ਜਦੋਂ ਦਿਲ ਟੁੱਟਦਾ ਹੈ...... - ਡਾ. ਹਰਸ਼ਿੰਦਰ ਕੌਰ, ਐਮ. ਡੀ.

ਉਮੀਦ ਉੱਤੇ ਦੁਨੀਆ ਟਿਕੀ ਹੈ। ਜਦੋਂ ਕਿਸੇ ਚੀਜ਼ ਦੇ ਹਾਸਲ ਹੋਣ ਦੀ, ਬੱਚਿਆਂ ਵੱਲੋਂ ਪਿਆਰ ਤੇ ਹਮਦਰਦੀ ਦੀ, ਕਿਸੇ ਰਿਸ਼ਤੇ ਵਿਚ ਪਕਿਆਈ ਹੋਣ ਦੀ, ਅਹੁਦਾ ਮਿਲਣ ਦੀ, ਤਨਖਾਹ ਵਧਣ ਦੀ, ਨਿੱਘੀ ਦੋਸਤੀ ਦੀ, ਜੰਗ ਜਿੱਤਣ ਦੀ ਜਾਂ ਕਿਸੇ ਨੂੰ ਢਾਹੁਣ ਦੀ ਉਮੀਦ ਟੁੱਟ ਜਾਏ ਤਾਂ ਦਿਲ ਟੁੱਟ ਜਾਂਦਾ ਹੈ ਤੇ ਇਨਸਾਨ ਢਹਿ ਢੇਰੀ ਹੋ ਜਾਂਦਾ ਹੈ। ਕਿਸੇ ਲਈ ਇਹ ਸਮਾਂ ਵਕਤੀ ਹੋ ਸਕਦਾ ਹੈ ਤੇ ਉਹ ਆਪਣੇ ਆਪ ਨੂੰ ਨਵਾਂ ਮੁਕਾਮ ਹਾਸਲ ਕਰਨ ਲਈ ਛੇਤੀ ਤਿਆਰ ਕਰ ਲੈਂਦਾ ਹੈ, ਪਰ ਕਿਸੇ ਲਈ ਏਨੀ ਢਹਿੰਦੀ ਕਲਾ ਦਾ ਸਮਾਂ ਹੁੰਦਾ ਹੈ ਕਿ ਉਹ ਜੀਉਣ ਦੀ ਚਾਹ ਹੀ ਤਿਆਗ ਦਿੰਦਾ ਹੈ।
    ਆਓ ਵੇਖੀਏ ਕਿ ਕਿਸੇ ਵੱਲੋਂ ਪਿਆਰ ਵਿਚ ਧੋਖਾ ਮਿਲਣ ਬਾਅਦ ਜਾਂ ਕਿਸੇ ਵੱਲੋਂ ਠੁਕਰਾਏ ਜਾਣ ਬਾਅਦ ਸਰੀਰ ਅੰਦਰ ਕੀ ਵਾਪਰਦਾ ਹੈ। ਇਹ ਪੀੜ ਇਕ ਨਾਸੂਰ ਵਾਂਗ ਮਹਿਸੂਸ ਹੁੰਦੀ ਹੈ ਤੇ ਕੁੱਝ ਸਮੇਂ ਲਈ ਇੰਜ ਜਾਪਦਾ ਹੈ ਕਿ ਸਾਰਾ ਜਹਾਨ ਹੀ ਲੁੱਟਿਆ ਗਿਆ ਹੋਵੇ। ਕੁੱਝ ਵੀ ਬਾਕੀ ਨਾ ਬਚੇ ਦਾ ਇਹਸਾਸ ਮਾਤਰ ਹੀ ਸਰੀਰ ਨੂੰ ਜਕੜਿਆ ਤੇ ਸਿਰ ਭਾਰਾ ਮਹਿਸੂਸ ਕਰਵਾ ਦਿੰਦਾ ਹੈ।
    ਛਾਤੀ ਵਿਚ ਤਿੱਖੀ ਪੀੜ, ਜਕੜਨ, ਸੁੰਨ ਹੋ ਜਾਣਾ, ਹੰਝੂ ਵਹਿਣੇ, ਧੜਕਨ ਘਟਣੀ ਜਾਂ ਵਧਣੀ, ਹੱਥਾਂ ਪੈਰਾਂ 'ਚ ਜਾਨ ਨਾ ਮਹਿਸੂਸ ਹੋਣੀ, ਤੁਰਨ ਫਿਰਨ ਦੀ ਹਿੰਮਤ ਨਾ ਬਚਣੀ, ਚੀਕਾਂ ਮਾਰ ਕੇ ਰੋਣ ਨੂੰ ਦਿਲ ਕਰਨਾ, ਸਰੀਰ ਵਿਚ ਗੰਢਾਂ ਪਈਆਂ ਮਹਿਸੂਸ ਹੋਣੀਆਂ, ਘਬਰਾਹਟ, ਡਰ, ਭੁੱਖ ਵਧਣੀ ਜਾਂ ਉੱਕਾ ਹੀ ਘਟ ਜਾਣੀ, ਨਸ਼ਾ ਕਰਨਾ, ਉਲਟੀ ਆਉਣੀ ਜਾਂ ਜੀਅ ਕੱਚਾ ਮਹਿਸੂਸ ਹੋਣਾ, ਇਕੱਲਾਪਨ, ਉਦਾਸੀ, ਨਹਾਉਣ ਧੋਣ ਨੂੰ ਜੀਅ ਨਾ ਕਰਨਾ, ਤਿਆਰ ਹੋਣ ਨੂੰ ਜੀਅ ਨਾ ਕਰਨਾ, ਚੀਜ਼ਾਂ ਤੋੜਨੀਆਂ ਭੰਨਣੀਆਂ, ਬਹੁਤ ਉਦਾਸ ਹੋ ਜਾਣਾ, ਖਿੱਝਣਾ, ਚੀਜ਼ਾਂ ਰੱਖ ਕੇ ਭੁੱਲਣ ਲੱਗ ਪੈਣਾ, ਹਾਰਟ ਅਟੈਕ ਹੋਣਾ, ਨੀਂਦਰ ਉੱਡ ਪੁੱਡ ਜਾਣੀ (ਡੋਪਾਮੀਨ ਦੇ ਵਧ ਜਾਣ ਸਦਕਾ), ਥਕਾਵਟ ਛੇਤੀ ਹੋਣੀ, ਮਾਹਵਾਰੀ ਵਿਚ ਗੜਬੜੀ, ਹਾਰਮੋਨਾਂ ਵਿਚ ਤਬਦੀਲੀ, ਨਿੱਕੀ ਨਿੱਕੀ ਗੱਲ ਉੱਤੇ ਫਿਸ ਪੈਣਾ ਜਾਂ ਗਿੜਗਿੜਾਉਣ ਲੱਗ ਪੈਣਾ, ਰਬ ਨੂੰ ਕੋਸਣ ਲੱਗ ਪੈਣਾ, ਵਾਲਾਂ ਦਾ ਝੜਨਾ, ਇਮਿਊਨ ਸਿਸਟਮ ਦਾ ਢਿੱਲਾ ਪੈਣ ਜਾਣਾ, ਜਿਸ ਸਦਕਾ ਵਾਰ ਵਾਰ ਖੰਘ ਜ਼ੁਕਾਮ ਹੋਣ ਲੱਗ ਪੈਣਾ ਜਾਂ ਬੁਖ਼ਾਰ ਹੋਣ ਲੱਗ ਪੈਣਾ, ਤਿੱਖੀ ਢਿਡ ਪੀੜ ਹੋਣੀ, ਆਪਣੇ ਆਪ ਨਾਲ ਸਵਾਲ ਕਰਨ ਲੱਗ ਪੈਣੇ, ਆਪਣੇ ਆਪ ਨੂੰ ਗ਼ਲਤ ਮੰਨਣ ਲੱਗ ਪੈਣਾ, ਨਕਾਰਾ ਮਹਿਸੂਸ ਹੋਣਾ, ਮਰਨ ਨੂੰ ਜੀਅ ਕਰਨਾ, ਆਦਿ ਵਰਗੇ ਲੱਛਣ ਕਿਸੇ ਵਿਚ ਵੱਧ ਤੇ ਕਿਸੇ ਵਿਚ ਘੱਟ, ਪਰ ਦਿਸਦੇ ਜ਼ਰੂਰ ਹਨ।
   
ਇਸ ਨਾਲ ਕਿਵੇਂ ਨਜਿੱਠੀਏ ?
    ਜ਼ਿੰਦਗੀ ਇੱਕੋ ਵਾਰ ਮਿਲਦੀ ਹੈ। ਦਿਲ ਟੁੱਟਣ ਦਾ ਮਤਲਬ ਮਰ ਜਾਣਾ ਨਹੀਂ ਹੁੰਦਾ। ਜ਼ਿੰਦਗੀ ਵਿਚ ਹਮੇਸ਼ਾ ਹਰ ਚੀਜ਼ ਹਾਸਲ ਨਹੀਂ ਹੁੰਦੀ ਤੇ ਨਾ ਹੀ ਜ਼ਿੰਦਗੀ ਦੀ ਗੱਡੀ ਸਾਡੇ ਕਹੇ ਅਨੁਸਾਰ ਚੱਲਦੀ ਹੈ। ਇਸ ਰਸਤੇ ਵਿਚ ਉੱਚੀ ਨੀਵੀਂ ਥਾਂ, ਠੇਡੇ ਆਦਿ ਸਭ ਇਕ ਤਜਰਬਾ ਦੇਣ ਲਈ ਆਉਂਦੇ ਹਨ। ਅਜਿਹੇ ਸਪੀਡ ਬਰੇਕਰਾਂ ਅੱਗੇ ਪੱਕੀ ਤੌਰ ਉੱਤੇ ਖੜ੍ਹੇ ਨਹੀਂ ਹੋਣਾ ਹੁੰਦਾ। ਬਸ ਰਤਾ ਕੁ ਰਫ਼ਤਾਰ ਘਟਾ ਕੇ ਮੁੜ ਪਹਿਲਾਂ ਵਾਂਗ ਹੀ ਤੁਰ ਪੈਣਾ ਹੁੰਦਾ ਹੈ।
1.  ਮੰਨੋ :- ਇਹ ਮੰਨਣਾ ਜ਼ਰੂਰੀ ਹੈ ਕਿ ਧੱਕਾ ਹੋਇਆ ਹੈ ਤਾਂ ਜੋ ਮਨ ਸਹਿਜ ਹੋ ਸਕੇ। ਅਜਿਹੇ ਧੱਕੇ ਨੂੰ ਲੁਕਾਉਣ ਨਾਲ ਇਹ ਨਾਸੂਰ ਬਣ ਜਾਂਦਾ ਹੈ। ਇਸੇ ਲਈ ਇਸ ਨੂੰ ਜਰਨ ਲਈ ਲੋਕਾਂ ਵੱਲੋਂ ਜਾਣ ਬੁੱਝ ਕੇ ਪੁੱਛੇ ਸਵਾਲਾਂ ਦਾ ਵੀ ਮੁਸਕੁਰਾ ਕੇ ਜਵਾਬ ਦਿੱਤਾ ਜਾ ਸਕਦਾ ਹੈ-ਚਲੋ ਇਕ ਨਵਾਂ ਤਜਰਬਾ ਹੀ ਸਹੀ, ਜ਼ਿੰਦਗੀ ਦੀ ਕਿਤਾਬ ਵਿਚ ਇਕ ਪੰਨਾ ਹੋਰ ਜੁੜ ਗਿਆ।''
    ਇੰਜ ਛੇਤੀ ਸਹਿਜ ਹੋਇਆ ਜਾ ਸਕਦਾ ਹੈ। ਆਪਣੇ ਮਨ ਨੂੰ ਇਹ ਸਮਝਾਉਣਾ ਬਹੁਤ ਜ਼ਰੂਰੀ ਹੈ ਕਿ ਹਾਲੇ ਜ਼ਿੰਦਗੀ ਮੁੱਕੀ ਨਹੀਂ। ਕੁੱਝ ਖੁੱਸਿਆ ਹੈ ਤਾਂ ਖਾਲੀ ਹੱਥ ਕਿਸੇ ਹੋਰ ਚੀਜ਼ ਨਾਲ ਜ਼ਰੂਰ ਭਰ ਜਾਣਗੇ।


2.    ਉਦਾਸ ਹੋਣਾ ਗੁਣਾਹ ਨਹੀਂ ਹੈ :-
    ਕਦੇ ਕਦਾਈਂ ਰੋਣਾ, ਉਦਾਸ ਹੋਣਾ, ਗੁੱਸੇ ਹੋਣਾ, ਚੀਕਣਾ ਜਾਂ ਇਕੱਲੇ ਬਹਿ ਕੇ ਸੋਚਣਾ ਮਾੜੀ ਗੱਲ ਨਹੀਂ ਹੈ, ਪਰ ਇਸ ਨੂੰ ਰੁਟੀਨ ਨਹੀਂ ਬਣਾਉਣਾ ਚਾਹੀਦਾ। ਅਜਿਹਾ ਸਭ ਮਨ ਅੰਦਰ ਫਸੇ ਵਿਚਾਰਾਂ ਨੂੰ ਬਾਹਰ ਕੱਢਣ ਲਈ ਕਦੇ ਕਦਾਈਂ ਕਰ ਲੈਣਾ ਚਾਹੀਦਾ ਹੈ।

3.    ਲੰਮੇ ਸਾਹ ਖਿੱਚਣਾ :-
    ਨੱਕ ਰਾਹੀਂ  ਲੰਮਾ ਸਾਹ ਅੰਦਰ ਖਿੱਚ ਕੇ ਮੂੰਹ ਰਾਹੀਂ ਬਾਹਰ ਕੱਢਣ ਦੀ ਕਸਰਤ ਕਾਫੀ ਲਾਹੇਵੰਦ ਸਾਬਤ ਹੋ ਚੁੱਕੀ ਹੈ। ਇਕਦਮ ਲੱਗੇ ਧੱਕੇ ਬਾਅਦ ਜਦੋਂ ਇਕ ਦੋ ਦਿਨ ਲੰਘ ਜਾਣ ਤਾਂ ਇਹ ਕਸਰਤ ਦਿਨ ਵਿਚ ਤਿੰਨ ਵਾਰ, 15-15 ਵਾਰ ਸਾਹ ਖਿੱਚ ਕੇ ਛੱਡਣ ਨਾਲ ਵੀ ਦਿਮਾਗ਼ ਵਿੱਚੋਂ ਵਿਚਾਰ ਹੌਲੀ-ਹੌਲੀ ਛੰਡਣ ਲੱਗ ਪੈਂਦੇ ਹਨ।
    ਜੇ ਕਈ ਜਣਿਆਂ ਸਾਹਮਣੇ ਦਿਲ ਟੁੱਟਿਆ ਹੋਵੇ ਤਾਂ ਉਸੇ ਵਕਤ ਇਹ ਸਾਹ ਵਾਲੀ ਕਸਰਤ ਕਰਨ ਨਾਲ ਵੀ ਉਹ ਪਲ ਟਪਾਏ ਜਾ ਸਕਦੇ ਹਨ। ਛੇਤੀ-ਛੇਤੀ ਪਲਕਾਂ ਝਪਕ ਲੈਣ ਨਾਲ ਹੰਝੂ ਟਪਕਣੋਂ ਵੀ ਰੋਕੇ ਜਾ ਸਕਦੇ ਹਨ ਤਾਂ ਜੋ ਲੋਕਾਂ ਤੋਂ ਪਰ੍ਹਾਂ ਜਾ ਕੇ ਆਪਣਾ ਦਿਲ ਹੌਲਾ ਕੀਤਾ ਜਾ ਸਕੇ।


4.    ਸਟਰੈੱਸ ਬੌਲ :-
    ਨਿੱਕੀ ਜਿਹੀ ਨਰਮ ਗੇਂਦ ਨੂੰ ਹੱਥ ਵਿਚ ਫੜ ਕੇ ਦੱਬਣ ਜਾਂ ਕੰਧ ਉੱਤੇ ਮਾਰ ਕੇ ਵਾਰ-ਵਾਰ ਬੋਚਣ ਨਾਲ ਵੀ ਤਣਾਓ ਘਟਾਇਆ ਜਾ ਸਕਦਾ ਹੈ। ਇੰਜ ਕਰਨ ਨਾਲ ਮਨ ਨੂੰ ਇਹ ਇਹਸਾਸ ਹੁੰਦਾ ਹੈ ਕਿ ਕਿਸੇ ਹੋਰ ਉੱਤੇ ਆਪਣਾ ਗੁੱਸਾ ਲਾਹ ਰਹੇ ਹਾਂ।

5.    ਕਸਰਤ :-
    ਖੇਡਾਂ ਵੱਲ ਧਿਆਨ ਦੇਣਾ, ਮੈਡੀਟੇਸ਼ਨ ਅਤੇ ਯੋਗ ਵੀ ਮਾੜੇ ਵਿਚਾਰਾਂ ਨੂੰ ਮਨ ਵਿੱਚੋਂ ਕੱਢਣ ਵਿਚ ਸਹਾਈ ਸਾਬਤ ਹੋਏ ਹਨ। ਰੋਜ਼ ਦੇ 15 ਮਿੰਟ ਦੀ ਕਸਰਤ ਵੀ ਸਰੀਰ ਅੰਦਰ ਸਿਰੋਟੋਨਿਨ ਵਧਾ ਦਿੰਦੀ ਹੈ ਜਿਸ ਨਾਲ ਚੰਗਾ ਮਹਿਸੂਸ ਹੋਣ ਲੱਗ ਪੈਂਦਾ ਹੈ।

6.    ਟੁੱਟੇ ਰਿਸ਼ਤੇ ਬਾਰੇ ਵਿਚਾਰ :-
    ਟੁੱਟ ਚੁੱਕੇ ਰਿਸ਼ਤੇ ਦੀਆਂ ਕੜੀਆਂ ਜੋੜ ਕੇ ਇਹ ਨਤੀਜਾ ਕੱਢਿਆ ਜਾ ਸਕਦਾ ਹੈ ਕਿ ਉਸ ਵਿਚ ਕੀ ਚੰਗਾ ਤੇ ਕੀ ਮਾੜਾ ਸੀ! ਕਿਸ ਗੱਲ ਉੱਤੇ ਰਿਸ਼ਤਾ ਤਿੜਕਿਆ? ਅੱਗੋਂ ਤੋਂ ਕਿਹੜੀਆਂ ਗੱਲਾਂ ਉੱਤੇ ਵੱਧ ਧਿਆਨ ਦੇਣ ਦੀ ਲੋੜ ਹੈ। ਅਖ਼ੀਰ ਵਿਚ ਇਸ ਨਤੀਜੇ ਉੱਤੇ ਪਹੁੰਚ ਕੇ ਮਨ ਨੂੰ ਸਮਝਾਓ ਕਿ ਹੁਣ ਜ਼ਿੰਦਗੀ ਦਾ ਅਗਲਾ ਵਰਕਾ ਪਲਟਿਆ ਜਾ ਚੁੱਕਿਆ ਹੈ। ਪਿਛਲੀ ਗੱਲ ਇਤਿਹਾਸ ਬਣ ਚੁੱਕੀ ਹੈ। ਉਸ ਨੂੰ ਹੁਣ ਵਾਪਸ ਹਾਸਲ ਨਹੀਂ ਕਰਨਾ।
    ਜੇ ਹਾਸਲ ਕਰਨ ਦੀ ਚਾਹਤ ਮੱਠੀ ਨਾ ਪਾਈ ਜਾਏ ਤਾਂ ਸਹਿਜ ਹੋਣਾ ਔਖਾ ਹੋ ਜਾਂਦਾ ਹੈ।

7.    ਆਪਣੀ ਜ਼ਿੰਦਗੀ ਵਿਚ ਹਾਸਲ ਕੀਤੇ ਮੁਕਾਮ : -
    ਸਕਾਰਾਤਮਕ ਵਿਚਾਰ ਮਨ ਵਿਚ ਉਪਜਾਉਣ ਲਈ ਆਪਣੇ ਪਹਿਲਾਂ ਦੇ ਖ਼ੁਸ਼ੀ ਦੇ ਪਲ, ਹਾਸਲ ਕੀਤੇ ਇਨਾਮ ਸਨਮਾਨ, ਮਾਪਿਆਂ, ਭੈਣ ਭਰਾਵਾਂ, ਦੋਸਤਾਂ ਨਾਲ ਬਿਤਾਏ ਪਲ, ਆਦਿ ਯਾਦ ਕਰ ਕੇ ਉਦਾਸੀ ਦੇ ਪਲਾਂ ਨੂੰ ਟਪਾਇਆ ਜਾ ਸਕਦਾ ਹੈ।


8.    ਰੋਣ ਲਈ ਮੋਢਾ :-
    ਦੁਖ ਸਾਂਝੇ ਕਰ ਲੈਣ ਨਾਲ ਦੁਖ ਘੱਟ ਹੋ ਜਾਂਦਾ ਹੈ। ਜੇ ਕੋਈ ਹੋਰ ਮੋਢਾ ਨਾ ਲੱਭੇ ਤਾਂ ਸ਼ੀਸ਼ੇ ਸਾਹਮਣੇ ਖਲੋ ਕੇ ਸਾਰਾ ਮਨ ਖੋਲ੍ਹ ਲਵੋ, ਰੋ ਲਵੋ, ਗਾਲ੍ਹਾਂ ਕੱਢ ਲਵੋ ਤੇ ਮਨ ਹਲਕਾ ਕਰ ਕੇ ਘਰ ਅੰਦਰਲੇ ਕੰਮ ਕਾਰ ਵਿਚ ਰੁੱਝ ਜਾਓ।

9.      ਗਮਲਿਆਂ ਵਿਚ ਫੁੱਲ ਲਾਉਣੇ :-
    ਕਮਰੇ ਵਿੱਚੋਂ ਬਾਹਰ ਨਿਕਲ ਕੇ ਬਗੀਚੇ ਵਿਚ ਕੰਮ ਕਰਨਾ, ਗਮਲਿਆਂ ਵਿਚ ਗੋਡੀ ਕਰਨੀ, ਬੂਟੇ ਬੀਜਣੇ ਆਦਿ ਵੀ ਤਾਜ਼ਾ ਮਹਿਸੂਸ ਕਰਵਾ ਸਕਦੇ ਹਨ।

10.    ਖ਼ਰੀਦਕਾਰੀ ਕਰਨੀ :-
    ਕੁੱਝ ਖਰੀਦਣਾ, ਬਜ਼ਾਰ ਘੁੰਮਣਾ, ਘੁੰਮਦਿਆਂ ਸੰਗੀਤ ਸੁਣਨਾ, ਆਦਿ ਵੀ ਢਹਿੰਦੀ ਕਲਾ ਘਟਾ ਦਿੰਦੇ ਹਨ।


11.    ਮਰਨ ਨੂੰ ਜੀਅ ਕਰਨਾ :-
    ਜੇ ਅਜਿਹੀ ਸੋਚ ਉਪਜ ਰਹੀ ਹੋਵੇ ਤਾਂ ਤੁਰੰਤ ਡਾਕਟਰੀ ਇਲਾਜ ਕਰਵਾ ਲੈਣਾ ਚਾਹੀਦਾ ਹੈ।

12.    ਯਾਦ :-
    ਜਿਹੜਾ ਰਿਸ਼ਤਾ ਟੁੱਟਿਆ ਹੋਏ, ਉਸ ਨਾਲ ਜੁੜੀਆਂ ਯਾਦਾਂ, ਤਸਵੀਰਾਂ, ਮਹਿੰਗੀਆਂ ਸੁਗਾਤਾਂ, ਈ-ਮੇਲ, ਫੋਨ ਨੰਬਰ, ਚਿੱਠੀਆਂ ਆਦਿ ਸੱਭ ਪਾੜ ਜਾਂ ਨਸ਼ਟ ਕਰ ਦੇਣੀਆਂ ਚਾਹੀਦੀਆਂ ਹਨ।

13.    ਨਵੀਆਂ ਦੋਸਤੀਆਂ ਗੰਢਣੀਆਂ :-
    ਨਵੀਆਂ ਦੋਸਤੀਆਂ ਗੰਢਣੀਆਂ ਜਾਂ ਨਵਾਂ ਕੰਮ ਸਿੱਖਣਾ ਕਾਫੀ ਸਹਾਈ ਸਾਬਤ ਹੋਏ ਹਨ। ਮੋਤਬੱਤੀਆਂ ਬਣਾਉਣੀਆਂ, ਸਵੈਟਰ ਬੁਨਣੇ, ਪੇਂਟਿੰਗ ਕਰਨੀ, ਰਸੋਈ ਵਿਚ ਨਵੀਂ ਚੀਜ਼ ਬਣਾਉਣੀ ਆਦਿ ਧਿਆਨ ਵੰਢਾਉਣ ਲਈ ਚੰਗੇ ਰਹਿੰਦੇ ਹਨ।

14.    ਪਾਲਤੂ ਜਾਨਵਰ ਨਾਲ ਸਮਾਂ ਬਿਤਾਉਣਾ :-
    ਇੰਜ ਕਰਨ ਨਾਲ ਵੀ ਉਦਾਸੀ ਘਟਾਈ ਜਾ ਸਕਦੀ ਹੈ।

15.    ਕਿਸੇ ਦੀ ਮਦਦ ਕਰਨੀ :-
    ਕਿਸੇ ਲੋੜਵੰਦ ਦੀ ਮਦਦ ਕਰਨ ਨਾਲ ਸਰੀਰ ਅੰਦਰ ਚੰਗੇ ਹਾਰਮੋਨਾਂ ਦਾ ਹੜ੍ਹ ਨਿਕਲ ਪੈਂਦਾ ਹੈ। ਇੰਜ ਕਰਦੇ ਰਹਿਣ ਨਾਲ ਪੁਰਾਣੀਆਂ ਮਾੜੀਆਂ ਯਾਦਾਂ ਖਿੰਡ-ਪੁੰਡ ਜਾਂਦੀਆਂ ਹਨ।

16.    ਕਿਸੇ ਹੋਰ ਦਾ ਦਿਲ ਨਾ ਤੋੜੋ:-
    ਜਦੋਂ ਆਪ ਇਹ ਪੀੜ ਮਹਿਸੂਸ ਕਰ ਕੇ ਦੁਖੀ ਹੋ ਚੁੱਕੇ ਹੋਵੇ ਤਾਂ ਸੌਖਿਆਂ ਸਮਝ ਆ ਸਕਦੀ ਹੈ ਕਿ ਦੂਜੇ ਦਾ ਦਿਲ ਤੋੜਨ ਲੱਗਿਆਂ ਅਗਲੇ ਨੂੰ ਵੀ ਏਨਾ ਹੀ ਮਾੜਾ ਮਹਿਸੂਸ ਹੁੰਦਾ ਹੈ।
    ਏਨੀ ਕੁ ਗੱਲ ਜੇ ਸਮਝ ਆ ਜਾਵੇ ਤਾਂ ਕੋਈ ਵੀ ਜਣਾ ਦੂਜੇ ਦਾ ਦਿਲ ਤੋੜਨ ਤੋਂ ਪਹਿਲਾਂ ਦਸ ਵਾਰ ਸੋਚੇਗਾ।
    ਬਿਲਕੁਲ ਏਸੇ ਤਰ੍ਹਾਂ ਹੀ ਪਹਿਲਾ ਇਨਾਮ ਖੁੱਸਣਾ ਜਾਂ ਮੰਜ਼ਿਲ ਹਾਸਲ ਨਾ ਹੋਣ ਸਦਕਾ ਟੁੱਟੇ ਦਿਲ ਨੂੰ ਵੀ ਸਮਝਾਉਣ ਦੀ ਲੋੜ ਹੈ ਕਿ ਮਕੜੀ ਭਾਵੇਂ 20 ਵਾਰ ਡਿੱਗੇ, ਫਿਰ ਦੁਬਾਰਾ ਹਿੰਮਤ ਕਰ ਕੇ ਹੌਲੀ ਹੌਲੀ ਆਪਣਾ ਜਾਲਾ ਪੂਰਾ ਕਰ ਹੀ ਲੈਂਦੀ ਹੈ। ਉਸੇ ਹੀ ਤਰ੍ਹਾਂ ਇਕ ਹਾਰ ਅੱਗੇ ਗੋਡੇ ਟੇਕਣ ਦੀ ਲੋੜ ਨਹੀਂ ਹੁੰਦੀ, ਬਲਕਿ ਉੱਦਮ ਕਰ ਕੇ ਦੁੱਗਣੀ ਮਿਹਨਤ ਨਾਲ ਜੁਟ ਜਾਣਾ ਚਾਹੀਦਾ ਹੈ ਤਾਂ ਜੋ ਅਗਲੀ ਕੋਸ਼ਿਸ਼ ਵਿਚ ਸਫ਼ਲਤਾ ਹਾਸਲ ਕੀਤੀ ਜਾ ਸਕੇ।
ਚੇਤੇ ਰਹੇ :- ਮਾਈਕਲ ਜੌਰਡਨ, ਜੋ ਅਮਰੀਕਾ ਦਾ ਚੋਟੀ ਦਾ ਬਾਸਕਟ ਬੌਲ ਖਿਡਾਰੀ ਹੈ, ਵੀ ਆਪਣੀ ਜ਼ਿੰਦਗੀ ਵਿਚ 9000 ਗੋਲ ਨਹੀਂ ਕਰ ਸਕਿਆ, 300 ਗੇਮਾਂ ਵਿਚ ਹਾਰ ਦਾ ਸਾਹਮਣਾ ਕੀਤਾ, 26 ਵਾਰ ਅਖ਼ੀਰੀ ਬੌਲ ਨਾਲ ਗੋਲ ਕਰਨੋਂ ਰਹਿ ਗਿਆ, ਪਰ ਫਿਰ ਵੀ ਉਸ ਨੇ ਹਿੰਮਤ ਨਹੀਂ ਹਾਰੀ ਤੇ ਦੁਨੀਆ ਭਰ ਵਿਚ ਆਪਣਾ ਲੋਹਾ ਮੰਨਵਾ ਲਿਆ।
   
ਡਾ. ਹਰਸ਼ਿੰਦਰ ਕੌਰ, ਐਮ. ਡੀ., ਬੱਚਿਆਂ ਦੀ ਮਾਹਰ, 28, ਪ੍ਰੀਤ ਨਗਰ,
ਲੋਅਰ ਮਾਲ ਪਟਿਆਲਾ। ਫੋਨ ਨੰ: 0175-2216783

20 Feb. 2019