ਪੁਲਵਾਮਾ ਹਮਲੇ ਦੇ ਸੰਦਰਭ ਵਿੱਚ - ਬਘੇਲ ਸਿੰਘ ਧਾਲੀਵਾਲ

ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਵਾਰਸਾਂ ਨੇ ਕਸ਼ਮੀਰੀ ਲੋਕਾਂ ਦੀ ਹਿਫਾਜਤ ਕਰਕੇ ਅਪਣੇ ਮਨੁਖਤਾਵਾਦੀ ਫਲਸਫੇ ਤੇ ਪਹਿਰਾ ਦਿੱਤਾ
ਪਿਛਲੇ ਦਿਨੀ ਕਸ਼ਮੀਰ ਦੇ ਪੁਲਵਾਮਾ ਦਹਿਸਤਗਰਦੀ ਹਮਲੇ ਨੇ ਪੂਰੇ ਵਿਸ਼ਵ ਨੂੰ ਝਜੋੜ ਕੇ ਰੱਖ ਦਿੱਤਾ। ਸੀ ਆਰ ਪੀ ਦੇ ਜੁਆਨਾਂ ਦੀ ਭਰੀ ਬਸ ਨੂੰ ਦਹਿਸਤਗਰਦਾਂ ਨੇ ਇੱਕ ਵੱਡੇ ਧਮਾਕੇ ਨਾਲ ਨਸ਼ਟ ਕਰ ਦਿੱਤਾ।ਸਾਢੇ ਤਿੰਨ ਦਰਜਨ ਹਸਦੇ ਵਸਦੇ ਪਰਿਵਾਰਾਂ ਵਿੱਚ ਇੱਕਦਮ ਮਾਤਮ ਛਾ ਗਿਆ।ਹਰ ਪਾਸੇ ਤੋਂ ਹਮਲੇ ਦੀ ਨਿਖੇਧੀ ਹੋਈ।ਹਰ ਧੜਕਦੇ ਦਿਲ ਨੇ ਐਨੇ ਵੱਡੇ ਕਹਿਰ ਤੇ ਹੌਕਾ ਲਿਆ।ਹਰ ਪਾਸੇ ਤੋਂ ਇਸ ਨਫਰਤੀ ਵਰਤਾਰੇ ਨੂੰ ਸਖਤੀ ਨਾਲ ਕੁਚਲਣ ਦੀ ਮੰਗ ਨੇ ਜੋਰ ਫੜਿਆ। ਇਸ ਹਮਲੇ ਤੋ ਬਾਅਦ ਦਹਿਸਤਗਰਦੀ ਨੂੰ ਖਤਮ ਕਰਨ ਦੇ ਨਾਮ ਤੇ ਜਿਸਤਰਾਂ ਭਾਰਤ ਅੰਦਰ ਕਸ਼ਮੀਰੀਆਂ ਖਿਲਾਫ ਨਫਰਤ ਦਾ ਮਹੌਲ ਸਿਰਜਿਆ ਜਾਣ ਲੱਗਾ,ਉਹਨੇ ਬਹੁਤ ਕੁੱਝ ਚਿੱਟੇ ਦਿਨ ਵਾਂਗ ਸਾਫ ਕਰ ਦਿੱਤਾ। ਭਾਰਤੀ ਜਨਤਾ ਪਾਰਟੀ ਦੇ ਕਾਰਕੁਨਾਂ ਵੱਲੋਂ ਥਾਂ ਥਾਂ ਕੀਤੇ ਕਸ਼ਮੀਰੀਆਂ ਖਿਲਾਪ ਰੋਸ ਮਾਰਚ ਅਤੇ ਆ ਰਹੀਆਂ ਚੋਣਾਂ ਵਿੱਚ ਦੁਵਾਰਾ ਮੋਦੀ ਸਰਕਾਰ ਬਨਾਉਣ ਦੇ ਨਾਹਰਿਆਂ ਨੇ ਭਾਜਪਾ ਦੀ ਨੀਅਤ ਸਪੱਸਟ ਕਰ ਦਿੱਤੀ ਹੈ।ਬੇਸ਼ੱਕ ਇਹ ਪਹਿਲਾਂ ਤੋ ਹੀ ਹੁੰਦਾ ਆਇਆ ਹੈ ਕਿ ਬਗੈਰ ਸਬੂਤਾਂ ਤੋ ਇੱਕ ਦੂਸਰੇ ਮੁਲਕ ਤੇ ਦੋਸ ਦਿੱਤੇ ਜਾਂਦੇ ਰਹੇ ਹਨ।ਪਰੰਤੂ ਇਸ ਬਾਰ ਇਸ ਰੁਝਾਨ ਨੂੰ ਭਾਰਤ ਨੇ ਜਿਆਦਾ ਹਵਾ ਦਿੱਤੀ ਹੈ,ਕਿਉਕਿ ਲੋਕ ਸਭਾ ਦੀਆਂ ਚੋਣਾਂ ਐਨ ਸਿਰ ਤੇ ਹਨ।ਇਸ ਬਾਰ ਭਾਰਤੀ ਜਨਤਾ ਪਾਰਟੀ ਦੀ ਹਾਲਤ ਕੋਈ ਜਿਆਦਾ ਚੰਗੀ ਵੀ ਨਹੀ ਹੈ।ਪਿੱਛਲੇ ਦਿਨਾਂ ਵਿੱਚ ਚਾਰ ਸੂਬਿਆਂ ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਨੇ ਇਹ ਸੁਨੇਹਾ ਵੀ ਦਿੱਤਾ ਸੀ ਕਿ ਇਸ ਬਾਰ ਭਾਰਤੀ ਜਨਤਾ ਪਾਰਟੀ ਲਈ ਕੇਦਰ ਤੇ ਮੁੜ ਕਾਬਜ ਹੋਣਾ ਕੋਈ ਬਹੁਤਾ ਸੁਖਾਲਾ ਨਹੀ ਹੈ।ਇਹ ਪਹਿਲਾਂ ਵੀ ਬਹੁਤ ਬਾਰ ਲਿਖਿਆ ਜਾ ਚੁੱਕਾ ਹੈ ਕਿ ਭਾਰਤੀ ਜਨਤਾ ਪਾਰਟੀ ਸੱਤਾ ਪਰਾਪਤੀ ਖਾਤਰ ਫਿਰਕੂ ਪੱਤਾ ਖੇਡਣ ਤੋ ਕਦੇ ਵੀ ਗੁਰੇਜ ਨਹੀ ਕਰੇਗੀ,ਕਿਉਂਕਿ ਭਾਰਤੀ ਜਨਤਾ ਪਾਰਟੀ ਦਾ ਫਿਰਕੂ ਏਜੰਡਾ ਦੇਸ਼ ਦੀ ਬਹੁ ਗਿਣਤੀ ਅਨਪੜ ਜਨਤਾ ਨੂੰ ਮੂਰਖ ਬਨਾਉਣ ਲਈ ਸਭ ਤੋ ਕਾਰਗਰ ਹਥਿਆਰ ਹੈ।ਮੋਦੀ ਸਰਕਾਰ ਕੋਲ ਆਪਣੀਆਂ ਨਾਕਾਮੀਆਂ ਨੂੰ ਪਰਾਪਤੀਆਂ ਵਿੱਚ ਬਦਲਣ ਦਾ ਇੱਕੋ ਇੱਕ ਰਸਤਾ ਹਿੰਦੂ ਮੁਸਲਮਾਨਾਂ ਵਿੱਚ ਨਫਰਤ ਫੈਲਾ ਕੇ ਦੰਗੇ ਫਸਾਦ ਕਰਵਾਉਣੇ ਅਤੇ ਗੜਬੜ ਨੂੰ ਖਤਮ ਕਰਨ ਦੇ ਨਾਮ ਤੇ ਘੱਟ ਗਿਣਤੀ ਮੁਸਲਮਾਨ ਭਾਈਚਾਰੇ ਤੇ ਜੁਲਮ ਢਾਹ ਕੇ ਬਹੁ ਗਿਣਤੀ ਹਿੰਦੂ ਭਾਈਚਾਰੇ ਨੂੰ ਮੁੜ ਤੋ ਸੱਤਾ ਪਰਾਪਤੀ ਲਈ ਬਰਤਣ ਦਾ ਹੈ।ਜੇਕਰ ਗੱਲ ਹਮਲਾਵਰਾਂ ਦੀ ਕੀਤੀ ਜਾਵੇ ਤਾਂ ਇਹਦੇ ਵਾਰੇ ਆਮ ਜਨਤਾ ਨੂੰ ਕੁੱਝ ਵੀ ਸਮਝ ਨਹੀ ਹੈ।ਧਮਾਕੇ ਵਿੱਚ ਬਰਤੇ ਗਏ ਬਰੂਦ ਦੀ ਮਾਤਰਾ ਦੀ ਸਹੀ ਜਾਣਕਾਰੀ ਦਾ ਖੁਲਾਸਾ ਵੀ ਸ਼ੋਸ਼ਲ ਮੀਡੀਏ ਤੇ ਕਾਫੀ ਚਰਚਾ ਵਿੱਚ ਰਿਹਾ ਹੈ।ਇਸ ਗੱਲ ਦਾ ਪਰਚਾਰ ਕੀਹਨੇ ਕਰਵਾਇਆ ਤੇ ਕਿਉਂ ਕਰਵਾਇਆ ਇਹ ਵੀ ਸਮਝ ਤੋ ਪਰੇ ਦੀ ਗੱਲ ਹੈ,ਕਿਉਕਿ ਸਹੀ ਮਾਤਰਾ ਦੱਸਣਾ ਵੀ ਸ਼ੱਕ ਦੇ ਘੇਰੇ ਵਿੱਚ ਆਉਂਦਾ ਹੈ।ਨਾਂ ਹੀ ਤਾਂ ਪਾਕਿਸਤਾਨ ਨੂੰ ਸਿੱਧੇ ਤੌਰ ਤੇ ਦੋਸ਼ੀ ਠਹਿਰਾਇਆ ਜਾਣਾ ਜਾਇਜ ਹੈ ਅਤੇ ਨਾ ਹੀ ਕਸ਼ਮੀਰੀ ਲੋਕਾਂ ਪ੍ਰਤੀ ਫੈਲਾਈ ਜਾ ਰਹੀ ਨਫਰਤ ਨੂੰ ਜਾਇਜ ਮੰਨਿਆ ਜਾ ਸਕਦਾ ਹੈ।ਜਿਸ ਤਰਾਂ ਪਾਕਿਸਤਾਨ ਨਾਲ ਲੜਾਈ ਦਾ ਮਹੌਲ ਬਣਾਇਆ ਜਾ ਰਿਹਾ ਹੈ,ਇਹ ਨਾ ਪੰਜਾਬ ਦੇ ਹਿਤ ਵਿੱਚ ਹੈ,ਨਾ ਹੀ ਕਸ਼ਮੀਰ ਦੇ ਹਿਤ ਵਿੱਚ ਹੈ ਅਤੇ ਨਾ ਹੀ ਦੇਸ਼ ਦੇ ਹਿਤ ਵਿੱਚ ਹੈ,ਜੇ ਕਿਸੇ ਦੇ ਹਿਤ ਵਿੱਚ ਹੈ ਤਾਂ ਉਹ ਮੌਜੂਦਾ ਮੋਦੀ ਸਰਕਾਰ ਦੇ ਹਿਤ ਵਿੱਚ ਜਰੂਰ ਜਾਵੇਗੀ,ਜਿਹੜੀ ਇੱਕ ਤੀਰ ਨਾਲ ਕਈ ਕਈ ਨਿਸ਼ਾਨੇ ਫੁੰਡਣ ਦੀ ਤਾਕ ਵਿੱਚ ਤਿਆਰ ਬੈਠੀ ਹੈ। ਜਿਸਤਰਾਂ ਕਸ਼ਮੀਰੀ ਵਿਦਿਆਰਥੀਆਂ ਨਾਲ ਦੇਸ਼ ਵਿੱਚ ਨਫਰਤ ਵਾਲਾ ਵਰਤਾਉ ਕੀਤਾ ਜਾ ਰਿਹਾ ਹੈ,ਉਸ ਨੂੰ ਦੇਖ ਕੇ ਕਿਹਾ ਜਾ ਸਕਦਾ ਹੈ ਕਿ ਕਾਫੀ ਹੱਦ ਤੱਕ ਭਾਰਤੀ ਜਨਤਾ ਪਾਰਟੀ ਆਪਣੇ ਮਿਸ਼ਨ ਵਿੱਚ ਸਫਲਤਾ ਹਾਸਲ ਕਰ ਵੀ ਚੁੱਕੀ ਹੈ।।ਕੇਂਦਰ ਦੇ ਇਸਾਰੇ ਤੇ ਪੰਜਾਬ ਦੇ ਅਕਾਲੀਆਂ ਵੱਲੋਂ ਖਾਸ ਕਰਕੇ ਬਾਦਲ,ਮਜੀਠੀਆ ਪਰਿਬਾਰ ਅਤੇ ਕੈਪਟਨ ਵੱਲੋਂ ਜੋ ਪਾਕਿਸਤਾਨ ਖਿਲਾਫ ਬਿਆਨਵਾਜੀ ਕੀਤੀ ਗਈ ਹੈ,ਉਹ ਇੱਕ ਬਾਰ ਫਿਰ ਇਹਨਾਂ ਦੀਆਂ ਆਉਣ ਵਾਲੀਆਂ ਪੁਸਤਾਂ ਲਈ ਨਮੋਸੀ ਵਾਲੀ ਸਾਬਤ ਹੋਈ ਹੈ,ਇਸ ਦੇ ਬਾਵਜੂਦ ਸਿੱਖ ਭਾਈਚਾਰੇ ਨੇ ਕਸ਼ਮੀਰੀ ਲੋਕਾਂ ਦੀ ਹਿਫਾਜਤ ਲਈ ਜੋ ਉਪਰਾਲੇ ਕੀਤੇ ਹਨ,ਉਹਦੇ ਤੋੰ ਕੇਂਦਰ ਸਰਕਾਰ ਅਤੇ ਘੱਟ ਗਿਣਤੀ ਵਿਰੋਧੀ ਤਾਕਤਾਂ ਬੇਸ਼ੱਕ ਜਰੂਰ ਖਫਾ ਹੋਈਆਂ ਹਨ,ਪਰੰਤੂ ਸੰਸਾਰ ਪੱਧਰ ਤੇ ਸਿੱਖ ਕੌਮ ਨੇ ਆਪਣਾ ਮਨੁਖਤਾਵਾਦੀ ਫਲਸਫਾ ਇੱਕ ਬਾਰ ਫਿਰ ਸਫਲਤਾ ਨਾਲ ਦੁਨੀਆਂ ਸਾਹਮਣੇ ਰੱਖਣ ਵਿੱਚ ਕਾਮਯਾਬੀ ਹਾਸਲ ਕੀਤੀ ਹੈ,ਇਹਦੇ ਲਈ ਖਾਲਸਾ ਏਡ ਵਧਾਈ ਦੀ ਪਾਤਰ ਹੈ,ਜਿਸਦੀ ਪਹਿਲਕਦਮੀ ਨਾਲ ਇਹ ਸੰਭਵ ਹੋ ਸਕਿਆ।ਕਸ਼ਮੀਰ ਮਾਮਲੇ ਤੇ ਪੰਜਾਬ ਦੇ ਕੈਬਿਨਟ ਮੰਤਰੀ ਨਵਜੋਤ ਸਿੰਘ ਸਿੱਧੂ ਅਤੇ ਸੁਖਪਾਲ ਸਿੰਘ ਖਹਿਰਾ ਵੱਲੋਂ ਵੱਲੋਂ ਅਪਣਾਈ ਪਹੁੰਚ ਨੂੰ ਵੀ ਸਲਾਹਿਆ ਜਾਂਦਾ ਰਹੇਗਾ।ਅਖੀਰ ਵਿੱਚ ਜੇਕਰ ਗੱਲ ਦਹਿਸਤਗਰਦਾਂ ਵੱਲੋਂ ਕੀਤੇ ਹਮਲੇ ਦੀ ਕਰੀਏ ਤਾਂ ਇਸ ਸਾਰੇ ਵਰਤਾਰੇ ਦੇ ਮੱਦੇਨਜਰ ਕਿਹਾ ਜਾ ਸਕਦਾ ਹੈ ਕਿ ਸਿਆਸਤ ਅਤੇ ਦਹਿਸਤਗਰਦੀ ਦਾ ਆਪਸ ਵਿੱਚ ਬਹੁਤ ਗੂੜ੍ਹਾ ਰਿਸ਼ਤਾ ਹੈ,ਕਿਉਕਿ ਇਹ ਦੋਨੋ ਹੀ ਕਿਸੇ ਦੇ ਸਕੇ ਨਹੀ ਹੁੰਦੇ ਅਤੇ ਦੋਨੋ ਹੀ ਇੱਕ ਦੂਸਰੇ ਦੀ ਮਦਦ ਨਾਲ ਵਧਦੇ ਫੁਲਦੇ ਹਨ।ਇਸ ਧਮਾਕੇ ਨੇ ਜਿੱਥੇ ਦਰਜਨਾਂ ਪਰਿਵਾਰਾਂ ਦੇ ਘਰ ਉਜਾੜ ਦਿੱਤੇ,ਓਥੇ ਆਮ ਕਸ਼ਮੀਰੀ ਲੋਕਾਂ ਤੇ ਜੁਲਮ ਢਾਹੁਣ ਲਈ ਭਾਰਤੀ ਫੋਰਸਾਂ ਦਾ ਰਾਹ ਵੀ ਪੱਧਰਾ ਕਰ ਦਿੱਤਾ ਹੈ।ਕੁੱਝ ਵੀ ਹੋਵੇ,ਪਰੰਤੂ ਸਿੱਖ ਭਾਈਚਾਰੇ ਨੇ ਰਾਜਨੀਤਕ ਸਾਜਿਸ਼ਾਂ ਨੂੰ ਪਛਾੜਕੇ ਜਿੱਥੇ ਸਿੱਖ ਮੁਸਲਿਮ ਭਾਈਚਾਰੇ ਦੇ ਆਪਸੀ ਸਬੰਧਾਂ ਨੂੰ ਮਜਬੂਤ ਕੀਤਾ ਹੈ,ਓਥੇ ਸਿੱਖੀ ਦੇ ਸਿਧਾਂਤਕ ਅਮਲ ਤੇ ਪਹਿਰਾ ਦੇਕੇ ਦੁਨੀਆਂ ਨੂੰ ਸਫਲ ਸੁਨੇਹਾ ਦੇਣ ਵਿੱਚ ਚੰਗੀ ਪਹਿਲਕਦਮੀ ਕੀਤੀ ਹੈ ਕਿ,ਜੇਕਰ ਕਿਸੇ ਸਮੇ ਔਰੰਗਜੇਬ ਨੇ ਕਸ਼ਮੀਰੀ ਪੰਡਤਾਂ ਤੇ ਧਰਮ ਬਦਲੀ ਕਰਵਾਉਣ ਲਈ ਜੁਲਮ ਢਾਹਿਆ ਸੀ ਤਾਂ ਸਿੱਖਾਂ ਦੇ ਨੌਵੇਂ ਗੁਰੂ ਤੇਗ ਬਹਾਦਰ ਸਾਹਿਬ ਨੇ ਆਪਣੀ ਸ਼ਹਾਦਤ ਦੇਕੇ ਉਸ ਜੁਲਮ ਨੂੰ ਠੱਲ ਪਾਈ ਸੀ ਤੇ ਅੱਜ ਉਸ ਸ਼ਹੀਦ ਗੁਰੂ ਦੇ ਵਾਰਸਾਂ ਨੇ ਹਿੰਦੂ ਕੱਟੜਵਾਦ ਵੱਲੋਂ ਕਸ਼ਮੀਰੀ ਮੁਸਲਮਾਨਾਂ ਤੇ ਕੀਤੇ ਜੁਲਮ ਨੂੰ ਠੱਲ ਪਾਉਣ ਅਤੇ ਉਹਨਾਂ ਦੀ ਹਿਫਾਜਤ ਲਈ ਪੁਖਤਾ ਇੰਤਜਾਮ ਕਰਕੇ ਇਹ ਦੱਸ ਦਿੱਤਾ ਹੈ ਕਿ ਸਿੱਖ ਕੌਂਮ ਕਿਸੇ ਫਿਰਕੇ,ਕਿਸੇ ਧਰਮ,ਕਿਸੇ ਮਜਹਬ ਦੇ ਖਿਲਾਫ ਨਹੀ ਸਗੋਂ ਇਹ ਹਰ ਉਸ ਇਨਸਾਨ ਦੀ ਮਦਦਗਾਰ ਹੈ ਜਿਸ ਤੇ ਸਮੇ ਦੀਆਂ ਸਰਕਾਰਾਂ ਦੀ ਫਿਰਕੂ ਸੋਚ ਦਾ ਕਹਿਰ ਵਰਤ ਰਿਹਾ ਹੋਵੇ ਅਤੇ ਉਸ ਜਾਲਮ ਤਾਕਤਾਂ ਦੀ ਹਮੇਸਾਂ ਦੁਸ਼ਮਣ ਰਹੇਗੀ,ਜਿਹੜੀਆਂ ਸੱਤਾ ਦੀ ਭੁੱਖ ਪੂਰਤੀ ਲਈ ਨਫਰਤ ਫੈਲਾਕੇ ਮਨੁਖਤਾ ਵਿੱਚ ਵੰਡੀਆਂ ਪਾਉਣ ਦੀਆਂ ਗੁਨਾਹਗਾਰ ਹਨ।

ਬਘੇਲ ਸਿੰਘ ਧਾਲੀਵਾਲ
99142-58142

24 Feb. 2019