੋੜ ਹੈ। ਉਹਨਾਂ ਦੁਆਰਾ ਬੋਲੇ ਗਏ ਸਬਦਾਂ ਦੇ ਪਿੱਛੇ ਛੁਪੀ ਗਹਿਰਾਈ ਨੂੰ ਸਮਝਣ ਦੀ ਲੋੜ ਹੈ। ਬੁੱਧੀਜੀਵੀ ਲੋਕ ਇਹ ਹੀ ਗੱਲਾਂ ਬੜੇ ਲੰਮੇ ਸਮੇ ਤੋ ਕਹਿੰਦੇ  ਆ ਰਹੇ ਹਨ।ਅਜਿਹੀ ਘਟਨਾ ਤੋ ਬਾਅਦ ਕਿਸੇ ਤੇ ਬਗੈਰ ਮਤਲਬ ਦੀ ਦੂਸ਼ਣਵਾਜੀ ਸਿਰਫ ਤੇ ਸਿਰਫ ਹੀ ਕਰ ਸਕਦੀ ਹੈ,ਜਦੋ ਕਿ ਹਮਦਰਦੀ ਤਾਂ ਆਮ ਲੋਕ ਹੀ ਕਰਦੇ ਹਨ,ਕਿਉਕਿ ਮਰਨ ਵਾਲੇ ਹਮੇਸਾਂ ਆਮ ਲੋਕਾਂ ਵਿੱਚੋਂ ਹੁੰਦੇ ਹਨ।ਕਦੇ ਵੀ ਕਿਸੇ ਸਿਆਸਤਦਾਨ ਦਾ ਪੁੱਤ ਸਰਹੱਦਾਂ ਦੀ ਰਾਖੀ ਕਰਦਿਆਂ ਨਹੀ ਮਰਿਆ ਹੈ ਅਤੇ ਨਾ ਹੀ ਮਰੇਗਾ,ਕਿਉਕਿ ਸਰਹੱਦਾਂ ਤੇ ਮਰਨ ਲਈ ਦੇਸ਼ ਦੇ ਮਜਬੂਰ,ਗਰੀਬ ਅਤੇ ਭੋਲੇ ਭਾਲੇ ਉਹਨਾਂ ਲੋਕਾਂ ਦੀ ਅਬਾਦੀ ਬਹੁਤ ਹੈ,ਜਿਹੜੇ ਪਰਿਵਾਰ ਦਾ ਤਿੰਨ ਵੇਲੇ ਢਿੱਡ ਭਰਨ ਲਈ ਆਪਣੇ ਜਿਗਰ ਦੇ ਟੁਕੜਿਆਂ ਨੂੰ ਫੌਜ ਵਿੱਚ ਭਰਤੀ ਕਰਵਾਉਣ ਲਈ ਵੀ ਪਤਾ ਨਹੀ ਕੀ ਕੀ ਪਾਪੜ ਵੇਲਦੇ ਹਨ। ਇਹ ਕਾਰਾ ਕੀਹਨੇ ਕੀਤਾ,ਇਹ ਤਾਂ ਪਤਾ ਨਹੀ,ਪਰ ਇਹ ਜਰੂਰ ਕਿਹਾ ਜਾ ਸਕਦਾ ਹੈ ਕਿ ਜਿਸਤਰਾਂ ਇਹ ਸੰਵੇਦਨਸ਼ੀਲ ਮੁੱਦੇ ਤੇ ਸਿਆਸਤ ਹੋ ਰਹੀ ਹੈ,ਉਹ ਬੇਹੱਦ ਹੀ ਸ਼ਰਮਨਾਕ ਅਤੇ ਚਿੰਤਾਜਨਕ ਹੈ। ਦੇਸ਼ ਦੀ ਜਨਤਾ ਨੂੰ ਇੱਕ ਫਿਰਕੇ ਦੇ ਖਿਲਾਫ ਭੜਕਾਇਆ ਜਾ ਰਿਹਾ ਹੈ। ਅੱਗਾਂ ਲੱਗ ਰਹੀਆਂ ਹਨ,ਕਸ਼ਮੀਰੀ ਲੋਕਾਂ ਦਾ ਜੋ ਹਸ਼ਰ ਅਜਿਹੀ ਘਟਨਾ ਤੋਂ ਬਾਅਦ ਹੁੰਦਾ ਹੈ,ਉਹ ਦਾ ਰੱਬ ਹੀ ਰਾਖਾ। ਨਾਂ ਕਸ਼ਮੀਰੀ ਲੋਕਾਂ ਦਾ ਘਾਣ ਕਰਕੇ ਕਿਸੇ ਅਜਿਹੀ ਘਟਨਾ ਦਾ ਬਦਲਾ ਲਿਆ ਜਾ ਸਕਦਾ ਹੈ ਅਤੇ ਨਾ ਹੀ ਪਾਕਿਸਤਾਨ ਤੇ ਹਮਲਾ ਕਰਕੇ ਉਥੋਂ ਦੇ ਆਮ ਲੋਕਾਂ ਦਾ ਘਾਣ ਕਰਕੇ ਸਾਡੇ ਇਹ ਜੁਆਨ ਵਾਪਸ ਆ ਸਕਦੇ ਹਨ।ਅਜਿਹਾ। ਵਰਤਾਰਾ ਜਿੱਥੇ ਫਿਰਕੂ ਨਫਰਤ ਨੂੰ ਬਲ ਦਿੰਦਾ ਹੈ ਓਥੇ  ਜਮੂ ਕਸ਼ਮੀਰ ਅਤੇ ਪੰਜਾਬ ਨੂੰ ਜੰਗ ਦਾ ਅਖਾੜਾ ਬਨਾਉਣ ਦੇ ਮਨਸੂਬਿਆਂ ਨੂੰ ਉਜਾਗਰ ਕਰਦਾ ਹੈ।ਇਹਦੇ ਵਿੱਚ ਕੋਈ ਸ਼ੱਕ ਨਹੀ ਕਿ ਜੇਕਰ ਭਾਰਤ ਅਤੇ ਪਾਕਿਸਤਾਨ ਦੀ ਲੜਾਈ ਲਗਦੀ ਹੈ ਤਾਂ ਸਭ ਤੋ ਵੱਧ ਨੁਕਸਾਨ ਪੰਜਾਬ ਦਾ ਹੀ ਹੋਣਾ ਹੈ ਅਤੇ ਸਰਹੱਦ ਤੇ ਲੜਨ ਵਾਲੇ ਵੀ ਸਿੱਖ ਨੋਜੁਆਨ ਹੀ ਹੋਣਗੇ,ਇਸ ਲਈ ਆਮ ਲੋਕਾਂ ਨੂੰ ਰਾਜਨੀਤਕਾਂ ਦੀਆਂ ਅਜਿਹੀਆਂ ਫਿਰਕੂ ਅਤੇ ਮਾਰੂ ਸਾਜਿਸ਼ਾਂ ਦਾ ਹਿੱਸਾ ਨਹੀ ਬਨਣਾ ਚਾਹੀਦਾ। ਇਸ ਦਹਿਸਤਗਰਦੀ ਹਮਲੇ ਤੋਂ ਬਾਅਦ ਕੱਲ ਮੋਦੀ ਵੱਲੋੰ ਇੱਕ ਸਿੱਖ ਜਰਨੈਲ ਰਣਵੀਰ ਸਿੰਘ ਨੂੰ ਦਿੱਤੇ ਗਏ ਥਾਪੜੇ ਤੋ ਬਾਅਦ ਜੋ ਬਿਆਨ ਆਇਆ ਹੈ,ਉਹਦੀ ਭਾਵਨਾ ਨੂੰ ਸਮਝਣ ਦੀ ਬੇਹੱਦ ਤੇ ਫੌਰੀ ਲੋੜ ਹੈ। ਮੋਦੀ ਸਰਕਾਰ ਭਾਰਤ ਪਾਿਕ ਜੰਗ ਕਰਵਾਕੇ ਇੱਕ ਤੀਰ ਨਾਲ ਦੋ ਨਿਸ਼ਾਨੇ ਫੁੰਡਣਾ ਚਾਹੁੰਦੀ ਹੈ,ਇੱਕ ਤਾਂ ਇਹ ਕਿ ਉਹ ਆਪਣੀਆਂ ਖੁਫੀਆ ਏਜੰਸੀਆਂ ਦੀ ਨਲਾਇਕੀ ਨੂੰ ਛੁਪਾਉਣਾ ਚਾਹੁੰਦੇ ਹਨ,ਦੂਜਾ ਉਹ ਬਹੁਤ ਜਲਦੀ ਆ ਰਹੀਆਂ ਲੋਕ ਸਭਾ ਚੋਣਾਂ ਵਿੱਚ ਦੇਸ਼ ਦੀ ਬਹੁ ਗਿਣਤੀ ਹਿੰਦੂ ਵੋਟ ਦਾ ਲਾਹਾ ਲੈਣ ਦੀ ਸਫਲ ਚਾਲ ਚੱਲਣੀ ਚਾਹੁੰਦੇ ਹਨ ਤਾਂ ਕਿ ਅਧਾਰ ਖੋ ਬੈਠੀ ਭਾਰਤੀ ਜਨਤਾ ਪਾਰਟੀ ਮੁੜ ਕੇਂਦਰ ਤੇ ਕਾਬਜ ਹੋ ਸਕੇ। ਇਹ ਸੂਝਵਾਨ ਲੋਕ ਅਤੇ ਸੁਹਿਰਦ ਬੁੱਧੀਜੀਵੀ ਪਹਿਲਾਂ ਤੋ ਹੀ ਸ਼ੱਕ ਜਾਹਰ ਕਰ ਰਹੇ ਸਨ ਕਿ ਭਾਜਪਾ ਵੋਟਾਂ ਖਾਤਰ ਕੋਈ ਵੀ ਖਤਰਨਾਕ ਪੱਤਾ ਖੇਡਣ ਤੋ ਗੁਰੇਜ ਨਹੀ ਕਰੇਗੀ,ਇਸ ਲਈ ਦੇਸ਼ ਦੀ ਜਨਤਾ ਨੂੰ ਚੌਕਸ ਰਹਿਣਾ ਚਾਹੀਦਾ ਹੈ,ਪਰੰਤੂ ਭਾਜਪਾ ਜਿਸ ਤਰਾਂ ਦੇ ਖਤਰਨਾਕ ਪੱਤੇ ਖੇਡਣ ਦੇ ਰੌਅ ਵਿੱਚ ਹੈ ਉਹਨਾਂ ਨੂੰ ਚਿੱਤ ਕਰਨ ਦੀ ਤਾਕਤ ਸਾਇਦ ਕਿਸੇ ਕੋਲ ਨਹੀ ਹੈ।ਅਗਲੀ ਗੱਲ ਇਹ ਹੈ ਕਿ ਜਿੱਥੇ ਸਿਆਸੀ ਲੋਕ ਇਸ ਬੇਹੱਦ ਹੀ ਅਸਹਿ ਘਟਨਾ ਤੇ ਸਿਆਸਤ ਕਰ ਰਹੇ ਹਨ,ਓਥੇ ਭਾਰਤੀ ਮੀਡੀਆ ਵੀ ਕਿਸੇ ਰਾਜਨੀਤਕ ਵਿਅਕਤੀ ਦੇ ਚੰਗੇ ਬਿਆਨ ਨੂੰ ਐਨਾ ਤੋੜ ਮਰੋੜ ਕੇ ਪੇਸ਼ ਕਰਦਾ ਹੈ ਕਿ ਚੰਗੀ ਭਾਵਨਾ ਨੂੰ ਵੀ ਖਲਨਾਇਕ ਬਣਾ ਦਿੱਤਾ ਜਾਂਦਾ ਹੈ।ਅਜਿਹਾ ਹੀ ਵਰਤਾਰਾ ਭਾਰਤੀ ਮੀਡੀਏ ਦਾ ਪੰਜਾਬ ਦੇ ਕੈਬਿਨੇਟ ਮੰਤਰੀ ਸ੍ਰ ਨਵਜੋਤ ਸਿੰਘ ਸਿੱਧੂ ਨਾਲ ਵੀ ਸਾਹਮਣੇ ਆਇਆ ਹੈ,ਜਿਸ ਦੇ ਸਹੀ ਅਤੇ ਢੁਕਵੇਂ ਬਿਆਨ ਨੂੰ ਵੀ ਇਸ ਤਰੀਕੇ ਨਾਲ ਪੇਸ਼ ਕੀਤਾ ਗਿਆ,ਜਿਸ ਤੇ ਬਿਕਰਮਜੀਤ ਸਿੰਘ ਮਜੀਠੀਏ ਵਰਗਿਆਂ ਨੂੰ ਵੀ ਸਿਆਸਤ ਕਰਨ ਦਾ ਮੌਕਾ ਮਿਲ ਗਿਆ। ਉਹ ਬਗੈਰ ਮਤਲਬ ਤੋ ਸਿਰਫ ਤੇ ਸਿਰਫ ਭਾਜਪਾ ਨੂੰ ਖੁਸ਼ ਕਰਨ ਲਈ ਕਾਂਗਰਸ ਹਾਈਕਮਾਂਡ ਤੋ ਸਿੱਧੂ ਦੀ ਬਰਖਾਸਤਗੀ ਦੀ ਮੰਗ ਕਰੀ ਜਾ ਰਹੇ ਹਨ।ਅਜਿਹੇ ਮੌਕੇ ਅਜਿਹੀ ਬਿਆਨਵਾਜੀ ਜਿੱਥੇ ਉਹਨਾਂ ਮਾਰੇ ਗਏ ਜੁਆਨਾਂ ਦੇ ਪਰਿਵਾਰਾਂ ਨਾਲ ਕੋਝਾ ਮਜਾਕ ਹੈ,ਓਥੇ ਦੇਸ਼ ਨੂੰ ਫਿਰਕੂ ਭਾਂਬੜ ਵਿੱਚ ਸੁਟਣ ਦੀ ਮਹਾਂ ਗਲਤੀ ਵੀ ਹੋ ਸਕਦੀ ਹੈ।ਸੋ ਅਜਿਹੀਆਂ ਘਟਨਾਵਾਂ ਭਵਿੱਖ ਵਿੱਚ ਨਾ ਵਾਪਰਨ,ਇਹਦੇ ਲਈ ਯੋਗ ਕਦਮ ਪੁੱਟੇ ਜਾਣ ਦੀ ਲੋੜ ਹੈ,ਪਰੰਤੂ ਬੇਕਸੂਰ ਕਸ਼ਮੀਰੀ ਲੋਕਾਂ ਦੀ ਬਰਬਾਦੀ ਦੀ ਸ਼ਰਤ ਤੇ ਅਜਿਹੀਆਂ ਘਟਨਾਵਾਂ ਨੂੰ ਠੱਲ੍ਹ ਪਾਉਣ ਦੀ ਸੋਚ ਸਮੁੱਚੇ ਦੇਸ਼ ਦੀ ਅਖੰਡਤਾ ਲਈ ਖਤਰਨਾਕ ਸਾਬਤ ਹੋਵੇਗੀ।

ਬਘੇਲ ਸਿੰਘ ਧਾਲੀਵਾਲ
99142-58142

17 Feb. 2019