ਰਲਗੱਡ ਹੋ ਕੇ ਰਹਿ ਗਈ ਸਿਆਸਤ - ਸ਼ਾਮ ਸਿੰਘ ਅੰਗ-ਸੰਗ

ਜਿਹੜੀ ਸਿਆਸਤ ਲੋਕਾਂ ਦੀ ਸੇਵਾ ਲਈ, ਭਲਾਈ ਵਾਸਤੇ ਅਤੇ ਦੇਸ਼ ਦੀ ਖੁਸ਼ਹਾਲੀ ਲਈ ਕੰਮ ਕਰਨ ਵਾਸਤੇ ਬਣੀ ਸੀ, ਉਹ ਸਿਆਸਤ ਹੁਣ ਹੋਰ ਦੀ ਹੋਰ ਹੀ ਹੋ ਗਈ। ਕਦੇ ਮਿਸ਼ਨਰੀ ਧਰਾਤਲ ਤੋਂ ਸ਼ੁਰੂ ਹੋਈ ਸਿਆਸਤ ਨੂੰ ਲੋਕ ਹੁਣ ਤਨਜ਼ ਕੱਸਣ ਜਾਂ ਮਸ਼ਕਰੀ ਕਰਨ ਵਾਸਤੇ ਵੀ ਵਰਤਣ ਲੱਗ ਪਏ ਕਿ ਯਾਰ ਮੇਰੇ ਨਾਲ ਐਵੇਂ ਸਿਆਸਤ ਨਾ ਖੇਡ। ਸਿਆਸਤ ਦਾ ਇਸ ਤਰ੍ਹਾਂ ਦਾ ਨਿਘਾਰ ਇਸ ਕਰਕੇ ਹੋਇਆ, ਕਿਉਂਕਿ ਸਿਆਸਤਦਾਨਾਂ ਨੇ ਇਸ ਨੂੰ ਮਿਆਰੀ ਨਹੀਂ ਰਹਿਣ ਦਿੱਤਾ, ਸਗੋਂ ਆਪੋ-ਆਪਣੇ ਸਵਾਰਥਾਂ ਕਰਕੇ ਨਿਘਾਰਾਂ ਵੱਲ ਹੀ ਲਿਜਾਂਦੇ ਰਹੇ।
      ਅੱਜ ਦੀ ਸਿਆਸਤ ਨੇ ਏਨਾ ਮੋੜ ਕੱਟਿਆ ਕਿ ਰਲਗੱਡ ਹੋ ਕੇ ਹੀ ਰਹਿ ਗਈ। ਨੀਤੀਆਂ ਦੇ ਵਖਰੇਵੇਂ ਕਾਰਨ ਦੋ ਤੋਂ ਬਾਈ ਹੋ ਗਈ। ਸ਼ਾਇਦ ਬਹੁਤ ਹੀ ਛੋਟੀਆਂ ਸਿਆਸੀ ਪਾਰਟੀਆਂ ਇਸ ਗਿਣਤੀ ਤੋਂ ਬਾਹਰ ਵੀ ਰਹਿ ਗਈਆਂ ਹੋਣ। ਪਾਰਟੀਆਂ ਦੇ ਫਟਣ ਕਾਰਨ ਵੀ ਪਾਰਟੀਆਂ ਦੀ ਗਿਣਤੀ ਨੂੰ ਜ਼ਰਬ ਆਉਂਦੀ ਰਹੀ ਅਤੇ ਚੌਧਰਾਂ ਨੂੰ ਕਾਇਮ ਰੱਖਣ ਲਈ ਵੀ। ਪਾਰਟੀਆਂ ਦੀ ਗਿਣਤੀ ਦੇ ਭੰਬਲਭੂਸੇ ਕਾਰਨ ਲੋਕਾਂ ਨੂੰ ਸਹੀ ਅਤੇ ਗਲਤ ਸਿਆਸੀ ਪਾਰਟੀ ਦੀ ਪਛਾਣ ਕਰਨੀ ਮੁਸ਼ਕਲ ਹੋ ਕੇ ਰਹਿ ਗਈ।
      ਪਹਿਲਾਂ ਤਾਂ ਆਮ ਜਿਹੇ ਦੇਖਿਆਂ-ਪਰਖਿਆਂ ਹੀ ਲੱਗਦਾ ਹੈ ਕਿ ਦੇਸ਼ ਦੇ ਸੱਤਰ ਸਾਲਾਂ ਦੇ ਲੋਕਤੰਤਰ ਦੀ ਹਾਲਤ ਅਜੇ ਬਚਪਨੇ ਤੋਂ ਅੱਗੇ ਨਹੀਂ ਤੁਰ ਸਕੀ। ਇਸ ਦੀਆਂ ਸਿਆਸੀ ਪਾਰਟੀਆਂ ਦਾ ਹਾਲ ਦੇਖੀਏ ਤਾਂ ਚੋਣਾਂ ਹੋਣ ਵੇਲੇ ਇਨ੍ਹਾਂ ਦਾ ਹਾਲ ਦੇਖਣ ਨਾਲੋਂ ਹੋਰ ਕੋਈ ਬਿਹਤਰ ਸਮਾਂ ਨਹੀਂ। ਜਿਹੜੀਆਂ ਪਾਰਟੀਆਂ ਦੀਆਂ ਨੀਤੀਆਂ ਵੱਖਰੀਆਂ, ਏਜੰਡੇ ਹੋਰ ਅਤੇ ਮੈਨੀਫੈਸਟੋ ਆਪਾ ਵਿਰੋਧੀ, ਉਹ ਏਕਾ ਕਰਕੇ ਗਠਬੰਧਨ ਕਰਦੀਆਂ ਹਨ ਅਤੇ ਆਪੋ-ਆਪਣੇ ਫਾਇਦਿਆਂ ਲਈ ਮੈਦਾਨ ਵਿੱਚ ਕੁੱਦਣੋਂ ਨਹੀਂ ਖੁੰਝਦੀਆਂ।
       ਸੁਰਾਂ ਨਾ ਮਿਲਣ 'ਤੇ ਰਾਜਨੀਤੀ ਦਾ ਅਲਾਪ ਕਰਨਾ ਲੋਕਾਂ ਨਾਲ ਸਰਾਸਰ ਧੋਖਾ ਹੈ, ਜਿਸ ਦਾ ਲੋਕ ਸਾਹਮਣਾ ਤਾਂ ਕਰਦੇ ਹਨ, ਪਰ ਅਜਿਹਾ ਹੋਣ ਨੂੰ ਪ੍ਰਵਾਨ ਨਹੀਂ ਕਰਦੇ। ਜਿਹੜੀਆਂ ਪਾਰਟੀਆਂ ਪਿਛਲੀਆਂ ਚੋਣਾਂ ਸਮੇਂ ਇੱਕ-ਦੂਜੇ ਵਿਰੁੱਧ ਹੋ ਕੇ ਲੜੀਆਂ, ਭਵਿੱਖ ਵਿੱਚ ਏਕਾ ਕਰਕੇ ਗਠਬੰਧਨ ਕਰ ਲੈਂਦੀਆਂ ਹਨ, ਜਿਸ ਨੂੰ ਉੱਕਾ ਹੀ ਗਲਤ ਨਹੀਂ ਸਮਝਦੀਆਂ। ਅਜਿਹਾ ਕਰਨਾ ਮੌਕਾਪ੍ਰਸਤੀ ਨੂੰ ਹਵਾ ਦੇਣ ਤੋਂ ਵੱਧ ਕੁਝ ਨਹੀਂ, ਜਿਸ ਕਾਰਨ ਸਿਆਸਤ ਦਾ ਉੱਚਾ ਮਿਆਰ ਕਾਇਮ ਨਹੀਂ ਰਹਿੰਦਾ।
      ਚੋਣਾਂ ਦੇ ਐਲਾਨ ਹੋਣ ਦੇ ਨੇੜੇ-ਤੇੜੇ ਨੇਤਾ ਦਲ-ਬਦਲੀ ਕਰਦੇ ਹਨ, ਜਿਸ ਦਾ ਮਨੋਰਥ ਆਪਣਾ ਭਲਾ ਹੀ ਹੁੰਦਾ ਹੈ, ਜਨਤਾ ਦਾ ਨਹੀਂ। ਪਾਰਟੀ ਛੱਡਣ ਵੇਲੇ ਹਰ ਨੇਤਾ ਅਕਸਰ ਆਖਦਾ ਹੈ ਕਿ ਪਾਰਟੀ 'ਚ ਦਮ ਘੁੱਟ ਰਿਹਾ ਸੀ, ਛੱਡ ਦਿੱਤੀ। ਟਿਕਟ ਹਾਸਲ ਕਰਨ ਲਈ ਜਿਸ ਦੂਜੀ ਸਿਆਸੀ ਪਾਰਟੀ ਵਿੱਚ ਸ਼ਾਮਲ ਇਸ ਤਰ੍ਹਾਂ ਹੁੰਦੇ ਹਨ, ਜਿਵੇਂ ਉਹ ਘੁੱਟਦੇ ਸਾਹ ਲਈ ਆਕਸੀਜਨ ਦੇ ਸੈਲੰਡਰ ਲੈਣ ਆਏ ਹੋਣ। ਜਿਸ ਹਲਕੇ ਦੇ ਲੋਕ ਸਮਝ ਲੈਣ, ਉਹ ਅਜਿਹੇ ਨੇਤਾ ਨੂੰ ਮਾਨਤਾ ਨਹੀਂ ਦਿੰਦੇ।
      ਚੋਣਾਂ ਦਾ ਕੰਮ ਖ਼ਤਮ ਹੋਣ ਤੋਂ ਬਾਅਦ ਵੀ ਕਈ ਵਾਰ ਕਈ ਥਾਈਂ ਉਹ ਸਿਆਸੀ ਪਾਰਟੀਆਂ ਸਰਕਾਰ ਬਣਾ ਲੈਂਦੀਆਂ ਹਨ, ਜਿਹੜੀਆਂ ਇੱਕ ਦੂਜੀ ਪਾਰਟੀ ਦੇ ਵਿਰੁੱਧ ਲੜੀਆਂ ਹੋਣ। ਹੁਣ ਇਹ ਕਿਹੜੇ ਸਦਾਚਾਰ ਦਾ ਕੇਹਾ ਸੱਭਿਆਚਾਰ ਹੈ ਕਿ ਆਪੋ ਆਪਣੇ ਸਵਾਰਥ ਨੂੰ ਪੂਰਾ ਕਰਨ ਲਈ ਜ਼ੁਬਾਨਾਂ ਚੁੱਪ ਕਰਵਾ ਲਈਆਂ ਜਾਣ ਅਤੇ ਤਿੱਖੀਆਂ ਤਲਵਾਰਾਂ ਮਿਆਨ 'ਚ ਪਾ ਲਈਆਂ ਜਾਣ? ਵੈਸੇ ਤਾਂ ਅਜਿਹੇ ਰੁਝਾਨਾਂ ਤੋਂ ਨੇਤਾਵਾਂ ਨੂੰ ਹੀ ਤੌਬਾ ਕਰਨੀ ਚਾਹੀਦੀ ਹੈ, ਨਹੀਂ ਤਾਂ ਜਨਤਾ ਕਰਕੇ ਦਿਖਾ ਦੇਵੇ।
      ਰਲਗੱਡ ਦੀ ਨੀਤੀ ਕਾਰਨ ਇੱਕ ਤਾਂ ਸਿਆਸੀ ਪਾਰਟੀਆਂ ਦਾ ਰੌਲਾ-ਰੱਪਾ ਪਿਆ ਰਹਿੰਦਾ ਹੈ ਤੇ ਦੂਜਾ ਇਹ ਵੀ ਪਤਾ ਨਹੀਂ ਲੱਗਦਾ ਕਿ ਕਿਹੜਾ ਨੇਤਾ ਕਿਸ ਪਾਰਟੀ ਵਿੱਚ ਕਿਸ ਕਰਕੇ ਜਾ ਵੜਿਆ? ਰਲਗੱਡ ਦੀ ਨੀਤੀ ਦਾ ਤਿਆਗ ਤਾਂ ਹੋ ਸਕਦਾ ਹੈ ਜੇ ਨੇਤਾ ਮਿਸ਼ਨਰੀ ਭਾਵਨਾ ਮੁੜ ਸੁਰਜੀਤ ਕਰਨ ਅਤੇ ਆਪੋ-ਆਪਣੇ ਭਲੇ ਨਾਲੋਂ ਮੁਲਕ ਅਤੇ ਇਸ ਦੇ ਲੋਕਾਂ ਦੀ ਖੁਸ਼ਹਾਲੀ ਲਈ ਕੰਮ ਕਰਨ। ਅਜਿਹਾ ਤਾਂ ਹੀ ਸੰਭਵ ਹੈ, ਜੇ ਨੇਤਾਜਨ ਆਪਣੀ ਕਾਰਗੁਜ਼ਾਰੀ ਲਈ ਸਦਾ ਲੋਕਾਂ ਅੱਗੇ ਜਵਾਬਦੇਹ ਹੋਣ।
      ਉਨ੍ਹਾਂ ਪਾਰਟੀਆਂ ਨੂੰ ਸਾਂਝੀਆਂ ਸਰਕਾਰਾਂ ਬਣਾਉਣ ਦਾ ਹੱਕ ਹੈ ਜਿਹੜੀਆਂ ਇੱਕ ਦੂਜੀ ਦੇ ਵਿਰੁੱਧ ਨਾ ਲੜੀਆਂ ਹੋਣ ਅਤੇ ਜਿਨ੍ਹਾਂ ਦੀ ਵਿਚਾਰਧਾਰਾ ਜੇ ਇੱਕੋ ਜਿਹੀ ਨਹੀਂ ਤਾਂ ਨੇੜੇ-ਤੇੜੇ ਜ਼ਰੂਰ ਹੋਵੇ। ਨਾਲ ਦੀ ਨਾਲ ਦੋਵੇਂ ਹੀ ਲੋਕ-ਹਿੱਤ ਵਿੱਚ ਕੰਮ ਕਰਨ ਲਈ ਵਚਨਬੱਧ ਵੀ ਹੋਣ ਅਤੇ ਪੂਰੀ ਤਰ੍ਹਾਂ ਜਵਾਬਦੇਹ ਵੀ। ਨੇਤਾਵਾਂ ਨੂੰ ਸਾਫ਼, ਸਪੱਸ਼ਟ ਰਾਜਨੀਤੀ ਕਰਨੀ ਚਾਹੀਦੀ ਹੈ ਤਾਂ ਜੋ ਦੇਸ਼ ਦੇ ਲੋਕ ਉਨ੍ਹਾਂ ਨੂੰ ਤੁਰੰਤ ਪਛਾਣ ਸਕਣ ਅਤੇ ਰਲਗੱਡਤਾ ਤੋਂ ਬਚ ਸਕਣ।


ਤੁਰ ਗਿਆ ਐੱਸ. ਤਰਸੇਮ

ਕੇਂਦਰੀ ਪੰਜਾਬੀ ਲੇਖਕ ਸਭਾ ਦੇ ਸਾਬਕਾ ਪ੍ਰਧਾਨ ਡਾ. ਐੱਸ ਤਰਸੇਮ ਸੰਸਾਰ ਦੀ ਯਾਤਰਾ ਪੂਰੀ ਕਰ ਕੇ ਉਸ ਸੰਸਾਰ ਵੱਲ ਤੁਰ ਗਿਆ, ਜਿੱਥੋਂ ਕਦੀ ਵੀ ਕੋਈ ਵਾਪਸ ਨਹੀਂ ਆਉਂਦਾ। ਉਸ ਨੇ ਅਧਿਆਪਨ ਦਾ ਕਾਰਜ ਵੀ ਕੀਤਾ ਅਤੇ ਸਿਰਜਣਾ ਦਾ ਸਫ਼ਰ ਵੀ। ਨੇਤਰਹੀਣ ਹੋ ਕੇ ਵੀ ਉਹ ਚਾਨਣੇ ਦਾ ਕੰਮ ਕਰਦਾ ਰਿਹਾ। ਦੋ ਦਰਜਨ ਕਿਤਾਬਾਂ ਦੇ ਕਰਤਾ ਡਾ. ਤਰਸੇਮ ਦੀ ਜੋ ਸਵੈ ਜੀਵਨੀ ਧ੍ਰਿਤਰਾਸ਼ਟਰ ਛਪੀ ਤਾਂ ਉਹ ਬਹੁਤ ਹੀ ਸਲਾਹੀ ਗਈ। ਉਸ ਨਾਲ ਤਰਸੇਮ ਦਿਲਾਂ ਵਿੱਚ ਉੱਤਰ ਗਿਆ ਅਤੇ ਹਰਮਨ ਪਿਆਰਾ ਹੋ ਗਿਆ।
      ਤ੍ਰੈਮਾਸਕ ਪੱਤਰ 'ਨਜ਼ਰੀਆ' ਦੀ ਸੰਪਾਦਨਾ ਵੀ ਉਸ ਦਾ ਯਾਦਗਾਰੀ ਕੰਮ ਸੀ, ਜਿਸ ਦੀ ਸਦਾ ਸਰਾਹਨਾ ਹੁੰਦੀ ਰਹੇਗੀ। ਗੌਰਮਿੰਟ ਕਾਲਜ ਮਾਲੇਰਕੋਟਲਾ 'ਚ ਪੜ੍ਹਾਇਆ ਅਤੇ ਉੱਥੇ ਹੀ ਵਸੇਬਾ ਕਰਦਾ ਰਿਹਾ। ਲੁਧਿਆਣਾ ਦੇ ਦਯਾਨੰਦ ਹਸਪਤਾਲ ਵਿੱਚ ਜ਼ੇਰੇ ਇਲਾਜ ਸੀ, ਜਿੱਥੇ ਦਿਲ ਦਾ ਦੌਰਾ ਪੈਣ ਕਾਰਨ ਅਗਲੀ ਯਾਤਰਾ 'ਤੇ ਤੁਰ ਗਿਆ। ਬਹੁਤ ਹੀ ਚੰਗਾ ਇਨਸਾਨ ਸੀ, ਜਿਸ ਵੱਲੋਂ ਸਾਹਿਤ ਵਿੱਚ ਪਾਏ ਯੋਗਦਾਨ ਨੂੰ ਯਾਦ ਕੀਤਾ ਜਾਂਦਾ ਰਹੇਗਾ, ਪਰ ਉਸ ਦੇ ਜਾਣ ਦਾ ਘਾਟਾ ਪੂਰਾ ਨਹੀਂ ਹੋ ਸਕੇਗਾ।



ਲਤੀਫ਼ੇ ਦਾ ਚਿਹਰਾ-ਮੋਹਰਾ

ਕੁੱਕੜ ਦੇ ਕੋਲੋਂ ਲੰਘਦਿਆਂ ਰਾਹੀ ਨੇ ਕਿਹਾ ਕਿ ''ਤੇਰੀ ਏਨੀ ਸੋਹਣੀ ਕਲਗੀ ਅਤੇ ਸ਼ਕਲੋ-ਸੂਰਤ, ਜਗਾਉਣ ਵਾਲੀ ਸੁਰੀਲੀ ਅਤੇ ਰਸੀਲੀ ਆਵਾਜ਼ ਫੇਰ ਵੀ ਲੋਕ ਤੇਰਾ ਕਤਲ ਕਰਨ ਤੋਂ ਕਿਉਂ ਨਹੀਂ ਹਟਦੇ?'' ਕੁੱਕੜ ਤੁਰੰਤ ਬੋਲਿਆ, ''ਹਰੇਕ ਜਗਾਉਣ ਵਾਲੇ ਦਾ ਏਹੀ ਹਸ਼ਰ ਹੁੰਦਾ ਰਿਹਾ ਅਤੇ ਹੁੰਦਾ ਰਹੇਗਾ।''
-0-
ਗਧੇ ਨੇ ਤਿੰਨ ਵਾਰ ਅਰਜ਼ੀ ਰੱਦ ਹੋਣ 'ਤੇ ਅਦਾਲਤ ਦਾ ਬੂਹਾ ਜਾ ਖੜਕਾਇਆ। ਅਦਾਲਤ ਨੇ ਜਦ ਵੀ ਸੀ ਨੂੰ ਪੁੱਛਿਆ ਕਿ ਇਸ ਨੂੰ ਪੀ ਐੱਚ ਡੀ ਕਿਉਂ ਨਹੀਂ ਕਰਵਾਉਂਦੇ ਤਾਂ ਵੀ ਸੀ ਨੇ ਕਿਹਾ ਕਿ, ''ਅਸੀਂ ਗਧਿਆਂ ਨੂੰ ਪੀ ਐੱਚ ਡੀ ਨਹੀਂ ਕਰਵਾਉਂਦੇ, ਕਿਉਂਕਿ ਅਜਿਹੇ ਨਿਯਮ ਹੀ ਨਹੀਂ। ਗਧੇ ਨੇ ਜਦ ਪੁੱਛਣ 'ਤੇ ਦੱਸਿਆ ਕਿ ਪਹਿਲਾਂ ਕਈ ਗਧੇ ਪੀ ਐੱਚ ਡੀ ਕਰ ਚੁੱਕੇ ਹਨ, ਪਰ ਮੈਂ ਉਨ੍ਹਾਂ ਦੇ ਨਾਂਅ ਨਹੀਂ ਦੱਸ ਸਕਦਾ, ਕਿਉਂਕਿ ਉਹ ਮੈਨੂੰ ਕੁੱਟ-ਕੁੱਟ ਕੇ ਹਾਲੋਂ-ਬੇਹਾਲ ਕਰ ਦੇਣਗੇ। ਅਦਾਲਤ ਚੁੱਪ, ਵੀ. ਸੀ ਚੁੱਪ, ਅਤੇ ਸਮਾਂ ਵੀ ਚੁੱਪ।

ਮੋਬਾਈਲ : 98141-13338