ਭਵਿੱਖ ਦੇ ਵਾਰਸ ਬਨਣਾ ਜਾਂ ਕਾਤਲ ? : ਪਰ ਪੰਜਾਬ ਬਣਿਆ ਕਤਲਗਾਹ ? - ਬੁੱਧ ਸਿੰਘ ਨੀਲੋਂ

ਵਿੱਦਿਅਕ ਅਦਾਰਿਆਂ ਦਾ ਕੰਮ ਚਾਨਣ ਵੰਡਣਾ ਹੁੰਦਾ ਹੈ। ਸਮਾਜ ਵਿਚ ਫੈਲ ਰਹੇ ਹਨੇਰੇ ਨੂੰ ਦੂਰ ਕਰਨਾ ਹੁੰਦਾ ਹੈ। ਇਹ ਹਨੇਰਾ ਦੂਰ ਕਰਨ ਲਈ ਵਿੱਦਿਅਕ ਅਦਾਰੇ ਸਦਾ ਸੂਰਜ ਦੀ ਭੂਮਿਕਾ ਨਿਭਾਉਂਦੇ ਹਨ।
      ਅਸੀਂ ਆਪਣੇ ਅੰਦਰ ਫੈਲੇ ਹਨੇਰੇ ਨੂੰ ਦੂਰ ਕਰਨ ਲਈ ਇਨਾਂ ਸੰਸਥਾਵਾਂ ਅੰਦਰ ਜਾਂਦੇ ਹਾਂ। ਆਪੋ-ਆਪਣੇ ਮਨਾਂ ਅੰਦਰ ਲੱਗੇ ਹਨੇਰ ਦੇ ਜਾਲਿਆਂ ਨੂੰ ਉਤਾਰ ਦਿੰਦੇ ਹਾਂ।
        ਪਰ ਜਦੋਂ ਕੋਈ ਸੂਰਜ ਵਾਂਗ ਰੌਸ਼ਨੀ ਦਿੰਦਾ ਅਦਾਰਾ ਕਿਸੇ ਰੋਗ ਦਾ ਸ਼ਿਕਾਰ ਹੋ ਜਾਵੇ ਤਾਂ ਹਰਿਕ ਨੂੰ ਸੋਚਣ ਦੀ ਲੋੜ ਪੈ ਜਾਂਦੀ ਹੈ। ਇਹ ਕਿਵੇਂ ਹੋਇਆ ਹੈ? ਸਾਡੇ ਮਨਾਂ ਅੰਦਰ ਸਵਾਲ ਉੱਗ ਆਉਂਦੇ ਹਨ।
       ਹਰਾ ਇਨਕਲਾਬ ਲਿਆਉਣ ਦੇ ਸੁਪਨਿਆਂ ਨਾਲ ਹੋਂਦ ਵਿਚ ਆਈ ਯੂਨੀਵਰਸਿਟੀ ਨੇ ਕੁਝ ਹੀ ਵਰਿਆਂ ਵਿਚ ਆਪਣਾ ਨਾਂਅ ਬਦਲ ਲਿਆ। ਅੱਜ-ਕੱਲ ਇਸ ਨੂੰ ਕੈਂਸਰ ਯੂਨੀਵਰਸਿਟੀ ਦੇ ਨਾਂਅ ਨਾਲ ਪੁਕਾਰਿਆ ਜਾਂਦਾ ਹੈ।
       ਘਰ ਦੇ ਭੇਤੀ ਦੱਸਦੇ ਹਨ ਕਿ ਯੂਨੀਵਰਸਿਟੀ ਲਈ ਕੋਈ ਸਰਕਾਰੀ ਵੰਡ ਤਾਂ ਆਉਂਦਾ ਨਹੀਂ, ਖੋਜ ਕਾਰਜ ਸਭ ਠੱਪ ਹੋਏ ਪਏ ਹਨ, ਜਿਹੜੇ ਇੱਕਾ-ਦੁੱਕਾ ਸੈਮੀਨਾਰ ਹੁੰਦੇ ਹਨ, ਉਹ ਪ੍ਰਾਈਵੇਟ ਫਰਮਾਂ ਦੇ ਸਹਿਯੋਗ ਨਾਲ ਕੀਤੇ ਜਾ ਰਹੇ ਹਨ। ਇਨਾਂ ਪ੍ਰਾਈਵੇਟ ਫਰਮਾਂ ਵਿਚ ਵਧੇਰੇ ਗਿਣਤੀ ਉਨਾਂ ਰਸਾਇਣਿਕ ਦਵਾਈਆਂ ਬਨਾਉਣ ਵਾਲੀਆਂ ਕੰਪਨੀਆਂ ਦੀ ਹੈ, ਜਿਹੜੀਆਂ ਇਥੋਂ ਦੇ ਮਾਹਿਰ ਨੂੰ ਚੋਗਾ ਪਾ ਕੇ ਰੱਖਦੀਆਂ ਹਨ।
         ਖ਼ਬਰਾਂ ਵਿਚੋਂ ਖ਼ਬਰ ਇਹ ਹੈ ਕਿ ਇੱਥੋਂ ਦੇ ਮਾਹਿਰ ਹੁਣ ਮਨੁੱਖ ਨਾ ਹੋ ਕੇ ਪਾਲਤੂ ਜਾਨਵਰ ਹੀ ਬਣ ਗਏ ਹਨ। ਜਿਨਾਂ ਦੇ ਗਲੇ ਵਿਚ ਪਟੇ ਪਏ ਹੋਏ ਹਨ, ਜਿਨਾਂ ਦੀ ਸੰਗਲੀ ਕਿਸੇ ਨਾ ਕਿਸੇ ਕੀਟ ਨਾਸਿਕ ਦਵਾਈਆਂ ਦੀ ਕੰਪਨੀ ਦੇ ਹੱਥਾਂ ਵਿਚ ਹੈ। ਸੁਣਿਆ ਹੈ ਕਿ ਕੰਪਨੀਆਂ ਦਾ ਆਪਣਾ ਇਕ ਨੈੱਟਵਰਕ ਹੈ। ਪਹਿਲਾਂ ਉਹ ਉਸ ਨੈੱਟਵਰਕ ਅਧੀਨ ਆਪਣੇ ਪ੍ਰੋਗਰਾਮ ਲਿਆਉਂਦੇ ਹਨ।
        ਬਿਮਾਰੀ ਫੈਲਾਉਂਦੇ ਹਨ, ਫੇਰ ਬਿਮਾਰੀ ਦੇ ਇਲਾਜ ਲਈ ਦਵਾਈ ਦੱਸਦੇ ਹਨ। ਸਾਡੇ ਮਾਹਿਰ ਉਨਾਂ ਦਵਾਈਆਂ ਦੀ ਅੱਗੇ ਸਿਫ਼ਾਰਸ਼ ਕਰਦੇ ਹਨ। ਸਿਫ਼ਾਰਸ਼ ਕੀਤੀਆਂ ਕੀਟਨਾਸ਼ਕ ਦਵਾਈਆਂ ਦੇ ਅੰਕੜੇ ਦੱਸਦੇ ਹਨ ਕਿ ਕਿੰਨੀਆਂ ਹੀ ਦਵਾਈਆਂ ਅਜਿਹੀਆਂ ਹਨ, ਜਿਹੜੀਆਂ ਕਈ ਵਰਿਆਂ ਤੋਂ ਸਿਫ਼ਾਰਸ਼ ਕੀਤੀਆਂ ਜਾ ਰਹੀਆਂ ਹਨ। ਉਹ ਦਵਾਈਆਂ ਦੁਨੀਆਂ ਭਰ 'ਚ ਬੰਦ ਹਨ ਪਰ ਸਾਡੇ ਵਰਤੀਆਂ ਜਾ ਰਹੀਆਂ ਹਨ।
         ਸਿਫ਼ਾਰਸ਼ੀ ਕੀਟਨਾਸ਼ਕ ਦਵਾਈਆਂ ਨੇ ਧਰਤੀ ਹੀ ਨਹੀਂ ਬਲਕਿ ਸਾਰਾ ਸਮਾਜ ਹੀ ਬਿਮਾਰ ਕਰ ਦਿੱਤਾ ਹੈ। ਮਾਲਵਾ ਤਾਂ ਕੈਂਸਰ ਤੇ ਚਮੜੀ ਦੇ ਰੋਗ ਦਾ ਕੇਂਦਰ ਬਣ ਗਿਆ ਹੈ। ਹੁਣ ਖੇਤਾਂ ਵਿਚ ਫ਼ਸਲ ਨਹੀਂ, ਲਾਸ਼ਾਂ ਉੱਗਦੀਆਂ ਹਨ।
       ਬਹੁਤ ਸਾਰੇ ਸਰਵੇਖਣ ਇਹ ਵੀ ਪੋਲ ਖੋਲ ਰਹੇ ਕਿ ਮਨੁੱਖ ਦੇ ਅੰਦਰ ਵੀ ਇਨਾਂ ਦਵਾਈਆਂ ਦੇ ਕਣ ਦੇਖਣ ਨੂੰ ਮਿਲੇ ਹਨ। ਹੁਣ ਕੋਈ ਵੀ ਫ਼ਸਲ ਦਵਾਈ ਤੋਂ ਬਗੈਰ ਨਹੀਂ ਹੁੰਦੀ ਅਤੇ ਨਾ ਹੀ ਮਨੁੱਖ ਦਵਾਈ ਤੋਂ ਬਗੈਰ ਚੱਲ ਸਕਦਾ ਹੈ।
        ਦੱਸਣ ਵਾਲੇ ਤਾਂ ਦੱਸਦੇ ਹਨ ਕਿ ਸਾਰਾ ਪੰਜਾਬ ਹੀ ਹਸਪਤਾਲ ਬਣ ਗਿਆ ਹੈ। ਇਨਾਂ ਮਾਹਿਰਾਂ ਦੀ ਕ੍ਰਿਪਾਾ ਦੇ ਨਾਲ ਪੰਜਾਬ ਦੀ ਧਰਤੀ ਉੱਤੋਂ ਬੜਾ ਕੁਝ ਅਲੋਪ ਹੋ ਗਿਆ ਹੈ। ਇਨ੍ਹਾਂ ਅਲੋਪ ਹੋ ਗਿਆਂ ਵਿਚ ਪਸ਼ੂ, ਪੰਛੀ, ਰੁੱਖ ਤੇ ਫੁੱਲ-ਬੂਟੇ ਆਦਿ ਹਨ।
       ਮਾਹਿਰਾਂ ਦੀ ਕ੍ਰਿਪਾ ਨਾਲ ਸਾਡੀਆਂ ਮਿੱਤਰ ਗਿਰਝਾਂ ਤੇ ਇੱਲਾਂ ਖ਼ਤਮ ਹੋ ਗਈਆਂ ਹਨ। ਮਾਹਿਰ ਹਿੱਕ ਉੱਤੇ ਹੱਥ ਰੱਖ ਕੇ ਇਹ ਨਹੀਂ ਆਖ ਸਕਦੇ ਕਿ ਅਸੀਂ ਇਹ ਨਹੀਂ ਕੀਤਾ। ਹੁਣ ਤਾਂ ਸਗੋਂ ਉਹ ਇਸ ਜ਼ਿੰਮੇਵਾਰੀ ਤੋਂ ਭੱਜ ਵੀ ਨਹੀਂ ਸਕਦੇ ਕਿ ਉਨਾਂ ਨੇ ਕੁਝ ਲਾਲਚਾਂ ਬਦਲੇ ਸਾਰੇ ਪੰਜਾਬ ਨੂੰ ਖੋਜ ਦਾ ਕੇਂਦਰ ਹੀ ਨਹੀਂ ਸਗੋਂ ਕਤਲਗਾਹ ਬਣਾ ਕੇ ਰੱਖ ਦਿੱਤਾ ਹੈ।
         ਪੰਜਾਬ ਦਾ ਪੌਣ-ਪਾਣੀ ਤੇ ਧਰਤੀ ਨੂੰ ਦੂਸ਼ਿਤ ਕਰ ਦਿੱਤਾ ਹੈ, ਜਿਸ ਕਾਰਨ ਹੁਣ ਪੰਜਾਬ ਦੇ ਹਸਪਤਾਲਾਂ ਤੇ ਸਮਸ਼ਾਨ ਘਾਟਾਂ 'ਤੇ ਮੇਲੇ ਲੱਗਦੇ ਹਨ। ਸਾਡੇ ਪੁਰਾਤਨ ਮੇਲੇ ਤਾਂ ਨੈੱਟ ਨੇ ਖਤਮ ਕਰ ਦਿੱਤੇ ਹਨ। ਸਰਕਾਰੀ ਹਸਪਤਾਲ ਖੁਦ ਬੀਮਾਰ ਹਨ ਤੇ ਸਾਧਾਂ ਦੇ ਡੇਰੇ ਖੁੰਬਾਂ ਵਾਂਗ ਉਗ ਰਹੇ ਹਨ।
       ਲੋਕ ਆਪਣੀਆਂ ਬੀਮਾਰੀਆਂ ਦਾ ਇਲਾਜ ਕਰਵਾਉਣ ਦੇ ਲਈ ਡੇਰਿਆਂ ਵੱਲ ਵਹੀਰਾਂ ਘੱਤੀ ਜਾ ਰਹੇ ਹਨ। ਇਹ ਡੇਰੇ ਲੋਕਾਂ ਦਾ ਆਰਥਿਕ ਤੇ ਸਰੀਰਿਕ ਸੋਸ਼ਣ ਕਰਦੇ ਹਨ। ਸਰਕਾਰ ਦੇ ਮੰਤਰੀ ਤੇ ਸੰਤਰੀ ਸ਼ਰੀਕੇਬਾਜ਼ੀ 'ਚ ਉਲਝੇ ਹਨ। ਸੁਚੇਤ ਲੋਕ ਸੜਕਾਂ ਤੇ ਹਨ।
       ਉਹ ਯੂਨੀਵਰਸਿਟੀ ਜਿਸ ਨੇ ਮਨੁੱਖ ਦੇ ਭਲੇ ਲਈ ਦੇਸ਼ ਦੇ ਵਿਕਾਸ ਲਈ ਯੋਗਦਾਨ ਪਾਉਣ ਸੀ, ਉਹ ਬਿਮਾਰੀਆਂ ਫੈਲਾਉਣ ਵਾਲੀ ਸੰਸਥਾ ਬਣ ਗਈ, ਜਿਸ ਦੇ ਮਾਹਿਰ ਪ੍ਰਾਈਵੇਟ ਫਰਮਾਂ ਦੇ ਹੱਥਾਂ ਵਿਚ ਖੇਡਦੇ ਹਨ। ਉਨ੍ਹਾਂ ਦੇ ਖਿਡੌਣੇ ਬਣ ਕੇ ਕਰ ਰਹੇ ਹਨ ਕੱਠਪੁਤਲੀ ਨਾਚ।
        ਖ਼ਬਰਾਂ ਆਉਂਦੀਆਂ ਨੇ ਕਿ ਇਸੇ ਯੂਨੀਵਰਸਿਟੀ ਵਿਚ ਹੁਣ ਜਿੰਨੇ ਵੀ ਸੈਮੀਨਾਰ ਹੁੰਦੇ ਹਨ, ਉਨ੍ਹਾਂ ਨੂੰ ਇਕ ਜ਼ਹਿਰ ਬਨਾਉਣ ਵਾਲੀਆਂ ਕੰਪਨੀਆਂ ਹੀ ਕਰਵਾ ਰਹੀਆਂ ਹਨ ਜਿਹਨਾਂ ਨੂੰ ਨਿੱਜੀ ਫਰਮਾਂ ਨੇ ਪਲੈਨ ਕੀਤਾ ਹੁੰਦਾ , ਜਿਨ੍ਹਾਂ ਨੇ ਇਨ੍ਹਾਂ ਸੈਮੀਨਾਰਾਂ  ਨੂੰ ਸਫ਼ਲ ਬਣਾਉਣ ਲਈ ਹਰ ਤਰਾਂ ਦਾ ਹਰਬਾ ਵਰਤਿਆ ਹੈ। ਅਧਿਕਾਰੀ ਤਾਂ ਉਸ ਕੰਪਨੀ ਦੇ ਖ਼ਿਲਾਫ਼ ਕਾਰਵਾਈ ਕਰਨ ਤੋਂ ਵੀ ਕੰਨੀ ਕਤਰਾਉਂਦੇ ਹਨ। ਦਾਲ ਵਿਚ ਕੋਕੜੂ ਹੀ ਨਹੀਂ ਸਗੋਂ ਸਾਰੀ ਦਾਲ ਹੀ ਕਾਲੀ ਹੈ।
         ਯੂਨੀਵਰਸਿਟੀ ਦੇ ਡਾਕਟਰਾਂ ਨੇ ਖੋਜ ਦਾ ਕੰਮ ਤਿਆਗ ਦਿੱਤਾ ਹੈ, ਉਸ ਦੇ ਮਾਹਿਰ ਹੁਣ ਖੋਜ ਦੀ ਬਜਾਏ ਜ਼ਹਿਰ ਵੰਡਣ ਵਾਲੇ ਦਲਾਲ ਬਣ ਗਏ ਹਨ, ਜ਼ਿਹੜੇ ਵੱਡੀਆਂ-ਵੱਡੀਆਂ ਕੰਪਨੀਆਂ ਦਾ ਮਾਲ ਅੱਗੇ ਵਿਕਾਉਂਦੇ ਹਨ। ਜਿੰਨਾ-ਜਿੰਨਾ ਮਾਲ ਵਿਕਦਾ ਹੈ, ਓਨਾ ਉਨ੍ਹਾਂ ਨੂੰ ਕਮਿਸ਼ਨ ਮਿਲ ਜਾਂਦਾ ਹੈ। ਸਰਕਾਰ ਤੋਂ ਤਨਖ਼ਾਹ ਟੀ. ਏ, ਡੀ. ਏ. ਆਦਿ ਉਨਾਂ ਨੂੰ ਮੁਫ਼ਤ ਵਿਚ ਮਿਲ ਜਾਂਦਾ ਹੈ।
       ਹੁਣ ਜਦੋਂ ਤੂਹਾਨੂੰ ਤਨਖ਼ਾਹ ਮੁਫ਼ਤ ਵਿਚ ਤੇ ਕਮਿਸ਼ਨ ਵੱਖਰਾ ਮਿਲਦਾ ਹੋਵੇ ਤਾਂ ਖੋਜ ਕਰੋਂਗੇ ਕਿ ਦਲਾਲੀ?
ਦਲਾਲ ਦਾ ਕਿੱਤਾ ਬੜਾ ਮਾੜਾ ਗਿਣਿਆ ਜਾਂਦਾ ਹੈ, ਪਰ ਹੁਣ ਇਸ ਕਿੱਤੇ ਵਿਚ ਉਹ ਵਿਦਵਾਨ ਵੀ ਸ਼ਾਮਲ ਹੋ ਗਏ ਹਨ, ਜਿਨਾਂ ਦਾ ਕੰਮ ਤਾਂ ਸੀ, ਚਾਨਣਾ ਵੰਡਣਾ ਪਰ ਉਹ ਚਾਨਣ ਵੰਡਦੇ-ਵੰਡਦੇ ਹਨੇਰ ਵੰਡਣ ਲੱਗ ਪਏ।
      ਉੱਡਦੀ-ਉੱਡਦੀ ਖ਼ਬਰ ਹੈ ਕਿ ਸਰਕਾਰ ਨੇ ਇਸ ਅਦਾਰੇ ਨੂੰ ਪ੍ਰਾਈਵੇਟ ਫਰਮਾਂ ਦੇ ਹਵਾਲੇ ਕਰ ਦੇਣਾ ਹੈ ਤਾਂ ਕਿ ਦਲਾਲੀ ਦਾ ਕੰਮ ਖ਼ਤਮ ਹੀ ਕਰ ਦਿੱਤਾ ਜਾਵੇ। ਹੁਣ ਇਨਾਂ ਦਲਾਲਾਂ ਨੂੰ ਹੱਥਾਂ ਪੈਰਾਂ ਦੀ ਪੈ ਗਈ ਹੈ। ਹੁਣ ਇਹ ਆਪਣੇ ਕੀਤੇ ਕੁਕਰਮਾਂ ਕਰਕੇ ਮੱਥੇ 'ਤੇ ਹੱਥ ਰੱਥ ਕੇ ਰੋਂਦੇ ਹਨ।
ਬਾਦਲਾਂ ਦੀ ਸਰਕਾਰ ਨੇ ਬਠਿੰਡੇ ਤਾਂ ਕ੍ਰਿਕਟ ਸਟੇਡੀਅਮ ਬਣਾ ਦਿੱਤਾ ਸੀ। ਸਰਕਾਰ ਆਖਦੀ ਹੈ ਕਿ ਫ਼ਸਲਾਂ ਨੂੰ ਅਮਰੀਕਨ ਸੁੰਡੀ ਲੱਗ ਜਾਂਦੀ ਹੈ। ਕ੍ਰਿਕਟ ਨਾਲ਼ ਚਾਰ ਪੈਸੇ ਤਾਂ ਆਉਣਗੇ।
       ਸੋ, ਉਨਾਂ ਨੇ ਇਹ ਫਾਰਮ ਕ੍ਰਿਕਟ ਪ੍ਰੇਮੀਆਂ ਦੇ ਹਵਾਲੇ ਕਰ ਦਿੱਤਾ ਹੈ। ਹੋਲ ਹੋਲੀ ਸਰਕਾਰ ਬਾਕੀ ਦੇ ਖੇਤੀ ਫਾਰਮ ਵੇਚ ਰਹੀ ਹੈ ਤਾਂ ਕਿ ਨਾ ਬਾਂਸ ਰਹੇ ਤੇ ਨਾ ਬੰਸਰੀ ਵੱਜੇ। ਹੁਣ ਬੰਸਰੀ ਤਾਂ ਆਮ ਲੋਕਾਂ ਦੀ ਵੱਜ ਰਹੀ ਹੈ।
        ਖ਼ਬਰਾਂ ਤਾਂ ਇਹ ਵੀ ਕੰਨ ਕੁਤਰ ਰਹੀਆਂ ਹਨ ਕਿ ਆਉਣ ਵਾਲੇ ਦਿਨਾਂ ਵਿਚ ਹੋਰ ਫਾਰਮ ਵੀ ਇਸੇ ਤਰਾਂ ਲੇਖੇ ਲਾਏ ਜਾਣਗੇ ਤਾਂ ਸਰਕਾਰੀ ਦਲਾਲ ਦੀ ਬਜਾਏ ਸਿੱਧਾ ਕਿਸਾਨ ਨਾਲ ਸੰਪਰਕ ਕੀਤਾ ਜਾਵੇਗਾ।
       ਇਸ ਡਰ ਦੇ ਮਾਰੇ ਕਈ ਮਾਹਿਰ ਠੰਢੇ ਮੁਲਕਾਂ ਵੱਲ ਉਡਾਰੀਆਂ ਮਾਰਨ ਲਈ ਪਰ ਤੋਲ ਰਹੇ ਹਨ। ਕਈ ਤਾਂ ਉਡਾਰੀ ਮਾਰ ਵੀ ਗਏ ਹਨ ਉਨ੍ਹਾ ਨੂੰ ਪਾਲਾ ਵੱਢ-ਵੱਢ ਖਾ ਰਿਹਾ ਹੈ। ਕਿਤੇ ਉਹ ਕੈਂਸਰ ਵਰਗੀ ਨਾਮੁਰਾਦ ਬਿਮਾਰੀ ਦਾ ਸ਼ਿਕਾਰ ਹੀ ਨਾ ਹੀ ਹੋ ਜਾਣ। ਵਿੱਦਿਆ ਅਦਾਰੇ ਤੋਂ ਕੈਂਸਰ ਯੂਨੀਵਰਸਿਟੀ ਤੱਕ ਸਫ਼ਰ ਵਿਚ ਕਿੰਨੇ ਮਾਹਿਰਾਂ ਦਾ ਯੋਗਦਾਨ ਹੈ? ਇਹ ਤਾਂ ਉਹ ਮਾਹਿਰ ਹੀ ਜਾਣਦੇ ਹਨ, ਪਰ ਜਿਹੜੀਆਂ ਖ਼ਬਰਾਂ ਚੁਗਲੀਆਂ ਕਰ ਰਹੀਆਂ ਹਨ, ਉਹ ਦੱਸਦੀਆਂ ਹਨ, ਜਲਦੀ ਹੀ ਕੈਂਸਰ ਯੂਨੀਵਰਸਿਟੀ ਦੇ ਮਾਹਿਰਾਂ ਤੇ ਅਧਿਕਾਰੀਆਂ ਨੂੰ ਸਨਮਾਨਿਤ ਕਰਨ ਜਾ ਰਹੇ ਹਨ। ਉਨਾਂ ਦਾ ਮੰਨਣਾ ਹੈ ਕਿ ਇਸ ਯੂਨੀਵਰਸਿਟੀ ਸਦਕਾ ਹੀ ਉਨ੍ਹਾਂ ਦਾ ਤੋਰੀ-ਫੁਲਕਾ ਚੱਲਦਾ ਹੈ। ਜੈ ਕੈਂਸਰ ਯੂਨੀਵਰਸਿਟੀ ਦੀ।
        ਜੇ ਤੁਹਾਨੂੰ ਇਸ ਕੈਂਸਰ ਯੂਨੀਵਰਸਿਟੀ ਦਾ ਪਤਾ ਐ ਤਾਂ ਲੋਕਾਂ ਨੂੰ ਜਰੂਰ ਦੱਸਣਾ ਤਾਂ ਕਿ ਬਾਕੀ ਦੇ ਲੋਕ ਬਚ ਸਕਣ । ਕੋਈ ਦੱਸ ਪਾਵੇਗਾ? ਪੰਜਾਬ ਹੁਣ ਆਪ ਹੀ ਕਤਲ਼ਗਾਹ ਬਣ ਗਿਆ ਹੈ। ਪੰਜਾਬ ਦੇ ਆਮ ਲੋਕ, ਇਸ ਇਨਕਲਾਬ ਦੇ ਪੱਟੇ ਲੋਕ ਆਪਣੀ ਮੌਤ ਮਰਨ ਦੇ ਲਈ ਮਜਬੂਰ ਹੋ ਗਏ ਹਨ।
      ਭਾਵੇ ਇਸ ਦੇ ਆਮ ਲੋਕਾਂ ਦਾ ਓਨਾਂ ਕਸੂਰ ਨਹੀਂ ਸੀ ਪਰ ਜਿਨ੍ਹਾਂ ਨੂੰ ਇਸ ਦਾ ਪਤਾ ਸੀ ਕਿ ਇਨ੍ਹਾਂ ਇਨਕਲਾਬਾਂ ਨੇ ਭਵਿੱਖ ਦੇ ਵਿਚ ਕੀ ਚੰਦ ਚਾੜਨੇ ਹਨ ?  ਉਹ ਤਾਂ ਮੋਟੀਆਂ ਕਮਾਈਆਂ ਕਰਕੇ ਵਿਦੇਸ਼ਾਂ ਨੂੰ ਉਡਾਰੀਆਂ ਮਾਰ ਗਏ ਹਨ। ਕਿਸਾਨ ਤੇ ਮਜ਼ਦੂਰ ਹੁਣ ਖੁਦਕੁਸ਼ੀਆਂ ਦੇ ਰਸਤੇ ਤੁਰਿਆ ਹੋਇਆ ਹੈ। ਆਮ ਲੋਕ ਵੱਖ-ਵੱਖ ਤਰਾਂ ਦੀਆਂ ਜਾਨ-ਲੇਵਾ ਬੀਮਾਰੀਆਂ ਦੇ ਨਾਲ ਇਲਾਜ-ਖੁਣੋਂ ਮਰਨ ਲਈ ਘਰਾਂ ਦੇ ਵਿਚ ਮਜਬੂਰ ਹਨ।
        ਇਹਨਾਂ ਬੀਜੇ ਕੰਡਿਆਂ ਨੂੰ ਦਾ ਖਮਿਆਜਾ ਤਾਂ ਆਮ ਲੋਕ ਭੁਗਤ ਰਹੇ ਹਨ ਪਰ ਅਜੇ ਤੱਕ ਲੋਕਾਂ ਨੂੰ ਸਮਝ ਨਹੀਂ ਆਈ ਕਿ ਉਨ੍ਹਾਂ ਦੇ ਆਪਣੇ ਹੀ ਉਨ੍ਹਾਂ ਦਾ ਗਲਾ ਘੁੱਟ ਗਏ ਹਨ। ਹੁਣ ਇਸ ਦੀ ਜੁੰਮੇਵਾਰੀ ਕੋਈ ਵੀ ਆਪਣੇ ਸਿਰ ਲੈਣ ਲਈ ਤਿਆਰ ਨਹੀਂ।
ਪੰਜਾਬ ਦਿੱਤਾ ਪੌਣ-ਪਾਣੀ ਖਰਾਬ ਕਰਨ ਤੇ ਲੋਕਾਈ ਲਈ  ਬੀਮਾਰੀਆਂ  ਸਹੇੜਣ ਵਿਚ ਜਿਥੇ ਇਸ ਕੈਂਸਰ ਯੂਨੀਵਰਸਿਟੀ ਦਾ ਬਹੁਤ ਵੱਡਾ ਯੋਗਦਾਨ ਰਿਹਾ ਹੈ ਉਥੇ ਵਿਦਵਾਨਾਂ ਨੇ ਵਿਦੇਸ਼ੀ ਤਜਰਬੇ ਬਦਲ ਕੇ ਆਪਣੀ ਖੋਜ ਬਣਾਉਣ ਵਿਚ ਵੀ ਕੋਈ ਰੜਕ ਨੀ ਛੱਡੀ ।
         ਅਜੇ ਤਕ ਨਰਮੇ ਦੀ ਸੁੰਡੀ ਨੀ ਇਹਨਾਂ ਡਾਕਟਰ ਲਾਗੇ ਮਰੀ ਪਰ ਪੰਜਾਬ ਦੇ ਲੋਕ ਜਰੂਰ ਮਰਨ ਲਈ ਮਜਬੂਰ ਕਰ ਦਿੱਤੇ। ਕਦੇ ਪਿੰਡ ਤੇ ਸ਼ਹਿਰ ਵਿਚ ਜਾ ਕੇ ਦੇਖੋ , ਲੋਕ ਕਿਵੇ ਇਸ ਹਰੀ, ਨੀਲੀ ਤੇ ਚਿੱਟੀ ਕ੍ਰਾਂਤੀ ਦੇ ਕਾਰਨ ਕੈਂਸਰ, ਪੀਲੇ ਤੇ ਕਾਲੇ ਪੀਲੀਏ ਨਾਲ ਮਰ ਰਹੇ ਹਨ। ਪੰਜਾਬ ਦਾ 60% ਨੌਜਵਾਨ ਨਮਰਦ ਹੋ ਗਿਆ ਹੈ। ਬਾਕੀ ਬੇਰੁਜ਼ਗਾਰੀ ਕਾਰਨ ਉਹ ਵਿਦੇਸ਼ ਵਿਚ ਜਾਣ ਲਈ ਦੌੜ ਰਿਹਾ । ਕਿਸਾਨ ਤੇ ਮਜ਼ਦੂਰ ਜਮਾਤ ਕਰਜ਼ਈ ਹੋਏ ਖੁਦਕਸ਼ੀਆਂ ਕਰ ਰਹੇ ਹਨ ਕਦੇ ਕਿਸੇ ਨੇ ਸੁਣਿਆ ਕਿ ਕੋਈ ਸਿਆਸਤਦਾਨ ਜਾਂ ਖੇਤੀ ਵਿਗਿਆਨੀ ਨੇ ਖੁਦਕਸ਼ੀਆਂ ਦਾ ਰਾਹ ਅਪਣਾਇਆ?
ਸੰਭਲੋ ਪੰਜਾਬੀਓ ਆਪਣੇ ਪਰਾਏ ਦੀ ਪਰਖ ਕਰੋ ਤੇ ਭਗੌੜੇ ਨ ਬਣੋ ਸਿਆਸਤ ਨੂੰ ਸਮਝੋ ਪੰਜਾਬ ਨੂੰ ਬਚਾਉਣ ਲਈ ਕਰੋ ਜਾਂ ਮਰੋ।
ਮਿੱਤਰੋ! ਇਨਸਾਨ ਦੀ ਮੌਤ ਇਕ ਦਿਨ ਨਿਸ਼ਚਿਤ ਐ ਪਰ ਪਲ ਪਲ ਤੇ ਹਰ ਸਾਹ ਨਾ ਮਰੋ। ਤੁਹਾਨੂੰ ਮਰਨ ਦੇ ਡਰ ਦਾ ਪਾਠ ਪੜਾਇਆ ਜਾ ਰਿਹਾ ਹੈ?
"ਕਬੀਰ ਜਿਸੁ ਮਰਨੇ ਤੇ ਜਗੁ ਡਰੈ ਮੇਰੇ ਮਨਿ ਆਨੰਦੁ ॥ ਮਰਨੇ ਹੀ ਤੇ ਪਾਈਐ ਪੂਰਨੁ ਪਰਮਾਨੰਦੁ ॥੨੨॥"

ਹੁਣ ਘਰ ਵਿਚ ਬੈਠ ਕੇ ਬੀਮਾਰੀ ਦੇ ਸ਼ਿਕਾਰ ਹੋ ਕੇ ਮਰਨਾ ਐ ਜਾਂ ਜਿੰਦਗੀ ਦੇ ਸੰਘਰਸ਼ ਵਿੱਚ ਫੈਸਲਾ ਤੁਹਾਡਾ ਹੈ। ਪਰਮਜੀਤ ਪੰਜਾਬ, ਪੰਜਾਬੀ ਤੇ ਪੰਜਾਬੀਅਤ ਤੇ ਵਿਰਾਸਤ ਕਦੇ ਨੀ ਮਰੇਗੀ ।ਪੰਜਾਬ ਉਠੇਗਾ ਤੇ ਉਠ ਰਿਹਾ ।

ਨਿਕਲੋ ਘਰਾਂ ਵਿਚੋਂ ਅਗਲੀਆਂ ਨਸਲਾਂ ਦੇ ਕਾਤਲ ਨ ਬਣੋ ਓਹਨਾ ਦੇ ਵਾਰਸ ਬਣੋ।
ਕਾਤਲ ਬਨਣਾ ਐ
ਵਾਰਸ ਬਨਣਾ ਐ
ਫੈਸਲਾ ਤੁਹਾਡਾ
ਹੋਕਾ ਸਾਡਾ
ਜਾਗੋ ਜਾਗੋ
ਜਾਗੋ
ਜਾਗੋ ।

ਸੰਪਰਕ : 94643-70823

04 March 2019