ਡਾਇਰੀ ਦੇ ਪੰਨੇ :  ਇੱਕ ਚੰਨ ਦੇ ਵਾਪਿਸ ਆਉਣ ਦੀ ਉਡੀਕ ਕਰਾਂਗਾ ਮੈਂ...  - ਨਿੰਦਰ ਘੁਗਿਆਣਵੀ

6 ਮਾਰਚ 2019 ਦੀ ਸਵੇਰ ਸੁਹਣੀ ਨਿੱਖਰੀ ਹੈ। ਕੱਲ੍ਹ ਬੱਦਲ ਮੰਡਰਾਈ ਗਏ ਸਨ, ਸੂਰਜ ਨੂੰ ਸਿਰ ਨਹੀਂ ਚੁੱਕਣ ਦਿੱਤਾ ਬੱਦਲਾਂ ਨੇ। ਅੱਜ ਸੂਰਜ ਉਤਾਂਹ ਨੂੰ ਉੱਠ ਰਿਹੈ ਜਿਵੇਂ ਹੌਸਲੇ ਨਾਲ ਭਰਿਆ-ਭਰਿਆ ਹੋਵੇ! ਲਗਦੈ ਅੱਜ ਦਿਨ ਸੁਹਣਾ ਲੱਗੇਗਾ,ਕਈ ਦਿਨਾਂ ਤੋਂ ਚੱਲੀ ਆ ਰਹੀ ਮੌਸਮੀਂ ਟੁੱਟ-ਭੱਜ ਦੂਰ ਹੋਵੇਗੀ ਅੱਜ। ਨਿੱਖਰੇ ਮੌਸਮ ਦੀ ਖੁਸ਼ੀ ਅਖ਼ਬਾਰੀ ਖਬਰ ਨੇ ਪਲ ਵਿਚ ਹੀ ਖੋਹ ਕੇ ਅਹੁ ਮਾਰੀ ਹੈ। ਮਿੱਤਰ ਪਿਆਰੇ ਗੀਤਕਾਰ ਪਰਗਟ ਸਿੰਘ ਦੇ ਤੁਰ ਜਾਣ ਦੀ ਖ਼ਬਰ ਨਿਗ੍ਹਾ ਪੈਂਦਿਆਂ ਹੀ ਮੂੰਹੋਂ 'ਹਾਏ' ਨਿਕਲਿਆ। ਪਤਾ ਈ ਨਹੀਂ ਲੱਗਣ ਦਿੱਤਾ ਬਾਈ ਪਰਗਟ, ਤੈਂ  ਹੱਥਾਂ 'ਚੋਂ ਕਿਰ ਗਿਐਂ ਰੇਤੇ ਵਾਂਗ! ਮੈਨੂੰ ਆਪਣੇ ਅੰਦਰੋਂ ਕੁਝ ਭੁਰ ਗਿਆ ਮਹਿਸੂਸ ਹੋਇਐ। ਉਮਰ ਕਿਹੜੀ ਸੀ ਹਾਲੇ, ਸਾਰੀ ਪਚਵੰਜਾ ਵਰ੍ਹੇ। ਆਪਣਾ ਪਿੰਡ ਲਿੱਦੜਾਂ ਮਸ਼ਹੂਰ ਕਰ ਦਿੱਤਾ ਤੈਂ ਸਾਰੇ ਕਿਤੇ।
ਸੋਗ ਲੱਦੀ ਕਾਹਲੀ ਨਾਲ ਹਰਜੀਤ ਹਰਮਨ ਨੂੰ ਫੋਨ ਲਾਉਂਦਾ ਹਾਂ। ਫੋਨ ਬੰਦ ਹੈ। ਸਪੱਸ਼ਟ ਹੈ ਕਿ ਉਹ ਗੱਲ ਕਰਨ ਦੇ ਸਮਰੱਥ ਨਹੀਂ ਹੋਣਾ। ਪਰਗਟ ਦੇ ਪੁੱਤਰ ਤੇ ਆਪਣੇ ਅਜੀਜ ਪਿਆਰੇ ਸਟਾਲਿਨਵੀਰ ਨੂੰ ਫੋਨ ਕਰਨ ਲਈ ਮਨ ਨਹੀਂ ਮੰਨਦਾ ਪਿਆ। ਕੀ ਕਹਾਂਗਾ ਓਸ ਨੂੰ ਕਿ ਬਹੁਤ ਮਾੜੀ ਹੋਈ? ਰੱਬ ਭਾਣਾ ਮੰਨਣ ਦਾ ਬਲ ਬਖਸ਼ੇ! ਤੇ ਬਸ...?ਏਨੇ ਕੁ ਬੋਲਾਂ ਨਾਲ ਸਰ ਜਾਊ ਸਟਾਲਿਨ ਦਾ? ਨਹੀਂ ਕਰ ਹੋਣਾ ਫੋਨ ਮੈਥੋਂ।
                 """""   """"'     ""'
ਪਰਗਟ ਸਿੰਘ ਜਦ ਵੀ ਮਿਲਦਾ ਸੀ ਹਰਮਨ ਨਾਲ ਹੁੰਦਾ। ਉਲਾਂਭਾ ਵੀ ਉਹਦਾ ਹਰ ਵੇਲੇ ਇਹੋ ਹੁੰਦਾ, ''ਮੇਰੇ ਪਿੰਡ ਨੀ ਗੇੜਾ ਮਾਰਦਾ, ਨੇੜਿਓਂ ਦੀ ਲੰਘ ਜਾਨੈ।" ਪਿਆਰਾ ਜਿਹਾ ਮਨੁੱਖ ਸੀ। ਪਿਆਰੇ-ਪਿਆਰੇ ਗੀਤ ਲਿਖਣ ਵਾਲਾ।ਇੱਕ ਦਿਨ ਬਸ ਵਿਚ ਸਫ਼ਰ ਕਰ ਰਿਹਾ ਸਾਂ। ਹਰਮਨ ਦਾ ਗੀਤ ਵੱਜ ਰਿਹਾ ਸੀ। ਬੋਲ ਸਨ:
                  ਮੋੜਾਂ 'ਤੇ ਖੜ੍ਹੇ ਸਿਪਾਹੀਆਂ ਦਾ ਕੀ ਦੋਸ਼
                  ਜਦੋਂ ਸ਼ਹਿਰ ਵਾਲਾ ਖੁਦ ਸ਼ਹਿਨਸ਼ਾਹ ਵਿਕ ਗਿਆ
                  ਕਿੱਥੋਂ ਇਨਸਾਫ਼ ਦੀ ਕੋਈ ਰੱਖੂਗਾ ਉਮੀਦ
                  ਜਦੋਂ ਜੱਜ ਮੂਹਰੇ ਖੜ੍ਹਾ ਹੀ ਗਵਾਹ ਵਿਕ ਗਿਆ
ਸੁਰਜੀਤ ਪਾਤਰ ਦੇ ਲਿਖੇ- 'ਇਸ ਅਦਾਲਤ 'ਚ ਬੰਦੇ ਬਿਰਖ ਹੋ ਗਏ' ਗੀਤ ਤੋਂ ਬਾਅਦ ਅਦਾਲਤੀ ਦੁਨੀਆਂ ਬਾਰੇ ਮੇਰੇ ਧਿਆਨ ਵਿਚ ਇਹ ਦੂਜਾ ਗੀਤ ਆਇਆ ਸੀ। ਹਰਮਨ ਨੂੰ ਬਸ ਵਿਚੋਂ ਹੀ ਫ਼ੋਨ ਕੀਤਾ ਤੇ ਪਰਗਟ ਦਾ ਨੰਬਰ ਲਿਆ  ਤੇ ਉਸ ਨੂੰ ਇਸ ਖੂਬਸੂਰਤ ਰਚਨਾ ਲਈ ਵਧਾਈ ਦਿੱਤੀ। ਵਧਾਈ ਲੈਂਦਿਆਂ ਉਹ ਖੁਸ਼ ਵੀ  ਹੋਇਆ ਪਰ ਨਾਲ ਹੀ ਉਲਾਂਭਾ ਵੀ ਸੀ, ''ਪਿੰਡ ਗੇੜਾ ਨੀ ਮਾਰਨਾ?"
 ਬਾਈ ਪਰਗਟ, ਤੇਰੇ ਆਉਣ ਦਾ ਇੰਤਜ਼ਾਰ ਕਰਾਂਗਾ, ਇਹ ਆਪਣੇ ਵਾਸਤੇ ਲਿਖ ਕੇ ਸਾਨੂੰ ਦੇ ਗਿਉਂ:
                  ਚੰਨ ਚਾਨਣੀ ਰਾਤ ਤੋਂ ਹਨੇਰਾ ਹੋ ਗਿਆ
                 ਇੱਕ ਚੰਨ ਸੀ ਅੰਬਰੀਂ ਬੱਦਲਾਂ ਲੁਕੋ ਲਿਆ
                 ਹਵਾਵਾਂ ਨਾਲ ਬੱਦਲ ਉਡਾਉਣ ਦਾ
                  ਇੰਤਜ਼ਾਰ ਕਰਾਂਗਾ ਮੈਂ
                 ਇੱਕ ਚੰਨ ਦੇ ਵਾਪਸ ਆਉਣ ਦਾ
                 ਇੰਤਜ਼ਾਰ ਕਰਾਂਗਾ ਮੈਂ...
ਇੱਕ ਦਿਨ ਮੈਨੂੰ ਹਰਮਨ ਨੇ ਚੇਤਾ ਕਰਵਾਇਆ ਸੀ, ''ਘੁੱਗੀ ਬਾਈ, ਤੈਨੂੰ ਯਾਦ ਹੋਣੈ, ਸੰਗਰੂਰ ਪੰਚਾਇਤ ਭਵਨ 'ਚ ਤੇਰੀ ਕਿਤਾਬ ਰਿਲੀਜ਼ ਹੋਈ ਸੀ ਬਾਪੂ ਪਾਰਸ ਵਾਰੇ, ਉਥੇ ਹਰਭਜਨ ਮਾਨ ਵੀ ਬੈਠਿਆ ਸੀ ਤੇਰੇ ਨਾਲ ਦੀ ਕੁਰਸੀ 'ਤੇ...ਬਾਪੂ ਜੱਸੋਵਾਲ ਵੀ ਸੀ, ਮੈਂ ਤੇ ਪਰਗਟ ਬਾਈ ਤੈਨੂੰ ਪਹਿਲੀ ਵਾਰੀ ਮਿਲੇ ਸੀ, ਸਟੇਜ 'ਤੇ ਆਏ ਸੀ ਮਿਲਣ, ਮੈਂ ਉਦੋਂ ਫਾਰਮਾਸਿਸਟ ਹੁੰਦਾ ਸੀ ਤੇ ਬਾਈ ਪਰਗਟ ਅਜੀਤ ਦਾ ਪੱਤਰਕਾਰ ਮਸਤੂਆਣਿਓਂ...।"
ਹਰਮਨ ਦੇ ਚੇਤਾ ਕਰਵਾਣ 'ਤੇ ਮੇਰੀਆਂ ਅੱਖਾਂ ਅੱਗੇ ਕਿਸੇ ਫਿਲਮ ਦੇ ਸੀਨ ਵਾਂਗਰ ਸਾਰਾ ਕੁਝ ਘੁੰਮ ਗਿਆ ਸੀ। ਪਰਗਟ ਸਿੰਘ ਉਦੋਂ ਪੱਤਰਕਾਰੀ ਨੂੰ ਪ੍ਰਣਾਇਆ ਹੋਇਆ ਸੀ ਤੇ ਆਪਣੇ ਨਾਂ ਨਾਲ 'ਮਸਤੂਆਣਾ' ਲਿਖਦਾ ਹੁੰਦਾ, ਸੁਹਣੀ ਕਵਰੇਜ ਕਰਦਾ ਤੇ ਉਸਦੀਆਂ ਖਬਰਾਂ ਵੀ ਵਾਧੂ ਛਪਦੀਆਂ ਰਹਿੰਦੀਆਂ।
                    """""'      """""'
ਪਤਾ ਨਹੀਂ ਕਦੋਂ ਉਹਦੇ ਅੰਦਰ ਗੀਤ ਨੇ ਅੰਗੜਾਈ ਭੰਨੀ। ਗੀਤ ਲਿਖੇ ਉਤੋ- ੜੁੱਤੀ ਤੇ ਸਾਰੇ ਸਿਰੇ ਦੇ। ਹਰਮਨ ਨੇ ਪਤਾ ਨਹੀਂ ਉਹਦੇ ਗੀਤ ਦੀ ਰਗ ਕਿਵੇਂ ਫੜ ਲਈ ਸੀ ਤੇ ਆਪਣੀ ਰਗ ਵਿਚ ਰਲਾ ਲੋਕਾਂ ਦੀ ਰਗ ਰਗ 'ਤੇ ਚਾੜ੍ਹ ਦਿੱਤੇ ਇਹਨਾਂ ਦੋਵਾਂ ਨੇ ਗੀਤ ਹੀ ਗੀਤ! ਪਰਗਟ ਨੂੰ ਇਹ ਭਲੀਭਾਂਤ ਪਤਾ ਹੁੰਦਾ ਸੀ ਕਿ ਹਰਮਨ ਦੀ ਆਵਾਜ਼ ਕੀ ਭਾਲ ਰਹੀ ਹੈ! ਉਹ ਲਿਖਣ ਪੱਖੋਂ ਫੀਲਿੰਗ ਦੀ ਰਤਾ ਵੀ ਕਮੀਂ ਨਾ ਛਡਦਾ ਤੇ ਹਰਮਨ ਗਾਉਣ ਪੱਖੋਂ।
ਮੈਂ ਉਹਨਾਂ ਪਲਾਂ ਨੂੰ ਚੇਤੇ ਕਰ ਕੇ ਕਦੀ-ਕਦੀ ਭਾਵੁਕ ਹੋ ਜਾਨਾ, ਜਦ ਹਰਮਨ ਸਾਡੇ ਘਰ ਆਉਂਦਾ ਤਾਂ ਮੇਰੇ ਪਿਤਾ ਜੀ ਆਖਦੇ, ''ਉਹ ਸੁਣਾਈ ਗੀਤ...ਕਣਕਾਂ ਨੂੰ ਪਹਿਲਾ ਪਾਣੀ ਲਾਉਂਦੇ ਜੱਟ...। ਹਰਮਨ ਤਰਾਰੇ ਵਿਚ ਆ ਜਾਂਦਾ। ਸੁਣ ਰਹੇ ਪਿਤਾ ਨੂੰ ਸ਼ਾਇਦ ਸਾਡੇ ਖੇਤ ਜਾਣਾ, ਸਰੋਂ ਤੇ ਤੋਰੀਏ ਦੇ ਪੀਲੇ-ਪੀਲੇ ਫੁੱਲ ਤੇ ਕਣਕ ਨੂੰ ਪਹਿਲਾ ਪਾਣੀ ਲਾਉਣਾ...ਸਭ ਕੁਛ ਚੇਤੇ ਆ ਜਾਂਦਾ ਸੀ। ਕੈਂਸਰ ਦੀ ਮਾਰ ਦਾ ਮਾਰਿਆ ਮੰਜੇ 'ਤੇ ਪਿਆ ਪਿਓ ਇਹੋ ਕਿਹਾ ਕਰੇ ਕਿ ਹਰਮਨ ਦਾ ਕਣਕਾਂ ਵਾਲਾ ਗੀਤ ਮੋਬਾਈਲ ਫੂਨ 'ਚੋਂ ਕੱਢ ਕੇ ਲਾ ਦੇ...ਭੋਰਾ ਮਨ ਖੁਸ਼ ਹੋਜੂ ਮੇਰਾ।" ਪਿਤਾ ਦੀ ਕਹੀ ਮੰਨ ਕੇ ਗੀਤ ਪਲੇਅ ਕਰ ਦਿੰਦਾ ਤੇ ਮੋਬਾਈਲ ਉਸਦੇ ਸਿਰਹਾਂਦੀ ਧਰ ਕੇ ਪਰ੍ਹੇ  ਜਾ ਕੇ, ਲੁਕ ਕੇ ਜਿਹੇ ਅੱਖਾਂ ਪੂੰਝਣ ਲਗਦਾ ਸਾਂ। ਗੀਤ ਦੇ ਪਹਿਲੇ ਬੋਲ ਸੁਣਾਏ ਬਿਨਾਂ ਰਹਿ ਨਹੀਂ ਹੁੰਦਾ, ਸੁਣੋਂ ਜ਼ਰਾ:
          ਜਿਹੜੇ ਵੇਲੇ ਕਣਕਾਂ ਨੂੰ ਪਹਿਲਾ ਪਾਣੀ ਲਾਉਂਦੇ ਜੱਟ
          ਤੋਰੀਏ ਨੂੰ ਪੈਂਦੇ ਉਦੋਂ ਪੀਲੇ ਪੀਲੇ ਫੁੱਲ ਵੇ
          ਓਸ ਰੁੱਤੇ ਸੱਜਣ ਮਿਲਾਦੇ ਰੱਬਾ ਮੇਰਿਆ
          ਸਾਰੀ ਹੀ ਉਮਰ ਤੇਰਾ ਤਾਰੀਂ ਜਾਊਂ ਮੁੱਲ ਵੇ...
ਦਿਲ ਕਰਦੈ ਕਿ ਉਸ ਦੇ ਭੋਗ ਵਾਲੇ ਦਿਨ ਹੀ ਪਿੰਡ ਜਾ ਆਵਾਂ, ਉਸ ਦੇ ਤੁਰ ਜਾਣ ਮਗਰੋਂ ਹੀ ਉਲਾਂਭਾ ਲਾਹ ਆਵਾਂ ਪਰ ਨਹੀਂ ਜਾ ਸਕਾਂਗਾ ਤੇ ਨਹੀਂ ਲਾਹ ਸਕਾਂਗਾ ਉਸਦਾ ਉਲਾਂਭਾ। ਮਜਬੂਰੀ ਹੈ ਉਸ ਦਿਨ ਡਾਹਢੀ। ਬਸ ਇਹ ਗੀਤ ਉਸਦਾ ਵਾਰ-ਵਾਰ ਚੇਤੇ ਆ ਰਿਹਾ ਹੈ, ਮਨ ਬੇਹੱਦ ਉਦਾਸ ਹੈ, ਮੋਬਾਈਲ ਫੋਨ ਵਿਚੋਂ ਕੱਢ ਕੇ ਸੁਣ ਰਿਹਾ ਹਾਂ ਗੀਤ:
               ਤੇਰੇ ਬਾਝੋਂ ਸੱਜਣਾ ਵੇ ਦੱਸ ਕਿਵੇਂ ਹੱਸੀਏ
                ਪਿੰਡ ਲਿੱਦੜਾਂ 'ਚ ਦੱਸ ਵੇ ਕਿਵੇਂ ਵੱਸੀਏ
               ਦਿੰਦੇ ਵੱਸਣ ਨਾ ਪਰਗਟ ਗੈਰ ਵੇ
               ਹੁਣ ਵੱਸਿਆ ਨਹੀਂ ਜਾਂਦਾ
               ਸਾਨੂੰ ਹੱਸਕੇ ਹਸਾਉਣ ਵਾਲੇ ਤੁਰਗੇ
               ਹੁਣ ਹੱਸਿਆ ਨੀ ਜਾਂਦਾ.....

12 March 2019