ਵਾਅਦੇ 'ਤੇ ਵਾਅਦਾ ਨਤੀਜਾ ਸਿਫ਼ਰ - ਸ਼ਾਮ ਸਿੰਘ ਅੰਗ-ਸੰਗ

ਜਿੰਨੇ ਮਰਜ਼ੀ ਕੋਈ ਦਮਗਜ਼ੇ ਮਾਰੇ, ਆਮ ਹੀ ਬਹੁਤੀਆਂ ਸਿਆਸੀ ਪਾਰਟੀਆਂ ਵਾਅਦੇ ਕਰ ਤਾਂ ਲੈਂਦੀਆਂ ਹਨ, ਪਰ ਪੂਰੇ ਨਹੀਂ ਕਰਦੀਆਂ। ਆਪਣੇ ਕੱਦ ਅਤੇ ਆਪਣੀ ਸਮਰੱਥਾ ਨਾਲੋਂ ਕੀਤੇ ਵੱਡੇ ਵਾਅਦੇ ਸਿਆਸੀ ਪਾਰਟੀਆਂ ਪੂਰੇ ਕਰ ਹੀ ਨਹੀਂ ਸਕਦੀਆਂ, ਜਿਸ ਕਾਰਨ ਠੱਗੇ ਹੋਏ ਵੋਟਰ ਧੋਖੇ ਦੇ ਵਿਸ਼ਾਲ ਜੰਗਲ ਵਿੱਚੋਂ ਬਾਹਰ ਨਿਕਲਣ ਜੋਗੇ ਹੀ ਨਹੀਂ ਰਹਿੰਦੇ।
        ਵਾਅਦੇ ਓਹੀ ਕੀਤੇ ਜਾਣੇ ਚਾਹੀਦੇ ਹਨ, ਜਿਹੜੇ ਪੂਰੇ ਕੀਤੇ ਜਾ ਸਕਣ। ਅਜਿਹਾ ਕਰਨ ਵਾਲੀਆਂ ਪਾਰਟੀਆਂ ਜਿੱਤ ਹਾਸਲ ਕਰ ਲੈਂਦੀਆਂ ਹਨ ਅਤੇ ਕਦੇ ਮਾਰ ਨਹੀਂ ਖਾਂਦੀਆਂ। ਬਹੁਤੀਆਂ ਪਾਰਟੀਆਂ ਤਾਂ ਅਜਿਹੀਆਂ ਹਨ, ਜਿਹੜੀਆਂ ਪਰਬਤ ਜਿੱਡੇ ਵਾਅਦੇ ਕਰ ਲੈਂਦੀਆਂ ਹਨ ਅਤੇ ਹਿੰਮਤ ਟਿੱਬੇ ਪਾਰ ਕਰਨ ਤੱਕ ਦੀ ਨਹੀਂ ਹੁੰਦੀ।
       ਵੋਟਰਾਂ ਨਾਲ ਵਾਅਦੇ ਇਸ ਕਰਕੇ ਕੀਤੇ ਜਾਂਦੇ ਹਨ ਤਾਂ ਜੋ ਦੇਸ਼ ਭਰ ਦੀ ਜਨਤਾ ਨੂੰ ਭਰਮਾਇਆ ਜਾ ਸਕੇ। ਲੋਕ ਭਰਮ ਜਾਲ ਵਿੱਚ ਫਸ ਵੀ ਜਾਂਦੇ ਹਨ, ਕਿਉਂਕਿ ਚਲਾਕ ਨੇਤਾ ਉਨ੍ਹਾਂ ਨੂੰ ਅਜਿਹੇ ਸਬਜ਼ਬਾਗ ਦਿਖਾਉਂਦੇ ਹਨ, ਜਿਨ੍ਹਾਂ ਦੀ ਤਲਿਸਮੀ ਖਿੱਚ ਤੋਂ ਕੋਈ ਨਹੀਂ ਬਚਦਾ।
       ਦੇਸ਼ ਦੇ ਬਹੁਤ ਨਾਗਰਿਕ ਭੁਲੱਕੜ ਹੋਣ ਕਾਰਨ ਵਾਅਦਿਆਂ ਦਾ ਬਹੁਤੀ ਦੇਰ ਤਕ ਚੇਤਾ ਨਹੀਂ ਰੱਖਦੇ, ਪਰ ਜਿਨ੍ਹਾਂ ਨੂੰ ਇਹ ਚੇਤਾ ਨਹੀਂ ਭੁੱਲਦਾ, ਉਨ੍ਹਾਂ ਦੇ ਜ਼ਿਹਨ 'ਚੋਂ ਇਹ ਵਾਅਦੇ ਕਦੇ ਨਹੀਂ ਕਿਰਦੇ ਕਿ ਪੰਦਰਾਂ ਲੱਖ ਦੇ ਖੇਡੇ ਗਏ ਫਰਾਡ ਦਾ ਕੀ ਬਣਿਆ, ਹਰ ਸਾਲ ਦੀਆਂ ਦੋ ਕਰੋੜ ਨੌਕਰੀਆਂ ਕਿੱਧਰ ਚਲੇ ਗਈਆਂ ਅਤੇ ਕਾਲੇ ਧਨ ਬਾਰੇ ਬੋਲੇ ਚਿੱਟੇ ਝੂਠ ਦੀਆਂ ਕਹਾਣੀਆਂ ਨੂੰ ਕਿਹੜੇ ਖਾਤੇ ਵਿੱਚ ਪਾਈਏ? ਇਹ ਛੋਟੀ-ਮੋਟੀ ਪਾਰਟੀ ਵੱਲੋਂ ਕੀਤੇ ਗਏ ਵਾਅਦੇ ਨਹੀਂ ਸਨ, ਸਗੋਂ ਉਸ ਦੀ ਤਰਫ਼ ਤੋਂ ਕੀਤੇ ਗਏ, ਜਿਸ ਦੇ ਹੱਥ ਵਿੱਚ ਦੇਸ਼ ਦੀ ਸੱਤਾ ਆ ਗਈ।
    ਲੋਕ ਅੱਜ ਤੱਕ ਮੂੰਹ ਵਿੱਚ ਉਂਗਲਾਂ ਪਾਈ ਫਿਰਦੇ ਹਨ, ਪਰ ਵਾਅਦੇ ਕਰਨ ਵਾਲਿਆਂ ਦੇ ਹੁੰਦਿਆਂ-ਸੁੰਦਿਆਂ ਜਵਾਬ ਦੇਣ ਵਾਲਾ ਕੋਈ ਨਹੀਂ। ਇਨ੍ਹਾਂ ਵਾਅਦਿਆਂ ਸੰਬੰਧੀ ਸਵਾਲ ਕਰਨ ਵਾਲਿਆਂ ਨੂੰ ਤਰ੍ਹਾਂ-ਤਰ੍ਹਾਂ ਦੇ ਤਰੀਕਿਆਂ ਨਾਲ ਦਬਾਇਆ ਜਾਂਦਾ ਹੈ, ਤਾਂ ਕਿ ਉਸ ਦਾ ਮੂੰਹ ਤਾਂ ਬੰਦ ਹੋਵੇ ਹੀ ਹੋਵੇ ਅਤੇ ਦੂਜੇ ਵੀ ਡਰ ਕੇ ਦੱਬੇ ਰਹਿਣ। ਦੇਸ਼ ਦੇ ਹਾਕਮਾਂ ਦਾ ਇਹ ਕੋਈ ਸਭਿਅਕ ਸਲੀਕਾ ਨਹੀਂ, ਜਿਸ ਨੂੰ ਪ੍ਰਵਾਨ ਕੀਤਾ ਜਾ ਸਕੇ।
       ਵਾਅਦੇ ਪੂਰੇ ਨਾ ਕਰਨ ਵਾਲੇ ਨੇਤਾਵਾਂ ਦਾ ਕਿਰਦਾਰ ਨੀਵਾਣਾਂ ਵੱਲ ਕਿਰ ਜਾਂਦਾ ਹੈ ਅਤੇ ਵੱਡਾ ਨਹੀਂ ਰਹਿੰਦਾ। ਅਜਿਹੇ ਨੇਤਾ ਜਨਤਾ ਦੇ ਦਿਲਾਂ 'ਚੋਂ ਉਦੋਂ ਹੀ ਕਿਰ ਜਾਂਦੇ ਹਨ, ਜਦ ਉਹ ਵਾਅਦੇ ਪੂਰੇ ਨਹੀਂ ਕਰਦੇ। ਭੋਲੀ-ਭਾਲੀ ਜਨਤਾ ਨਾਲ ਵਾਅਦਾ-ਖਿਲਾਫ਼ੀ ਉੱਕੀ ਹੀ ਚੰਗੀ ਨਹੀਂ ਹੁੰਦੀ, ਕਿਉਂਕਿ ਉਹ ਨੇਤਾਵਾਂ ਨੂੰ ਉਸ ਕੁਰਸੀ 'ਤੇ ਬਿਠਾ ਦਿੰਦੀ ਹੈ, ਜਿਹੜੀ ਉੱਚੇ ਰੁਤਬੇ ਵਾਲੀ ਹੁੰਦੀ ਹੈ ਅਤੇ ਇਮਾਨਦਾਰੀ ਦੀ ਪ੍ਰਤੀਕ ਵੀ। ਅਜਿਹੀ ਕੁਰਸੀ 'ਤੇ ਬੈਠਣ ਵਾਲਾ ਦਗੇ ਕਰੇ ਇਹ ਤਾਂ ਜ਼ਰਾ ਵੀ ਠੀਕ ਨਹੀਂ।
       2014 ਦੀਆਂ ਚੋਣਾਂ ਸਮੇਂ ਕੀਤੇ ਗਏ ਵਾਅਦੇ ਪਤਾ ਨਹੀਂ ਕਿੱਧਰ ਤਿੱਤਰ ਹੋ ਗਏ ਕਿ ਅੱਜ ਤੱਕ ਸੱਤਾਧਾਰੀਆਂ ਨੂੰ ਯਾਦ ਹੀ ਨਾ ਆਏ। ਲੋਕਾਂ ਦੀ ਉਡੀਕ ਦੇ ਹੈਂਗਰ 'ਤੇ ਹੀ ਲਟਕਦੇ ਰਹਿ ਗਏ, ਜਿਸ ਕਾਰਨ ਕੀਤੇ ਗਏ ਵਾਅਦਿਆਂ 'ਤੇ ਵਾਅਦਿਆਂ ਦਾ ਨਤੀਜਾ ਸਿਫ਼ਰ ਹੋ ਕੇ ਹੀ ਰਹਿ ਗਿਆ। ਚਤਰਾਈ ਨਾਲ ਚੋਣ ਜਿੱਤ ਲਈ ਅਤੇ ਪੰਜ ਸਾਲ ਮੌਜਾਂ ਕਰ ਲਈਆਂ ਪਰ ਹੁਣ ਜਾਗੀ ਹੋਈ ਜਨਤਾ ਵਾਅਦਾ-ਖਿਲਾਫ਼ੀ ਕਰਨ ਵਾਲਿਆਂ ਤੋਂ ਬਦਲਾ ਜ਼ਰੂਰ ਲਵੇਗੀ।


ਪੰਜਾਬ ਦਾ ਸਿਆਸੀ ਦ੍ਰਿਸ਼


ਸਿਆਸੀ ਮਾਹਿਰ ਪੰਜਾਬ ਦੇ ਸਿਆਸੀ ਦ੍ਰਿਸ਼ ਬਾਰੇ ਜੋ ਮਰਜ਼ੀ ਅੰਦਾਜ਼ੇ ਦੱਸਣ, ਪਰ ਇਸ ਵਕਤ ਪੰਜਾਬ ਦੀ ਰਾਜਨੀਤਕ ਹਾਲਤ ਨੂੰ ਇਸ ਕਰਕੇ ਸਮਝਣਾ ਆਸਾਨ ਨਹੀਂ, ਕਿਉਂਕਿ ਸਿਆਸੀ ਪਾਰਟੀਆਂ ਦੇ ਗਠਜੋੜ ਵਿੱਚ ਭੰਬਲਭੂਸਾ ਵੀ ਪਿਆ ਹੋਇਆ ਹੈ ਅਤੇ ਅਨਿਸਚਿਤਤਾ ਵੀ। ਅੱਜ ਕਿਹੜੀ ਪਾਰਟੀ ਕਿਸ ਗਠਜੋੜ ਨਾਲ ਹੈ, ਇਹ ਤਾਂ ਪਤਾ ਹੈ, ਪਰ ਓਹੀ ਪਾਰਟੀ ਕੱਲ੍ਹ ਨੂੰ ਕਿਸ ਨਾਲ ਜਾ ਰਲੇ, ਇਸ ਦਾ ਪਤਾ ਨਹੀਂ।
       ਮੋਟੇ ਤੌਰ 'ਤੇ ਜਾਪ ਰਿਹਾ ਹੈ ਕਿ ਜੇ ਪਾਰਟੀ ਉਮੀਦਵਾਰ ਚੁਣਨ ਬਾਅਦ ਕਾਂਗਰਸ ਦੇ ਨੇਤਾਵਾਂ ਵਿੱਚ ਬਹੁਤੀ ਨਿਰਾਸ਼ਾ ਨਾ ਫੈਲੀ ਅਤੇ ਪਾਰਟੀ ਵਿੱਚ ਏਕਾ ਕਾਇਮ ਰਿਹਾ ਤਾਂ ਲੀਰੋ-ਲੀਰ ਹੋਈਆਂ ਦੂਜੀਆਂ ਪਾਰਟੀਆਂ ਤੋਂ ਕਾਂਗਰਸ ਦਾ ਹੱਥ ਉੱਪਰ ਰਹੇਗਾ। ਅਕਾਲੀ ਦਲ 'ਤੇ ਲੱਗੀਆਂ ਤੋਹਮਤਾਂ ਕਾਰਨ ਉਸ ਨੂੰ ਬਦਨਾਮੀ ਦਾ ਸਾਹਮਣਾ ਕਰਨਾ ਪੈ ਰਿਹਾ, ਜੋ ਵਧਦੀ ਨਜ਼ਰ ਤਾਂ ਆ ਰਹੀ, ਪਰ ਘਟਦੀ ਬਿਲਕੁਲ ਨਹੀਂ।
       ਆਮ ਆਦਮੀ ਪਾਰਟੀ ਦੀ ਪਹਿਲਾਂ-ਪਹਿਲ ਬਹੁਤ ਚੜ੍ਹਤ ਸੀ, ਪਰ ਹੌਲੀ-ਹੌਲੀ ਪਾਰਟੀ ਨਿਘਾਰ ਵੱਲ ਜਾਂਦੀ-ਜਾਂਦੀ ਹੁਣ ਤਾਂ ਲੋਕਾਂ ਦੇ ਦਿਲਾਂ ਵਿੱਚ ਟਿਕੀ ਨਹੀਂ ਰਹਿ ਸਕੀ। ਆਪ ਦੇ ਨੇਤਾਵਾਂ ਦਾ ਪੂਰਾ ਭਰਮ ਹੈ ਕਿ ਪਾਰਟੀ ਦਾ ਗਰਾਫ਼ ਪਹਿਲਾਂ ਨਾਲੋਂ ਵੀ ਚੰਗਾ ਹੈ, ਪਰ ਅਜਿਹਾ ਹੈ ਨਹੀਂ। ਟੋਟੇ-ਟੋਟੇ ਹੋਈ ਕਾਰਨ ਇਸ ਨੂੰ ਬਹੁਤਾ ਹੁੰਗਾਰਾ ਮਿਲਦਾ ਨਹੀਂ ਲੱਗ ਰਿਹਾ। ਦੂਜੇ ਅਕਾਲੀ ਦਲ (ਅ) ਸਿਰਫ਼ ਸੰਗਰੂਰ ਸੀਟ 'ਤੇ ਲੜ ਰਿਹਾ, ਪਰ ਉੱਥੇ ਵੀ ਮੁਕਾਬਲਾ ਸਖ਼ਤ ਹੀ ਹੋਵੇਗਾ। ਦੇਖੋ ਕੀ ਬਣਦੈ?
       ਪੰਜਾਬ ਡੈਮੋਕਰੇਟਿਕ ਗਠਜੋੜ ਵਿੱਚ ਪੰਜਾਬ ਏਕਤਾ ਪਾਰਟੀ, ਪੰਜਾਬ ਮੰਚ, ਲੋਕ ਇਨਸਾਫ਼ ਪਾਰਟੀ, ਬਹੁਜਨ ਸਮਾਜ ਪਾਰਟੀ, ਸੀ ਪੀ ਆਈ ਅਤੇ ਪਾਸਲਾ ਗਰੁੱਪ ਸ਼ਾਮਲ ਹੋਣ ਕਰਕੇ ਆਪ ਤੋਂ ਤਾਂ ਕਿਤੇ ਅਗੇਰੇ ਲੱਗਦਾ ਹੈ, ਪਰ ਨਵਾਂ ਗਠਜੋੜ ਹੋਣ ਕਰਕੇ ਇਹ ਲੋਕਾਂ ਵਿੱਚ ਕਿੰਨੀ ਕੁ ਥਾਂ ਬਣਾਉਂਦਾ ਹੈ, ਇਸ ਨੂੰ ਦੇਖਣ, ਪਰਖਣ ਵਾਸਤੇ ਅਜੇ ਦੇਰ ਲੱਗੇਗੀ। ਬਰਗਾੜੀ ਮੋਰਚੇ ਵਾਲੇ ਇਨ੍ਹਾਂ ਦੀ ਪਿੱਠ 'ਤੇ ਆ ਜਾਣ ਤਾਂ ਇਹ ਜ਼ਰੂਰ ਮੱਲਾਂ ਮਾਰਨਗੇ।
       ਪੰਜਾਬ ਦਾ ਸਿਆਸੀ ਦ੍ਰਿਸ਼ ਉਮੀਦਵਾਰਾਂ ਨੂੰ ਟਿਕਟਾਂ ਮਿਲ ਜਾਣ ਬਾਅਦ ਹੀ ਸਾਫ਼ ਤੇ ਸਪੱਸ਼ਟ ਨਜ਼ਰ ਆਵੇਗਾ। ਉਦੋਂ ਦੇ ਲਾਏ ਅਨੁਮਾਨ ਹੀ ਹਕੀਕਤ ਦੇ ਨੇੜੇ ਪਹੁੰਚਦੇ ਪ੍ਰਤੀਤ ਹੋਣਗੇ। ਸਿਆਸੀ ਪਾਰਟੀਆਂ ਦੇ ਸਾਰੇ ਨੇਤਾ ਆਪੋ-ਆਪਣੇ ਦਾਅਵੇ ਕਰ ਰਹੇ ਹਨ, ਜਿਨ੍ਹਾਂ ਨੂੰ ਸਾਬਤ ਕਰਨ ਲਈ ਬਹੁਤ ਮਿਹਨਤ ਕਰਨੀ ਪਵੇਗੀ। ਜਿਹੜੀ ਪਾਰਟੀ ਮਿਹਨਤ ਕਰ ਗਈ, ਉਸ ਵਾਸਤੇ ਜ਼ਰੂਰ ਚੰਗੇ ਨਤੀਜੇ ਨਿਕਲ ਸਕਣਗੇ। ਜਿਹੜੀਆਂ ਪਾਰਟੀਆਂ ਨੇ ਅਤੀਤ ਵਿੱਚ ਧੋਖਾ ਕੀਤਾ ਹੈ, ਉਨ੍ਹਾਂ ਦਾ ਨਤੀਜਾ ਸਿਫਰ ਰਹਿਣਾ ਚਾਹੀਦਾ ਹੈ ਆਸ ਕੀਤੀ ਜਾਣੀ ਚਾਹੀਦੀ ਹੈ ਕਿ ਉਨ੍ਹਾਂ ਦਾ ਨਤੀਜਾ ਸਿਫ਼ਰ ਹੀ ਰਹੇਗਾ।



ਲਤੀਫ਼ੇ ਦਾ ਚਿਹਰਾ-ਮੋਹਰਾ


ਰਾਮੂ - ਜੋਤਸ਼ੀ ਜੀ, ਇਹ ਲਉ ਤੇ ਦੱਸੋ?
ਝੋਤਸ਼ੀ - ਤੇਰਾ ਨਾਂ ਰਾਮੂ ਹੈ ਤੇ ਦੋ ਲੜਕੇ ਇੱਕ ਪਤਨੀ ਤੇ ਦੋ ਗੁਆਢਣਾਂ
ਰਾਮੂ - ਤੁਸੀਂ ਏਨਾ ਕੁੱਝ ਕਿਵੇਂ ਜਾਣਦੇ ਹੋ?
ਝੋਤਸ਼ੀ - ਅਗਲੀ ਵਾਰ ਜਨਮ ਕੁੰਡਲੀ ਲੈ ਕੇ ਆਉਣਾ, ਰਾਸ਼ਨ ਕਾਰਡ ਨਹੀਂ।

ਸੰਪਰਕ : 98141-13338

17 March 2019