ਸਾਹਿਤ ਤੇ ਬਰਾਡਕਾਸਟਿੰਗ ਦੇ ਚਮਨ ਨੂੰ ਵੀਰਾਨ ਕਰ ਗਿਆ - ਚਮਨ ਲਾਲ ਚਮਨ - ਕੇ ਸੀ ਮੋਹਨ

ਘਟਨਾਵਾਂ ਕੁਝ ਇਸ ਤਰ੍ਹਾਂ ਵਾਪਰੀਆਂ ਹਨ ਕਿ ਪੰਜਾਬੀ, ਹਿੰਦੀ ਅਤੇ ਉਰਦੂ ਦੇ ਬਿਹਤਰੀਨ ਲੇਖਕ/ਸ਼ਾਇਰ ਅਤੇ ਟੀ ਵੀ/ਰੇਡੀਓ ਬਰਾਡਕਾਸਟਰ ਚਮਨ ਲਾਲ ਚਮਨ ਦੀ ਗੱਲ, ਮਰਹੂਮ ਸਾਥੀ ਲੁਧਿਆਣਵੀ ਦੇ ਜ਼ਿਕਰ ਬਿਨਾਂ ਹੋਣੀ ਮੁਸ਼ਕਲ ਹੈ। ਇਸੇ ਜਨਵਰੀ ਵਿੱਚ ਸਾਥੀ ਲੁਧਿਆਣਵੀ ਪੱਛਮੀ ਲੰਦਨ ਦੇ ਹਿਲਿੰਗਡਨ ਹਸਪਤਾਲ ਵਿੱਚ ਕੈਂਸਰ ਨਾਲ ਯੁੱਧ ਕਰ ਰਿਹਾ ਸੀ। ਹਸਪਤਾਲ ਦੇ ਬੈਵਿਨ ਵਾਰਡ ਵਿੱਚ ਸਾਥੀ ਦਾ ਹਾਲ-ਚਾਲ ਪੁੱਛਣ ਵਾਲਿਆਂ ਦੀ ਭੀੜ ਕਦੀ ਖਤਮ ਨਹੀਂ ਸੀ ਹੁੰਦੀ। ਸਾਥੀ ਦਾ ਪਰਮ ਮਿੱਤਰ ਚਮਨ ਲਾਲ ਚਮਨ ਅਤੇ ਉਨ੍ਹਾ ਦੀ ਸੁਪਤਨੀ ਪੁਸ਼ਪਾ, ਸਾਥੀ ਦਾ ਪਤਾ ਲੈਣ ਲਈ ਬਿਨਾਂ ਨਾਗਾ ਹਰ ਰੋਜ਼ ਹਸਪਤਾਲ ਵਿੱਚ ਪੁੱਜਿਆ ਕਰਦੇ ਸਨ। ਹਸਪਤਾਲ ਨਾ ਜਾ ਸਕਣ ਵਾਲੇ ਸਾਥੀ ਦੀ ਸਿਹਤ ਦੀ ਖਬਰਸਾਰ ਚਮਨ ਹੁਰਾਂ ਕੋਲੋਂ ਹੀ ਪੁੱਛਦੇ ਸਨ।
       ਮੈਂ ਇੱਕ ਸ਼ਾਮ ਸਾਥੀ ਨੂੰ ਮਿਲਣ ਬਾਅਦ ਚਮਨ ਨੂੰ ਫੋਨ ਕੀਤਾ। ਮੈਂ ਦੱਸਿਆ ਕਿ ਸਾਥੀ ਤਾਂ ਚੜ੍ਹਦੀਆਂ ਕਲਾ 'ਚ ਹੈ। ਉਹਨੇ ਅੱਜ ਕਿੰਨੀ ਦੇਰ ਖੁੱਲ੍ਹ ਕੇ ਆਮ ਵਾਂਗ ਗੱਲਾਂ ਕੀਤੀਆਂ। ਮਾੜੇ-ਧੀੜੇ ਬੰਦੇ ਤੋਂ ਤਾਂ ਤਾਪ ਨ੍ਹੀਂ ਝੱਲ ਹੁੰਦਾ, ਸਾਥੀ ਨੇ ਤਾਂ ਚੰਗੀ ਤਰ੍ਹਾਂ ਜੁੰਬਸ਼ ਨਾਲ ਹੱਥ ਮਿਲਾਇਆ। ਚਮਨ ਕਹਿਣ ਲੱਗਾ, ''ਉਹ ਅਸਲ 'ਚ ਠੀਕ ਨਹੀਂ। ਉਹ ਹੌਲੀ-ਹੌਲੀ ਆਖਰੀ ਮੰਜ਼ਲ ਵੱਲ ਵਧ ਰਿਹਾ ਹੈ। ਉਹਦੀ ਸ਼ਕਤੀ ਵਧ ਨਹੀ੬ਂ ਰਹੀ, ਘਟ ਰਹੀ ਹੈ।''
       17 ਜਨਵਰੀ 2019 ਨੂੰ ਸਵੇਰੇ 9 ਕੁ ਵਜੇ ਚਮਨ ਦਾ ਫੋਨ ਆਇਆ, ''ਮੋਹਨ ਪਿਆਰੇ, ਕੁਦਰਤ ਨੇ ਮੇਰੇ ਪਰ ਕੁਤਰ ਦਿੱਤੇ ਨੇ। ਹੁਣ ਮੈਂ ਉੱਡ ਨਹੀਂ ਸਕਾਂਗਾ। ਸਾਥੀ ਅੱਜ ਤੜਕੇ 4 ਵਜੇ ਪੂਰਾ ਹੋ ਗਿਐ।''
       ਚਮਨ ਅਤੇ ਪੁਸ਼ਪਾ, ਸਾਥੀ ਹੁਰਾਂ ਦੀ ਪਤਨੀ ਯਸ਼ ਅਤੇ ਉਹਦੇ ਪਰਵਾਰ ਨੂੰ ਸਹਾਰਾ ਦੇਣ ਲਈ ਹਰ ਰੋਜ਼ ਉਨ੍ਹਾ ਦੇ ਰਾਏ ਸਨਿਪ ਵਾਲੇ ਘਰ ਪੁੱਜਦੇ, ਅਫਸੋਸ ਕਰਨ ਆਉਣ ਵਾਲੇ ਸੱਜਣਾਂ ਨੂੰ ਸੰਭਾਲਦੇ। ਹਸਪਤਾਲ ਤੋਂ ਜ਼ਰੂਰੀ ਕਾਗਜ਼ ਪ੍ਰਾਪਤ ਕਰਨ ਅਤੇ ਸਸਕਾਰ ਦੇ ਬੰਦੋਬਸਤ ਕਰਨ ਵਿੱਚ ਸਾਥੀ ਪਰਵਾਰ ਦੀ ਮਦਦ ਕਰਦੇ।
        ਸਾਥੀ ਦਾ ਸਸਕਾਰ 29 ਜਨਵਰੀ 2019 ਨੂੰ ਹੋਣਾ ਨਿਸ਼ਚਿਤ ਕੀਤਾ ਗਿਆ। ਯਸ਼ ਸਾਥੀ ਨੇ ਸਸਕਾਰ ਦੇ ਦਿਨ ਦੇ ਮੁੱਖ ਪ੍ਰਬੰਧਾਂ ਅਤੇ ਕੰਮਾਂ ਦੀ ਜ਼ਿੰਮੇਵਾਰੀ ਚਮਨ ਹੁਰਾਂ ਨੂੰ ਸੌਂਪ ਦਿੱਤੀ। ਕੀ-ਕੀ, ਕਦੋਂ ਤੇ ਕਿੱਥੇ ਕਰਨਾ ਹੈ, ਗੁਰਦੁਆਰੇ ਭੋਗ ਵੇਲੇ ਕੀਹਨੇ-ਕੀਹਨੇ ਬੋਲਣਾ ਹੈ। ਸਾਥੀ ਦੇ ਘਰ ਬੈਠਿਆਂ ਹੀ ਯਸ਼ ਦੀ ਹਾਜ਼ਰੀ ਵਿੱਚ ਚਮਨ ਨੇ 27 ਜਨਵਰੀ ਨੂੰ ਉਨ੍ਹਾ ਸਾਰੇ ਭਾਈਚਾਰਕ ਲੀਡਰਾਂ ਅਤੇ ਲੇਖਕਾਂ ਨੂੰ ਫੋਨ ਕੀਤੇ, ਜਿਨ੍ਹਾਂ ਨੂੰ ਸ਼ਰਧਾਂਜਲੀ ਸਮਾਗਮ 'ਤੇ ਬੋਲਣ ਵਾਲਿਆਂ ਦੀ ਲਿਸਟ ਵਿੱਚ ਸ਼ਾਮਲ ਕੀਤਾ ਗਿਆ ਸੀ।
        ਚਮਨ ਹੁਰਾਂ ਮੈਨੂੰ ਵੀ ਫੋਨ ਕੀਤਾ, ਪਰ ਮੈਂ ਘਰ ਨਹੀਂ ਸਾਂ। ਉਨ੍ਹਾਂ 27 ਜਨਵਰੀ ਨੂੰ ਸ਼ਾਮ ਦੇ 9 ਵਜੇ ਮੇਰੇ ਵਾਸਤੇ ਟੈਲੀਫੋਨ ਮਸ਼ੀਨ 'ਤੇ ਸੁਨੇਹਾ ਛੱਡਿਆ। 'ਮੋਹਨ ਪਿਆਰੇ, ਮੈਂ ਚਮਨ ਅਰਜ਼ ਕਰ ਰਿਹਾਂ। ਮੈਂ ਬੋਲ ਰਿਹਾਂ ਸਾਥੀ ਲੁਧਿਆਣਵੀ ਹੁਰਾਂ ਦੇ ਘਰੋਂ ਤੇ ਮੈਂ ਮੈਸੇਜ ਹੁਣੇ ਹੀ ਦੇਣਾ ਟਾਈਮ ਥੋੜ੍ਹਾ ਹੋਣ ਕਰਕੇ। ਫਿਊਨਰਲ ਤੇ ਜਦੋਂ ਗੁਰਦੁਆਰੇ ਆਉਣਾ ਹੈ ਤਾਂ ਪਰਵਾਰ ਵੱਲੋਂ ਵੀ, ਮੇਰੇ ਵੱਲੋਂ ਵੀ ਬੇਨਤੀ ਹੈ ਕਿ ਤੁਸੀਂ ਸਾਥੀ ਸਾਹਿਬ ਬਾਰੇ ਪੰਜ ਮਿੰਟ ਲਈ ਜੋ ਵੀ ਮੁਨਾਸਬ ਸਮਝੋ, ਬੋਲਿਓ ਪਲੀਜ਼! ਓ ਕੇ। ਮੈਂ ਇਸ ਕਰਕੇ ਇਹ ਸੰਦੇਸ਼ ਛੱਡ ਰਿਹਾ ਹਾਂ ਕਿ ਮੈਂ ਕੱਲ੍ਹ ਇੱਕ ਅਪੂਆਇੰਟ ਲਈ ਹਸਪਤਾਲ ਜਾ ਰਿਹਾ ਹਾਂ ਤੇ ਆਈ ਵੁੱਡਨਾਟ ਵੀ ਅਵੇਲੇਬਲ ਟਿਲ ਲੇਟ। ਥੈਂਕਯੂ ਐਂਡ ਆਲ ਦਾ ਬੈਸਟ।'
       ਮੈਂ ਚਮਨ ਹੁਰਾਂ ਦਾ ਇਹ ਸੰਦੇਸ਼ ਕਈ ਦਿਨਾਂ ਬਾਅਦ ਸੁਣਿਆ, ਸ਼ਾਇਦ 2 ਫਰਵਰੀ ਨੂੰ। ਉਦੋਂ ਤੱਕ ਸਾਥੀ ਹੋਰਾਂ ਦਾ ਸਸਕਾਰ ਹੋ ਚੁੱਕਾ ਸੀ। ਸਾਥੀ ਦੇ ਭੋਗ 'ਤੇ ਬੋਲਣ ਵਾਲਿਆਂ ਵਿੱਚ ਮੇਰਾ ਵੀ ਨਾਂਅ ਸੀ।
      ਚਮਨ 28 ਜਨਵਰੀ ਨੂੰ ਹਸਪਤਾਲ ਵਿੱਚ ਆਪਣੀ ਇੱਕ ਰੂਟੀਨ ਅਪੂਆਇੰਟਮੈਂਟ ਲਈ ਚਲਾ ਗਿਆ ਸੀ, ਪਰ ਉਹਦੀ ਬਿਰਤੀ ਸਾਥੀ ਦੇ ਸਸਕਾਰ ਦੇ ਪ੍ਰਬੰਧਾਂ ਵੱਲ ਲੱਗੀ ਹੋਈ ਸੀ।
      ਚਮਨ ਨੂੰ 2012 ਵਿੱਚ ਦਿਲ ਦੀ ਤਕਲੀਫ ਹੋਈ ਸੀ ਅਤੇ ਡਾਕਟਰਾਂ ਨੇ ਉਹਦੇ ਸਟੰਟ ਪਾ ਕੇ ਉਹਨੂੰ ਘਰ ਭੇਜ ਦਿੱਤਾ ਸੀ। ਚਮਨ ਨੂੰ ਰਾਜ਼ੀ ਹੋਣ ਲਈ ਚੋਖਾ ਵਕਤ ਲੱਗ ਰਿਹਾ ਸੀ। ਉਹ ਬਹੁਤ ਕਮਜ਼ੋਰ ਹੋ ਗਏ ਸਨ। ਚਮਨ ਦੀ ਸਿਹਤ ਕਰਕੇ ਸਭ ਨੂੰ ਬਹੁਤ ਫਿਕਰ ਲੱਗਾ ਹੋਇਆ ਸੀ, ਬਲਕਿ ਇੱਕ ਡਰ ਦਾ ਆਲਮ ਸੀ, ਪਰ ਚਮਨ ਨੇ ਖਾਣ-ਪੀਣ ਦੇ ਸੰਜਮ ਅਤੇ ਕਸਰਤ ਨਾਲ ਆਪਣੇ-ਆਪ ਨੂੰ ਮੁੜ ਲੀਹ 'ਤੇ ਲੈ ਆਂਦਾ। ਚਮਨ ਹੁਰੀਂ ਘੋੜੇ ਵਾਂਗ ਦੌੜਨ ਲੱਗੇ। ਮਹਿਫਲਾਂ ਦੀ ਰੌਣਕ ਫਿਰ ਗਰਮਾਅ ਗਈ। ਕਿਸੇ ਨੂੰ ਚੇਤਾ ਵੀ ਨਾ ਰਿਹਾ ਕਿ ਚਮਨ ਕਦੀ ਬਿਮਾਰ ਵੀ ਸੀ। ਪੂਰੇ ਛੇ ਸਾਲ ਲੰਘ ਗਏ।
       28 ਜਨਵਰੀ ਵਾਲੀ ਹਸਪਤਾਲ ਰੂਟੀਨ ਫੇਰੀ ਦੌਰਾਨ ਡਾਕਟਰਾਂ ਨੇ ਲੱਭਿਆ ਕਿ ਚਮਨ ਹੁਰਾਂ ਦੇ ਹੋਰ ਸਟੰਟ ਪੈਣ ਦੀ ਲੋੜ ਸੀ। ਦਿਲ ਦੀਆਂ ਆਰਟਰੀਅਰ ਸਿਰਫ ਤੀਹ ਫੀਸਦੀ ਹੀ ਕੰਮ ਕਰ ਰਹੀਆਂ ਸਨ। ਸਾਥੀ ਦਾ ਸ਼ਰਧਾਂਜਲੀ ਸਮਾਗਮ ਬਾਅਦ ਦੁਪਹਿਰ ਗੁਰਦੁਆਰਾ ਸਾਹਿਬ ਵਿਖੇ ਹੋਣਾ ਸੀ। ਮੰਚ ਦਾ ਸੰਚਾਲਨ ਚਮਨ ਲਾਲ ਚਮਨ ਨੇ ਹੀ ਕਰਨਾ ਸੀ। ਚਮਨ ਹੁਰੀਂ ਡਾਕਟਰਾਂ ਨੂੰ ਆਖਣ ਲੱਗੇ ਕਿ ਮੈਨੂੰ ਸਿਰਫ ਦੋ ਘੰਟੇ ਦੀ ਛੁੱਟੀ ਦਿਓ, ਮੈਂ ਸ਼ਰਧਾਂਜਲੀ ਸਮਾਗਮ ਭੁਗਤਾ ਕੇ ਫਟਾਫਟ ਆਇਆ ਕਿ ਆਇਆ, ਪਰ ਡਾਕਟਰ ਨਹੀਂ ਮੰਨੇ।
       ਚਮਨ ਦੇ ਦਿਲ ਦੇ ਸਿਸਟਮ ਨੂੰ ਠੀਕ ਕਰਨ ਲਈ ਚਮਨ ਹੁਰਾਂ ਦੇ ਕਈ ਇੱਕ ਸਟੰਟ ਪਾਏ ਗਏ, ਪਰ ਇਨ੍ਹਾਂ ਨੇ ਗਤੀ ਨਾ ਫੜੀ। ਚਮਨ ਹੁਰੀਂ ਫਿਰ ਮੁੜ ਕੇ ਹੋਸ਼ ਵਿੱਚ ਨਾ ਆਏ ਤੇ 4 ਫਰਵਰੀ ਨੂੰ ਸਾਥੀ ਦੇ ਵਿਛੜਣ ਤੋਂ ਸਾਢੇ ਤਿੰਨ ਹਫਤਿਆਂ ਮਗਰੋਂ ਹੀ, ਆਪਣੇ ਪਰਮ ਮਿੱਤਰ ਸਾਥੀ ਲੁਧਿਆਣਵੀ ਦੇ ਸਾਥ ਵਿੱਚ ਜਾ ਬਿਰਾਜੇ।
      ਚਮਨ ਲਾਲ ਚਮਨ ਅਤੇ ਸਾਥੀ ਲੁਧਿਆਣਵੀ ਬਰਤਾਨੀਆ ਦੇ ਪੰਜਾਬੀ ਸਾਹਿਤ ਅਤੇ ਬਰਾਡਕਾਸਟਿੰਗ ਦੇ ਪਿੜ ਵਿੱਚ ਦੋ ਅਤੀ ਧੜੱਲੇਦਾਰ ਅਤੇ ਹਰਮਨ-ਪਿਆਰੇ ਸਮਕਾਲੀ ਹਸਤਾਖਰ ਸਨ। ਬਰਤਾਨੀਆ ਵਿਚਲੇ ਪਹਿਲੇ ਪੂਰ ਦੇ ਬਹੁਤ ਸਾਰੇ ਪੰਜਾਬੀ ਲੇਖਕ ਸਾਥੋਂ ਵਿਛੜੇ ਹਨ, ਪਰ ਚਮਨ ਅਤੇ ਸਾਥੀ ਦੇ ਅੱਗੜ-ਪਿੱਛੜ ਵਿਛੋੜੇ ਨੇ ਏਸ਼ੀਅਨ ਭਾਈਚਾਰੇ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਇੱਕ ਤਰੀਕੇ ਨਾਲ ਭਾਈਚਾਰਾ ਯਕਦਮ ਹਿੱਲ ਗਿਆ ਹੈ। ਭਾਵੇਂ ਸਾਥੀ ਅਤੇ ਚਮਨ ਤੋਂ ਮਗਰਲੀਆਂ ਪੀੜ੍ਹੀਆਂ ਦੇ ਵੀ ਲੇਖਕ ਅਤੇ ਬਰਾਡਕਾਸਟਰ ਹਨ, ਪਰ ਪ੍ਰਵਾਸ ਦੇ ਜੀਵਨ ਅਤੇ ਸਫਰ ਦੀ ਜੋ ਸਮਝ, ਤਜਰਬਾ ਅਤੇ ਪਕੜ ਇਨ੍ਹਾਂ ਦੋਵਾਂ ਕੋਲ ਸੀ, ਉਹ ਹਰ ਕਿਸੇ ਕੋਲ ਨਹੀਂ ਹੈ। ਇਹ ਦੋਵੇਂ ਪੰਜਾਬੀ ਸਾਹਿਤ ਅਤੇ ਟੀ ਵੀ/ਰੇਡੀਓ ਬਰਾਡਕਾਸਟਿੰਗ ਦੇ ਥੰਮ੍ਹ ਅਤੇ ਪਿਤਾਮਾ ਸਨ।
      ਚਮਨ ਲਾਲ ਪ੍ਰਤਿਭਾਸ਼ਾਲੀ ਬਹੁ-ਗੁਣੀ ਸ਼ਖਸੀਅਤ ਸਨ। ਕੱਦ-ਕਾਠ ਵੱਡਾ, ਪਰ ਗੱਲਬਾਤ ਵਿੱਚ ਸਹਿਜ ਤੇ ਮਿਠਾਸ ਅਤੇ ਖੁਸ਼-ਤਬੀਅਤ ਸੁਭਾਅ। ਚਮਨ ਕਦੇ ਵੀ ਕਿਸੇ ਨੂੰ ਉੱਚਾ ਜਾਂ ਕੌੜਾ ਨਹੀਂ ਸੀ ਬੋਲਦੇ। ਉਹ ਮੁਸ਼ਾਇਰੀਆਂ ਦੀ ਜਿੰਦ-ਜਾਨ ਸਨ ਤੇ ਮਹਿਫਲਾਂ ਦੀ ਰੌਣਕ।
       ਲੱਗਦਾ ਹੈ ਚਮਨ ਹੁਰਾਂ ਨੂੰ ਭਾਰਤ ਵਿੱਚ ਲੋਕ ਏਨਾ ਨਹੀਂ ਸਨ ਜਾਣਦੇ। ਪਰ ਈਸਟ ਅਫਰੀਕਨ ਮੁਲਕਾਂ ਅਤੇ ਬਰਤਾਨਵੀ ਏਸ਼ੀਅਨ ਭਾਈਚਾਰੇ ਵਿੱਚ ਤੁਹਾਨੂੰ ਕੋਈ ਟਾਂਵੇਂ-ਟਾਂਵੇਂ ਲੋਕ ਹੀ ਮਿਲਣਗੇ, ਜਿਹੜੇ ਚਮਨ ਦੀ ਸ਼ਖਸੀਅਤ, ਉਹਦੇ ਹੁਨਰ ਅਤੇ ਉਹਦੀ ਪੰਜਾਬੀ, ਹਿੰਦੀ ਅਤੇ ਉਰਦੂ ਬੋਲੀਆਂ ਨੂੰ ਦੇਣ ਤੋਂ ਨਾਵਾਕਫ ਹੋਣ। ਉਹ 19 ਸਾਲ ਦੀ ਉਮਰ ਵਿੱਚ ਫਗਵਾੜੇ ਕਾਲਜ ਦੀ ਪੜ੍ਹਾਈ ਵਿੱਚੇ ਛੱਡ ਕੇ ਆਪਣੇ ਪਿਤਾ ਦੇ ਬੁਲਾਵੇ 'ਤੇ ਕੀਨੀਆ ਪੁੱਜ ਗਏ, ਜਿੱਥੇ ਉਹ ਏਸ਼ੀਆਈ ਰੇਡੀਓ ਬਰਾਡਕਾਸਟਿੰਗ ਦੀ ਦੁਨੀਆ 'ਤੇ 1974 ਤੱਕ ਛਾਏ ਰਹੇ। ਸਰਕਾਰੀ ਰੇਡੀਓ 'ਤੇ ਵੱਡੀਆਂ ਜ਼ਿੰਮੇਵਾਰੀਆਂ ਨਿਭਾਉਣ ਤੋਂ ਬਿਨਾਂ ਉਹਨਾਂ ਨੇ ਭਾਰਤੀ/ਪਾਕਿਸਤਾਨੀ ਕਲਾਕਾਰਾਂ ਤੇ ਲੀਡਰਾਂ ਨੂੰ ਈਸਟ ਅਫਰੀਕਨ ਮੁਲਕਾਂ ਵਿੱਚ ਰਹਿੰਦੇ ਏਸ਼ੀਅਨਾਂ ਸਾਹਮਣੇ ਰੂਬਰੂ ਕਰਵਾਇਆ। ਵੱਡੇ-ਵੱਡੇ ਫਿਲਮੀ ਕਲਾਕਾਰਾਂ ਅਤੇ ਗਾਇਕਾਂ ਦੇ ਅਨੇਕਾਂ ਪ੍ਰੋਗਰਾਮਾਂ ਦਾ ਬੰਦੋਬਸਤ ਕੀਤਾ ਅਤੇ ਉਨ੍ਹਾ ਦੀ ਰਹਿਨੁਮਾਈ ਕੀਤੀ।
       ਚਮਨ ਦੇ 1974 ਵਿੱਚ ਇੰਗਲੈਂਡ ਆਉਣ ਦੇ ਦਿਨਾਂ/ਸਾਲਾਂ ਵਿੱਚ ਹਜ਼ਾਰਾਂ ਈਸਟ ਅਫਰੀਕਨ ਏਸ਼ੀਅਨਾਂ ਨੂੰ ਵੀ ਆਪਣੇ ਮੁਲਕ ਛੱਡ ਕੇ ਹੋਰਨਾਂ ਮੁਲਕਾਂ ਵਿੱਚ ਅੱਡੇ ਜਮਾਉਣੇ ਪਏ। ਇਨ੍ਹਾਂ ਵਿੱਚੋਂ ਬਹੁਤ ਸਾਰੇ ਯੂ ਕੇ ਵਿੱਚ ਆ ਵਸੇ। ਚਮਨ ਆਪਣੇ ਨਾਲ ਆਪਣੇ ਹੁਨਰ ਤਾਂ ਲੈ ਕੇ ਆਏ ਹੀ, ਉਨ੍ਹਾ ਦਾ ਵਿਸ਼ਾਲ ਈਸਟ ਅਫਰੀਕਨ ਭਾਈਚਾਰਾ ਵੀ ਉਨ੍ਹਾਂ ਦੇ ਨਾਲ ਹੀ ਇੱਥੇ ਪੁੱਜ ਗਿਆ ਸੀ। ਚਮਨ ਨੇ ਮਰਦੇ ਦਮ ਤੱਕ ਬਰਤਾਨੀਆ ਦੇ ਵਿਸ਼ਾਲ ਏਸ਼ੀਅਨ ਭਾਈਚਾਰੇ ਦੀ ਸਾਹਿਤ ਅਤੇ ਬਰਾਡਕਾਸਟਿੰਗ ਦੇ ਮਾਧਿਅਮਾਂ ਰਾਹੀਂ 45 ਸਾਲ ਭਰਪੂਰ ਸੇਵਾ ਕੀਤੀ। ਮੇਰੀ ਜਾਚੇ ਏਸ਼ੀਅਨ ਲੇਖਕਾਂ ਅਤੇ ਬਰਾਡਕਾਸਟਰਾਂ ਵਿੱਚੋਂ ਉਹ ਯੂ ਕੇ ਵਿੱਚ ਸਭ ਤੋਂ ਵੱਧ ਹਰਮਨ ਪਿਆਰਾ, ਗਰੇਸਫੁਲ, ਰੌਚਿਕ ਅਤੇ ਚੰਗੇ ਕਿਰਦਾਰ ਦਾ ਵਿਅਕਤੀਤਵ ਸੀ। ਭਾਵੇਂ ਉਹ ਮੁੱਖ ਤੌਰ 'ਤੇ ਪੰਜਾਬੀ ਸ਼ਾਇਰ ਸੀ, ਉਹਦੀ ਹਿੰਦੀ ਅਤੇ ਉਰਦੂ ਉੱਤੇ ਵੀ ਲੋਹੜੇ ਦੀ ਪਕੜ ਸੀ। ਉਹ ਇਨ੍ਹਾਂ ਤਿੰਨਾਂ ਬੋਲੀਆਂ ਨਾਲ ਨਿਆਂ ਕਰਨ ਦੀ ਸਮਰੱਥਾ ਰੱਖਦਾ ਸੀ। ਇਨ੍ਹਾਂ ਤਿੰਨਾਂ ਬੋਲੀਆਂ ਦਾ ਸ਼ੁੱਧ ਉਚਾਰਣ ਉਹਦੀ ਤਕੜਾਈ ਸੀ। ਪੰਜਾਬੀਅਤ ਉਹਦੇ ਰੋਮ-ਰੋਮ ਵਿੱਚ ਸਮਾਈ ਹੋਈ ਸੀ, ਪਰ ਵਿਚਾਰਾਂ ਅਤੇ ਧਾਰਨਾਵਾਂ ਦੇ ਹਵਾਲੇ ਨਾਲ ਉਹ ਸਿੱਕੇਬੰਦ ਮਾਨਵਵਾਦੀ ਅਤੇ ਸੈਕੂਲਰ ਸੋਚਣੀ ਦਾ ਧਾਰਨੀ ਸੀ।
       ਚਮਨ ਦਾ ਜਨਮ ਕਾਗਜ਼ਾਂ ਮੁਤਾਬਕ 15 ਮਈ 1934 ਨੂੰ ਜਲੰਧਰ ਦੇ ਲਾਗਲੇ ਪਿੰਡ ਪ੍ਰਤਾਪਪੁਰਾ ਵਿੱਚ ਹੋਇਆ, ਪਰ ਚਮਨ ਦੇ ਪਰਵਾਰ ਮੁਤਾਬਕ ਇਹ ਤਰੀਕ ਠੀਕ ਨਹੀਂ। ਉਹਦੀ ਜਨਮ ਪੱਤਰੀ ਮੁਤਾਬਕ ਉਹਦੀ ਜਨਮ ਮਿਤੀ 1 ਅਗਸਤ 1934 ਹੈ।
     ਚਮਨ ਦੀ ਉਮਰ ਮਸਾਂ 2 ਸਾਲ ਦੀ ਸੀ ਕਿ ਮਾਤਾ ਇਸ ਸੰਸਾਰ ਤੋਂ ਵਿਦਾ ਹੋ ਗਈ। ਚਮਨ ਦਾ ਪਾਲਣ-ਪੋਸ਼ਣ ਫਿਰ ਨਾਨਕੇ ਪਿੰਡ 'ਪਾਸਲਾ' ਵਿੱਚ ਹੋਇਆ। ਚਮਨ ਦੇ ਪਿਤਾ ਦੀ ਦੂਜੀ ਸ਼ਾਦੀ ਵਿੱਚੋਂ ਉਹਦੇ ਚਾਰ ਭਰਾਵਾਂ ਵਿਜੈ, ਨਰੇਂਦਰ, ਆਦਰਸ਼ (ਅਮਰੀਕਾ 'ਚ) ਅਤੇ ਮਰਹੂਮ ਕੌਸ਼ਲ ਅਤੇ ਤਿੰਨ ਭੈਣਾਂ ਪ੍ਰੇਮ ਜੱਸਲ, ਸਨੇਹ ਕੈਂਥ ਅਤੇ ਸਰੀਤਾ ਰੱਖੜਾ ਨੇ ਜਨਮ ਲਿਆ। ਇਨ੍ਹਾਂ ਸਾਰੇ ਭੈਣਾਂ/ਭਰਾਵਾਂ ਦਾ ਜਨਮ ਕੀਨੀਆ ਵਿੱਚ ਹੀ ਹੋਇਆ।
       ਚਮਨ ਨੇ ਪਹਿਲੀ ਕਵਿਤਾ 13 ਸਾਲ ਦੀ ਉਮਰ ਵਿੱਚ ਗੁਰੂ ਨਾਨਕ ਦੇਵ ਜੀ ਉੱਪਰ ਲਿਖੀ ਅਤੇ ਗੁਰਪੁਰਬ ਵਾਲੇ ਦਿਨ ਪੜ੍ਹੀ। ਕਿਸੇ ਨੇ ਕਵਿਤਾ ਤੋਂ ਖੁਸ਼ ਹੋ ਕੇ ਚਮਨ ਨੂੰ ਇੱਕ ਰੁਪਏ ਦਾ ਇਨਾਮ ਦਿੱਤਾ। ਇਹ ਪਹਿਲਾ ਇਨਾਮ ਚਮਨ ਦਾ ਪ੍ਰੇਰਨਾ-ਸਰੋਤ ਹੋ ਨਿੱਬੜਿਆ।
       ਚਮਨ 19 ਸਾਲ ਦਾ ਸੀ, ਜਦੋਂ ਪਿਤਾ ਨੇ ਉਹਨੂੰ ਕੀਨੀਆ ਦੇ ਸ਼ਹਿਰ ਨੈਰੋਬੀ ਵਿੱਚ ਬੁਲਾਇਆ। ਉੱਥੇ ਪਹਿਲਾਂ ਚਮਨ ਨੇ ਕਈ ਇੱਕ ਕੰਮ ਕੀਤੇ। ਆਖਰ ਉਹ ਆਪਣੀ ਪਸੰਦ ਦੇ ਖੇਤਰ ਵਿੱਚ ਆ ਗਿਆ। 1959 ਵਿੱਚ ਕੁਲਵਕਤੀ ਕੀਨੀਆ ਦੀ ਬਰਾਡਕਾਸਟਿੰਗ ਇੰਡਸਟਰੀ ਨਾਲ ਬਤੌਰ ਰੇਡੀਓ ਅਤੇ ਟੀ ਵੀ ਪਰੀਜੈਂਟਰ/ਨਿਊਜ਼ ਰੀਡਰ/ਨਿਊਜ਼ ਐਡੀਟਰ ਅਤੇ ਅਨੁਵਾਦਕ ਦੇ ਤੌਰ 'ਤੇ ਜੁੜ ਗਿਆ। ਸਾਲ 1971 ਵਿੱਚ 'ਵੁਆਇਸ ਆਫ ਕੀਨੀਆ' ਰੇਡੀਓ ਦਾ ਮੁਖੀ ਬਣ ਗਿਆ। ਇਸ ਜ਼ਿੰਮੇਵਾਰੀ ਦਾ ਭਾਵ ਸੀ 14 ਹਿੰਦੋਸਤਾਨੀ ਅਤੇ ਅਫਰੀਕਨ ਭਾਸ਼ਾਵਾਂ ਵਿੱਚ ਰੇਡੀਓ ਪ੍ਰਸਾਰਣਾਂ ਦੀ ਵਾਗਡੋਰ ਸੰਭਾਲਣਾ। 1962 ਵਿੱਚ ਚੀਨ ਅਤੇ ਭਾਰਤ ਜੰਗ ਦੀ ਰਿਪੋਰਟਿੰਗ ਕਰਨ ਲਈ ਚਮਨ ਵਿਸ਼ੇਸ਼ ਤੌਰ 'ਤੇ ਇੰਡੀਆ ਗਏ।
       1974 ਵਿੱਚ ਯੂ ਕੇ ਆ ਕੇ ਕੁਝ ਸਮਾਂ ਚਮਨ ਨੇ ਇਧਰ-ਉਧਰਲੀਆਂ ਨੌਕਰੀਆਂ ਕਰਕੇ ਗੁਜ਼ਾਰਿਆ, ਪਰ ਬਹੁਤ ਛੇਤੀ ਹੀ ਉਹ ਬੀ ਬੀ ਸੀ ਵਰਲਡ ਸਰਵਿਸ ਅਤੇ ਬੀ ਬੀ ਸੀ ਏਸ਼ੀਅਨ ਮੈਗਜ਼ੀਨ ਲਈ ਨਯੀ ਜ਼ਿੰਦਗੀ ਨਯਾ ਜੀਵਨ ਪ੍ਰੋਗਰਾਮ ਐੱਲ ਬੀ ਸੀ ਰੇਡੀਓ/ਗੀਤ ਮਾਲਾ ਪ੍ਰੋਗਰਾਮਾਂ ਨਾਲ ਜੁੜ ਗਿਆ। ਮੈਂ 1977 ਵਿੱਚ ਯੂ ਕੇ ਆਇਆ ਸਾਂ ਅਤੇ ਮੈਨੂੰ ਯਾਦ ਹੈ ਕਿ ਹਰ ਇੱਕ ਏਸ਼ੀਅਨ ਐਤਵਾਰ ਨੂੰ ਬੀ ਬੀ ਸੀ ਦਾ 'ਨਈ ਜ਼ਿੰਦਗੀ ਨਯਾ ਜੀਵਨ' ਪ੍ਰੋਗਰਾਮ ਤੀਬਰਤਾ ਨਾਲ ਵੇਖਦਾ ਸੀ ਅਤੇ ਇਸੇ ਤਰ੍ਹਾਂ ਗਾਣਿਆਂ ਦਾ ਪ੍ਰੋਗਰਾਮ ਗੀਤ ਮਾਲਾ। ਇਹ ਉਹ ਦਿਨ ਸਨ, ਜਦ ਚਮਨ ਦੀ ਬਰਾਡਕਾਸਟਿੰਗ ਜਗਤ 'ਚ ਬੱਲੇ-ਬੱਲੇ ਸੀ। ਉਹਦੀ ਮਿੱਠੀ ਆਵਾਜ਼, ਆਕਰਸ਼ਕ ਸ਼ਖਸੀਅਤ ਅਤੇ ਦਿਲ-ਟੁੰਬਵੀਂ ਪ੍ਰਜੈਂਟੈਸ਼ਨ ਉਹਦੀ ਤਾਕਤ ਸਨ। 1978 ਤੋਂ 1979 ਤੱਕ ਉਹ ਈ ਐੱਮ ਆਈ ਦੇ ਮੈਨੇਜਰ ਰਹੇ।
      1990 ਵਿੱਚ ਚਮਨ ਹੰਸਲੋ ਲੰਡਨ ਕੌਂਸਲ ਵਿੱਚ ਐਥਨਲ ਆਰਟ ਐਡਵਾਈਜ਼ਰ ਲੱਗੇ ਅਤੇ ਉਨ੍ਹਾਂ ਇਹ ਆਲੀਸ਼ਾਨ ਨੌਕਰੀ 9 ਸਾਲ ਤੱਕ ਕੀਤੀ। ਇਸ ਤੋਂ ਪਹਿਲਾਂ ਉਹ ਹੰਸਲੋ ਮਲਟੀ ਕਲਚਰਲ ਸੈਂਟਰ ਆਰਗੇਨਾਈਜ਼ਰ ਦੇ ਅਹੁਦੇ 'ਤੇ ਵੀ ਰਹੇ।
      ਚਮਨ ਹੁਰਾਂ ਨੇ ਕੀਨੀਆ ਵਿੱਚ ਏਸ਼ੀਅਨ ਕਲਾਕਾਰਾਂ ਦੇ ਅਨੇਕਾਂ ਸ਼ੋਅ ਆਯੋਜਿਤ ਕੀਤੇ। ਯੂ ਕੇ ਆ ਕੇ ਵੀ ਕੁੱਲਵਕਤੀ ਨੌਕਰੀ ਦੇ ਨਾਲ-ਨਾਲ ਉਹਨਾਂ ਸਟੇਜ ਸ਼ੋਅ, ਨਾਟਕ ਅਤੇ ਸੰਗੀਤਕ ਪ੍ਰੋਗਰਾਮ ਜਾਰੀ ਰੱਖੇ, ਜਿਨ੍ਹਾਂ ਨੂੰ ਸਰੋਤੇ/ਦਰਸ਼ਕ ਅਜੇ ਵੀ ਯਾਦ ਕਰਦੇ ਹਨ।
       ਚਮਨ ਨੇ ਆਪਣੀ ਜ਼ਿੰਦਗੀ ਵਿੱਚ ਬਹੁਤ ਸਾਰੀਆਂ ਮਹਾਨ ਸ਼ਖਸੀਅਤਾਂ ਨੂੰ ਇੰਟਰਵਿਊ ਕੀਤਾ, ਜਿਨ੍ਹਾਂ ਦੀ ਤਫਸੀਲ ਦੇਣੀ ਇਸ ਲੇਖ ਦੀ ਸੀਮਾ ਹੈ। ਕੁਝ ਵਰਨਣਯੋਗ ਨਾਂਅ ਹਨ : ਜਵਾਹਰ ਲਾਲ ਨਹਿਰੂ, ਲਤਾ ਮੰਗੇਸ਼ਕਰ, ਨੌਸ਼ਾਦ, ਦਲੀਪ ਕੁਮਾਰ, ਸੁਨੀਲ ਦੱਤ, ਅਨੁਪਮ ਖੇਰ, ਜਗਜੀਤ/ਚਿੱਤਰਾ ਸਿੰਘ, ਕੀਨੀਆ ਦੇ ਰਾਸ਼ਟਰਪਤੀ ਅਤੇ ਉਪ ਰਾਸ਼ਟਰਪਤੀ ਅਤੇ ਉਪ ਪ੍ਰਧਾਨ ਮੰਤਰੀ, ਸ਼ਰਮੀਲਾ ਟੈਗੋਰ, ਆਸ਼ਾ ਭੌਂਸਲੇ, ਗੁਲਾਮ ਅਲੀ, ਆਬਿਦਾ ਪਰਵੀਨ, ਰਾਜਨ-ਸਾਜਨ, ਦੇਵਾਨੰਦ, ਅਨੂਪ ਜਲੋਟਾ, ਨੁਸਰਤ ਫਤਿਹ ਅਲੀ ਖਾਨ ਅਤੇ ਹੋਰ ਬਹੁਤ ਸਾਰੇ। ਇਹਨਾਂ ਮੁਲਾਕਾਤਾਂ ਦੀ ਇੱਕ ਕਿਤਾਬ ਅੰਗਰੇਜ਼ੀ ਵਿੱਚ ਛਪ ਰਹੀ ਹੈ।
        ਚਮਨ ਦੀਆਂ ਦੋ ਪੁਸਤਕਾਂ ਪੰਜਾਬੀ 'ਚ ਛਪੀਆਂ ਹਨ : 'ਗੁਥਲੀ' ਅਤੇ 'ਸੁਬਰੰਗ' ਅਤੇ ਇੱਕ ਹਿੰਦੀ ਵਿੱਚ 'ਫੂਲ ਖਿਲੇ ਹੈਂ ਚਮਨ ਚਮਨ'। ਚਮਨ ਦਾ ਲਿਖਿਆ 'ਸੌਣ ਦਾ ਮਹੀਨਾ ਯਾਰੋ ਸੌਣ ਦਾ ਮਹੀਨਾ ਏ' ਅਤੇ ਜਗਜੀਤ ਸਿੰਘ ਦਾ ਗਾਇਆ ਗਾਣਾ ਚਮਨ ਨੂੰ ਸ਼ੋਹਰਤ ਅਤੇ ਹਰਮਨ ਪਿਆਰਤਾ ਦੀਆਂ ਬੁਲੰਦੀਆਂ 'ਤੇ ਲੈ ਗਿਆ। ਹਰ ਏਸ਼ੀਅਨ ਸੰਗੀਤ ਪਰੇਮੀ ਨੇ ਇਸ ਗਾਣੇ ਨੂੰ ਮਾਣਿਆ ਹੈ। ਚਿਤਰਾ ਸਿੰਘ ਨੇ ਚਮਨ ਨੂੰ ਉਲਾਂਭਾ ਦਿੰਦਿਆਂ ਕਿਹਾ ਕਿ ਤੁਸੀਂ ਮੇਰੇ ਲਈ ਕੋਈ ਗਾਣਾ ਨਹੀਂ ਲਿਖਿਆ। ਇਸ ਵਾਰ ਚਮਨ ਨੇ ਚਿਤਰਾ ਵਾਸਤੇ ਗਾਣਾ ਲਿਖਿਆ, 'ਜਾਂਦਾ-ਜਾਂਦਾ ਮਾਹੀ ਮੇਰੀ ਜਾਨ ਲੈ ਗਿਆ'। ਇਹ ਗਾਣਾ ਵੀ ਸਰੋਤਿਆਂ ਦੇ ਧਿਆਨ ਦਾ ਕੇਂਦਰ ਬਣਿਆ। ਦੀਦਾਰ ਸਿੰਘ ਪਰਦੇਸੀ ਦਾ ਗਾਇਆ ਅਤੇ ਚਮਨ ਦਾ ਲਿਖਿਆ ਗੀਤ 'ਹੋਇਆ ਜਦੋਂ ਅੱਖਾਂ ਦੇ ਇਸ਼ਾਰਿਆਂ ਦਾ ਮੇਲ' ਵੀ ਬਹੁਤ ਹਰਮਨ-ਪਿਆਰਾ ਹੋਇਆ। ਅੰਗਰੇਜ਼ੀ ਫਿਲਮ 'ਬਰਾਈਡ ਐਂਡ ਪਰੈਜਟਿਸ' ਦਾ ਗਾਣਾ 'ਬੱਲੇ ਬੱਲੇ' (ਸੰਗੀਤ ਅਨੁਮਲਿਕ) ਵੀ ਬਹੁਤ ਮਸ਼ਹੂਰ ਹੋਇਆ। ਆਸ਼ਾ ਭੌਂਸਲੇ ਨੇ ਵੀ ਚਮਨ ਹੁਰਾਂ ਨੂੰ ਗਾਇਆ ਹੈ। ਉਪਰੋਕਤ ਸੂਚੀ ਤੋਂ ਬਿਨਾਂ ਹੋਰ ਬਹੁਤ ਸਾਰੇ ਪਾਏਦਾਰ ਗਾਇਕਾਂ ਨੇ ਚਮਨ ਦੇ ਗੀਤਾਂ ਨੂੰ ਗਾਇਆ ਹੈ। ਚਮਨ ਨੇ ਕੁਝ ਪੁਸਤਕਾਂ ਸੰਪਾਦਤ ਵੀ ਕੀਤੀਆਂ ਹਨ। ਚਮਨ ਦੀ ਝੋਲੀ ਵਿੱਚ ਕਈ ਇੱਕ ਸਤਿਕਾਰਤ ਇਨਾਮ ਵੀ ਪਏ ਹਨ।
      ਚਮਨ ਦੀ ਸ਼ਾਇਰੀ ਬਾਰੇ ਵਿਸਥਾਰ ਵਿੱਚ ਜ਼ਿਕਰ ਕਰਨਾ ਵੀ ਇਸ ਲੇਖ ਦੀ ਸੀਮਾ ਹੈ। ਮੈਂ ਉਹਦੀਆਂ ਸਿਰਫ ਕੁਝ ਇੱਕ ਤੁਕਾਂ/ਸ਼ੇਅਰ ਵੰਨਗੀ ਵਜੋਂ ਸਾਂਝੇ ਕਰਾਂਗਾ :

ਕਿਵੇਂ ਅੱਜ ਤੇਰਾ  ਮੇਰਾ ਮੇਲ ਹੋ ਗਿਆ,
ਰੱਬ ਕਰੇ ਏਸੇ ਤਰ੍ਹਾਂ ਸਾਰਿਆਂ ਦਾ ਮੇਲ।
-0-
ਨਾਂਅ ਨਾਨਕ ਦਾ ਬੰਦਗੀ ਵਰਗਾ।
ਤਾਰਾ ਮੰਡਲ ਦੀ ਆਰਤੀ ਵਰਗਾ।
ਸੱਚ ਪੁੱਛੋ ਤਾਂ ਰੂਪ ਰੱਬ ਦਾ ਹੈ,
ਭਾਵੇਂ ਜਾਮਾ ਹੈ ਆਦਮੀ ਵਰਗਾ।
-0-
ਰਾਮ ਨਾਮ ਦੇ ਹੋਰ ਨਾ ਅਗਨੀ ਬਾਣ ਚਲਾਓ।
ਨਾ ਮੰਦਰ ਫੂਕੋ ਤੇ ਨਾ ਹੀ ਮੰਦਰ ਢਾਓ।
ਪੱਥਰ ਦੇ ਠਾਕਰ ਨੂੰ ਭੋਗ ਲਗਾ ਚੁੱਕੇ ਹੋ,
ਫੁੱਟਪਾਥ ਦੇ ਬੱਚੇ ਦੇ ਮੂੰਹ ਵਿੱਚ ਬੁਰਕੀ ਪਾਓ।

-0-
ਤੇਰੀ ਦੁਨੀਆ ਕੋ ਲੱਗ ਗਈ ਹੈ ਨਜ਼ਰ,
ਇਸ  ਕਾ  ਸਦਕਾ  ਉਤਾਰ  ਕੇ ਮੌਲਾ।
ਪਤਝੜੋਂ  ਕੇ ਅੰਧੇਰੇ  ਜੰਗਲ ਕੋ,
ਨੂਰ  ਕੀ  ਆਬਸ਼ਾਰ  ਦੇ ਮੌਲਾ।
ਨਾ ਸਜਰ ਹੈ ਨਾ ਆਸ਼ੀਆਨਾ ਜਿਨਕਾ
ਉਨ  ਪਰਿੰਦੋ  ਕੋ ਪਿਆਰ  ਦੇ ਮੌਲਾ।

     ਚਮਨ ਹੁਰੀਂ ਆਪਣੇ ਪਿੱਛੇ ਆਲ੍ਹਾ ਸ਼ਾਇਰੀ ਅਤੇ ਬਰਾਡਕਾਸਟਿੰਗ ਦੀ ਦੁਨੀਆ ਨੂੰ ਵੱਡਮੁੱਲੀ ਅਤੇ ਅਦੁੱਤੀ ਦੇਣ ਤੋਂ ਬਿਨਾਂ ਆਪਣਾ ਇੱਕ ਵਿਸ਼ਾਲ ਪਰਵਾਰ, ਮਿੱਤਰਾਂ ਅਤੇ ਸ਼ੁੱਭ-ਚਿੰਤਕਾਂ ਦਾ ਦਾਇਰਾ ਛੱਡ ਗਏ ਹਨ। ਉਨ੍ਹਾ ਦੇ ਭਰਾ-ਭੈਣਾਂ ਅਤੇ ਉਨ੍ਹਾਂ ਦੇ ਪਰਵਾਰ, ਦੋ ਬੇਟੇ ਅਨਿਲ (ਰਿੱਕੀ), ਰਾਜੀਵ (ਪਿੰਕੂ) ਅਤੇ ਉਨ੍ਹਾ ਦੀਆਂ ਪਤਨੀਆਂ, ਬੇਟੀ ਅਨੁਰੀਤਾ, ਚਾਰ ਪੋਤੀਆਂ ਅਤੇ ਇੱਕ ਦੋਹਤੀ ਅਤੇ ਚਮਨ ਹੁਰਾਂ ਦੀ ਪਤਨੀ 'ਪੁਸ਼ਪਾ' ਉਨ੍ਹਾ ਨੂੰ ਸ਼ਰਧਾ ਨਾਲ ਯਾਦ ਕਰਦੇ ਹਨ।
       ਜਿਹੜਾ ਬੰਦਾ ਵੀ ਚਮਨ ਨੂੰ ਮਿਲਦਾ ਸੀ, ਉਸ ਨੂੰ ਇਉਂ ਲੱਗਣ ਲੱਗ ਜਾਂਦਾ ਸੀ ਕਿ ਉਹਦਾ ਚਮਨ ਨਾਲ ਖਾਸ ਰਿਸ਼ਤਾ ਹੈ। ਚਮਨ ਹਰ ਇੱਕ ਨਾਲ ਸਤਿਕਾਰ ਨਾਲ ਪੇਸ਼ ਆਉਂਦਾ ਸੀ। ਸਮਕਾਲੀ ਲੇਖਕਾਂ ਦੀ ਜੇਕਰ ਉਹਨੇ ਕੋਈ ਨੁਕਤਾਚੀਨੀ ਵੀ ਕਰਨੀ ਹੁੰਦੀ ਤਾਂ ਉਹ ਅਗਲੇ ਨੂੰ ਮਹਿਸੂਸ ਨਹੀਂ ਸੀ ਹੋਣ ਦਿੰਦਾ ਤੇ ਉਹ ਆਪਣੀ ਰਾਏ ਲਕੋਂਦਾ ਵੀ ਨਾ।
       ਚਮਨ ਪਰਵਾਰ ਲਈ ਤਾਂ ਚਮਨ ਦਾ ਵਿਛੋੜਾ ਝੱਲਣਾ ਮੁਸ਼ਕਲ ਹੋਵੇਗਾ ਹੀ, ਚਮਨ ਦੇ ਲੱਖਾਂ ਪ੍ਰਸੰਸਕਾਂ ਅਤੇ ਸ਼ੁੱਭ-ਚਿੰਤਕਾਂ ਵਾਸਤੇ ਵੀ ਉਸ ਨੂੰ ਭੁੱਲ ਸਕਣਾ ਔਖਾ ਹੋਵੇਗਾ। ਚਮਨ ਹੁਰਾਂ ਕਿੰਨੇ ਹਰਮਨ ਪਿਆਰੇ ਸਨ, ਇਸ ਦਾ ਅੰਦਾਜ਼ਾ ਉਸ ਇਕੱਠ ਤੋਂ ਭਲੀ-ਭਾਂਤ ਲੱਗ ਸਕਦਾ ਸੀ, ਜੋ ਉਸ ਦੇ ਸਸਕਾਰ ਸਮੇਂ ਇਕੱਠਾ ਹੋਇਆ ਸੀ। ਮੈਂ ਅਨੇਕਾਂ ਸਸਕਾਰਾਂ ਵਿੱਚ ਸ਼ਾਮਲ ਹੋਇਆ ਹਾਂ, ਪਰ ਮੈਂ ਏਨੀ ਗਿਣਤੀ ਵਿੱਚ ਕਈ ਇੱਕ ਭਾਈਚਾਰਿਆਂ ਦੇ ਲੋਕਾਂ ਦੀ ਹਾਜ਼ਰੀ ਕਦੀ ਨਹੀਂ ਸੀ ਦੇਖੀ। ਜਿਊਂਦੇ ਜੀਅ ਚਮਨ ਇਸ ਕਦਰ ਹਰਮਨ ਪਿਆਰਾ ਸੀ ਕਿ ਇੱਕ ਦਿਨ ਚਮਨ ਦੀ ਸਾਲੀ ਸਾਹਿਬਾ ਚਮਨ ਦੀ ਪਤਨੀ ਪੁਸ਼ਪਾ ਨੂੰ ਕਹਿਣ ਲੱਗੀ, 'ਭੈਣ ਜੀ ਇਨ੍ਹਾਂ ਨੂੰ ਬੁਰਕੇ ਵਿੱਚ ਬਾਹਰ ਘੱਲਿਆ ਕਰੋ। ਇਨ੍ਹਾਂ ਨੂੰ ਲੋਕ ਝੱਟ ਪਛਾਣ ਲੈਂਦੇ ਨੇ ਤੇ ਫਿਰ ਇਨ੍ਹਾਂ ਨੂੰ ਛੇਤੀ ਕੀਤੇ ਛੱਡਦੇ ਨਹੀਂ'। ਅਲਵਿਦਾ ਚਮਨ ਭਾਈ। ਹੁਣ ਤੁਹਾਨੂੰ ਕਿੱਥੇ ਲੱਭਾਂਗੇ!

02 March 2019