ਮੋਦੀ ਦੇਸ਼ ਭਗਤ ਜਾਂ ਗ਼ਦਾਰ? - ਮੇਘ ਰਾਜ ਮਿੱਤਰ

   ਸਰਹੱਦਾਂ ਦੇਸ਼ ਨਹੀਂ ਹੁੰਦੀਆਂ, ਦੇਸ਼ ਤਾਂ ਸਿਰਫ ਰਹਿਣ ਵਾਲੇ ਲੋਕ ਹੀ ਹੁੰਦੇ ਹਨ। ਮੋਦੀ ਨੇ ਮੇਰੇ ਦੇਸ਼ ਦਾ ਸੱਭ ਤੋਂ ਵੱਡਾ ਨੁਕਸਾਨ ਇਸ ਗੱਲ ਵਿੱਚ ਕੀਤਾ ਹੈ ਕਿ ਉਸ ਨੇ ਮੇਰੇ ਦੇਸ਼ ਦੇ ਲੋਕਾਂ ਦਾ ਆਚਰਣ ਡੇਗਣ ਦਾ ਯਤਨ ਕੀਤਾ ਹੈ। ਤੁਸੀਂ ਦੱਸੋਂ ਜਿਸ ਦੇਸ਼ ਦਾ ਪ੍ਰਧਾਨ ਮੰਤਰੀ ਗੱਲ-ਗੱਲ ਤੇ ਝੂਠ ਬੋਲਦਾ ਹੋਵੇ ਕੀ ਉਸ ਦੇਸ਼ ਦੇ ਲੋਕਾਂ ਦੀ ਦੂਸਰੇ ਦੇਸ਼ਾਂ ਦੇ ਵਸਨੀਕਾਂ ਵਿੱਚ ਕੋਈ ਭੱਲ ਬਣ ਸਕਦੀ ਹੈ? ਇਹ ਗੱਲ ਸਾਰੇ ਭਾਰਤ ਵਾਸੀ ਜਾਣਦੇ ਹਨ ਕਿ ਮੋਦੀ ਨੇ ਕਿਹਾ ਸੀ ਕਿ ਸਾਡਾ ਰਾਜ ਆਉਣ ਤੇ ਹਰੇਕ ਵਿਅਕਤੀ ਦੇ ਖਾਤੇ ਵਿੱਚ 15-15 ਲੱਖ ਰੁਪਿਆ ਆਵੇਗਾ। ਉਸ ਨੇ ਹਰ ਸਾਲ ਦੋ ਕਰੋੜ ਲੋਕਾਂ ਨੂੰ ਰੁਜ਼ਗਾਰ ਦੇਣ ਦਾ ਵਾਅਦਾ ਕੀਤਾ ਸੀ। ਇਸ ਹਿਸਾਬ ਨਾਲ ਹੁਣ ਤੱਕ 10 ਕਰੋੜ ਲੋਕਾਂ ਨੂੰ ਰੁਜ਼ਗਾਰ ਮਿਲ ਜਾਣਾ ਚਾਹੀਦਾ ਸੀ, ਕੀ ਮਿਲਿਆ? 
    100 ਸਮਾਰਟ ਸਿਟੀਆਂ ਵਿੱਚੋਂ ਕਿੰਨੇ ਹੋਂਦ ਵਿੱਚ ਆਏ ਨੋਟਬੰਦੀ ਸਮੇਂ ਉਸ ਨੇ ਕਿਹਾ ਕਿ ਕਾਲਾ ਧੰਨ ਦੇਸ ਵਿੱਚੋਂ ਖ਼ਤਮ ਹੋ ਜਾਵੇਗਾ। ਕਸ਼ਮੀਰੀ ਅੱਤਵਾਦੀਆਂ ਦੀ ਸਮੱਸਿਆ ਹੱਲ ਹੋ ਜਾਵੇਗੀ। ਜੇ ਨੋਟਬੰਦੀ ਦਾ ਕੋਈ ਫ਼ਾਇਦਾ ਨਹੀਂ ਹੁੰਦਾ ਤਾਂ ਮੈਨੂੰ ਚੋਰਸਤੇ 'ਚ ਖੜਾ ਕੇ ਫ਼ਾਸੀ ਚਾੜ ਦਿਓ ਪਰ ਇਨ੍ਹਾਂ ਵਿੱਚੋਂ ਇੱਕ ਵੀ ਗੱਲ ਕੋਈ ਸਫ਼ਲ ਹੋਈ। ਪਰ ਕੀ ਉਸਨੇ ਕੋਈ ਸਜ਼ਾ ਕਬੂਲੀ?
    ਨੇਪਾਲ ਦੀ ਨਵੀਂ ਸਰਕਾਰ ਨੇ ਹੋਂਦ ਵਿੱਚ ਆਉਣ ਤੋਂ ਕੁੱਝ ਸਮਾਂ ਬਾਅਦ ਹੀ ਆਪਣੇ ਦੇਸ਼ ਵਿੱਚ ਭਾਰਤੀ ਟੈਲੀਵੀਜ਼ਨ ਚੈਨਲਾਂ ਨੂੰ ਚਲਾਉਣ ਤੇ ਬੰਦਸ਼ ਲਾ ਦਿੱਤੀ। ਇਸਦਾ ਕਾਰਨ ਉਨ੍ਹਾਂ ਨੇ ਦੱਸਿਆ ਕਿ ਇਹ ਚੈਨਲ ਅੰਧਵਿਸ਼ਵਾਸ ਫੈਲਾਉਣ ਤੋਂ ਵਗੈਰ ਹੋਰ ਕੁਝ ਵੀ ਨਹੀਂ ਕਰਦੇ। ਇਨ੍ਹਾਂ ਚੈਨਲਾਂ ਉੱਪਰ ਸਿਰਫ਼ ਮੋਦੀ ਤੇ ਉਸਦੇ ਨਾਲ ਦੇ ਸਾਧ-ਸੰਤ ਨਜ਼ਰ ਆਉਂਦੇ ਹਨ। ਕਦੇ ਰਾਮਦੇਵ ਆਪਣੀਆਂ ਸਦੀਆਂ ਪੁਰਾਣੀਆਂ ਦਵਾਈਆਂ ਦਾ ਪ੍ਰਚਾਰ ਕਰ ਰਿਹਾ ਹੁੰਦਾ ਹੈ। ਕਦੇ ਰਵੀਸ਼ੰਕਰ ਆਪਣੀਆਂ ਅੰਧਵਿਸ਼ਵਾਸੀ ਗੱਲਾਂ ਮੇਰੇ ਦੇਸ ਦੇ ਲੋਕਾਂ ਨੂੰ ਸਿਖਾ ਰਿਹਾ ਹੁੰਦਾ ਹੈ ਤੇ ਕਦੇ ਊਮਾ ਭਾਰਤੀ ਗੰਗਾ ਦੀ ਸਫ਼ਾਈ ਦੀਆਂ ਗੱਲਾਂ ਕਰ ਰਹੀ ਹੁੰਦੀ ਹੈ। ਕਦੇ ਮੋਦੀ ਸਾਹਿਬ ਕਹਿ ਰਹੇ ਹੁੰਦੇ ਹਨ ਕਿ ਗੰਦੇ ਨਾਲੇ ਦੀ ਗੈਸ ਇਕੱਠੀ ਕਰਕੇ ਚਾਹ ਬਣਾਉਣਾ ਸਿੱਖ ਲਵੋ। ਇੱਥੇ ਹੀ ਬੱਸ ਨਹੀਂ ਕੁੰਭ ਦੇ ਗੰਦੇ ਪਾਣੀ ਵਿੱਚ ਮੇਰੇ ਦੇਸ ਦੇ 20ਕਰੋੜ ਲੋਕਾਂ ਨੂੰ ਇਸਨਾਨ ਕਰਵਾ ਦਿੱਤਾ ਗਿਆ। ਕਦੇ ਮੋਦੀ ਸਾਹਿਬ ਟਿੱਕਾ ਲਗਾ ਕੇ ਤੇ ਵਰਤ ਰੱਖ ਕੇ ਭਾਰਤੀ ਲੋਕਾਂ ਨੂੰ ਅੰਧਵਿਸ਼ਵਾਸੀ ਬਣਾਉਣ ਦਾ ਯਤਨ ਕਰਦੇ ਨਜ਼ਰ ਆਉਂਦੇ ਹਨ। ਕਦੇ ਗਊ ਦਾ ਗੋਬਰ ਜਾਂ ਪਿਸ਼ਾਬ ਪੀਣ ਦੀ ਸਿੱਖਿਆ ਦਿੱਤੀ ਜਾਂਦੀ ਹੈ। ਜਦੋਂ ਪੁੱਛਿਆ ਜਾਂਦਾ ਹੈ ਕਿ ਇਹ ਪਿਸ਼ਾਬ ਆਉਂਦਾ ਕਿੱਥੋਂ ਹੈ? ਤਾਂ ਇਹ ਕਿਹਾ ਜਾਂਦਾ ਹੈ ਕਿ ਗਊ ਤਾਂ ਮਾਤਾ ਹੈ ਇਹ ਡੰਗਰ ਨਹੀਂ ਹੈ। ਪਰ ਇਹ ਦੱਸਣ ਦਾ ਯਤਨ ਨਹੀਂ ਕੀਤਾ ਗਿਆ ਕਿ ਗਊ ਦੇ ਪਿਸ਼ਾਬ ਵਿੱਚ ਮਿਲਣ ਵਾਲੇ ਫਾਸਫੇਟ ਦੂਜੇ ਡੰਗਰਾਂ ਤੇ ਮਨੁੱਖੀ ਮਲ ਵਿੱਚ ਮਿਲਣ ਵਾਲੇ ਫਾਸਫੇਟਾਂ ਨਾਲੋਂ ਕਿਵੇਂ ਵੱਖਰੇ ਹਨ। ਪਰ ਪੜ੍ਹੇ ਲਿਖੇ ਲੋਕ ਇਸ ਗੱਲ ਨੂੰ ਹਜ਼ਮ ਨਹੀਂ ਕਰ ਸਕਦੇ ਹਨ?
    ਹੋਰ ਤਾਂ ਹੋਰ ਆਪਣੇ ਘਰਾਂ ਦੀਆਂ ਸਮੱਸਿਆਵਾਂ ਤੋਂ ਡਰ ਕੇ ਭੱਜੇ ਹੋਏ ਸਾਧ ਸੰਤ ਕੇਂਦਰੀ ਤੇ ਰਾਜ ਸਰਕਾਰਾਂ 'ਚ ਵਜ਼ੀਰ ਜਾਂ ਮੁੱਖ ਮੰਤਰੀ ਹੀ ਬਣਾ ਦਿੱਤੇ ਹਨ। ਜਿਸ ਦੇਸ਼ ਦਾ ਪ੍ਰਧਾਨ ਮੰਤਰੀ ਟੂਣੇ ਟੋਟਕਿਆਂ ਦੇ ਯੁੱਗ ਦਾ ਵਸਨੀਕ ਹੋਵੇ ਕੀ ਉਸ ਦੇਸ ਦੇ ਲੋਕ 21ਵੀਂ ਸਦੀ ਵਿੱਚ ਜਾ ਸਕਦੇ ਹਨ? ਕਿਸਾਨਾਂ ਨੂੰ ਬਰਬਾਦ ਕਰਨ ਲਈ ਉਨ੍ਹਾਂ ਨੇ ਅਵਾਰਾਂ ਪਸ਼ੂਆਂ ਨੂੰ ਖੁੱਲ੍ਹਾਂ ਦੇ ਦਿੱਤੀਆਂ ਹਨ। ਪਹਿਲਾਂ ਕਿਸਾਨ ਆਪਣੀ ਖੇਤੀ ਦੇ ਨਾਲ-ਨਾਲ ਇੱਕ-ਦੋ ਗਊਆਂ ਮੱਝਾਂ ਪਾਲ਼ ਲੈਂਦੇ ਸਨ, ਕੁਝ ਸਮਾਂ ਦੁੱਧ ਪੀਂਦੇ ਸਨ। ਜਦੋਂ ਉਹ ਦੁੱਧ ਦੇਣੋਂ ਹਟ ਜਾਂਦੀਆਂ ਸਨ ਤਾਂ ਉਨ੍ਹਾਂ ਨੂੰ ਵੇਚ ਦਿੱਤਾ ਜਾਂਦਾ ਸੀ। ਇਸ ਤਰ੍ਹਾਂ ਉਨ੍ਹਾਂ ਨੂੰ ਕੁੱਝ ਪੈਸੇ ਬਚ ਜਾਂਦੇ ਪਰ ਇਹ ਵਪਾਰ ਮੋਦੀ ਦੀ ਹਿੰਦੂ ਸੋਚ ਨੇ ਬਿਲਕੁੱਲ ਬਰਬਾਦ ਕਰ ਦਿੱਤਾ ਹੈ। ਇਕੱਲਾਂ ਏਹੀ ਨਹੀਂ ਅਵਾਰਾ ਬਾਂਦਰਾਂ, ਕੁੱਤਿਆਂ ਅਤੇ ਸੂਰਾਂ ਨੂੰ ਵੀ ਅੱਜ ਕੋਈ ਮਾਰ ਨਹੀਂ ਸਕਦਾ। ਉਨ੍ਹਾਂ ਨੂੰ ਕਿਸਾਨਾਂ ਦੀਆਂ ਫ਼ਸਲਾਂ ਅਤੇ ਆਮ ਵਸਨੀਕਾਂ ਦੇ ਕੱਪੜਿਆਂ ਦੀ ਬਰਬਾਦੀ ਤੇ ਹਲ਼ੱਕਪਨ ਦੀਆਂ ਬਿਮਾਰੀਆਂ ਹੀ ਦਿੱਤੀਆਂ ਹਨ। ਅੱਜ ਕੋਈ ਵੀ ਸੈਰ ਕਰਨ ਜਾ ਰਿਹਾ ਵਿਅਕਤੀ ਕੀ ਅਵਾਰਾਂ ਕੁੱਤਿਆਂ ਦੇ ਵੱਢਣ ਤੋਂ ਡਰੇਗਾ ਨਹੀਂ। ਇਸ ਤਰ੍ਹਾਂ ਚਾਰੇ ਪਾਸੇ ਭੈਅ ਦਾ ਵਾਤਾਵਰਨ ਮੇਰੇ ਦੇਸ਼ ਵਿੱਚ ਪੈਦਾ ਕਰ ਦਿੱਤਾ ਗਿਆ ਹੈ।
    ਅੱਜ ਮੇਰਾ ਭਾਰਤ ਮਹਾਨ ਦੁਨੀਆਂ ਦੇ ਭੁੱਖ ਮਰੀ ਦੇ ਸ਼ਿਕਾਰ 118 ਮੁਲਕਾਂ ਵਿੱਚੋਂ 97 ਨੰਬਰ ਤੇ ਆ ਗਿਆ ਹੈ। ਮੋਦੀ ਜੀ ਦੇ ਬਾਗਡੋਰ ਸੰਭਾਲਣ ਤੋਂ ਪਹਿਲਾਂ 2014 ਵਿੱਚ ਇਹ 55ਵੇਂ ਨੰਬਰ ਤੇ ਸੀ। ਜੇ ਭਾਰਤ ਪਾਕਿਸਤਾਨ ਦੀ ਜੰਗ ਲੱਗ ਜਾਂਦੀ ਜਾਂ ਲੱਗ ਜਾਵੇ  ਠੀਕ ਹੈ ਮੇਰੇ ਦੇਸ ਦੇ ਲੋਕਾਂ ਦੀਆਂ ਵੋਟਾਂ ਇਸ ਤਰ੍ਹਾਂ ਪ੍ਰਾਪਤ ਕਰਨ ਦਾ ਇਹ ਹੱਦ ਦਰਜੇ ਦਾ ਕਮੀਨਾ ਢੰਗ ਹੈ। ਤੁਸੀਂ ਕਰੋੜਾਂ ਲੋਕਾਂ ਦੀਆਂ ਲੋਥਾਂ ਵਿਛਾ ਕੇ ਵੋਟਾਂ ਪ੍ਰਾਪਤ ਕਰੋ ਕੀ ਇਹ ਜਾਇਜ ਹੈ। ਮੈਂ ਜੰਗਾਂ ਬਾਰੇ ਪੜ੍ਹਿਆ ਹੈ ਇੱਥੇ ਲਾਸ਼ਾਂ ਰੁਲ਼ੀਆਂ ਫਿਰਨਗੀਆਂ ਇਨ੍ਹਾਂ ਨੂੰ ਸਾਂਭਣ ਵਾਲਾ ਕੋਈ ਨਹੀਂ ਹੋਵੇਗਾ। ਫਰਵਰੀ 2019 ਦੇ ਅਖੀਰ ਵਿੱਚ ਇੱਕ ਦਿਨ ਤਾਂ ਇਸ ਤਰ੍ਹਾਂ ਦਾ ਖ਼ਤਰਾ ਬਹੁਤ ਵਧ ਗਿਆ ਸੀ। ਸ਼ਾਇਦ ਭਾਰਤ ਦਾ ਇੱਕ ਮਿੱਗ ਜਹਾਜ ਪਾਕਿਸਤਾਨ ਨੇ ਮਿਜਾਈਲ ਮਾਰ ਕੇ ਸੁੱਟ ਲਿਆ ਸੀ। ਉਸ ਦਿਨ ਉੱਤਰੀ ਭਾਰਤ ਦੇ ਸਾਰੇ ਏਅਰਪੋਰਟ ਬੰਦ ਵੀ ਕਰ ਦਿੱਤੇ ਸਨ। ਤੁਸੀਂ ਅੰਦਾਜ਼ਾ ਲਗਾਓ ਕਿ ਸਰਹੱਦਾਂ ਤੇ ਰਹਿੰਦੇ ਲੋਕ ਅਜਿਹੀਆਂ ਹਾਲਤਾਂ 'ਚ ਖੁਸ਼ ਰਹਿ ਸਕਦੇ ਹਨ। ਕੀ ਮਿਲਟਰੀ ਵਾਲੇ ਜਾਂ ਉਹਨਾਂ ਦੇ ਪਰਿਵਾਰਾਂ ਵਿੱਚ ਜੰਗ ਦੇ ਦਿਨਾਂ ਦੋਰਾਨ ਮਾਤਮ ਨਹੀਂ ਪਸਰਦਾ? ਕਸ਼ਮੀਰ ਸਮੱਸਿਆਵਾਂ ਨੂੰ ਹੀ ਲੈ ਲਈਏ ਤਾਂ ਮਨਮੋਹਨ ਸਰਕਾਰ ਦੇ ਅਖੀਰਲੇ ਤਿੰਨ ਵਰ੍ਹਿਆਂ ਵਿੱਚ 105 ਫੌਜੀ ਸ਼ਹੀਦ ਹੋਏ ਸਨ। ਪਰ ਮੋਦੀ ਦੇ ਕੁਸ਼ਾਸਨ ਦੌਰਾਨ 2018 ਵਿੱਚ 457 ਫੌਜੀ ਸ਼ਹੀਦ ਹੋ ਗਏ। ਇਸ ਤਰ੍ਹਾਂ ਹੀ ਮੁਸਲਮਾਨ ਤਬਕੇ ਨਾਲ ਸਬੰਧਿਤ ਕਰੋੜਾਂ ਲੋਕ ਹਿੰਦੂ ਮੁਸਲਿਮ ਦੇ ਦੰਗਿਆਂ ਦੇ ਭੈਅ ਵਿੱਚ ਦਿਨ ਕਟੀ ਕਰ ਰਹੇ ਹਨ। ਮੁਸਲਿਮ ਬਹੁ ਗਿਣਤੀ ਇਲਾਕਿਆਂ ਵਿੱਚ ਹਿੰਦੂਆਂ ਦਾ ਹਾਲ ਵੀ ਅਜਿਹਾ ਹੀ ਹੈ। ਜੇ ਵੇਖਿਆ ਜਾਵੇ ਤਾਂ ਕੀ ਦੱਲਿਤਾਂ ਨੂੰ ਘੋੜੀ ਚੜ੍ਹਣ ਦੀ ਇਜ਼ਾਜਤ ਵੀ ਨਹੀਂ ਹੈ ਕਿਉਂਕਿ ਪ੍ਰਸ਼ਾਸਨ ਜਿੰਨ੍ਹਾਂ ਦੇ ਹੱਥ ਵਿੱਚ ਹੈ ਉਹ ਜਾਂ ਤਾਂ ਉੱਚ ਸ਼੍ਰੇਣੀ ਵਾਲੇ ਖ਼ੁਦ ਹੁੰਦੇ ਹਨ ਜਾਂ ਪ੍ਰਸ਼ਾਸਨ ਉਨ੍ਹਾਂ ਦਾ ਮਦਦਗਾਰ  ਹੁੰਦਾ ਹੈ। ਅਜਿਹਾ ਹਾਲ ਹੀ ਆਪਸੀ ਸਮਝ ਵਾਲੇ ਪ੍ਰੇਮੀ ਕੁੜੀਆਂ-ਮੁੰਡਿਆਂ ਦਾ ਵੀ ਹੈ। ਉਹ ਸਾਂਝੀਆਂ ਥਾਵਾਂ ਤੇ ਡਰ ਕੇ ਬੈਠਦੇ ਹਨ ਹਾਲ ਇੱਥੋਂ ਤੱਕ ਹੈ ਕਿ ਮੇਰੀ ਜਾਣ-ਪਹਿਚਾਣ ਵਾਲੇ ਇੱਕ ਡਾਕਟਰ ਮੁੰਡੇ ਨੂੰ ਜਦੋਂ ਮੈਂ ਵਿਆਹ ਦੇ ਸੰਬੰਧ ਵਿੱਚ ਮਿਲਿਆ ਤਾਂ ਉਸਨੇ ਮੈਨੂੰ ਬ੍ਰਾਹਮਣਾਂ ਦਾ ਮੁੰਡਾ ਹੋਣਾ ਦੱਸਿਆ ਪਰ ਬਾਅਦ ਵਿੱਚ ਜਦੋਂ ਸਾਡੀ ਗੱਲ ਤਹਿ ਹੋ ਗਈ ਤਾਂ ਪਤਾ ਲੱਗਿਆ ਕਿ ਮੁੰਡਾ ਮੁਸਲਮਾਨ ਹੈ। ਮੈਂ ਖੁਸ਼ ਸਾ ਜਦੋਂ ਉਸ ਮੁੰਡੇ ਨੂੰ ਇਸ ਦਾ ਕਾਰਨ ਪੁੱਛਿਆ ਤਾਂ ਉਹ ਕਹਿਣ ਲੱਗਿਆ ਕਿ ਜੇ ਮੈਂ ਪਹਿਲਾਂ ਇਹ ਗੱਲ ਦੱਸ ਦਿੰਦਾ ਤਾਂ ਜ਼ਰੂਰ ਕਿਸੇ ਹਿੰਦੂ ਜਥੇਬੰਦੀ ਦੇ ਲੋਕਾਂ ਨੇ ਇਸ ਵਿਆਹ ਵਿੱਚ ਆ ਧਮਕਣਾ ਸੀ ਤੇ ਮੇਰੀ ਕੁੱਟਮਾਰ ਕਰ ਦੇਣੀ ਸੀ। ਸੋ ਲੱਖਾਂ ਹੀ ਜੋੜੇ ਅਜਿਹੇ ਹਨ ਜਿਨ੍ਹਾਂ ਨੂੰ ਇਹਨਾਂ ਗੱਲਾਂ ਕਰਕੇ ਹੀ ਸੰਤਾਪ ਭੋਗਣਾ ਪੈ ਰਿਹਾ ਹੈ।
    ਜੇ ਆਪਾਂ ਇਸ ਗੱਲ ਦੀ ਚਰਚਾ ਕਰੀਏ ਕਿ ਮੋਦੀ ਨੇ ਇਸ ਦੇਸ਼ ਨੂੰ ਆਰਥਿਕ ਤੌਰ ਤੇ ਕਿਵੇਂ ਹਰਜਾ ਪਹੁੰਚਾਇਆ ਹੈ। ਰਾਫੇਲ ਡੀਲ ਬਾਰੇ ਸੱਭ ਨੂੰ ਪਤਾ ਹੀ ਹੈ ਕਿ ਮੋਦੀ ਨੇ 40 ਹਜ਼ਾਰ ਕਰੋੜ ਰੁਪਿਆ 36 ਜਹਾਜਾਂ ਵਿੱਚ ਵੱਧ ਦਿੱਤਾ ਹੈ ਇਹ ਸਾਰੇ ਪੈਸੇ ਉਸਦੇ ਮਿੱਤਰ ਅਨਿਲ ਅੰਬਾਨੀ ਦੀ ਜੇਬ ਵਿੱਚ ਚਲੇ ਗਏ ਸੀ ਕਿਉਂਕਿ ਉਹ ਘਾਟੇ ਵਿੱਚ ਜਾਣ ਹੀ ਵਾਲਾ ਸੀ ਉਸਦਾ ਭਰਾ ਮੁਕੇਸ਼ ਅੰਬਾਨੀ ਪਹਿਲਾਂ ਹੀ ਦਿਵਾਲੀਆਂ ਹੋ ਚੁੱਕਿਆ ਹੈ। ਦੇਸ਼ ਦੇ 10 ਲੱਖ ਆਦੀਵਾਸੀਆਂ ਦੀਆਂ ਜ਼ਮੀਨਾਂ ਇਸ ਤਰ੍ਹਾਂ ਹੜ੍ਹਪ ਲਈਆਂ ਹਨ। ਮੋਦੀ ਨੇ ਦੇਸ਼ ਦੇ ਮਾਲ ਖਜਾਨਿਆਂ ਨੂੰ ਲੁਟਾ ਕੇ ਇਕੱਲੇ ਇਸਦੀ ਹੀ ਮਦਦ ਨਹੀਂ ਕੀਤੀ ਇਸਦਾ ਇੱਕ ਹੋਰ ਗੁਜਰਾਤੀ ਮਿੱਤਰ ਅਦਾਨੀ ਆਸਟ੍ਰੇਲੀਆਂ ਦੀਆਂ ਖਾਨਾਂ ਵਿੱਚ ਘਾਟਾ ਪਾ ਬੈਠਾ। ਉਸਨੂੰ ਭਾਰਤ ਦੇ ਚੋਟੀ ਦੇ 5 ਏਅਰਪੋਰਟ 50ਸਾਲਾਂ ਦੇ ਠੇਕੇ ਤੇ ਸੰਭਾਲ ਦਿੱਤੇ ਹਨ। ਲਾਲ ਕਿਲਾ ਵੀ ਇਸੇ ਤਰ੍ਹਾਂ ਕਿਸੇ ਅਮੀਰ ਦੇ ਹੱਥ ਫੜਾ ਦਿੱਤਾ ਹੈ। ਅੰਬਾਨੀ ਦਾ ਭਨੋਈਆ ਨੀਰਬ ਮੋਦੀ ਵੀ ਇਸ ਦੇਸ਼ ਦੀਆਂ ਬੈਂਕਾਂ ਦਾ 23ਹਜ਼ਾਰ ਕਰੋੜ ਰੁਪਿਆ ਲੈ ਕੇ ਇੰਗਲੈਡ ਜਾ ਬੈਠਿਆ ਹੈ। ਮੋਦੀ ਜੀ ਉੱਥੇ ਪਹੁੰਚ ਕੇ ਉਸ ਨਾਲ ਮੀਟੀਗਾਂ ਵਿੱਚ ਹਾਜਰ ਹੁੰਦਾ ਹੈ।
    ਭਾਜਪਾ ਦਾ ਐੱਮ.ਪੀ. ਵਿਜੈ ਮਾਲਿਆ ਵੀ ਇਸੇ ਤਰ੍ਹਾਂ ਹਜਾਰਾਂ ਕਰੋੜ ਰੁਪਿਆਂ ਦੀ ਚਪਤ ਲਗਾ ਕੇ ਵਿਦੇਸ਼ ਜਾ ਵੜਿਆ ਹੈ। ਅਜਿਹੇ ਵਿਅਕਤੀਆਂ ਦੀ ਲਿਸਟ ਲੰਬੀ ਹੈ ਪਰ ਇਨ੍ਹਾਂ ਵਿੱਚੋਂ ਬਹੁਤੇ ਗੁਜ਼ਰਾਤੀ ਭਾਈ ਹਨ। ਹੁਣ ਕੁੰਭ ਮੇਲੇ ਤੇ 4500 ਕਰੋੜ ਰੁਪੈ ਅਤੇ  ਗੁਜਰਾਤੀ ਪਟੇਲ ਦੀ ਮੂਰਤੀ ਤੇ ਤਿੰਨ ਹਜਾਰ ਕਰੋੜ ਰੁਪਿਆ ਅਤੇ ਗੰਗਾ ਦੇ ਸਫਾਈ ਅਭਿਆਨ ਤੇ 18000 ਕਰੋੜ ਰੁਪਏ ਬਰਬਾਦ ਕਰ ਦਿੱਤੇ ਗਏ ਹਨ। ਹੁਣ ਤੁਸੀਂ ਹੀ ਹਿਸਾਬ ਲਗਾਓ ਕਿ ਇਨ੍ਹਾਂ ਸਾਰਿਆਂ ਪੈਸਿਆਂ ਨਾਲ ਭਾਰਤ ਦੇ ਲੱਖਾਂ ਪਿੰਡਾਂ ਦੀ ਨੁਹਾਰ ਬਦਲੀ ਜਾ ਸਕਦੀ ਸੀ ਤੇ ਇਸ ਨਾਲ ਘੱਟੋ ਘੱਟ 2-3 ਕਰੋੜ ਲੋਕਾਂ ਨੂੰ ਰੁਜ਼ਗਾਰ  ਮਿਲ ਸਕਦਾ ਸੀ। ਮੋਦੀ ਸਾਹਿਬ ਆਪਣੇ ਵਿਦੇਸ਼ੀ ਦੌਰਿਆਂ ਤੇ ਦੋ ਹਜਾਰ ਕਰੋੜ ਰੁਪਏ ਤੇ ਆਪਣੀ ਬੱਲੇ ਬੱਲੇ ਕਰਾਉਣ ਲਈ ਇਸ਼ਤਿਹਾਰਬਾਜ਼ੀ ਤੇ 4600 ਕਰੋੜ ਰੁਪੈ ਖਰਚ ਕੀਤੇ ਹਨ। ਇਸ ਨਾਲ ਮੋਦੀ-ਮੋਦੀ ਜ਼ਰੂਰ ਹੋਈ ਹੈ ਪਰ ਦੇਸ ਨੂੰ ਕੀ ਪ੍ਰਾਪਤੀ ਹੋਈ। 2014 ਵਿੱਚ ਭਾਰਤ ਸਿਰ 296 ਅਰਬ ਡਾਲਰ ਵਿਦੇਸ਼ੀ ਕਰਜ਼ਾ ਸੀ ਜੋ ਅੱਜ ਵੱਧ ਕੇ 486 ਅਰਬ ਡਾਲਰ ਹੋ ਗਿਆ ਹੈ।
    ਕਿਉਂਕਿ ਗੁਜਰਾਤ ਦੰਗਿਆਂ ਦੇ ਕੁੱਝ ਮੁਜਰਿਮ ਅੱਜ ਸਤ੍ਹਾ ਵਿੱਚ ਹਨ। ਇਸ ਲਈ ਪਿਛਲੇ ਸਮੇਂ ਵਿੱਚ ਹੋਏ ਜੁਰਮਾਂ ਤੇ ਪਰਦੇ ਪਾਉਣ ਲਈ ਬਹੁਤ ਸਾਰੀਆਂ ਵੱਧੀਕੀਆਂ ਦੀ ਮੈਂ ਗੱਲ ਨਹੀਂ ਕਰ ਰਿਹਾ ਹਾਂ। ਹੁਣ ਤੁਸੀਂ ਹੀ ਦੱਸੋ ਕੀ ਇਹ ਦੇਸ਼ ਭਗਤਾਂ ਦੇ ਕੰਮ ਨੇ ਜਾਂ ਦੇਸ਼ ਦੇ ਗਦਾਰਾਂ ਦੇ?

ਮੇਘ ਰਾਜ ਮਿੱਤਰ
ਸੰਸਥਾਪਕ ਤਰਕਸ਼ੀਲ ਸੁਸਾਇਟੀ
ਭਾਰਤ,
ਤਰਕਸ਼ੀਲ ਨਿਵਾਸ, ਗਲੀ ਨੰਬਰ:8
ਕੇ.ਸੀ ਰੋਡ ਬਰਨਾਲਾ।
ਮੋਬਾ : 98887-87440