ਘਟਨਾਵਾਂ ਦਾ ਚੱਕਰਵਿਊ - ਮਹੇਸ਼ਇੰਦਰ ਸਿੰਘ ਮਾਂਗਟ

ਮਨੁੱਖੀ ਜ਼ਿੰਦਗੀ ਵਿੱਚ ਹਰ ਰੋਜ਼ ਅਨੇਕਾਂ ਹੀ ਘਟਨਾਵਾਂ ਵਾਪਰਦੀਆਂ ਹਨ, ਇਹ  ਘਟਨਾਵਾਂ ਵਿੱਚੋਂ ਅਕਸਰ ਹੀ ਮਨੁੱਖ ਬੁਰੀ ਤਰ੍ਹਾਂ ਉਲਝ ਜਾਂਦਾ ਹੈ ਤੇ ਉਹ ਇਹਨਾਂ ਘਟਨਾਵਾਂ ਵਿੱਚੋਂ ਨਿਕਲਣ ਲਈ ਆਪਣੇ ਪੱਧਰ 'ਤੇ ਚਾਰਾਜੋਈ ਵੀ ਕਰਦਾ ਹੈ ਪਰ ਮਨੁੱਖ ਉਹਨਾਂ ਘਟਨਾਵਾਂ ਵਿੱਚੋਂ ਨਿਕਲਣ ਦੀ ਬਜਾਏ ਖੁੱਦ ਬੁਰੀ ਤਰ੍ਹਾਂ ਫਸ ਜਾਂਦਾ ਹੈ। ਮਨੁੱਖ ਦੀ ਹਾਲਤ ਉਸ ਮੱਕੜੀ ਵਰਗੀ ਹੁੰਦੀ ਹੈ ਜਿਹੜੀ ਆਪਣੇ ਪੇਟ ਦੇ ਲਈ ਜਾਲ ਬੁਣਦੀ ਹੈ, ਪਰ ਖੁੱਦ ਹੀ ਉਸ ਜਾਲ ਵਿੱਚ ਫਸ ਕੇ ਦਮ ਤੋੜ ਦਿੰਦੀ ਹੈ। ਸਮਾਜ ਵਿੱਚ ਵੀ ਇਸ ਤਰ੍ਹਾਂ ਦੀਆਂ ਬਹੁਤ ਘਟਨਾਵਾਂ ਵਾਪਰਦੀਆਂ ਹਨ, ਜਿਹੜੀਆਂ ਸਮਾਜ ਨੂੰ ਅਜਿਹੀ ਸਥਿਤੀ ਵਿੱਚ ਲਿਆ ਕੇ ਖੜਾ ਕਰ ਦਿੰਦੀਆਂ ਹਨ ਕਿ ਉਸ ਦੀ ਹਾਲਤ ਮੇਲੇ ਵਿੱਚ ਗੁਆਚੇ ਉਸ ਬੱਚੇ ਵਰਗੀ ਹੁੰਦੀ ਹੈ, ਜਿਸਦੇ ਆਲੇ ਦੁਆਲੇ ਭੀੜ ਤਾਂ ਬਹੁਤ ਹੁੰਦੀ ਹੈ, ਪਰ ਉਸ ਵਿੱਚ ਉਸ ਨੂੰ ਜਾਨਣ ਵਾਲਾ ਕੋਈ ਨਹੀਂ ਹੁੰਦਾ। ਉਹ ਬੱਚਾ ਹਰ ਇੱਕ ਦੇ ਵੱਲ ਮੋਹ ਭਰੀਆਂ ਨਜ਼ਰਾਂ ਦੇ ਨਾਲ ਤੱਕਦਾ ਹੈ, ਪਰ ਕੋਈ ਉਸ ਦੇ ਨਾਲ ਨਜ਼ਰ ਨਹੀਂ ਮਿਲਾਉਂਦਾ। ਅਸਲੀਅਤ ਇਹ ਹੈ ਕਿ ਭੀੜ ਵਿੱਚ ਅਕਸਰ ਹੀ ਅਸੀਂ ਇਕੱਲੇ ਹੁੰਦੇ ਹਾਂ। ਭਾਵੇਂ ਕਈ ਵਾਰ ਸਾਨੂੰ ਅਹਿਸਾਸ ਹੁੰਦਾ ਹੈ ਕਿ ਉਸ ਨੂੰ ਜਾਨਣ ਤੇ ਸਮਝਣ ਵਾਲੇ ਬਹੁਤ ਹਨ। ਪਰ ਇਸ ਸਮੇਂ ਹਾਲਤ ਇਹ ਹਨ ਕਿ ਕੋਈ ਵੀ ਕਿਸੇ ਨੂੰ ਜਾਣਦਾ ਨਹੀਂ ਤੇ ਪਹਿਚਾਣਦਾ ਨਹੀਂ। ਧਰਮ, ਰਾਜਨੀਤੀ, ਆਰਥਿਕ ਤੇ ਸਮਾਜ ਵਿੱਚ ਹਰ ਪਲ ਅਨੇਕਾਂ  ਘਟਨਾਵਾਂ ਵਾਪਰਦੀਆਂ ਹਨ। ਇਹ  ਘਟਨਾਵਾਂ ਅਕਸਰ ਹੀ ਅਚਾਨਕ ਵਾਪਰਦੀਆਂ ਹਨ, ਜਿਹਨਾਂ ਦਾ ਪਤਾ ਤੱਕ ਨਹੀਂ ਹੁੰਦਾ ਕਿ ਅਗਲੇ ਪਲਾਂ ਵਿੱਚ ਤੁਹਾਡੇ ਨਾਲ ਕੀ ਵਾਪਰ ਜਾਣਾ ਹੈ । ਜਦੋਂ ਇਹ ਘਟਨਾਵਾਂ ਦੁਰਘਟਨਾਵਾਂ ਵਿੱਚ ਤਬਦੀਲ ਹੁੰਦੀਆਂ ਹਨ ਤਾਂ ਮਨੁੱਖ ਦੇ ਨਾਲੋਂ ਬਹੁਤ ਕੁੱਝ ਅਜਿਹਾ ਟੁੱਟ ਜਾਂਦਾ ਹੈ, ਜਿਹੜਾ ਉਸਦੇ ਨਾਲ ਕਦੇ ਵੀ ਨਹੀਂ ਜੁੜਦਾ। ਉਝ ਅਸੀਂ ਇੱਕ ਦੂਜੇ ਦੇ ਨਾਲ ਜੁੜਨ ਲਈ ਕਈ ਤਰ੍ਹਾਂ ਦੇ ਸਾਧਨ ਵਰਤਦੇ ਹਾਂ, ਪਰ ਇਹ ਸਾਧਨ ਵੀ ਮਹਿਜ਼ ਭਰਮ ਤੋਂ ਵਧੇਰੇ ਕੁੱਝ ਨਹੀਂ ਹੁੰਦੇ। ਘਟਨਾਵਾਂ ਦੇ ਇਸ ਚੱਕਰਵਿਊ ਵਿੱਚ ਮਨੁੱਖ ਉਸ ਸਮੇਂ ਤੋਂ ਹੀ ਫਸਿਆ ਹੋਇਆ ਹੈ। ਜਦੋਂ ਮਨੁੱਖ ਨੂੰ ਇਹ ਸੋਝੀ ਆ ਗਈ ਕਿ ਉਹ ਹੋਰਨਾਂ ਜਾਨਵਰਾਂ ਦੇ ਨਾਲੋਂ ਵੱਖ ਹੈ । ਭਾਵੇਂ ਉਹਨਾਂ ਦੇ ਕੋਲ ਅਥਾਹ ਸ਼ਕਤੀ ਤਾਂ ਹੈ ਪਰ ਉਹਨਾਂ ਦੇ ਕੋਲ ਸੋਚ ਨਹੀਂ, ਸਮਝ ਨਹੀਂ ਤੇ ਫੈਸਲਾ ਲੈਣ ਦੀ ਸਮਰੱਥਾ ਨਹੀਂ । ਇਸੇ ਕਰਕੇ ਹੀ ਮਨੁੱਖ ਪਹਿਲਾਂ ਜਾਨਵਰਾਂ ਤੇ ਫਿਰ ਜੰਗਲ ਉਤੇ ਰਾਜ ਕਰਨਾ ਸ਼ੁਰੂ ਕੀਤਾ । ਮਨੁੱਖ ਨੇ ਆਪਣੀ ਰੱਖਿਆ ਦੇ ਲਈ ਔਜ਼ਾਰ ਬਣਾਏ। ਨਵੀਆਂ ਨਵੀਆਂ ਕਾਢਾਂ ਕੱਢੀਆ। ਉਹਨਾਂ ਕਾਢਾਂ ਦੇ ਲਾਭ ਤੇ ਨੁਕਸਾਨ ਵੀ ਹੋਏ । ਮਨੁੱਖ ਨੂੰ ਜਿਉਂ ਜਿਉਂ ਸੋਝੀ ਆਉਣ ਲੱਗੀ ਤੇ ਉਸ ਨੂੰ ਆਪਣੇ ਅਤੇ ਪਰਾਏ ਦਾ ਅਹਿਸਾਸ ਹੋਣ ਲੱਗਾ ਤਾਂ ਮਨੁੱਖ ਕਬੀਲਿਆਂ ਵਿੱਚ ਰਹਿਣ ਲੱਗ ਪਿਆ। ਕਬੀਲਿਆਂ ਵਿੱਚ ਰਹਿੰਦੇ ਮਨੁੱਖ ਨੇ ਖੇਤੀ ਸ਼ੁਰੂ ਕੀਤੀ, ਪਸ਼ੂ ਪਾਲਣੇ ਸ਼ੁਰੂ ਕੀਤੇ। ਪਰ ਇਸਦੇ ਨਾਲ ਉਸਦੀ ਹੋਰਨਾਂ ਕਬੀਲਿਆਂ ਦੇ ਨਾਲ ਜੰਗ ਵੀ ਜਾਰੀ। ਇਹ ਜੰਗ ਉਦੋਂ ਦੀ ਸ਼ੁਰੂ ਹੋਈ ਹੈ ਤੇ ਹੁਣ ਤੱਕ ਵੀ ਇਹ ਜਾਰੀ ਹੈ ਰਹੀ। ਪਰ ਨਾ ਤਾਂ ਜੰਗ ਮੁੱਕੀ ਹੈ ਤਾਂ ਨਾ ਹੀ ਮਨੁੱਖ ਮੁੱਕਿਆ ਹੈ। ਪਹਿਲੇ ਸਮੇਂ ਵਿੱਚ ਮਨੁੱਖ ਨੇ ਆਪਣੇ ਰੱਖਿਆ ਲਈ ਛੋਟੇ ਛੋਟੇ ਹਥਿਆਰ ਬਣਾਏ, ਪਰ ਜਿਉਂ ਜਿਉਂ ਉਸਦੀ ਦੁਸ਼ਮਣੀ ਵਿੱਚ ਵਾਧਾ ਹੁੰਦਾ ਗਿਆ, ਹਥਿਆਰ ਵੱਡੇ ਹੁੰਦੇ ਗਏ। ਸੰਸਾਰ ਵਿੱਚ ਹੁਣ ਤੱਕ ਦੋ ਸੰਸਾਰ ਜੰਗਾਂ ਲੱਗ ਚੁੱਕੀਆਂ ਹਨ, ਇਨ੍ਹਾਂ ਜੰਗਾਂ ਵਿੱਚ ਕਰੋੜਾਂ ਲੋਕ ਨਿਹੱਥੇ ਤੇ ਨਿਆਸਰੇ ਮਾਰੇ ਗਏ । ਇਨ੍ਹਾਂ ਵਿੱਚ ਉਹ ਲੋਕ ਵੀ ਮਾਰੇ ਗਏ, ਜਿਨ੍ਹਾਂ ਦੀ ਕਿਸੇ ਦੇ ਨਾਲ ਕੋਈ ਦੁਸ਼ਮਣੀ ਨਹੀਂ ਸੀ ਪਰ ਫੇਰ ਵੀ ਉਹ ਇਨ੍ਹਾਂ ਜੰਗਾਂ ਦੀ ਭੇਟ ਚੜ੍ਹ ਗਏ । ਜਦੋਂ ਵੀ ਕਦੇ ਜੰਗ ਹੁੰਦੀ ਹੈ, ਜੰਗਬਾਜ਼ ਤਾਂ ਖੁਦ ਬਚ ਜਾਂਦੇ ਹਨ ਪਰ ਮਾਰੇ ਲੋਕ ਜਾਂਦੇ ਹਨ । ਇਹ ਉਹ ਲੋਕ ਹੁੰਦੇ ਹਨ, ਜਿਨ੍ਹਾਂ ਨੂੰ ਇਹ ਵੀ ਨਹੀਂ ਪਤਾ ਹੁੰਦਾ ਕਿ ਇਹ ਜੰਗ ਕਿਉਂ ਤੇ ਕਿਸ ਦੇ ਲਈ ਲੜੀ ਜਾ ਰਹੀ ਹੈ ।ਹੁਣ ਭਾਵੇਂ ਅਸੀਂ 21ਵੀਂ ਸਦੀ ਵਿੱਚ ਹਾਂ, ਮਨੁੱਖ ਚੰਦਰਮਾ ਤੇ ਮੰਗਲ ਤੱਕ ਪੁੱਜ ਗਿਆ ਹੈ। ਅਕਾਸ਼ ਵਿੱਚ ਹੋਰ ਵੀ ਥਾਵਾਂ ਦੇ ਉਪਰ ਜਾਣ ਦੇ ਲਈ ਉਹ ਨਿੱਤ ਨਵੀਂਆਂ ਖੋਜਾਂ ਕਰ ਰਿਹਾ ਹੈ। ਪਰ ਇਸ ਸਭ ਕੁੱਝ ਕੁੱਝ ਦੇ ਬਾਵਜੂਦ ਵੀ ਮਨੁੱਖ ਦੀ ਮਨੁੱਖ ਦੇ ਨਾਲ ਦੁਸ਼ਮਣੀ ਨਹੀਂ ਘਟੀ ਸਗੋਂ ਇਹ ਦੁਸ਼ਮਣੀ ਵਧੀ ਹੈ। ਹੁਣ ਹਥਿਆਰ ਵੀ ਬਦਲ ਗਏ ਹਨ। ਹੁਣ ਤਾਂ ਹਥਿਆਰ ਵੀ ਅਜਿਹੇ ਹਨ, ਜਿਨ੍ਹਾਂ ਦਾ ਕੰਟਰੋਲ ਇੱਕ ਬਟਨ ਵਿੱਚ ਸਮਾਇਆ ਹੈ। ਉਸਦਾ ਜਦੋਂ ਬਟਨ ਦੱਬਿਆ ਗਿਆ, ਉਸਨੇ ਤਬਾਹੀ ਮਚਾ ਦੇਣੀ ਹੈ। ਹੁਣ ਹਥਿਆਰਾਂ ਨੇ ਜਿੱਥੇ ਵੀ ਜਾ ਕੇ ਮਾਰ ਕਰਨੀ ਹੈ, ਉੱਥੇ ਤਾਂ ਉਹਨਾਂ ਲੋਕਾਂ ਨੂੰ ਉਸ ਨੇ ਆਪਣਾ ਸ਼ਿਕਾਰ ਬਣਾਉਣਾ ਹੀ ਹੈ। ਪਰ ਜਿਧਰ ਨੂੰ ਉਹ ਹਵਾ ਚੱਲ ਪਈ ਉਸਨੇ ਉਸ ਇਲਾਕੇ ਵਿੱਚ ਵੀ ਤਬਾਹੀ ਮਚਾ ਦੇਣੀ ਹੈ। ਹੁਣ ਹਥਿਆਰ ਗੋਲੀ ਸਿੱਕੇ ਦੇ ਨਹੀ, ਸਗੋਂ ਨਿਊਕਲਰ ਗੈਸਾਂ ਦੇ ਹਨ। ਇਹਨਾਂ ਗੈਸਾਂ ਨੇ ਜਿਹੜੀ ਤਬਾਹੀ 1945 ਵਿੱਚ ਨਾਗਾਸਾਕੀ ਤੇ ਹੀਰੋਸ਼ੀਮਾ ਵਿੱਚ ਮਚਾਈ ਸੀ, ਉਸੇ ਤਰ੍ਹਾਂ ਦੀ ਤਬਾਹੀ ਮਚਾਉਣ ਲਈ ਉਸਦੇ ਨਾਲੋਂ ਕਈ ਸੈਂਕੜੇ  ਤਾਕਤਵਰ ਹਥਿਆਰ ਵੱਖ-ਵੱਖ ਦੇਸ਼ਾਂ ਨੇ ਬਣਾ ਲਏ ਹਨ । ਕਿਸ ਦੇਸ਼ ਕੋਲ ਇਹ ਕਿੰਨੇ ਹਥਿਆਰ ਹਨ? ਇਸ ਵਾਰੇ ਕਿਸੇ ਨੂੰ ਵੀ ਕੋਈ ਜਾਣਕਾਰੀ ਨਹੀਂ? ਪਰ ਜਿਸ ਤਰ੍ਹਾਂ ਵੱਖ-ਵੱਖ ਦੇਸ਼ਾਂ ਦਾ ਆਪਸ ਵਿੱਚ ਤਨਾਅ ਵੱਧ ਰਿਹਾ ਹੈ, ਇਸਨੇ ਮਨੁੱਖਤਾ ਨੂੰ ਸਕਤੇ ਵਿੱਚ ਪਾ ਦਿੱਤਾ ਹੈ ਕਿ ਉਹ ਇਸ ਸਮੇਂ ਕਰੇ ਤਾਂ ਕੋਈ ਕੀ ਕਰੇ? ਪਰ ਸਿਆਣੇ ਕਹਿੰਦੇ ਹਨ ਕਿ ਕਰਦਾ ਕੋਈ ਹੈ ਤਾਂ ਉਸਦੀ ਸਜ਼ਾ ਭੁਗਤਦਾ ਕੋਈ ਹੈ। ਹੁਣ ਇਹੋ ਜਿਹੀਆਂ ਕਈ ਘਟਨਾਵਾਂ ਹਨ, ਜਿਹੜੀਆਂ ਅੱਜ ਦੇਸ਼ ਤੇ ਸੰਸਾਰ ਵਿੱਚ ਵਾਪਰ ਰਹੀਆਂ ਹਨ, ਇਹ ਮਨੁੱਖ ਦੀ ਮੌਤ ਦਾ ਸਬੱਬ ਬਣ ਰਹੀਆਂ ਹਨ। ਇਹਨਾਂ ਵਿੱਚ ਉਹ ਲੋਕ ਮਾਰੇ ਜਾਣੇ ਹਨ, ਜਿਨਾਂ ਨੂੰ  ਪਤਾ ਹੀ ਨਹੀਂ ਹੋਣਾ ਕਿ ਲੜਾਈਆਂ ਦੇ ਕੀ ਕਾਰਨ ਹਨ। ਹਰ ਦੇਸ਼ ਤੇ ਸੂਬੇ ਵਿੱਚ ਇਸ ਤਰ੍ਹਾਂ ਦੀਆਂ ਲੜਾਈ ਜਾਰੀ ਹਨ, ਜਿਨ੍ਹਾਂ ਦੇ ਵਿੱਚ ਭੋਲੇ ਭਾਲੇ ਲੋਕ ਨਿੱਤ ਮਾਰੇ ਜਾਂਦੇ ਹਨ । ਉਨਾਂ ਦਾ ਕੋਈ ਕਸੂਰ ਨਹੀਂ ਹੁੰਦਾ। ਪਰ ਅਸੀਂ ਹਰ ਘਟਨਾ ਵਾਪਰਨ ਤੋਂ ਬਾਅਦ ਇਹ ਸੋਚਦੇ ਤੇ ਸਮਝਦੇ ਹਾਂ ਕਿ ਇਹ ਤਾਂ ਹੋਣਾ ਹੀ ਸੀ, ਪਰ ਇਸ ਨੂੰ ਰੋਕਣ ਦੇ ਲਈ ਅਸੀਂ ਕੋਈ ਚਾਰਾ ਨਹੀਂ ਕਰਦੇ। ਮਨੁੱਖ ਇਹਨਾਂ  ਘਟਨਾਵਾਂ ਦੇ ਚੱਕਰਵਿਊ ਵਿੱਚ ਨਿੱਤ ਅਜਾਂਈ ਮੌਤ ਮਰ ਰਿਹਾ ਹੈ । ਉਂਦੋਂ ਤੱਕ ਮਰਦਾ ਰਹੇਗਾ ਜਦੋਂ ਤੱਕ ਉਸ ਨੂੰ ਇਹ ਸੋਝੀ ਨਹੀਂ ਆਵੇਗੀ ਕਿ ਇਨ੍ਹਾਂ ਘਟਨਾਵਾਂ ਦਾ ਕਰਤਾ ਕੌਣ ਹੈ ?

ਮਹੇਸ਼ਇੰਦਰ ਸਿੰਘ ਮਾਂਗਟ
mobile no. 98551-30695