ਮੈਂ ਪਾ ਪੜ੍ਹਿਆਂ ਤੋਂ ਨਸਨਾਂ ਹਾਂ ... - ਸਵਰਾਜਬੀਰ

ਵੱਡੀਆਂ ਦੁਖਦਾਈ ਘਟਨਾਵਾਂ ਇਸ ਗੱਲ ਵੱਲ ਇਸ਼ਾਰਾ ਕਰਦੀਆਂ ਹਨ ਕਿ ਸਮਾਜ, ਸਿਆਸਤ, ਅਰਥਚਾਰੇ ਤੇ ਸੱਭਿਆਚਾਰਕ ਪਰਿਵੇਸ਼ ਵਿਚ ਕਿਤੇ ਬਹੁਤ ਡੂੰਘੇ ਜ਼ਖ਼ਮ ਲੱਗ ਚੁੱਕੇ ਹਨ ਜੋ ਭਰੇ ਨਹੀਂ ਜਾ ਰਹੇ, ਉਹ ਨਾਸੂਰ ਬਣ ਚੁੱਕੇ ਹਨ। ਜਿਨ੍ਹਾਂ ਥਾਵਾਂ 'ਤੇ ਦੁਖਦਾਈ ਘਟਨਾਵਾਂ ਲਗਾਤਾਰ ਵਾਪਰਦੀਆਂ ਰਹਿੰਦੀਆਂ ਹਨ, ਉੱਥੋਂ ਦੇ ਹਾਲਾਤ ਇਹੋ ਜਿਹੇ ਹੁੰਦੇ ਹਨ ਕਿ ਉੱਥੋਂ ਦੇ ਲੋਕ ਲਗਾਤਾਰ ਦੱਬੇ ਕੁਚਲੇ ਜਾਂਦੇ ਹਨ, ਬੇਗ਼ਾਨਗੀ ਦੀ ਭਾਵਨਾ ਦਾ ਸ਼ਿਕਾਰ ਹੁੰਦੇ ਹਨ। ਉਹ ਸਿਆਸੀ ਜਮਾਤ ਵੱਲੋਂ ਵਰਤੇ ਜਾਂਦੇ ਹਨ, ਦੇਸੀ ਵਿਦੇਸ਼ੀ ਏਜੰਸੀਆਂ ਦੁਆਰਾ ਵਰਤੇ ਜਾਂਦੇ ਹਨ, ਉਨ੍ਹਾਂ ਨੂੰ ਆਪਣੇ ਸਾਹਮਣੇ ਕੋਈ ਰਾਹ ਰਸਤਾ ਨਹੀਂ ਦਿਖਾਈ ਦਿੰਦਾ, ਉਨ੍ਹਾਂ ਨੂੰ ਲੱਗਦਾ ਹੈ ਕਿ ਉਹ ਕਿਸੇ ਅੰਨ੍ਹੀ (ਬੰਦ) ਗਲੀ ਵਿਚ ਵੜ ਗਏ ਹਨ ਜਿਸ ਵਿਚ ਸਾਰੇ ਘਰ ਉਨ੍ਹਾਂ ਦੇ ਦੁਸ਼ਮਣਾਂ ਦੇ ਹਨ ਤੇ ਬਾਹਰ ਨਿਕਲਣ ਲਈ ਕੋਈ ਦਰ, ਦਰਵਾਜ਼ਾ ਨਹੀਂ, ਉਹ ਨਹੀਂ ਜਾਣਦੇ ਉਹ ਕੀ ਕਰਨ; ਉਨ੍ਹਾਂ ਦਾ ਵਿਹਾਰ ਆਤਮਘਾਤੀ ਹੋ ਜਾਂਦਾ ਹੈ।
        ਕਈ ਦਿਨਾਂ ਤੋਂ ਬਹੁਤ ਸਾਰੇ ਲੋਕਾਂ ਨੂੰ ਇਹ ਪਤਾ ਨਹੀਂ ਲੱਗ ਰਿਹਾ ਕਿ ਉਹ ਕਿਸ ਗੱਲ/ਖ਼ਬਰ 'ਤੇ ਵਿਸ਼ਵਾਸ ਕਰਨ ਤੇ ਕਿਸ 'ਤੇ ਨਹੀਂ। ਇਸ ਤੋਂ ਵੱਧ ਕਈ ਲੋਕਾਂ ਨੂੰ ਇਹ ਵੀ ਪਤਾ ਨਹੀਂ ਲੱਗ ਰਿਹਾ ਜੋ ਘਟਨਾਕ੍ਰਮ ਬਾਰੇ ਉਹ ਵੇਖ ਰਹੇ ਹਨ ਜਾਂ ਜੋ ਉਨ੍ਹਾਂ ਨੂੰ ਵਿਖਾਇਆ ਜਾ ਰਿਹਾ ਹੈ, ਉਹਦੇ ਬਾਰੇ ਉਨ੍ਹਾਂ ਦੀ ਪ੍ਰਤੀਕਿਰਿਆ ਕਿਹੋ ਜਿਹੀ ਹੋਵੇ। ਕਈਆਂ ਨੂੰ ਇਹ ਸੰਦੇਹ ਹੁੰਦਾ ਹੈ ਕਿ ਜੇਕਰ ਉਨ੍ਹਾਂ ਆਪਣੇ ਮਨ ਵਿਚ ਗੱਲ ਆਖੀ ਤਾਂ ਉਨ੍ਹਾਂ ਨੂੰ ਕਿਤੇ ਦੇਸ਼-ਧ੍ਰੋਹੀ ਨਾ ਗਰਦਾਨਿਆ ਜਾਵੇ। ਕਈ ਇਹ ਸੋਚਦੇ ਹਨ ਕਿ ਉਹ ਦੇਸ਼ ਭਗਤ ਕਹਿਲਾਉਣ ਲਈ ਕੀ ਕਹਿਣ। ਮੈਂ ਖ਼ੁਦ ਵੀ ਇਹੋ ਜਿਹੀ ਹਾਲਤ ਵਿਚੋਂ ਗੁਜਰਦਾ ਹਾਂ, ਪਲ ਪਲ ਖ਼ਬਰਾਂ 'ਤੇ ਸੰਦੇਹ ਹੁੰਦਾ ਹੈ, ਟੈਲੀਵਿਜ਼ਨ 'ਤੇ ਬੈਠੇ ਟਿੱਪਣੀਕਾਰਾਂ 'ਤੇ ਸੰਦੇਹ ਹੁੰਦਾ ਹੈ, ਆਪਣੇ ਸੋਚਣ ਵਿਚਾਰਨ ਦੀ ਸ਼ਕਤੀ 'ਤੇ ਸੰਦੇਹ ਹੁੰਦਾ ਹੈ।
        ਸੰਦੇਹ ਵਿਚ ਭਟਕਦੇ ਹੋਏ ਬੰਦੇ ਨੂੰ ਨੀਂਦ ਨਹੀਂ ਆਉਂਦੀ। ਸਵੇਰ ਵੇਲੇ ਭੈੜੇ ਭੈੜੇ ਸੁਪਨੇ ਆਉਂਦੇ ਹਨ। ਜਾਗੋ-ਮੀਟੀ ਵਿਚ ਬੰਦਾ ਕਦੇ ਦੇਸ਼ ਭਗਤ ਬਣਦਾ ਹੈ ਤੇ ਕਦੇ ਦੇਸ਼-ਧ੍ਰੋਹੀ। ਘਟਨਾਵਾਂ ਦੀ ਵਹੀਰ ਉਸ ਦਾ ਪਿੱਛਾ ਕਰਦੀ ਹੈ, ਉਹਨੂੰ ਪੱਥਰ ਮਾਰਦੀ ਹੈ, ਉਹਦੇ 'ਤੇ ਗੋਲੀ ਚਲਾਉਂਦੀ ਹੈ, ਉਹਦੇ 'ਤੇ ਹਮਲਾ ਹੁੰਦਾ ਹੈ। ਸਾਹੋ-ਸਾਹ ਹੋਏ ਬੰਦੇ ਦੀ ਜਾਗ ਖੁੱਲ੍ਹਦੀ ਹੈ ਤਾਂ ਉਹ ਵੇਖਦਾ ਹੈ, ਕੁਝ ਵੀ ਨਹੀਂ ਹੋਇਆ, ਜੋ ਕੁਝ ਵੀ ਹੋ ਰਿਹਾ ਹੈ, ਉਹ ਉਨ੍ਹਾਂ ਤੋਂ ਬਾਹਰ ਹੈ। ਉਹਦੇ ਲਈ ਸਭ ਤੋਂ ਚੰਗੀ ਗੱਲ ਹੈ ਕਿ ਉਹ ਚੁੱਪ ਰਹੇ। ਸਭ ਕੁਝ ਠੀਕ ਠਾਕ ਹੈ। ਉਸ ਨੂੰ ਕੁਝ ਪਲਾਂ ਲਈ ਸਭ ਕੁਝ ਠੀਕ ਇਸ ਲਈ ਲੱਗਦਾ ਹੈ ਕਿਉਂਕਿ ਉਹ ਉਸ ਧਰਤੀ ਤੋਂ ਦੂਰ ਹੈ ਜਿੱਥੇ ਘਟਨਾਵਾਂ ਵਾਪਰ ਰਹੀਆਂ ਹਨ। ਪਰ ਉਹ ਲੋਕ ਜਿਨ੍ਹਾਂ ਦੀ ਭੌਂਅ 'ਤੇ ਇਹ ਘਟਨਾਵਾਂ ਵਾਪਰ ਰਹੀਆਂ ਹਨ, ਉਹ ਕਿਸ ਤਰ੍ਹਾਂ ਮਹਿਸੂਸ ਕਰਦੇ ਹਨ, ਉਹ ਕਿਵੇਂ ਦਿਨ ਰਾਤ ਦੁੱਖ 'ਚੋਂ ਗੁਜ਼ਰਦੇ ਹਨ, ਉਨ੍ਹਾਂ ਦੇ ਧੀਆਂ, ਪੁੱਤ, ਰਿਸ਼ਤੇਦਾਰ ਉਨ੍ਹਾਂ ਤੋਂ ਨਿੱਤ ਵਿਛੜਦੇ ਹਨ ਤਾਂ ਉਹ ਕਿਵੇਂ ਮਹਿਸੂਸ ਕਰਦੇ ਹਨ। ਜੇ ਅਸੀਂ ਉਨ੍ਹਾਂ ਲੋਕਾਂ ਦੇ ਨਜ਼ਰੀਏ ਤੋਂ ਘਟਨਾਵਾਂ ਨੂੰ ਦੇਖੀਏ ਤਾਂ ਪਤਾ ਲੱਗਦਾ ਹੈ ਕਿ ਹਾਲਾਤ ਠੀਕ ਠਾਕ ਨਹੀਂ ਹਨ।
        ਟੈਲੀਵਿਜ਼ਨ 'ਤੇ ਬੈਠੇ ਟਿੱਪਣੀਕਾਰ ਦਹਾੜਦੇ ਹਨ, ਜੇ ਉਨ੍ਹਾਂ ਦੇ ਵੱਸ ਵਿਚ ਹੁੰਦਾ ਤਾਂ ਦੋਹਾਂ ਦੇਸ਼ਾਂ ਵਿਚ ਹੁਣ ਤਕ ਜੰਗ ਸ਼ੁਰੂ ਹੋ ਚੁੱਕੀ ਹੁੰਦੀ। ਮੈਂ ਇਨ੍ਹਾਂ ਟਿੱਪਣੀਕਾਰਾਂ ਬਾਰੇ ਸੋਚਦਾ ਹਾਂ। ਇਹ ਮੇਰੇ ਵਾਂਗ ਇਨ੍ਹਾਂ ਘਟਨਾਵਾਂ ਤੋਂ ਬਾਹਰ ਬੈਠੇ ਲੋਕ ਹਨ, ਚੰਗੇ ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ ਵਿਚ ਪੜ੍ਹੇ ਹੋਏ। ਕਈ ਮੇਰੇ ਵਾਂਗ ਸਥਾਪਤੀ ਦਾ ਹਿੱਸਾ ਰਹੇ ਹਨ, ਜ਼ਿੰਮੇਵਾਰ ਪਦਵੀਆਂ 'ਤੇ ਰਹੇ ਹਨ, ਪਰ ਹੁਣ ਅਜਿਹੀ ਭਾਸ਼ਾ ਬੋਲ ਰਹੇ ਹਨ ਜਿਹੜੀ ਨਿਹਾਇਤ ਗ਼ੈਰ-ਜ਼ਿੰਮੇਵਾਰਾਨਾ ਹੈ, ਭੜਕਾਊ ਹੈ, ਤਰਕ ਤੋਂ ਵਿਰਵੀ ਹੈ, ਇਹ ਦੇਸ਼ ਭਗਤੀ ਦੀ ਦੌੜ ਵਿਚ ਸਭ ਤੋਂ ਅਗਾਂਹ ਲੰਘ ਜਾਣਾ ਚਾਹੁੰਦੇ ਹਨ। ਇਹ ਲੋਕ ਕੌਣ ਹਨ? ਇਹ ਏਦਾਂ ਕਿਉਂ ਕਰ ਰਹੇ ਹਨ? ਮੈਂ ਸੋਚਦਾ ਹਾਂ, ਪਰ ਮੈਨੂੰ ਕੋਈ ਜਵਾਬ ਨਹੀਂ ਲੱਭਦਾ।
   ਮੈਂ ਸਵੇਰੇ ਉੱਠ ਕੇ ਸੋਚਦਾ ਹਾਂ ਕਿ ਬੁੱਲ੍ਹੇ ਸ਼ਾਹ ਦਾ ਪਾਠ ਕੀਤਾ ਜਾਏ। ਹੇਠ ਲਿਖੀ ਕਾਫ਼ੀ ਮਨ ਵਿਚ ਅਟਕ ਜਾਂਦੀ ਹੈ :

ਮੈਂ ਪਾ ਪੜ੍ਹਿਆਂ ਤੋਂ ਨਸਨਾਂ ਹਾਂ
ਕੋਈ ਮੁਨਸਿਫ਼ ਹੋ ਨਿਰਵਾਰੇ,
ਤਾਂ ਮੈਂ ਦਸਨਾਂ ਹਾਂ
ਮੈਂ ਪਾ ਪੜ੍ਹਿਆ ਤੋਂ ਨਸਨਾਂ ਹਾਂ

ਆਲਮ ਫ਼ਾਜ਼ਲ ਮੇਰੇ ਭਾਈ,
ਪਾ ਪੜ੍ਹਿਆਂ ਮੇਰੀ ਅਕਲ ਗਵਾਈ
ਦੇ ਇਸ਼ਕ ਦੇ ਹੁਲਾਰੇ, ਤਾਂ ਮੈਂ ਵਸਨਾ ਹਾਂ।


       ਪਹਿਲੀ ਸਤਰ 'ਮੈਂ ਪਾ ਪੜ੍ਹਿਆਂ ਤੋਂ ਨਸਨਾਂ ਹਾਂ' ਦੇ ਅਰਥ ਹਨ : ਬੁੱਲ੍ਹੇ ਸ਼ਾਹ ਕਹਿੰਦਾ ਹੈ ਕਿ ਉਹ ਥੋੜ੍ਹਾ ਪੜ੍ਹਿਆਂ/ਅੱਧ-ਪੜ੍ਹਿਆਂ ਤੋਂ ਨੱਸਦਾ ਹੈ। ਅਗਲੀ ਸਤਰ ਹੈ 'ਕੋਈ ਮੁਨਸਿਫ਼ ਹੋ ਨਿਰਵਾਰੇ, ਤਾਂ ਮੈਂ ਦਸਨਾਂ ਹਾਂ, ਮੈਂ ਪਾ ਪੜ੍ਹਿਆਂ ਤੋਂ ਨਸਨਾਂ ਹਾਂ' ਭਾਵ ਜੇ ਕੋਈ ਮੁਨਸਿਫ਼ (ਜੱਜ) ਬਣ ਕੇ ਮੇਰੀ ਪੁੱਛਗਿੱਛ ਕਰੇ ਤਾਂ ਉਸ ਨੂੰ ਵੀ ਇਹੀ ਦੱਸਦਾਂ ਹਾਂ ਕਿ ਮੈਂ ਅੱਧ-ਪੜ੍ਹਿਆਂ ਤੋਂ ਨਸਨਾਂ ਹਾਂ। ਇਸ ਤੋਂ ਅਗਲੀ ਸਤਰ 'ਆਲਮ ਫ਼ਾਜ਼ਲ ਮੇਰੇ ਭਾਈ, ਪਾ ਪੜ੍ਹਿਆਂ ਮੇਰੀ ਅਕਲ ਗਵਾਈ/ ਦੇ ਇਸ਼ਕ ਦੇ ਹੁਲਾਰੇ, ਤਾਂ ਮੈਂ ਵਸਨਾ ਹਾਂ' ਦੇ ਅਰਥ ਹਨ ਕਿ ਪੜ੍ਹੇ-ਲਿਖੇ ਆਲਮ ਫਾਜ਼ਲ ਲੋਕ ਤਾਂ ਮੇਰੇ ਭਰਾ ਹਨ ਪਰ ਇਨ੍ਹਾਂ ਅੱਧ-ਪੜ੍ਹਿਆਂ ਨੇ ਮੇਰੀ ਅਕਲ ਖੋਹ ਲਈ ਹੈ, ਮੈਂ ਤਾਂ ਪਿਆਰ ਦੇ ਆਸਰੇ ਵੱਸਦਾ ਹਾਂ। ਬੁੱਲ੍ਹੇ ਸ਼ਾਹ ਦੀ ਇਹ ਕਾਫ਼ੀ ਮੈਨੂੰ ਧਰਵਾਸ ਦਿੰਦੀ ਹੈ ਤੇ ਮੈਨੂੰ ਸਮਝ ਲੱਗਦੀ ਹੈ ਕਿ ਟੈਲੀਵਿਜ਼ਨਾਂ 'ਤੇ ਹੋ-ਹੱਲਾ ਕਰ ਰਹੇ ਇਹ ਲੋਕ ਪਾ ਪੜ੍ਹੇ (ਅੱਧ-ਪੜ੍ਹੇ) ਹਨ ਪਰ ਮਨ ਵਿਚ ਇਹ ਸਵਾਲ ਪੈਦਾ ਹੁੰਦਾ ਹੈ ਕਿ ਕੀ ਸਾਡੇ ਸਮਾਜ ਦੀ ਅਗਵਾਈ ਇਹ ਪਾ ਪੜ੍ਹੇ ਹੀ ਕਰਨਗੇ?
       ਮੈਂ ਦਿਨ ਦੀਆਂ ਅਖ਼ਬਾਰਾਂ ਖੋਲ੍ਹਦਾ ਹਾਂ। ਕੁਝ ਟਿੱਪਣੀਆਂ ਨਜ਼ਰੀਂ ਪੈਂਦੀਆਂ ਹਨ। ਅਖ਼ਬਾਰ ਵਿਚ ਸ਼ਸ਼ੀ ਸ਼ੇਖਰ ਦਾ ਲੇਖ ਹੈ ਜਿਸ ਵਿਚ ਉਹ ਆਪਣੇ ਇਕ ਦੋਸਤ ਦੁਆਰਾ ਭੇਜੇ ਗਏ ਮੈਸੇਜ ਦਾ ਜ਼ਿਕਰ ਕਰਦਾ ਹੈ ਜੋ ਇਸ ਤਰ੍ਹਾਂ ਹੈ : ''ਨਮਸਕਾਰ। ਮੈਂ ਤੁਹਾਡਾ ਲੇਖ ਪੜ੍ਹਿਆ ਤੇ ਕੁਝ ਨਿਰਾਸ਼ ਹੋਇਆ। ਜਦ ਜੰਗ ਦੀਆਂ ਭਾਵਨਾਵਾਂ ਵਿਚ ਜਕੜੇ ਹੋਈਏ ਤਾਂ ਬਦਲੇ ਦਾ ਵਿਚਾਰ ਤੁਰੰਤ ਧਰਵਾਸ ਤਾਂ ਦੇ ਸਕਦਾ ਹੈ ਪਰ ਇਹ ਕੋਈ ਚਿਰਜੀਵੀ ਹੱਲ ਨਹੀਂ। ਮਨਮੋਹਨ ਸਿੰਘ ਨੇ ਬਦਲਾ ਨਹੀਂ ਸੀ ਲਿਆ ਪਰ ਜੰਮੂ ਕਸ਼ਮੀਰ ਬਹੁਤ ਹੱਦ ਤਕ ਸ਼ਾਂਤ ਹੋ ਗਿਆ ਸੀ। ਪਰ ਜੇ ਹੁਣ ਹੋਈਆਂ ਦਹਿਸ਼ਤਗਰਦ-ਵਿਰੋਧੀ ਕਾਰਵਾਈਆਂ ਤੋਂ ਬਾਅਦ ਵੀ ਦਹਿਸ਼ਤਗਰਦੀ ਬੰਦ ਨਹੀਂ ਹੁੰਦੀ ਤਾਂ ਕੀ ਅਸੀਂ ਇਸਲਾਮਾਬਾਦ 'ਤੇ ਹਮਲਾ ਕਰਾਂਗੇ? ਸਰਜੀਕਲ ਸਟਰਾਈਕ ਕੋਈ ਹੱਲ ਨਹੀਂ ਹੈ। ਇਹ ਤਾਂ ਖ਼ੁਦ ਇਕ ਸਮੱਸਿਆ ਹੈ ਪਰ ਇਸ ਦੌਰ ਵਿਚ ਇਹ ਕਹਿਣਾ ਕੁਫ਼ਰ ਹੈ।'' ਇਸੇ ਤਰ੍ਹਾਂ ਇਕ ਹੋਰ ਨਾਮਾਨਿਗਾਰ ਅਕਾਰ ਪਟੇਲ ਨੇ ਇਹ ਲਿਖਿਆ ਹੈ : ''ਮੈਂ ਪਾਕਿਸਤਾਨ ਨਾਲ ਨਫ਼ਰਤ ਨਹੀਂ ਕਰਦਾ। ਮੈਂ ਕਈ ਵਾਰ ਉਸ ਦੇਸ਼ ਗਿਆਂ ਹਾਂ ਅਤੇ ਮੈਂ ਉੱਥੋਂ ਦੇ ਬਹੁਤ ਸਾਰੇ ਲੋਕਾਂ ਨੂੰ ਜਾਣਦਾ ਹਾਂ। ਮੇਰਾ ਮੰਨਣਾ ਹੈ ਕਿ ਉਨ੍ਹਾਂ ਦੀਆਂ ਸਰਕਾਰਾਂ ਨੇ ਕੁਝ ਭਿਆਨਕ ਗੱਲਾਂ ਕੀਤੀਆਂ ਹਨ ਪਰ ਉਨ੍ਹਾਂ ਲਈ ਮੈਂ ਉੱਥੋਂ ਦੀ ਜਨਤਾ ਨੂੰ ਦੋਸ਼ ਨਹੀਂ ਦਿੰਦਾ...। ਜਿਸ ਤੇਜ਼ੀ ਨਾਲ ਅਸੀਂ ਪਾਕਿਸਤਾਨ 'ਤੇ ਆਪਣਾ ਧਿਆਨ ਕੇਂਦਰਿਤ ਕੀਤਾ ਹੈ, ਵਿਸ਼ੇਸ਼ ਤੌਰ 'ਤੇ ਸਾਡੀ ਸਰਕਾਰ ਤੇ ਸਾਡੇ ਮੀਡੀਆ ਨੇ, ਇਹ ਅਖ਼ੀਰ ਵਿਚ ਸਾਨੂੰ ਹੀ ਨੁਕਸਾਨ ਪਹੁੰਚਾਏਗਾ।'' ਇਕ ਹੋਰ ਪੱਤਰਕਾਰ ਸਰੁੱਤੀਸਾਗਰ ਯਮਨਨ ਨੇ ਲਿਖਿਆ ਹੈ ਕਿ ਜੇਕਰ ਸਰਕਾਰ/ਸੱਤਾਧਾਰੀ ਪਾਰਟੀ ਚਾਹੁੰਦੀ ਹੈ ਕਿ ਵਿਰੋਧੀ ਪਾਰਟੀਆਂ ਦਹਿਸ਼ਤਗਰਦਾਂ ਦੁਆਰਾ ਕੀਤੇ ਗਏ ਹਮਲੇ ਦਾ ਸਿਆਸੀਕਰਨ ਨਾ ਕਰਨ ਤਾਂ ਸਭ ਤੋਂ ਪਹਿਲਾਂ ਸੱਤਾਧਾਰੀ ਪਾਰਟੀ ਨੂੰ ਇਸ 'ਤੇ ਸਿਆਸਤ ਕਰਨੀ ਬੰਦ ਕਰਨੀ ਚਾਹੀਦੀ ਹੈ। ਇਕ ਹੋਰ ਪੱਤਰਕਾਰ ਨੇ ਲਿਖਿਆ ਹੈ ਕਿ ਪੁਲਵਾਮਾ ਵਿਚ ਹੋਏ ਦਹਿਸ਼ਤਗਰਦ ਹਮਲੇ ਤੋਂ ਬਾਅਦ ਦੇਸ਼ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਸੁਰੱਖਿਆ ਦਲਾਂ ਵੱਲੋਂ ਇਕ ਸਾਲ ਤੋਂ ਲਗਾਤਾਰ ਸਫ਼ਲਤਾਵਾਂ ਦੇ ਬਾਵਜੂਦ ਜੰਮੂ ਕਸ਼ਮੀਰ ਵਿਚ ਹਾਲਾਤ ਠੀਕ ਨਹੀਂ ਹਨ। ਇਨ੍ਹਾਂ ਟਿੱਪਣੀਆਂ ਨੂੰ ਪੜ੍ਹ ਕੇ ਇਹ ਮਹਿਸੂਸ ਹੁੰਦਾ ਹੈ ਕਿ ਸਾਰੇ ਪੱਤਰਕਾਰ ਤੇ ਟਿੱਪਣੀਕਾਰ ਪਾ ਪੜ੍ਹੇ (ਅੱਧ-ਪੜ੍ਹੇ) ਨਹੀਂ, ਉਨ੍ਹਾਂ ਵਿਚ ਸੁੱਘੜ ਸਿਆਣੇ ਵੀ ਹਨ। ਇਹ ਵੱਖਰੀ ਗੱਲ ਹੈ ਕਿ ਘਟਨਾਵਾਂ ਦੀ ਅੰਧਾਧੁੰਦ ਦੌੜ ਵਿਚ ਪਾ ਪੜ੍ਹਿਆਂ ਦਾ ਰੌਲਾ ਪੜ੍ਹੇ-ਲਿਖਿਆਂ ਦੀ ਆਵਾਜ਼ ਨੂੰ ਦਬਾਅ ਦਿੰਦਾ ਹੈ ਅਤੇ ਲੋਕਾਂ ਨੂੰ ਜਜ਼ਬਾਤ ਦੇ ਵਹਿਣਾਂ ਵਿਚ ਵਹਾਅ ਕੇ ਲੈ ਜਾਂਦਾ ਹੈ।
       ਇਕ ਪਾਸੇ ਅੰਧ-ਰਾਸ਼ਟਰਵਾਦ ਤੇ ਨਫ਼ਰਤ ਦਾ ਰੌਲਾ ਪਾਉਣ ਵਾਲੇ ਪਾ ਪੜ੍ਹੇ ਹਨ ਅਤੇ ਦੂਸਰੇ ਪਾਸੇ ਕੁਝ ਹੋਰ ਤਰ੍ਹਾਂ ਦੀਆਂ ਆਵਾਜ਼ਾਂ ਵੀ ਸੁਣਾਈ ਦਿੰਦੀਆਂ ਹਨ। ਇਨ੍ਹਾਂ ਵਿਚੋਂ ਕੁਝ ਲੋਕ ਇਮਰਾਨ ਖ਼ਾਨ ਦੀ ਤਾਰੀਫ਼ ਕਰ ਰਹੇ ਹਨ। ਇਹ ਲੋਕ ਇਹ ਮਹਿਸੂਸ ਨਹੀਂ ਕਰਦੇ ਕਿ ਇਮਰਾਨ ਖ਼ਾਨ ਇਕ ਘਾਗ਼ ਸਿਆਸਤਦਾਨ ਹੈ ਜਿਸ ਦੇ ਪਾਕਿਸਤਾਨੀ ਫ਼ੌਜ ਨਾਲ ਡੂੰਘੇ ਸਬੰਧ ਹਨ। ਪਾਕਿਸਤਾਨ ਵਿਚ ਪਾਕਿਸਤਾਨੀ ਫ਼ੌਜ ਨੇ ਪਾਕਿਸਤਾਨੀ ਆਵਾਮ 'ਤੇ ਕਈ ਦਹਾਕਿਆਂ ਤੋਂ ਜ਼ੁਲਮ ਢਾਹੇ ਹਨ, ਜਮਹੂਰੀਅਤ ਨੂੰ ਮਲੀਆਮੇਟ ਕੀਤਾ ਹੈ ਅਤੇ ਇਕ ਇਹੋ ਜਿਹਾ ਨਿਜ਼ਾਮ ਕਾਇਮ ਕੀਤਾ ਹੈ ਜਿਸ ਵਿਚ ਬਲਬੂਤਾ ਹਮੇਸ਼ਾ ਫ਼ੌਜ ਦਾ ਹੀ ਰਹਿੰਦਾ ਹੈ। ਸਿਆਸੀ ਜਮਾਤ ਕੋਲ ਤਾਕਤ ਆਉਣ ਹੀ ਨਹੀਂ ਦਿੱਤੀ ਜਾਂਦੀ ਅਤੇ ਜਦੋਂ ਵੀ ਸਿਆਸੀ ਜਮਾਤ ਫ਼ੌਜ ਦੀਆਂ ਹਦਾਇਤਾਂ ਤੋਂ ਬਾਹਰ ਜਾਣ ਦੀ ਕੋਸ਼ਿਸ਼ ਕਰਦੀ ਹੈ ਤਾਂ ਤਖ਼ਤਾ ਪਲਟ ਦਿੱਤਾ ਜਾਂਦਾ ਹੈ। ਫ਼ੌਜੀ ਰਾਜ ਵਾਪਸ ਆ ਜਾਂਦਾ ਹੈ। ਇਸ ਲਈ ਏਦਾਂ ਦੀਆਂ ਗੱਲਾਂ ਕਰਨ ਵਾਲੇ ਲੋਕ ਵੀ ਪਾ ਪੜ੍ਹੇ (ਅੱਧ-ਪੜ੍ਹੇ) ਹਨ।
       ਇਨ੍ਹਾਂ ਪਾ ਪੜ੍ਹਿਆਂ ਤੋਂ ਕਿਵੇਂ ਬਚਿਆ ਜਾਏ? ਇਨ੍ਹਾਂ ਪਾ ਪੜ੍ਹਿਆਂ ਤੋਂ ਚੇਤੰਨ ਰਹਿਣ ਦੀ ਲੋੜ ਹੈ, ਸਾਨੂੰ ਚਾਹੀਦਾ ਹੈ ਕਿ ਵੱਖ ਵੱਖ ਆਵਾਜ਼ਾਂ ਨੂੰ ਸੁਣੀਏ, ਜਜ਼ਬਾਤ ਦੇ ਵਹਿਣ ਵਿਚ ਨਾ ਵਹਿ ਜਾਈਏ, ਜਜ਼ਬਾਤ ਕੀਮਤੀ ਹੁੰਦੇ ਹਨ, ਬਹੁਤ ਕੀਮਤੀ ਪਰ ਜਿੱਥੇ ਭਾਵੁਕਤਾ ਹੱਦ ਤੋਂ ਜ਼ਿਆਦਾ ਵਧ ਜਾਏ, ਉੱਥੇ ਤਰਕ ਖਾਰਜ ਹੋ ਜਾਂਦਾ ਹੈ। ਸਾਨੂੰ ਆਪਣੀ ਸੋਚ ਸਮਝ ਵਿਚ ਤਵਾਜ਼ਨ ਬਣਾ ਕੇ ਰੱਖਣਾ ਚਾਹੀਦਾ ਹੈ; ਉਹ ਤਵਾਜ਼ਨ ਕਿਵੇਂ ਬਣੇ? ਉਹ ਤਵਾਜ਼ਨ ਬਣਾ ਕੇ ਰੱਖਣ ਦਾ ਰਾਹ ਵੀ ਤਰਕ ਦੀ ਗਲੀ ਥਾਣੀਂ ਹੀ ਲੰਘਦਾ ਹੈ। ਇਹਦੇ ਲਈ ਸਾਨੂੰ ਵੱਖ ਵੱਖ ਆਵਾਜ਼ਾਂ ਨੂੰ ਸੁਣਨਾ ਤੇ ਤਰਕ ਦੀ ਤੱਕੜੀ 'ਤੇ ਤੋਲਣਾ ਹੈ, ਆਪਣੇ ਸਥਾਨਕ ਗੌਰਵ ਤੇ ਸਰਬੱਤ ਦੇ ਭਲੇ ਵਾਲੇ ਸੱਭਿਆਚਾਰ ਦੀ ਰਹਿਤਲ ਨਾਲ ਜੁੜਨਾ ਚਾਹੀਦਾ ਹੈ ਤੇ ਜਿਵੇਂ ਬੁੱਲ੍ਹੇ ਸ਼ਾਹ ਨੇ ਕਿਹਾ ਸੀ ਇਨ੍ਹਾਂ ਪਾ ਪੜ੍ਹਿਆਂ (ਅੱਧ-ਪੜ੍ਹਿਆਂ) ਤੋਂ ਦੂਰ ਨੱਸ ਜਾਣਾ ਚਾਹੀਦਾ ਹੈ।

07 March 2019