ਗ਼ੈਰ-ਜ਼ਿੰਮੇਵਾਰ ਪ੍ਰਚਾਰ - ਸਵਰਾਜਬੀਰ

ਜੰਮੂ ਕਸ਼ਮੀਰ ਕਈ ਦਹਾਕਿਆਂ ਤੋਂ ਹਿੰਸਾ ਦੀ ਗ੍ਰਿਫ਼ਤ ਵਿਚ ਹੈ। ਦਹਿਸ਼ਤਗਰਦ ਜਥੇਬੰਦੀਆਂ ਜੈਸ਼-ਏ-ਮੁਹੰਮਦ, ਲਸ਼ਕਰ-ਏ-ਤਾਇਬਾ, ਹਿਜ਼ਬੁਲ ਮੁਜਾਹਿਦੀਨ ਆਦਿ ਪਾਕਿਸਤਾਨ ਦੀ ਧਰਤੀ ਤੋਂ ਹਿੰਦੋਸਤਾਨ ਵਿਚ ਦਹਿਸ਼ਤਗਰਦ ਕਾਰਵਾਈਆਂ ਕਰਵਾ ਰਹੀਆਂ ਹਨ। ਪਿਛਲੇ ਸਾਲਾਂ ਵਿਚ ਇਹ ਹਿੰਸਾ ਹੋਰ ਵਧੀ ਹੈ। ਹੁਣੇ ਹੁਣੇ ਜੰਮੂ ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਵਿਚ ਸੈਂਟਰਲ ਰਿਜ਼ਰਵ ਪੁਲੀਸ ਫੋਰਸ 'ਤੇ ਹੋਏ ਆਤਮਘਾਤੀ ਹਮਲੇ ਤੋਂ ਬਾਅਦ ਹਿੰਦੋਸਤਾਨ ਨੇ ਬਾਲਾਕੋਟ ਸਥਿਤ ਜੈਸ਼-ਏ-ਮੁਹੰਮਦ ਦੇ ਟਿਕਾਣਿਆਂ 'ਤੇ ਹਵਾਈ ਹਮਲੇ ਕੀਤੇ ਅਤੇ ਉਸ ਤੋਂ ਅਗਲੇ ਦਿਨ ਪਾਕਿਸਤਾਨੀ ਹਵਾਈ ਫ਼ੌਜ ਨੇ ਜੰਮੂ ਕਸ਼ਮੀਰ ਵਿਚ ਹਿੰਦੋਸਤਾਨੀ ਹਵਾਈ ਖੇਤਰ ਦੀ ਉਲੰਘਣਾ ਕੀਤੀ। ਪਾਕਿਸਤਾਨ ਦਾ ਇਕ ਵੱਡਾ ਜੰਗੀ ਜਹਾਜ਼ (ਐੱਫ-16, ਫਾਈਟਰ-ਬੰਬਾਰ) ਤਬਾਹ ਕਰ ਦਿੱਤਾ ਗਿਆ ਅਤੇ ਹਵਾਈ ਜਹਾਜ਼ਾਂ ਵਿਚ ਹੋਈ ਆਪਸੀ ਗੋਲਾਬਾਰੀ ਦੌਰਾਨ ਹਿੰਦੋਸਤਾਨ ਦਾ ਇਕ ਮਿੱਗ-21 ਨਸ਼ਟ ਹੋਇਆ। ਹਿੰਦੋਸਤਾਨੀ ਪਾਇਲਟ ਅਭਿਨੰਦਨ ਵਰਤਮਾਨ ਨੂੰ ਪਾਕਿਸਤਾਨੀ ਫ਼ੌਜ ਨੇ ਗ੍ਰਿਫ਼ਤਾਰ ਕਰ ਲਿਆ ਪਰ ਭਾਰਤ ਨੇ ਸਫ਼ਾਰਤੀ ਤੇ ਕੂਟਨੀਤਕ ਦਬਾਓ ਪਾ ਕੇ ਆਪਣੇ ਪਾਇਲਟ ਨੂੰ ਤਿੰਨ ਦਿਨਾਂ ਦੇ ਅੰਦਰ ਅੰਦਰ ਛੁਡਾ ਲਿਆ। ਸੁਰੱਖਿਆ ਦਲ ਜੰਮੂ ਕਸ਼ਮੀਰ ਵਿਚ ਦਹਿਸ਼ਤਗਰਦ ਜਥੇਬੰਦੀਆਂ ਵਿਰੁੱਧ ਲਗਾਤਾਰ ਕਾਰਵਾਈ ਕਰ ਰਹੇ ਹਨ। ਪਰ ਇਸ ਸਬੰਧ ਵਿਚ ਦੋਹਾਂ ਦੇਸ਼ਾਂ ਦੇ ਟੈਲੀਵਿਜ਼ਨ ਦੇ ਕੁਝ ਚੈਨਲਾਂ 'ਤੇ ਕਈ ਟਿੱਪਣੀਕਾਰਾਂ ਨੇ ਜੋ ਭੂਮਿਕਾ ਨਿਭਾਈ, ਉਹ ਬਹੁਤ ਇਤਰਾਜ਼ਯੋਗ ਹੈ। ਟੈਲੀਵਿਜ਼ਨ ਬਹੁਤ ਹੀ ਸ਼ਕਤੀਸ਼ਾਲੀ ਮਾਧਿਅਮ ਹੈ ਅਤੇ ਕਰੋੜਾਂ ਲੋਕ ਇਸ ਨੂੰ ਵੇਖਦੇ ਹਨ। ਪਰ ਦੋਹਾਂ ਦੇਸ਼ਾਂ ਦੇ ਕੁਝ ਸਹਾਫ਼ੀਆਂ (ਪੱਤਰਕਾਰਾਂ) ਤੇ ਟਿੱਪਣੀਕਾਰਾਂ ਨੇ ਲਾਪਰਵਾਹੀ ਤੇ ਗ਼ੈਰ-ਜ਼ਿੰਮੇਵਾਰਾਨਾ ਤਰੀਕੇ ਨਾਲ ਇਸ ਤਰ੍ਹਾਂ ਦਾ ਬਹਿਸ-ਮੁਬਾਹਿਸਾ ਕਰਨਾ ਸ਼ੁਰੂ ਕੀਤਾ ਜਿਸ ਤੋਂ ਪ੍ਰਤੀਤ ਹੁੰਦਾ ਸੀ ਕਿ ਹੁਣ ਦੋਹਾਂ ਦੇਸ਼ਾਂ ਵਿਚਕਾਰ ਜੰਗ ਤੋਂ ਬਿਨਾਂ ਹੋਰ ਕੋਈ ਚਾਰਾ ਨਹੀਂ।
        1991 ਵਿਚ ਫਰਾਂਸੀਸੀ ਚਿੰਤਕ ਯਾਂ ਬੁਦਰੀਲਾਰਦ ਨੇ ਤਿੰਨ ਲੇਖ ਲਿਖੇ ਸਨ ਜਿਨ੍ਹਾਂ ਦਾ ਸਿਰਲੇਖ ਸੀ ''ਖਾੜੀ ਯੁੱਧ ਹੋਇਆ ਹੀ ਨਹੀਂ।'' ਆਪਣੇ ਲੇਖਾਂ ਵਿਚ ਬੁਦਰੀਲਾਰਦ ਇਹ ਨਹੀਂ ਸੀ ਕਹਿਣਾ ਚਾਹੁੰਦਾ ਕਿ ਅਮਰੀਕਾ ਨੇ ਇਰਾਕੀ ਫ਼ੌਜ ਨੂੰ ਕੁਵੈਤ ਵਿਚੋਂ ਕੱਢਣ ਲਈ ਫ਼ੌਜੀ ਕਾਰਵਾਈ ਨਹੀਂ ਕੀਤੀ ਸਗੋਂ ਇਹ ਕਹਿਣਾ ਚਾਹੁੰਦਾ ਸੀ ਕਿ ਇਹ ਕਾਰਵਾਈ ਤਾਂ ਕੀਤੀ ਗਈ ਪਰ ਇਸ ਨੂੰ ਟੈਲੀਵਿਜ਼ਨ ਉੱਤੇ ਉਸ ਢੰਗ ਨਾਲ ਵਿਖਾਇਆ ਗਿਆ ਜਿਸ ਤਰੀਕੇ ਨਾਲ ਅਮਰੀਕਾ ਤੇ ਪੱਛਮੀ ਯੂਰਪ ਦੇ ਦਰਸ਼ਕ ਵੇਖਣਾ ਚਾਹੁੰਦੇ ਸਨ, ਭਾਵ ਅਮਰੀਕਾ ਨੇ ਬਹੁਤ ਘੱਟ ਤਾਕਤ ਦੀ ਵਰਤੋਂ ਕੀਤੀ ਅਤੇ ਇਰਾਕੀ ਫ਼ੌਜੀਆਂ ਦੀਆਂ ਮੌਤਾਂ ਨੂੰ ਟੈਲੀਵਿਜ਼ਨ 'ਤੇ ਬੁਣੇ ਗਏ ਬਿਰਤਾਂਤ ਵਿਚੋਂ ਖਾਰਜ ਕਰ ਦਿੱਤਾ ਗਿਆ। ਇਸ ਤਰ੍ਹਾਂ ਅਮਰੀਕਾ ਤੇ ਪੱਛਮੀ ਯੂਰੋਪ ਦੇ ਮੀਡੀਆ ਨੇ ਇਕ ਨਕਲੀ ਬਿਰਤਾਂਤ ਬਣਾਇਆ ਜਿਸ ਨੂੰ ਸੱਚ ਦੇ ਰੂਪ ਵਿਚ ਢਾਲਿਆ ਤੇ ਵਿਖਾਇਆ ਗਿਆ। ਬੁਦਰੀਲਾਰਦ ਨੇ ਇਹ ਵੀ ਕਿਹਾ ਕਿ ਜੰਗ ਦੇ ਅਸਲੀ ਦ੍ਰਿਸ਼ਾਂ ਦੀ ਥਾਂ 'ਤੇ ਜੋ ਵੇਖਿਆ ਗਿਆ, ਉਹ ਪ੍ਰਚਾਰ (ਪ੍ਰਾਪੇਗੰਡਾ) ਦੇ ਦ੍ਰਿਸ਼ ਸਨ ਜੋ ਅਮਰੀਕਾ ਦੀ ਸਿਆਸੀ ਜਮਾਤ ਆਪਣੇ ਲੋਕਾਂ ਨੂੰ ਦਿਖਾਉਣਾ ਅਤੇ ਉਨ੍ਹਾਂ ਦੇ ਮਨਾਂ ਵਿਚ ਰਚਾਉਣਾ ਚਾਹੁੰਦੀ ਸੀ। ਇਸ ਤਰ੍ਹਾਂ ਫਰੇਬ ਨੂੰ ਨਕਲੀ ਸੱਚ ਦੇ ਸਾਂਚੇ ਵਿਚ ਢਾਲਿਆ ਗਿਆ ਤੇ ਹਕੀਕਤ ਤੋਂ ਵੀ ਜ਼ਿਆਦਾ ਸੱਚਾ (ਹਾਈਪਰ-ਰੀਅਲ) ਬਣਾ ਕੇ ਦਿਖਾਇਆ ਗਿਆ। ਲੋਕਾਂ ਨੂੰ ਇਹ ਪਤਾ ਹੀ ਨਾ ਲੱਗਣ ਦਿੱਤਾ ਗਿਆ ਕਿ ਜ਼ਮੀਨ 'ਤੇ ਕੀ ਹੋ ਰਿਹਾ ਹੈ, ਕੀ ਸੱਚ ਹੈ ਤੇ ਕੀ ਝੂਠ। ਇਹ ਪੇਸ਼ਕਾਰੀ ਏਦਾਂ ਦਾ ਮਿਲਗੋਭਾ ਬਣ ਗਈ ਕਿ ਖਾੜੀ ਯੁੱਧ ਯੁੱਧ ਨਾ ਰਹਿ ਕੇ ਚੁਣੇ ਹੋਏ ਦ੍ਰਿਸ਼ਾਂ ਦੀ ਤਰਤੀਬ ਬਣ ਗਿਆ, ਇਕ ਪ੍ਰਦਰਸ਼ਨ, ਇਕ ਤਮਾਸ਼ਾ, ਇਕ ਸ਼ੋਅ ਬਣ ਗਿਆ। ਫਰਾਂਸੀਸੀ ਚਿੰਤਕ ਨੇ ਦਲੀਲ ਦਿੱਤੀ ਕਿ ਇਲੈਕਟ੍ਰਾਨਿਕ ਮੀਡੀਆ ਦੇ ਜ਼ਰੀਏ ਹਾਕਮ ਜਮਾਤਾਂ ਕੋਲ ਇਹੋ ਜਿਹੀ ਪੇਸ਼ਕਾਰੀ ਕਰਨ ਦੀ ਤਾਕਤ ਆ ਚੁੱਕੀ ਹੈ ਜਿਸ ਵਿਚ ਹਕੀਕਤ ਨਾਲੋਂ ਉਸ ਦਾ ਸਾਇਆ/ਛਾਇਆ ਜ਼ਿਆਦਾ ਅਸਲੀ (ਹਾਈਪਰ-ਰੀਅਲ) ਲੱਗਦਾ ਹੈ। ਲੋਕ ਇਨ੍ਹਾਂ ਭੁਲਾਵਾਮਈ ਦ੍ਰਿਸ਼ਾਂ ਤੇ ਬਿਰਤਾਂਤਾਂ 'ਤੇ ਜ਼ਿਆਦਾ ਵਿਸ਼ਵਾਸ ਕਰਦੇ ਹਨ। ਇਸ ਸਬੰਧ ਵਿਚ ਉਨ੍ਹਾਂ ਪੱਤਰਕਾਰਾਂ ਦੀ ਭੂਮਿਕਾ 'ਤੇ ਵੀ ਸਵਾਲ ਉਠਾਏ ਗਏ ਜਿਨ੍ਹਾਂ ਨੇ ਅਮਰੀਕਨ ਸਿਆਸੀ ਜਮਾਤ ਤੇ ਫ਼ੌਜ ਦੀ ਯੁੱਧ ਕਲਾ ਨੂੰ ਇਕ ਨਵੇਂ ਰੂਪ ਵਿਚ ਪੇਸ਼ ਕੀਤਾ ਸੀ।
        ਇਸੇ ਤਰ੍ਹਾਂ ਦਾ ਮਾਹੌਲ ਇਨ੍ਹਾਂ ਦਿਨਾਂ ਵਿਚ ਹਿੰਦੋਸਤਾਨ ਅਤੇ ਪਾਕਿਸਤਾਨ ਦੇ ਟੈਲੀਵਿਜ਼ਨਾਂ 'ਤੇ ਵੀ ਦੇਖਣ ਨੂੰ ਮਿਲਿਆ ਹੈ। ਕੁਝ ਪੱਤਰਕਾਰਾਂ ਤੇ ਟਿੱਪਣੀਕਾਰਾਂ ਨੇ ਅਜਿਹੀ ਪੇਸ਼ਕਾਰੀ ਦੇਣ ਦੀ ਕੋਸ਼ਿਸ਼ ਕੀਤੀ, ਜਿਸ ਵਿਚ ਪ੍ਰਤੱਖ ਅਤੇ ਅਪ੍ਰਤੱਖ ਰੂਪ ਵਿਚ ਇਹ ਕਿਹਾ ਜਾ ਰਿਹਾ ਸੀ ਕਿ ਜੰਗ ਦੀ ਚੋਣ ਕਰਨ ਵਾਲੇ ਲੋਕ ਹੀ ਦੇਸ਼ ਭਗਤ ਹਨ। ਹਿੰਦੋਸਤਾਨ ਵਿਚ ਦੇਸ਼ ਭਗਤੀ ਤੇ ਰਾਸ਼ਟਰਵਾਦ ਦਾ ਇਕ ਇਹੋ ਜਿਹਾ ਬਿਰਤਾਂਤ ਬੁਣਿਆ ਗਿਆ ਜਿਸ ਵਿਚ ਹਿੰਦੋਸਤਾਨ ਦੀ ਵੱਡੀ ਘੱਟ ਗਿਣਤੀ ਵਾਲੇ ਫ਼ਿਰਕੇ ਪ੍ਰਤੀ ਘਿਰਣਾ ਤੇ ਪਾਕਿਸਤਾਨ ਦੀ ਹਸਤੀ ਨੂੰ ਖ਼ਤਮ ਕਰਨ ਦੇ ਦਾਅਵੇ ਦੇਸ਼ ਭਗਤੀ ਦੇ ਮੁੱਢਲੇ ਮਾਪਦੰਡ ਬਣਦੇ ਦਿਖਾਈ ਦਿੱਤੇ। ਇਸ ਬਿਰਤਾਂਤ ਨੂੰ ਬੁਣਨ ਵਿਚ ਸੱਤਾਧਾਰੀ ਪਾਰਟੀ ਨੇ ਸੰਜਮ ਨੂੰ ਤਿਲਾਂਜਲੀ ਦੇ ਦਿੱਤੀ : ਇਕ ਉੱਤਰ ਪੂਰਵੀ ਰਾਜ ਦੇ ਰਾਜਪਾਲ ਨੇ ਕਸ਼ਮੀਰ ਤੇ ਕਸ਼ਮੀਰੀਆਂ ਦੇ ਬਾਈਕਾਟ ਦਾ ਸੱਦਾ ਦਿੱਤਾ, ਭਾਜਪਾ ਦੇ ਪ੍ਰਧਾਨ ਨੇ ਕਿਹਾ ਕਿ ਉਹ ਆਸਾਮ ਨੂੰ ਕਸ਼ਮੀਰ ਨਹੀਂ ਬਣਨ ਦੇਣਗੇ। ਪ੍ਰਧਾਨ ਮੰਤਰੀ ਨੇ ਆਪਣੀ ਸਿਆਸੀ ਰੈਲੀ ਵਿਚ ਪੁਲਵਾਮਾ ਵਿਚ ਸ਼ਹੀਦ ਹੋਏ ਸੀਆਰਪੀਐੱਫ਼ ਦੇ ਜਵਾਨਾਂ ਦੀਆਂ ਤਸਵੀਰਾਂ ਲਗਾਈਆਂ। ਕਈ ਚੈਨਲਾਂ ਨੇ ਇਨ੍ਹਾਂ ਸਭ ਨੂੰ ਇਕ ਸਨਸਨੀਖੇਜ਼ ਲੜੀ/ਬਿਰਤਾਂਤ ਬਣਾ ਕੇ ਪੇਸ਼ ਕੀਤਾ ਜਿਸ ਵਿਚ ਤਰਕ-ਵਿਤਰਕ ਤੇ ਬਹਿਸ ਦੀ ਕੋਈ ਗੁੰਜਾਇਸ਼ ਦਿਖਾਈ ਨਹੀਂ ਸੀ ਦੇ ਰਹੀ।
      ਜਦ ਕੁਝ ਮਾਹਿਰ ਟਿੱਪਣੀਕਾਰ ਟੈਲੀਵਿਜ਼ਨ 'ਤੇ ਟਿੱਪਣੀਆਂ ਕਰਦੇ ਹਨ ਤਾਂ ਇਉਂ ਲੱਗਦਾ ਹੈ ਕਿ ਜਿਵੇਂ ਉਹ ਕਿਸੇ ਜੰਗ-ਭੜਕਾਊ ਮਸ਼ੀਨਰੀ ਦਾ ਹਿੱਸਾ ਹੋਣ। ਉਹ ਇਹ ਵਿਸਾਰ ਦਿੰਦੇ ਹਨ ਕਿ ਇਹ ਦੇਸ਼ ਕਿਵੇਂ ਬਣਿਆ। ਬਸਤੀਵਾਦੀ ਵਿਰੋਧੀ ਸੰਘਰਸ਼ ਵਿਚ ਲੱਖਾਂ ਲੋਕਾਂ ਨੇ ਹਿੱਸਾ ਲਿਆ, ਜੇਲ੍ਹਾਂ ਵਿਚ ਗਏ, ਫਾਂਸੀ 'ਤੇ ਚੜ੍ਹੇ ਅਤੇ ਹੋਰ ਦੁੱਖ ਝੱਲੇ। 1857 ਦੇ ਗ਼ਦਰ ਤੋਂ ਲੈ ਕੇ ਆਜ਼ਾਦੀ ਦੇ ਸੰਘਰਸ਼ ਦੌਰਾਨ ਕੀਤੀਆਂ ਵੱਡੀਆਂ ਕੁਰਬਾਨੀਆਂ ਵਿਚੋਂ ਲੰਘਦਾ ਇਹ ਇਤਿਹਾਸ 1942 ਦੇ 'ਭਾਰਤ ਛੱਡੋ ਅੰਦੋਲਨ' ਅਤੇ ਆਜ਼ਾਦ ਹਿੰਦ ਫ਼ੌਜ ਤਕ ਆਉਂਦਾ ਹੈ। ਜੇਕਰ ਅਸੀਂ ਪੰਜਾਬ ਦੀ ਉਦਾਹਰਨ ਹੀ ਲਈਏ ਤਾਂ ਕੂਕਾ, ਪੱਗੜੀ ਸੰਭਾਲ ਜੱਟਾ ਅਤੇ ਗ਼ਦਰ ਲਹਿਰ, ਜਲ੍ਹਿਆਂਵਾਲੇ ਬਾਗ ਨਾਲ ਸਬੰਧਤ ਅੰਦੋਲਨ ਤੇ 13 ਅਪਰੈਲ 1919 ਦਾ ਖ਼ੂਨੀ ਸਾਕਾ, ਗੁਰਦੁਆਰਾ ਸੁਧਾਰ ਲਹਿਰ, ਅਕਾਲੀ ਮੋਰਚੇ, ਬੱਬਰ ਅਕਾਲੀ ਅਤੇ ਕਿਰਤੀ ਲਹਿਰ, ਕਾਂਗਰਸ ਦੀ ਅਗਵਾਈ ਵਿਚ ਚੱਲੀ ਆਜ਼ਾਦੀ ਦੀ ਤਹਿਰੀਕ, ਭਗਤ ਸਿੰਘ ਤੇ ਉਸ ਦੇ ਸਾਥੀਆਂ ਵੱਲੋਂ ਬਣਾਈ ਹਿੰਦੋਸਤਾਨੀ ਸੋਸ਼ਲਿਸਟ ਰੀਪਬਲਿਕ ਆਰਮੀ, ਪਰਜਾ ਮੰਡਲ ਲਹਿਰ, ਮੁਜ਼ਾਰਾ ਅੰਦੋਲਨ ਅਤੇ ਹੋਰ ਬਹੁਤ ਸਾਰੇ ਸੰਘਰਸ਼ਾਂ ਕਾਰਨ ਦੇਸ਼ ਆਜ਼ਾਦ ਹੋਇਆ। ਇਸੇ ਤਰ੍ਹਾਂ ਦੇ ਸੰਘਰਸ਼ ਹੋਰ ਸੂਬਿਆਂ ਵਿਚ ਵੀ ਹੋਏ। ਇਨ੍ਹਾਂ ਟਿੱਪਣੀਕਾਰਾਂ ਦਾ ਇਹੋ ਜਿਹੀ ਜੱਦੋਜਹਿਦ ਤੇ ਦੇਸ਼ ਦੀ ਆਜ਼ਾਦੀ ਦੇ ਬਾਅਦ ਹੋਏ ਕਿਸਾਨਾਂ, ਮਜ਼ਦੂਰਾਂ, ਦਲਿਤਾਂ ਤੇ ਦਮਿਤਾਂ ਦੇ ਹੋਰ ਸੰਘਰਸ਼ਾਂ ਨਾਲ ਕੋਈ ਵਾਸਤਾ ਨਹੀਂ ਸਗੋਂ ਉਹ ਲੋਕਾਂ ਦੇ ਮਨ ਵਿਚ ਜ਼ਹਿਰ ਭਰ ਰਹੇ ਹਨ। ਉਨ੍ਹਾਂ ਨੂੰ ਜ਼ਿੰਮੇਵਾਰ ਬਣਾਉਣ ਦੀ ਥਾਂ ਗ਼ੈਰ-ਜ਼ਿੰਮੇਵਾਰ ਬਣਾ ਰਹੇ ਹਨ। ਇਕ ਪਾਸੇ ਤਾਂ ਲੋਕਾਂ ਦੇ ਪੁੱਤਰਾਂ ਦੀਆਂ ਜਾਨਾਂ ਗਈਆਂ ਹਨ ਤੇ ਦੂਸਰੇ ਪਾਸੇ ਉਨ੍ਹਾਂ 'ਤੇ ਸਿਆਸਤ ਕੀਤੀ ਜਾ ਰਹੀ ਹੈ। ਲੋਕਾਂ ਦੀ ਆਤਮਾ ਨੂੰ ਵਲੂੰਧਰਿਆ ਜਾ ਰਿਹਾ ਹੈ, ਉਸ ਵਿਚ ਨਫ਼ਰਤ ਦੇ ਬੀਜ ਬੀਜੇ ਜਾ ਰਹੇ ਹਨ।
       ਇਸ ਤਰ੍ਹਾਂ ਦਾ ਪ੍ਰਚਾਰ ਹਿੰਦੋਸਤਾਨ ਵਿਚ ਹੀ ਨਹੀਂ ਹੋ ਰਿਹਾ, ਪਾਕਿਸਤਾਨ ਵਿਚ ਵੀ ਹੋ ਰਿਹਾ ਹੈ। ਪਾਕਿਸਤਾਨ ਆਜ਼ਾਦੀ ਲਈ ਹੋਏ ਸੰਘਰਸ਼ ਵਿਚਲੇ ਪਿਛੋਕੜ ਤੋਂ ਹਮੇਸ਼ਾ ਇਨਕਾਰੀ ਰਿਹਾ ਹੈ। ਉੱਥੇ ਵਿਦਿਆਰਥੀਆਂ ਨੂੰ ਯੂਨੀਵਰਸਿਟੀਆਂ, ਕਾਲਜਾਂ ਅਤੇ ਸਕੂਲਾਂ ਵਿਚ ਜੋ ਪੜ੍ਹਾਇਆ ਜਾਂਦਾ ਹੈ, ਉਹ ਇਤਿਹਾਸ ਨਹੀਂ, ਕੋਰਾ ਝੂਠ ਹੈ। ਇਸੇ ਤਰ੍ਹਾਂ ਉੱਥੋਂ ਦਾ ਮੀਡੀਆ ਆਪਣਾ ਬਿਰਤਾਂਤ ਹਿੰਦੋਸਤਾਨ ਵਿਰੋਧੀ ਸੋਚ ਤੇ ਘਿਰਣਾ ਦੇ ਆਲੇ-ਦੁਆਲੇ ਬੁਣਦਾ ਹੈ ਅਤੇ ਪਾਕਿਸਤਾਨ ਦੇ ਆਵਾਮ ਨੂੰ ਸੱਚਾਈ ਤੋਂ ਵਿਰਵੇ ਰੱਖਿਆ ਜਾਂਦਾ ਹੈ, ਇਹ ਬਿਰਤਾਂਤ ਪਾਕਿਸਤਾਨੀ ਫ਼ੌਜ ਦੇ ਹੱਕ ਵਿਚ ਭੁਗਤਦਾ ਹੈ। ਅਸੀਂ ਪਾਕਿਸਤਾਨ ਬਾਰੇ ਕਹਿ ਸਕਦੇ ਹਾਂ ਕਿ ਉੱਥੇ ਅਸਲੀ ਤਾਕਤ ਫ਼ੌਜ ਦੇ ਹੱਥ ਵਿਚ ਹੈ ਜੋ ਆਪਣਾ ਗ਼ਲਬਾ ਕਾਇਮ ਰੱਖਣ ਲਈ ਦਹਿਸ਼ਤਗਰਦ ਜਥੇਬੰਦੀਆਂ ਨੂੰ ਉਤਸ਼ਾਹ ਦਿੰਦੀ ਹੈ ਤੇ ਹਿੰਦੋਸਤਾਨ ਵਿਰੋਧੀ ਨੂੰ ਸੱਚੇ ਪਾਕਿਸਤਾਨੀ ਹੋਣ ਦਾ ਮਾਪਦੰਡ ਮੰਨਿਆ ਜਾਂਦਾ ਹੈ। ਪਰ ਹਿੰਦੋਸਤਾਨ ਵਿਚ ਜਮਹੂਰੀਅਤ ਹੈ ਅਤੇ ਇੱਥੋਂ ਦੇ ਮੀਡੀਆ ਅਤੇ ਸਿਆਸਤ ਦੇ ਮਿਆਰ ਜਮਹੂਰੀ ਹੋਣੇ ਚਾਹੀਦੇ ਹਨ।
      ਇਹ ਸਾਰਾ ਵਰਤਾਰਾ ਅਤਿਅੰਤ ਖ਼ਤਰਨਾਕ ਹੈ ਕਿਉਂਕਿ ਇਤਿਹਾਸ ਅਤੇ ਤੱਥਾਂ ਤੋਂ ਅਣਜਾਣ ਬਹੁਤ ਸਾਰੇ ਲੋਕ ਅਤੇ ਖ਼ਾਸ ਕਰਕੇ ਨੌਜਵਾਨ ਜਜ਼ਬਾਤਾਂ ਵਿਚ ਵਹਿ ਜਾਂਦੇ ਹਨ, ਉਨ੍ਹਾਂ ਕੋਲ ਇਤਿਹਾਸ ਤੇ ਸਮਕਾਲ ਵਿਚ ਹੋਈਆਂ ਘਟਨਵਾਂ ਦੇ ਸੱਚ ਨੂੰ ਲੱਭਣ ਵਾਲੇ ਵਸੀਲੇ ਨਹੀਂ ਹੁੰਦੇ। ਇਸ ਤਰ੍ਹਾਂ ਦੇ ਰੁਝਾਨਾਂ ਦਾ ਵਿਰੋਧ ਕਰਦਿਆਂ ਟੀਵੀ ਦੇ ਇਕ ਸੂਝਵਾਨ ਟਿੱਪਣੀਕਾਰ ਨੇ ਇਹ ਸੁਝਾਅ ਦਿੱਤਾ ਕਿ ਜੇ ਦੇਸ਼ ਵਿਚ ਜਮਹੂਰੀਅਤ ਨੂੰ ਬਚਾਉਣਾ ਹੈ ਤਾਂ ਸਾਨੂੰ ਘੱਟੋ ਘੱਟ ਦੋ ਮਹੀਨੇ ਲਈ ਟੈਲੀਵਿਜ਼ਨ ਵੇਖਣਾ ਬੰਦ ਕਰ ਦੇਣਾ ਚਾਹੀਦਾ ਹੈ। ਹਕੀਕਤ ਇਹ ਹੈ ਕਿ ਨਾ ਤਾਂ ਕੋਈ ਟੈਲੀਵਿਜ਼ਨ ਵੇਖਣਾ ਬੰਦ ਕਰੇਗਾ, ਨਾ ਹੀ ਜੰਗ-ਭੜਕਾਊ ਟਿੱਪਣੀਆਂ ਬੰਦ ਹੋਣਗੀਆਂ ਅਤੇ ਨਾ ਹੀ ਗ਼ੈਰ-ਤਸਦੀਕਸ਼ੁਦਾ ਘਟਨਾਵਾਂ ਨੂੰ ਸੱਚ ਬਣਾ ਕੇ ਪਰੋਸੇ ਜਾਣ ਵਿਚ ਕੋਈ ਕਮੀ ਨਜ਼ਰ ਆਏਗੀ। ਪਰ ਇਹ ਰੁਝਾਨ ਕਿਸੇ ਦੇਸ਼ ਲਈ ਬਹੁਤ ਖ਼ਤਰਨਾਕ ਹਨ। ਜੇਕਰ ਅਸੀਂ ਆਪਣੇ ਲੋਕਾਂ ਦਾ ਭਲਾ ਚਾਹੁੰਦੇ ਹਾਂ ਤਾਂ ਸਾਨੂੰ ਇਨ੍ਹਾਂ ਰੁਝਾਨਾਂ ਵਿਰੁੱਧ ਲੜਨਾ ਅਤੇ ਜੰਗ-ਭੜਕਾਊ ਟਿੱਪਣੀਕਾਰਾਂ ਦੁਆਰਾ ਕੀਤੇ ਗਏ ਪ੍ਰਚਾਰ ਤੋਂ ਬਚਣਾ ਪੈਣਾ ਹੈ। ਇਸ ਮਾਹੌਲ ਤੋਂ ਬਚਣ ਲਈ ਆਪਸ ਵਿਚ ਸਿਹਤਮੰਦ ਵਿਚਾਰ-ਵਟਾਂਦਰੇ ਨੂੰ ਉਤਸ਼ਾਹਿਤ ਕਰਨ ਦੀ ਲੋੜ ਹੈ।

03 March  2019