ਮਜਬੂਰੀ ਦਾ ਲਾਭ ਪੁਲਿਸ ਲੈਂਦੀ ਹੈ - ਹਰਦੇਵ ਸਿੰਘ ਧਾਲੀਵਾਲ,

ਜੂਨ/ਜੁਲਾਈ 1965 ਵਿੱਚ ਮੈਂ ਫਿਰੋਜਪੁਰ ਦਫਤਰ ਵਿੱਚ ਟਰੇਨਿੰਗ ਅਧੀਨ ਸੀ। ਉਸ ਸਮੇਂ ਪ੍ਰੋਬੇਸ਼ਨਰਾਂ ਨੂੰ ਸਖਤ ਟਰੇਨਿੰਗ ਦਿੱਤੀ ਜਾਂਦੀ ਸੀ, ਜੋ ਅੱਜ ਕੱਲ ਬੰਦ ਹੈ। ਹਰ ਕੋਰਸ ਤੋਂ  ਬਾਅਦ ਸ੍ਰ. ਪੀ.ਐਸ. ਹੁਰਾ ਆਈ.ਪੀ.ਐਸ. ਮੇਰਾ ਇਮਤਿਹਾਨ ਲੈਦੇ ਸੀ, ਫਿਰ ਅਗਲਾ ਕੋਰਸ ਸ਼ੁਰੂ ਹੁੰਦਾ ਸੀ। ਇੱਕ ਦਿਨ ਪੁਲਿਸ ਲਾਈਨ ਵਿੱਚ ਐਨ.ਜੀ.ਓ. ਦੀ ਘਾਟ ਸੀ ਤਾਂ ਮੈਨੂੰ ਸੱਦਿਆ ਗਿਆ ਕਿਉਂਕਿ ਇੱਕ ਮੁਸਲਮਾਨ ਪਾਕਿਸਤਾਨ ਇਸਤਰੀ ਜੋ ਸਾਇਦ ਜਸੂਸੀ ਅਧੀਨ ਫੜੀ ਗਈ ਸੀ, ਅਗਲੇ ਦਿਨ ਫਾਜਲਿਕਾ ਅਦਾਲਤ ਵਿੱਚ ਪੇਸ਼ ਕਰਨੀ ਸੀ ਤੇ ਔਰਤ ਨਾਲ ਐਨ.ਜੀ.ਓ. ਦਾ ਜਾਣਾ ਜਰੂਰੀ ਹੈ। ਮੈਂ ਵਰੰਟ ਲੈ ਕੇ ਫਿਰੋਜਪੁਰ ਜੇਲ੍ਹ ਤੋਂ ਉਸ ਇਸਤਰੀ ਨੂੰ ਲੈ ਕੇ ਰਿਕਸ਼ਾ ਤੇ ਆ ਰਿਹਾ ਸੀ, ਮੇਰੇ ਨਾਲ ਕੋਈ ਸਿਪਾਹੀ ਨਹੀਂ ਸੀ ਤਾਂ ਮੈਨੂੰ ਪਿੱਛੋਂ ਮੇਰੇ ਨਾਂ ਦੀਆਂ ਉੱਚੀ ਉੱਚੀ ਅਵਾਜ਼ਾਂ ਸੁਣੀਆਂ, ਮੈਂ ਮੁੜ ਕੇ ਦੇਖਿਆ, ਤਾਂ ਸ੍ਰ. ਗੁਰਦਿਆਲ ਸਿੰਘ ਮੁੱਖ ਅਫਸਰ ਕੋਟ ਭਾਈ ਮੈਨੂੰ ਅਵਾਜ਼ਾਂ ਮਾਰ ਰਹੇ ਸਨ, ਉਹ ਸਾਡੇ ਰੁਕਣ ਤੇ ਮੇਰੇ ਕੋਲ ਆ ਗਏ।
    ਉਨ੍ਹਾਂ ਨੂੰ ਸ੍ਰ. ਗੁਰਦਿਆਲ ਸਿੰਘ ਡੰਡਾ ਦੇ ਨਾਂ ਨਾਲ ਯਾਦ ਕੀਤਾ ਜਾਂਦਾ ਸੀ, ਉਹ ਆਪਣੇ ਕੋਲ ਤਕਰੀਬਨ 4 ਫੁੱਟ ਦਾ ਡੰਡਾ ਰੱਖਦੇ ਸਨ ਅਤੇ ਬਹੁਤ ਸਖਤ ਸਨ, ਪਰ ਪੂਰੇ ਇਮਾਨਦਾਰ ਸਾਫ ਤੇ ਨੇਕ ਪੁਲਿਸ ਅਫਸਰ ਸਨ। ਉਨ੍ਹਾਂ ਦੀ ਇਮਾਨਦਾਰੀ ਸ਼ੱਕੀ ਨਹੀਂ ਸੀ। ਜਬਾਨ ਦੇ ਕਰੜੇ ਜਰੂਰ ਸਨ। ਉਹ ਸਿਆਸੀ ਆਦਮੀਆਂ ਨਾਲ ਪੰਗੇ ਲੈਣ ਵਿੱਚ ਮਸ਼ਹੂਰ ਸਨ। ਸ੍ਰ. ਗੁਰਚਰਨ ਸਿੰਘ ਨਿਹਾਲ ਸਿੰਘ ਵਾਲਾ ਨਾਲ 1976 ਵਿੱਚ ਉਨ੍ਹਾਂ ਦੀ ਲੜਾਈ ਤਾਂ ਸਾਰੀ ਪੁਰਾਣੀ ਪੁਲਿਸ ਜਾਣਦੀ ਹੈ। ਮੈਨੂੰ ਯਾਦ ਹੈ, ਕਿ ਕੁੱਝ ਸਮਾਂ ਪਹਿਲਾਂ ਉਨ੍ਹਾਂ ਨੇ ਆਪਣੀ ਲੜਕੀ ਦੀ ਜੇ.ਬੀ.ਟੀ. ਦੀ ਅਡਮਿਸ਼ਨ ਲਈ ਮੇਰੇ ਤੋਂ ਕੁੱਝ ਪੈਸੇ ਉਧਾਰ ਲਏ ਸਨ ਤੇ ਤਨਖਾਹ ਤੇ ਮੋੜੇ ਸਨ, ਜਦੋਂ ਕਿ ਉਹ ਮੁੱਖ ਅਫਸਰ ਥਾਣਾ ਕੋਟ ਭਾਈ ਲੱਗੇ ਹੋਏ ਸਨ ਤੇ ਥਾਣਾ ਕੋਟ ਭਾਈ ਫਿਰੋਜਪੁਰ ਜਿਲ੍ਹੇ ਦਾ ਸਭ ਤੋਂ ਵੱਡਾ ਅਤੇ ਪੈਸੇ ਵਾਲਾ ਥਾਣਾ ਸੁਣੀਦਾ ਸੀ। ਉਹ ਫਿਲੌਰ ਅੱਪਰ ਕਰਦੇ ਸੀ, ਮੈਂ ਨਵਾਂ ਭਰਤੀ ਹੋ ਕੇ ਏ.ਐਸ.ਆਈ. ਦੀ ਟਰੇਨਿੰਗ ਵਿੱਚ ਸੀ। ਸਾਡੀ ਇੱਕ ਜਿਲ੍ਹੇ ਦੀ ਤਾਇਨਾਤੀ ਕਰਕੇ ਸਾਡੀ ਫਿਲੌਰ ਹੀ ਵਾਕਫੀਅਤ ਹੋ ਗਈ ਸੀ। ਉਹ ਮੁਸਲਮਾਨ ਪਾਕਿਸਤਾਨੀ ਲੜਕੀ ਬਹੁਤ ਹਸ਼ੀਨ ਤੇ ਜਵਾਨ ਸੀ, ਬੋਲਚਾਲ ਸਹਿਦ ਵਰਗੀ ਮਿੱਠੀ ਸੀ। ਜਦੋਂ ਹੱਥ ਖੜ੍ਹਾ ਕਰਕੇ ਕੁੱਝ ਕਹਿਣ ਲੱਗੇ ਤਾਂ ਮੈਂ ਕਿਹਾ ਫਿਕਰ ਨਾ ਕਰੋ, ਮੈਂ ਕੋਈ ਗਲਤ ਹਰਕਤ ਨਹੀਂ ਕਰਾਂਗਾ, ਤਾਂ ਉਹ ਝੱਟ ਬੋਲ ਪਏ, ਓਏ, ਮੈਨੂੰ ਤੇਰੇ ਤੇ ਕੋਈ ਸ਼ੱਕ ਨਈ, ਸਾਰੀ ਗੱਲ ਸੁਣੀ ਤੇ ਇੱਕ ਪਾਸੇ ਕਰਕੇ ਕਹਿਣ ਲੱਗੇ, 'ਰਾਤ ਨੂੰ ਇਸ ਨੂੰ ਫਾਜਲਿਕਾ ਸਿਟੀ ਥਾਣੇ ਬੰਦ ਕਰੇਗਾ ਤਾਂ ਹਵਾਲਾਤ ਦੀ ਚਾਬੀ ਰਪਟ ਲਿਖ ਕੇ ਲੈ ਲੈਣੀ, ਇਸ ਤੋਂਂ ਇਲਾਵਾ ਆਪ ਹਵਾਲਾਤ ਦਾ ਜਿੰਦਾ ਚੰਗੀ ਤਰ੍ਹਾਂ ਚੈਕ ਕਰੀ, ਇਹ ਜਵਾਨ ਤੇ ਹਸੀਨ ਔਰਤ ਹੈ, ਸਾਰੀ ਜਿੰਮੇਵਾਰੀ ਤੇਰੀ ਹੈ ਤੇ ਤੂੰ ਅਜੇ ਕੁਆਰੀ ਕੁੜੀ ਵਾਂਗ ਹੈ ਤੇ ਆਪਣਾ ਮੰਜਾ ਹਵਾਲਾਤ ਦੇ ਸਾਹਮਣੇ ਡਾਹੀਂਂ'।
    ਉਹ ਲੜਕੀ ਬਹੁਤ ਚੁਸਤ ਸੀ, ਉਸ ਨੇ ਸਾਡੀ ਗੱਲ ਸੁਣੀ ਤਾਂ ਨਹੀਂ ਸੀ ਪਰ ਸਮਝ ਸਭ ਕੁੱਝ ਗਈ ਸੀ, ਇਹ ਗੱਲ ਉਸ ਨੇ ਮੈਨੂੰ ਦੂਸਰੇ ਦਿਨ ਦੱਸੀ। ਕੋਈ ਤਕਰੀਬਨ 3 ਵਜੇ ਅਸੀਂਂ ਸਿਟੀ ਫਾਜਲਿਕਾ ਪੁੱਜ ਗਏ। ਮੁੱਖ ਮੁਨਸ਼ੀ ਨੇ ਮੇਰਾ ਬਹੁਤ ਆਦਰ ਮਾਣ ਕੀਤਾ। ਸਾਨੂੰ ਜਾਂਦਿਆਂ ਨੂੰ ਬਹੁਤ ਵਧੀਆ ਦਹੀ ਦੀ ਲੱਸੀ ਮਲਾਈ ਵਾਲੀ ਪਿਲਾਈ ਅਤੇ ਹਰ ਗੱਲ ਮਿੱਠਤ ਨਾਲ ਕੀਤੀ। ਮੈਨੂੰ ਕਹਿਣ ਲੱਗਾ, ਕਿ ਆਪ ਇਸ ਇਲਾਕੇ ਵਿੱਚ ਨਵੇਂ ਹੋ, ਤੁਹਾਨੂੰ ਬਾਰਡਰ ਦਿਖਾਉਣ ਕਿਸੇ ਨਾਲ ਭੇਜ ਦਿੰਦੇ ਹਾਂ, ਮੈਂ ਜੁਆਬ ਦੇ ਦਿੱਤਾ। ਸਾਮ ਨੂੰ ਚਾਹ ਨਾਲ ਪੇੜੇ ਤੇ ਨਮਕੀਨ ਵੀ ਮਿਲਿਆ। ਜੋ ਕੁੱਝ ਮੈਨੂੰ ਮਿਲਦਾ ਸੀ ਉਹ ਉਸ ਨੂੰ ਹਵਾਲਾਤ ਵਿੱਚ ਬੈਠੀ ਨੂੰ ਵੀ ਮਿਲ ਰਿਹਾ ਸੀ, ਮੁਨਸ਼ੀ ਕਹਿਣ ਲੱਗਿਆ, ਵਿਚਾਰੀ ਗਰਮੀ ਵਿੱਚ ਮਰ ਰਹੀ ਹੈ। ਮੈਂ ਕਿਹਾ ਕਿ ਜੇਲ੍ਹ ਵਿੱਚ ਕਿਹੜਾ ਪੱਖੇ ਹਨ (ਉਸ ਸਮੇਂ ਜੇਲ੍ਹਾਂ ਵਿੱਚ ਪੱਖੇ ਨਹੀਂ ਸੀ ਹੁੰਦੇ)। ਉਸ ਪਾਕਿਸਤਾਨੀ ਲੜਕੀ ਦੀ ਗਰਮੀ ਮੁਨਸ਼ੀ ਨੂੰ ਲੱਗ ਰਹੀ ਸੀ। ਰਾਤ ਨੂੰ ਮੁਨਸ਼ੀ ਜੀ ਨੇ ਮੈਨੂੰ ਉਸ ਸਮੇਂ ਦੀ ਮਸ਼ਹੂਰ ਵਿਸ਼ਕੀ ਸੋਲਨ ਨੰ: 1 ਦੀ ਗੱਲ ਕੀਤੀ, ਮੈਂ ਕਿਹਾ ਕਿ ਮੈਂ ਵਿਸਕੀ ਆਦਿ ਨਹੀਂ ਪੀਦਂਾ। ਪਰ ਉਹ ਮੇਰੀ ਸੇਵਾ ਵਿੱਚ ਲੱਗਿਆ ਰਿਹਾ। ਮੈਨੂੰ ਮੀਟ ਨਾਲ ਵਧੀਆ ਖਾਣਾ ਖਵਾਇਆ ਅਤੇ ਹਵਾਲਾਤ ਤੋਂ ਪਾਸੇ ਵੇਹੜੇ ਵਿੱਚ ਛਿੜਕਾ ਕਰਵਾ ਕੇ ਟੇਬਲਫੈਨ ਲਗਾ ਦਿੱਤਾ।
    ਮੈਂ ਮੁਨਸ਼ੀ ਜੀ ਨੂੰ ਹਦਾਇਤ ਕੀਤੀ ਸੀ ਕਿ ਜਨਾਨਾ ਹਵਾਲਾਤ ਦੀ ਚਾਬੀ ਮੇਰੇ ਸਪੁਰਦ ਕਰੇ ਕਿਉਂਕਿ ਹਵਾਲਾਤ ਵਿੱਚ ਮੇਰੀ ਲਿਆਂਦੀ ਹੋਈ ਲੜਕੀ ਹੀ ਸੀ। ਭਾਵੇਂ ਇਸ ਦੀ ਰਪਟ ਦਰਜ ਕਰ ਦਿੱਤੀ ਜਾਵੇ, ਪਰ ਉਹ ਕਹਿਣ ਲੱਗਿਆ, ਜਨਾਬ ਆਪ ਅਫਸਰ ਹੋ, ਤੁਸੀਂ ਡਿਪਟੀ, ਐਸ.ਪੀ. ਬੰਨਣਾ ਹੈ, ਪਤਾ  ਨਹੀਂ ਆਪ ਦੇ ਮੁਤੈਹਤ ਹੀ ਲੱਗਣਾ ਪੈ ਜਾਵੇ ਰਪਟ ਦੀ ਕੀ ਲੋੜ ਹੈ। ਮੈਂ ਹਵਾਲਾਤ ਜਨਾਨਾ ਨੂੰ ਜਿੰਦਰਾ ਮਾਰ ਕੇ ਚਾਬੀ ਆਪ ਦੇ ਸਪੁਰਦ ਕਰ ਦਿੰਦਾ ਹਾਂ। ਕੋਈ ਸਾਢੇ ਨੌ ਵਜੇ ਰਾਤ ਮੈਨੂੰ ਦੁੱਧ ਦਾ ਵੱਡਾ ਗਰਮ ਗਲਾਸ ਮਿਲ ਗਿਆ ਤੇ ਨਾਲ ਹੀ ਮੁਨਸ਼ੀ ਨੇ ਕਿਹਾ, "ਲਓ ਸਰ ਜੀ ਚਾਬੀ" ਕੋਈ ਫਿਕਰ ਨਾ ਕਰੋ ਅਰਾਮ ਨਾਲ ਸੌ ਜਾਵੋ, ਸਵੇਰੇ ਤੁਹਾਨੂੰ ਮੁਲਜਮਾ ਸਮੇਤ ਅਦਾਲਤ ਦੀ ਪੇਸ਼ੀ ਤੋਂਂ ਬਾਅਦ ਬੱਸ ਅੱਡੇ ਪਹੁੰਚਾ ਦਿੱਤਾ ਜਾਏਗਾ। ਮੈਂ ਮੰਜੇ ਤੇ 2-3 ਪਾਸੇ ਮਾਰੇ ਸਨ ਤਾਂ ਮੈਨੂੰ ਸ੍ਰ. ਗੁਰਦਿਆਲ ਸਿੰਘ ਦੀ ਗੱਲ ਯਾਦ ਆ ਗਈ। ਮੈਂ ਉਠ ਕੇ ਹਵਾਲਾਤ ਕੋਲ ਗਿਆ ਤਾਂ ਜਿੰਦਰਾ ਹੇਠਾਂ ਲੱਗਿਆ ਹੋਇਆ ਸੀ ਕੁੰਡਾ ਉੱਪਰ ਸੀ।
    ਮੈਂ ਮੁਨਸ਼ੀ ਜੀ ਨੂੰ ਸੱਦ ਲਿਆ, ਉਸ ਦੀ ਸਰਾਬ ਪੀਤੀ ਹੋਈ ਸੀ ਤੇ ਕਹਿਣ ਲੱਗਾ ਕਿ ਕੁੰਡਾ ਸਹਿਬਨ ਉੱਪਰ ਰਹਿ ਗਿਆ ਹੋਏਗਾ। ਮੈਂ ਸਖਤੀ ਨਾਲ ਗੱਲ ਕੀਤੀ ਤਾਂ ਉਸ ਦੀ ਸਾਰੀ ਉੱਤਰ ਗਈ ਤੇ ਪੈਰਾਂ ਵਿੱਚ ਡਿੱਗੇ, ਮੈਂ ਹਵਾਲਾਤ ਨੂੰ ਜਿੰਦਰਾ ਮਾਰ ਕੇ ਚਾਬੀ ਜੇਬ ਵਿੱਚ ਪਾ ਲਈ। ਇਤਨੇ ਵਿੱਚ ਇੱਕ ਏ.ਐਸ.ਆਈ. ਤੇ 2-3 ਮੁਲਾਜਮ ਆ ਗਏ ਤੇ ਸਾਰੇ ਮੇਰੇ ਦੁਆਲੇ ਹੋ ਗਏ ਕਿ ਮੈਂ ਰਪਟ ਨਾ ਲਿਖਾ। ਉਸ ਸਮੇਂ ਮੈਨੂੰ ਰਪਟ ਲਿਖਣੀ ਆਉਦੀਂ ਵੀ ਨਹੀਂਂ ਸੀ, ਇਸ  ਕਰਕੇ ਮੈਂ ਵੀ ਚੁੱਪ ਕਰਨਾ ਹੀ ਠੀਕ ਸਮਝਿਆ। ਦੂਸਰੇ ਦਿਨ ਉਸ ਨੇ ਰਸਤੇ ਵਿੱਚ ਦੱਸਿਆ ਕਿ ਉਸ ਨੂੰ ਹਵਾਲਾਤ ਵਿੱਚ ਬੰਦ ਨਹੀਂ ਕੀਤਾ ਜਾਂਦਾ, ਸਗੋਂ ਹਰ ਪੇਸ਼ੀ ਤੇ ਉਸ ਨਾਲ ਆਉਣ ਵਾਲਾ ਅਫਸਰ, ਮੁੱਖ ਮੁਨਸ਼ੀ ਅਤੇ ਕਦੇ ਕਦਾਈ ਇੱਕ ਹੋਰ ਹੁੰਦਾ ਹੈ ਸਾਰੀ ਰਾਤ ਮੇਰੇ ਨਾਲ ਕਮਰੇ ਵਿੱਚ ਮਸਤ ਰਹਿੰਦੇ ਹਨ। ਉਸ ਨੇ ਇਹ ਵੀ ਦੱਸਿਆ ਕਿ ਪਹਿਲੀ ਵਾਰ ਤਾਂ ਉਸ ਨੇ ਕੁੱਝ ਭੈੜਾ ਮੰਨਿਆ, ਪਰ ਫੇਰ ਮਨ ਨਾਲ ਸਮਝੌਤਾ ਕਰ ਲਿਆ ਸੀ ਕਿਉਂਕਿ ਭੁੰਜੇ ਹੱਡ ਨਹੀਂਂ ਸਨ ਰਗੜਨੇ ਪੈਦੇਂ ਅਤੇ ਕੁੱਝ ਪੈਸੇ ਤੇ ਕੱਪੜੇ ਵੀ ਸੁਆ ਦਿੰਦੇ ਸਨ ਅਤੇ ਮੈਂ ਇਨ੍ਹਾਂ ਨਾਲ ਰਚਮਿਚ ਗਈ ਸੀ। ਮੈਂ ਕਿਹਾ ਕਿ ਜੇਕਰ ਤੇਰੇ ਬੱਚਾ ਠਹਿਰ ਜਾਂਦਾ ਤਾਂ ਉਹ ਕਹਿਣ ਲੱਗੀ ਇਸ ਦਾ ਮੇਰੇ ਕੋਲ ਸਾਰਾ ਇੰਤਜਾਮ ਹੈ ਤੇ ਟਰੇਨਿੰਗ ਸਮੇਂ ਉਸ ਨੂੰ ਸਮਝਾਇਆ ਗਿਆ ਸੀ ਕਿ ਸੈਕਸ ਸਬੰਧਾਂ ਤੋਂ ਗੁਰੇਜ ਨਹੀਂ ਕਰਨਾ ਅਤੇ ਉਸ ਨੇ ਇਹ ਵੀ ਕਿਹਾ ਕਿ ਜੇ ਮੈਂ ਚਾਹਾਂ ਤਾਂ ਕੁੱਝ ਸਮਾਂ ਮੇਰੇ ਕੋਲ ਵੀ ਗੁਜਾਰ ਸਕਦੀ ਹੈ।
    ਸਤੰਬਰ ਦੇ ਪਹਿਲੇ ਹਫਤੇ ਸੰਤ ਫਤਹਿ ਸਿੰਘ ਦੇ ਮਰਨ ਵਰਤ ਕਾਰਨ ਮੈਨੂੰ ਰਿਜਰਵ ਨਾਲ ਗਿੱਦੜਬਹੇ ਭੇਜਿਆ ਗਿਆ। ਗਿੱਦੜਬਹਾ ਚੌਕੀਂ ਥਾਣਾ ਕੋਟ ਭਾਈ ਵਿੱਚ ਹੀ ਸੀ, ਸ੍ਰ. ਗੁਰਦਿਆਲ ਸਿੰਘ ਸਾਡੀ ਠਹਿਰ ਤੇ ਆਏ। ਮੈਂ ਸਾਰੀ ਗੱਲ ਦੱਸੀ ਤੇ ਠਹਾਕਾ ਮਾਰ ਕੇ ਕਹਿਣ ਲੱਗੇ, ਛੋਟੇ ਭਰਾ ਜੇ ਮੈਂ ਤੈਨੂੰ ਸੁਚੇਤ ਨਾ ਕਰਦਾ ਤਾਂ ਮੁਨਸ਼ੀ ਨੇ ਚਸਤੀ ਵਰਤ ਜਾਣੀ ਸੀ। ਉਸ ਸਮੇਂ ਸਹੀ ਰਾਹ ਦਿਖਾਉਣ ਵਾਲੇ ਬਹੁਤ ਹੁੰਦੇ ਸਨ, ਪਰ ਹੁਣ ਬਹੁਤੀ ਬਰੰਗੀ ਹੀ ਹੋ ਗਈ ਹੈ।


ਹਰਦੇਵ ਸਿੰਘ ਧਾਲੀਵਾਲ,
ਰਿਟ: ਐਸ.ਐਸ.ਪੀ.,
ਪੀਰਾਂ ਵਾਲਾ ਗੇਟ, ਸੁਨਾਮ
ਮੋਬ: 98150-37279