ਇੰਟਰ ਨੈੱਟ - ਵਿਨੋਦ ਫ਼ਕੀਰਾ

ਸੱਤਵੀ ਕਲਾਸ ਦੇ ਕੱਚੇ ਪੇਪਰਾਂ ਦਾ ਨਤੀਜਾ ਦੱਸਣ ਲਈ ਟੀਚਰ ਸਾਹਿਬ ਕਲਾਸ ਵਿੱਚ ਆਏ ਤਾ ਸਾਰੇ ਬੱਚਿਆਂ ਦਾ ਧਿਆਨ ਆਪਣੇ ਵੱਲ ਖਿੱਚਦੇ ਹੋਏ ਸਾਰਿਆ ਨੂੰ ਚੁੱਪ ਚਾਪ ਬੈਠਣ ਲਈ ਹਦਾਇਤ ਕੀਤੀ  ਤੇ ਇੱਕਲੇ ਇੱਕਲੇ ਬੱਚੇ ਦਾ ਨਤੀਜਾ ਦੱਸਣਾ ਸ਼ੁਰੂ ਕਰ ਦਿੱਤਾ।ਕੁੱਝ ਨੂੰ ਸ਼ਬਾਸ ਦਿੰਦੇ ਗਏ ਤੇ ਕੁੱਝ ਬੱਚਿਆ ਨੂੰ ਥੋੜੀ ਘੂਰੀ ਵੱਟੀ। ਇਸ ਤਰ੍ਹਾਂ ਜੱਦ ਜਸ਼ਨਦੀਪ ਦਾ ਨਤੀਜਾ ਦੱਸਿਆ ਤੇ ਨਾਲ ਹੀ ਕਿਹਾ ਕਾਕਾ ਪੜਾਈ ਵੱਲ ਧਿਆਨ ਦੇ ਨਹੀਂ ਤਾਂ ਤੂੰ ਜਾਣਦਾ ਹੀ ਹੈ ਕਿ ਕਲਾਸ ਅੱਗੇ ਨਹੀਂ ਵੱਧਦਾ ਤੇ ਨਾਲ ਹੀ ਕਿਹਾ ਵੈਸੇ ਤਾਂ ਤੂੰ ਸ਼ੈਤਾਨ ਬਥੇਰਾ ਹੈ। ਅਧਿਆਪਕ ਦੀ ਗੱਲ ਸੁਨਣ ਉਪਰੰਤ ਜਸ਼ਨਦੀਪ ਨੇ ਜਵਾਬ ਦਿੰਦੇ ਹੋਏ ਕਿਹਾ ਸਰ ਮੈਂ ਤਿਆਰੀ ਕਰ ਲਵਾਂਗਾ ਪੱਕੇ ਪੇਪਰਾਂ ਤੱਕ ''ਹਾਲੇ ਡੁਲ੍ਹੇ ਹੋਏ ਬੇਰਾਂ ਦਾ ਕੁੱਝ ਨਹੀਂ ਬਿਗੜਿਆ'' ਇਹ ਅਖਾਣ ਸੁਣ ਕੇ ਅਧਿਆਪਕ ਨੂੰ ਬੜੀ ਹੈਰਾਨੀ ਹੋਈ ਤੇ ਕਿਹਾ ਕਿ ਤੈਨੂੰ ਇਸ ਦਾ ਮਤਲੱਬ ਵੀ ਪਤਾ ਹੈ ਤਾਂ ਉਸ ਨੇ ਝੱਟ ਕਿਹਾ ਹਾਂਜੀ ਪਤਾ ਤਾਂ ਟੀਚਰ ਨੂੰ ਇਸ ਗੱਲ ਦੀ ਹੈਰਾਨੀ ਸੀ ਕਿ ਅੱਜ ਕੱਲ੍ਹ ਦੇ ਸਮੇਂ ਵਿੱਚ ਮੋਬਾਇਲ, ਵੱਟਸਐਪ ਅਤੇ ਹੋਰ ਗੇਮਾਂ ਤੋਂ ਬੱਚਿਆਂ ਦਾ ਧਿਆਨ ਨਹੀਂ ਹੱਟਦਾ ਅਤੇ ਕਈ ਬੱਚੇ ਬੁਰੀ ਸੰਗਤ ਵਿੱਚ ਪੈਣ ਕਰਕੇ ਨਸ਼ੇ ਆਦਿ ਦੀ ਬੁਰੀ ਲਤ ਲਗਾ ਲੈਂਦੇ ਹਨ।  ਇਸ ਨੇ ਸਾਡੇ ਸਮੇਂ ਦੀ ਪੁਰਾਣੀ ਗੱਲ ਆਖ ਦਿੱਤੀ ਹੈ। ਟੀਚਰ ਤੋਂ ਪੁੱਛੇ ਬਿਨਾ ਰਿਹਾ ਨਾ ਕਿ ਉਸ ਨੇ ਅਖਾਣ ਕਿੱਥੋਂ ਸਿੱਖੀ ਹੈ ਤਾਂ ਜ਼ਸ਼ਨਦੀਪ ਨੇ ਦੱਸਿਆ ਕਿ ਉਹ ਹਰ ਰੋਜ਼ ਘਰ ਵਿੱਚ ਆਪਣੀ ਦਾਦੀ ਕੋਲ ਜਿਆਦਾ ਸਮਾਂ ਬਿਤਾਉਂਦਾ ਹੈ ਜਿਸ ਕਾਰਣ ਨੂੰ ਪੁਰਾਣੀਆਂ ਸੱਭਿਆਚਾਰਕ ਗੱਲਾਂ, ਕਹਾਵਤਾਂ, ਕਹਾਣੀਆਂ ਅਤੇ ਬਾਤਾਂ ਉਨਾਂ ਤੋਂ ਸੁਣਦਾ ਰਹਿੰਦਾ ਹਾਂ।ਉਹ ਇਸ ਤੋਂ ਇਲਾਵਾ ਹੋਰ ਵੀ ਜਾਣਕਾਰੀਆਂ ਦਿੰਦੇ ਰਹਿੰਦੇ ਹਨ ਕਿ ਕਿੰਝ ਉਨ੍ਹਾਂ ਦੇ ਸਕੇ ਭਰਾਵਾਂ ਤੇ ਹੋਰ ਫੋਜੀ ਵੀਰਾਂ ਨੇ ਵੱਖ-ਵੱਖ ਸਮੇਂ ਹੋਈਆਂ ਲੜਾਈਆਂ ਵਿੱਚ ਬਹਾਦਰੀ ਨਾਲ ਹਿੱਸਾ ਲਿਆ ਅਤੇ ਦੇਸ ਨੂੰ ਕਈ ਵਾਰੀ ਤੰਗੀਆਂ ਵਿੱਚ ਦੇ ਗੁਜ਼ਰਦੇ ਸਮੇਂ ਦੀਆਂ ਗੱਲਾਂ ਅਤੇ ਗੁਰੂ ਪੀਰਾਂ ਵੱਲੋਂ ਜੋ ਸਾਡੇ ਸਮਾਜ ਨੂੰ ਚੰਗਾ ਜੀਵਨ ਜਿਉਣ ਦੀ ਸੇਧ ਦੇਣ ਵਾਲੀਆਂ ਗੱਲਾਂ ਤੋਂ ਜਾਣੂ ਕਰਵਾਉਂਦੇ ਰਹਿੰਦੇ ਹਨ।  ਇਹ ਸਭ ਸੁਣ ਕੇ ਟੀਚਰ ਵੀ ਮਨੋ-ਮਨੀ ਬਹੁਤ ਖੁੱ਼ਸ ਹੋਇਆ ਕਿ ਅੱਜ ਕੱਲ ਹਰੇਕ ਬੱਚੇ ਅਤੇ ਨੋਜਵਾਨ ਨੂਖ਼ ਜੋ ਗੱਲ ਸਮਝ ਨਹੀਂ ਆਉਂਦੀ ਤਾਂ ਉਸ ਨੂੰ ਝੱਟ ਇੰਟਰ ਨੈੱਟ ਤੇ ਲੱਭਣ ਲਗ ਪੈਂਦੇ ਹਨ ਜੱਦਕਿ ਸਾਨੂੰ ਸਹੀ ਸੇਧ ਦੇਣ ਅਤੇ ਲੋੜੀਂਦੀ ਜਾਣਕਾਰੀ ਦੇਣ ਵਾਲੇ ਸਾਡੇ ਬਜੁਰਗ ਘਰ ਵਿੱਚ ਅਣਗੋਲੇ ਜਿਹੇ ਛੱਡ ਦਿੱਤੇ ਜਾਂਦੇ ਹਨ ਬਲਕਿ ਅਸੀਂ ਉਨ੍ਹਾਂ ਤੋਂ ਜੀਵਨ ਜਿਉਣ ਦੀ ਭਰਪੂਰ ਜਾਣਕਾਰੀ ਹਾਸਲ ਕਰ ਸਕਦੇ ਹਾਂ।
    ਅਧਿਆਪਕ ਨੇ ਜ਼ਸ਼ਨਦੀਪ ਦੇ ਸਿਰ ਨੂੰ ਪਲੋਸਦਿਆਂ ਖੁੱਸ਼ੀ ਮਹਿਸੂਸ ਕੀਤੀ ਅਤੇ ਨਾਲ ਹੀ ਆਪਣੇ ਸਮੇਂ ਦੇ ਸਾਂਝੇ ਪਰਿਵਾਰਾਂ ਅਤੇ ਬਜੁਰਗਾਂ ਵੱਲੋਂ ਦਿੱਤੀਆਂ ਨਸਹੀਤਾਂ ਦੀਆਂ ਯਾਦਾਂ ਅੱਖਾਂ ਸਾਹਮਣੇ ਗੁਜਰਦਿਆਂ ਮਹਿਸੂਸ ਕੀਤਾ।

ਵਿਨੋਦ ਫ਼ਕੀਰਾ,ਸਟੇਟ ਐਵਾਰਡੀ,
ਆਰੀਆ ਨਗਰ, ਕਰਤਾਰਪੁਰ,
ਜਲੰਧਰ।
ਮੋ.098721 97326
vinodfaqira8@gmial.com