ਰੋਸ ਨਾ ਕੀਜੈ ਉਤਰ ਦੀਜੈ - ਮਹੇਸ਼ਇੰਦਰ ਸਿੰਘ ਮਾਂਗਟ

ਪ੍ਰਕਿਰਤੀ ਦਾ ਨਿਯਮ ਹੈ, ਬੀਜ ਨੇ ਗਰਮਾਇਸ਼ ਦੇ ਨਾਲ ਹੀ ਪੁੰਗਰਨਾ ਹੈ, ਜੇਕਰ ਧਰਤੀ ਵਿਚਲੇ ਬੀਜ ਨੂੰ ਮਿੱਟੀ, ਪਾਣੀ ਤੇ ਗਰਮੀ ਨਸੀਬ ਨਹੀਂ ਹੋਵੇਗੀ ਤਾਂ ਉਸ ਉਸੇ ਹੀ ਤਰ੍ਹਾਂ ਰਹਿ ਜਾਵੇਗਾ ਜਿਸ ਤਰ੍ਹਾਂ ਇੱਕ ਬੀਜ ਨੂੰ ਪੁੰਗਰਨ ਲਈ ਹਵਾ, ਪਾਣੀ, ਮਿੱਟੀ ਤੇ ਗਰਮੀ ਦੀ ਲੋੜ ਹੈ। ਜੀਵਨ ਨੂੰ ਜਿਊਣ ਲਈ ਕੁਲੀ, ਗੁਲੀ ਤੇ ਜੁੱਲੀ ਦੀ ਲੋੜ ਹੁੰਦੀ ਹੈ। ਜਿਸ ਮਨੁੱਖ ਕੋਲ ਇਹ ਤਿੰਨੇ ਸਹੂਲਤਾਂ ਹਨ, ਉਹ ਸੰਸਾਰ ਵਿੱਚ ਆਪਣੇ ਆਪ ਨੂੰ ਜਿਉਂਦਾ ਮਨੁੱਖ ਸਮਝਦਾ ਹੈ। ਜਿਉਂਦੇ ਮਨੁੱਖ ਦਾ ਹੋਣਾ, ਅਸੀਂ ਸੜਕਾਂ, ਘਰਾਂ, ਦਫਤਰਾਂ, ਫੈਕਟਰੀਆਂ, ਪਾਰਕਾਂ, ਅਦਾਰਿਆਂ ਵਿੱਚ ਘੁੰਮਦੇ ਫਿਰਦਿਆਂ ਨੂੰ ਵੇਖ ਕੇ ਕਹਿੰਦੇ ਹਾਂ ਕਿ ਮਨੁੱਖ ਹਨ। ਜਿਹੜੇ ਚੰਗੀ ਜ਼ਿੰਦਗੀ ਜਿਉਂਦੇ ਹਨ। ਜਿਉਂਦੇ ਰਹਿਣ ਲਈ ਘਰ, ਰੋਟੀ ਤੇ ਨੌਕਰੀ ਦੀ ਲੋੜ ਹੁੰਦੀ ਹੈ। ਇਹ ਲੋੜਾਂ ਪੂਰੀਆਂ ਕਰਨ ਲਈ ਅਸੀਂ ਬਚਪਨ ਤੋਂ ਸੰਘਰਸ਼ ਸ਼ੁਰੂ ਕਰ ਦੇਂਦੇ ਹਾਂ। ਇਹ ਸੰਸਾਰ ਤਾਂ ਸਾਡੇ ਜਨਮ ਤੋਂ ਹੀ ਸ਼ੁਰੂ ਹੋ ਜਾਂਦਾ ਹੈ। ਮੁੱਢਲੀ ਪੜ੍ਹਾਈ, ਉਚੇਰੀ ਪੜ੍ਹਾਈ, ਨੌਕਰੀ ਦੀ ਤਲਾਸ਼ ਥਾਂ ਥਾਂ ਦੀ ਭਟਕਣਾ, ਉਸ ਸੰਘਰਸ਼ ਦਾ ਹੀ ਹਿੱਸਾ ਹੁੰਦੀ ਹੈ, ਜਿਹੜੀ ਸਾਨੂੰ ਸਾਡੀ ਪ੍ਰਕ੍ਰਿਤੀ ਸਿਖਾਉਂਦੀ ਹੈ। ਮਸਲਾ ਇਹ ਹੈ ਕਿ ਅਸੀਂ ਪ੍ਰਕਿਰਤੀ ਤੋਂ ਕੁੱਝ ਸਿੱਖਦੇ ਨਹੀਂ। ਅਸੀਂ ਤਾਂ ਅਕਸਰ ਹੀ ਪ੍ਰਕਿਰਤੀ ਨੂੰ ਕਸ਼ਟ, ਭ੍ਰਿਸ਼ਟ, ਦੂਸ਼ਿਤ ਤੇ ਪੁਲੀਤ ਕਰਨ ਉਤੇ ਹੀ ਲੱਗੇ ਰਹਿੰਦੇ ਹਾਂ। ਪ੍ਰਕਿਰਤੀ ਨਾਲ ਕੀਤਾ ਵਿਰੋਧ ਸਾਨੂੰ ਹੀ ਨਹੀਂ,ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ ਭੁਗਤਣਾ ਪੈਂਦਾ ਹੈ।


ਰਸੂਲ ਹਮਜਾਤੋਵ 'ਮੇਰਾ ਦਾਗ਼ਿਸਤਾਨ' ਲਿਖਦੇ ਹਨ-

''ਜੇ ਬੀਤੇ ਉਤੇ ਪਿਸਤੋਲ ਨਾਲ ਗੋਲੀ ਚਲਾਓਗੇ
ਤਾਂ ਭਵਿੱਖ ਤੁਹਾਨੂੰ ਤੋਪ ਨਾਲ ਫੁੰਡੇਗਾ।''


ਇਹ ਅਬੂਤਾਲਿਬ ਦਾ ਕਥਨ ਹੈ। ਜਿਹੜਾ ਸੰਸਾਰ ਦੀ ਹਰ ਥਾਂ ਉਤੇ ਢੁੱਕਦਾ ਹੈ। ਪਰ ਵਰਤਮਾਨ ਵਿੱਚ ਰਹਿੰਦਿਆਂ ਅਸੀਂ ਅਕਸਰ ਹੀ ਆਪਣੇ ਭਵਿੱਖ ਪ੍ਰਤੀ ਉਦਾਸ ਰਹਿੰਦੇ ਹਾਂ, ਜੇਕਰ ਕਾਰੋਬਾਰ ਵਿੱਚ ਘਾਟਾ ਪੈਣ ਲੱਗ ਜਾਵੇ ਤਾਂ ਅਸੀਂ ਨਿਰਾਸ਼ ਹੋ ਜਾਂਦੇ ਹਾਂ। ਨਿਰਾਸ਼ ਹੋਇਆ ਵਿਅਕਤੀ ਆਪਣੇ ਆਪ ਨੂੰ ਦੁੱਖ ਵਿੱਚੋਂ ਕੱਢਣ ਦੀ ਵਜਾਏ, ਉਸ ਦੁੱਖ ਦੀ ਜੜ੍ਹ ਵੱਢਣ ਲਈ ਸੋਚਣ ਲੱਗਦਾ। ਇਹ ਸੋਚਦਾ ਹੋਇਆ, ਉਹ ਪਲ ਪਲ ਨਿੱਤ ਮਰਦਾ ਰਹਿੰਦਾ ਹੈ ਤੇ ਅਖੀਰ ਇੱਕ ਦਿਨ ਆਪਣੇ ਜੀਵਨ ਦੀ ਲੀਲ੍ਹਾ ਨੂੰ ਖਤਮ ਕਰ ਲੈਂਦਾ ਹੈ। ਉਂਝ ਤੇ ਸਾਡੇ ਆਲੇ ਦੁਆਲੇ ਵੈਦ, ਡਾਕਟਰ, ਵਕੀਲ ਤੇ ਜੱਜ ਹਰ ਕੋਈ ਤੁਰਿਆ ਰਹਿੰਦਾ ਹੈ। ਅਸੀਂ ਦੁੱਖ ਦੀਆਂ ਜੜ੍ਹਾਂ ਲੱਭਣ ਦੀ ਵਜਾਏ ਦੁੱਖ ਦੀਆਂ ਟਾਹਣੀਆਂ ਛਾਂਗਣ ਲੱਗਦੇ ਹਾਂ। ਜਦ ਕਿ ਪ੍ਰਕਿਰਤੀ ਦਾ ਇਹ ਨਿਯਮ ਹੈ ਕਿ ਜਿਸ ਟਾਹਣੀ ਨੂੰ ਤੁਸੀਂ ਕੱਟਦੇ ਹੋ, ਉਹ ਉਸ ਤੋਂ ਥੱਲਿਓਂ ਕਈ ਥਾਵਾਂ ਉਤੋਂ ਫੁੱਟ ਪੈਂਦੀ ਹੈ, ਇੱਕ ਦੀ ਵਜਾਏ ਕਈ ਟਾਹਣੀਆਂ ਹੋ ਜਾਂਦੀਆਂ ਹਨ। ਇਹ ਵੀ ਸਿਆਣੇ ਆਖਦੇ ਹਨ ਕਿ 'ਜੇ ਦਰ ਬੰਦ ਹੁੰਦਾ ਹੈ ਤਾਂ ਸੈਂਕੜੇ ਦਰ ਹੋਰ ਖੁੱਲ੍ਹ ਜਾਂਦੇ ਹਨ।' ਅਸੀਂ ਇਹਨਾਂ ਤੱਥਾਂ ਉਤੇ ਵਿਚਾਰ ਕਰਨ ਦੀ ਵਜਾਏ, ਉਨ੍ਹਾਂ ਤੱਥਾਂ ਨੂੰ ਖਤਮ ਕਰਨ ਲੱਗ ਪੈਂਦੇ ਹਾਂ, ਜਿਨ੍ਹਾਂ ਦੇ ਆਸਰੇ ਅਸੀਂ ਕਿਸੇ ਸਿੱਟੇ ਉਤੇ ਪੁਜਣਾ ਹੁੰਦਾ ਹੈ। ਅਸੀਂ ਜਦੋਂ ਸਬੂਤ ਖਤਮ ਕਰਦੇ ਹਾਂ ਤਾਂ ਅਸੀਂ ਆਪਣੇ ਦੁਆਲੇ ਪ੍ਰਸ਼ਨਾਂ ਦੀ ਕੰਡਿਆਲੀ ਵਾੜ ਉਸਾਰ ਲੈਂਦੇ ਹਾਂ। ਫੇਰ ਹਰ ਅੱਖ ਸਾਨੂੰ ਸਵਾਲ ਕਰਦੀ ਨਜ਼ਰ ਆਉਂਦੀ ਹੈ। ਸਿਆਣੇ ਤਾਂ ਇਹ ਵੀ ਆਖਦੇ ਹਨ ਕਿ ਜੋ ਕੂੱਝ ਦਿਖਦਾ ਹੈ, ਨਜ਼ਰ ਆਉਂਦਾ ਹੈ, ਉਹ ਪੂਰਾ ਸੱਚ ਨਹੀਂ ਹੁੰਦਾ। ਪਾਣੀ ਵਿੱਚ ਤਰਦੀ ਬਰਫ਼ ਦਾ ਉਪਰਲਾ ਹੀ ਹਿੱਸਾ ਦਿਖਦਾ ਹੈ, ਪਾਣੀ ਅੰਦਰਲਾ ਹਿੱਸਾ ਸਾਡੀ ਨਜ਼ਰ ਵਿੱਚ ਨਹੀਂ ਆਉਂਦਾ, ਜੋ ਨਜ਼ਰ ਵਿੱਚ ਨਹੀਂ ਆਉਂਦਾ, ਅਸਲ ਸੱਚ ਉਹ ਹੀ ਹੁੰਦਾ ਹੈ, ਜੋ ਦਿਖਦਾ ਹੈ, ਉਹ ਪੂਰਾ ਸੱਚ ਨਹੀਂ ਹੁੰਦਾ।
ਸੱਚ ਦੀ ਭਾਲ ਵਿੱਚ ਤੁਰਿਆ ਮਨੁੱਖ ਅਕਸਰ ਹੀ ਕੁੱਝ ਅਜਿਹੀਆਂ ਥਾਵਾਂ ਉਪਰ ਪੁੱਜ ਜਾਂਦਾ ਹੈ, ਜਿੱਥੇ ਸੱਚ ਦੇ ਲਿਬਾਸ ਵਿੱਚ ਝੂਠ, ਕਪਟ, ਬੇਈਮਾਨੀ ਛਿਪੀ ਹੁੰਦੀ ਹੈ। ਅਕਸਰ ਹੀ ਸਿਆਸੀ ਆਗੂ ਸਾਨੂੰ ਸੱਚ ਦੇ ਬੁਰਕੇ ਦੇ ਅੰਦਰ ਲੁਕੇ ਉਹ ਖੂੰਖਾਰ ਬਘਿਆੜ ਨਜ਼ਰ ਨਹੀਂ ਆਉਂਦੇ। ਜਿਹੜੇ ਉਹ ਅਸਲ ਹੁੰਦੇ ਹਨ। ਸਿਆਸਤ ਵਿੱਚ ਉਹ ਹੀ ਆਗੂ ਸਦਾ ਬਹਾਰ ਰਹਿੰਦਾ ਹੈ, ਜਿਹੜਾ ਆਪਣੇ ਮਨ ਦਾ ਭੇਦ ਆਪਣੇ ਆਪ ਨੂੰ ਵੀ ਨਹੀਂ ਦੇਂਦਾ। ਇਹੋ ਜਿਹਾ ਆਗੂ ਕਹਿਣੀ ਤੇ ਕਥਨੀ ਵਿੱਚ ਅਜਿਹਾ ਅੰਤਰ ਰੱਖਦਾ ਹੈ, ਕਈ ਵਾਰ ਧਰਤੀ ਤੇ ਅਕਾਸ਼ ਅੰਦਰਲਾ ਫਾਸਲਾ ਵੀ ਘੱਟ ਜਾਂਦਾ ਹੈ। ਜਦਕਿ ਉਹ ਆਗੂ ਆਪਣੇ ਆਪ ਨੂੰ ਲੋਕ ਆਗੂ ਅਖਵਾਉਂਦਾ ਹੈ। ਪਰ ਉਹ ਲੋਕਾਂ ਕੋਲੋਂ ਸਦਾ ਹੀ ਦੂਰੀ ਬਣਾਈ ਰੱਖਦਾ ਹੈ।
ਉਂਝ ਤਾਂ ਹਰ ਮਨੁੱਖ ਕਦੀ ਨਾ ਕਦੀ ਆਪਣੇ ਅਸਲੀ ਰੂਪ ਵਿੱਚ ਆ ਹੀ ਜਾਂਦਾ ਹੈ। ਜਦਕਿ ਉਸ ਦਾ ਬਾਹਰੀ ਰੂਪ ਕਈ ਵਾਰ ਅਜਿਹੇ ਭੁਲੇਖੇ ਸਿਰਜਦਾ ਹੈ, ਕਿ ਅਸੀਂ ਉਸ ਦਾ ਅਸਲੀ ਰੂਪ ਦੇਖ ਕੇ ਸੱਚ ਨਹੀਂ ਮੰਨਦੇ। ਸੱਚ ਮੰਨਣ ਤੋਂ ਪਹਿਲਾਂ ਸਾਡੀਆਂ ਅੱਖਾਂ ਉਤੇ ਝੂਠ ਦੀ ਅਜਿਹੀ ਪੱਟੀ ਲਪੇਟੀ ਹੁੰਦੀ ਹੈ ਕਿ ਉਹੀ ਸਾਨੂੰ ਸੱਚ ਨਜ਼ਰ ਆਉਂਦੀ ਹੈ। ਇਹੋ ਜਿਹੇ ਲੋਕ ਧਰਮ, ਸ਼ਰਮ, ਕਰਮ ਦੇ ਨਾਂ ਹੇਠ ਲੋਕਾਂ ਅੰਦਰ ਅਜਿਹੇ ਸੁਪਨੇ ਸਿਰਜਦੇ ਹਨ ਕਿ ਮਨੁੱਖ ਸੁਪਨਿਆਂ ਵਿੱਚ ਗੁਆਚਿਆ ਸਵਰਗ ਦੀਆਂ ਪੌੜੀਆਂ ਚੜ੍ਹਦਾ ਮਹਿਸੂਸ ਕਰਦਾ ਹੈ। ਜਦਕਿ ਅਸੀਂ ਨਾ ਤਾਂ ਸਿਆਸੀ ਲੀਡਰਾਂ, ਧਾਰਮਿਕ ਆਗੂਆਂ ਜਾਂ ਸਰਕਾਰੀ ਤੇ ਗੈਰ ਸਰਕਾਰੀ ਜੱਥੇਬੰਦੀਆਂ ਦੇ ਅਜਿਹੇ ਆਗੂਆਂ ਦੀ ਪਹਿਚਾਣ ਨਹੀਂ ਕਰਦੇ, ਜਿਹੜੇ ਸਾਡੀਆਂ ਭਾਵਨਾਵਾਂ, ਉਮੰਗਾਂ ਤੇ ਚਾਵਾਂ ਦੇ ਅਕਸਰ ਹੀ ਖੇਡੇ ਰਹਿੰਦੇ ਹਨ।
ਅਖਬਾਰਾਂ ਤੇ ਟੀ.ਵੀ. ਚੈਨਲਾਂ ਉਤੇ ਅਸੀਂ ਅਕਸਰ ਹੀ ਅਜਿਹੇ ਮਖੌਟੇਧਾਰੀਆਂ ਦੇ ਧੂੰਆਂਧਾਰ ਭਾਸ਼ਣ ਸੁਣਦੇ ਤੇ ਪੜ੍ਹਦੇ ਹਾਂ। ਪਰ ਜਦੋਂ ਸਰਕਾਰ ਦੀ ਇੱਕ ਘੁਰਕੀ ਵੱਜਦੀ ਹੈ, ਇਹੋ ਜਿਹੇ ਆਗੂ ਅਕਸਰ ਹੀ ਪੂਛ ਚੱਡਿਆਂ ਵਿੱਚ ਦਬਾ ਕੇ ਭੱਜਦੇ ਹਨ। ਫੇਰ ਜਦੋਂ ਅਜਿਹੇ ਆਗੂ ਫੜੇ ਜਾਂਦੇ ਹਨ ਤਾਂ ਇਨ੍ਹਾਂ ਦੀਆਂ ਕਾਲੀਆਂ ਕਰਤੂਤਾਂ ਦੀ ਫਿਲਮ ਐਨੀ ਲੰਬੀ ਹੁੰਦੀ ਹੈ ਕਿ ਵੇਖਦਿਆਂ ਆਦਮੀ ਸਿਰ ਫੜ ਕੇ ਬੈਠ ਜਾਂਦਾ ਹੈ। ਉਹ ਸੋਚਣ ਲੱਗਦਾ ਹੈ ਕਿ ਜਿਨ੍ਹਾਂ ਦੇ ਮਗਰ ਲੱਗ ਕੇ ਉਹ ਸਵਰਗ ਦੀਆਂ ਪੌੜੀਆਂ ਚੜ੍ਹਨ ਦੀ ਸੋਚਦਾ ਸੀ, ਉਹ ਤਾਂ 'ਏਜੰਟ' ਹੀ ਨਿਕਲਿਆ ਹੈ। ਅਜੇ ਕੁੱਝ ਸਮਾਂ ਪਹਿਲਾਂ ਉਹ ਆਦਮੀ ਸੱਤਾਧਾਰੀ ਆਗੂਆਂ ਦੇ ਵਿਰੁੱਧ ਬੋਲਦਾ ਸੀ, ਉਹਨਾਂ ਦੇ ਪਰਦੇ ਚਾਕ ਕਰਦਾ ਸੀ, ਜਦੋਂ ਪੁਲਿਸ ਨੇ ਉਸ ਨੂੰ ਦਬੋਚਿਆ ਤਾਂ ਉਹ ਸੱਤਾਧਾਰੀਆਂ ਦੀ ਬੋਲੀ ਬੋਲਣ ਲੱਗ ਪਿਆ। ਅਜਿਹੇ ਕਿੰਨੇ ਹੀ ਅਖੌਤੀ ਆਗੂ ਸਾਡੇ ਆਲੇ ਦੁਆਲੇ ਵੱਖ ਵੱਖ ਪਹਿਰਾਵਿਆਂ ਵਿੱਚ ਫਿਰਦੇ ਹਨ, ਜਿਹੜੇ ਆਮ ਲੋਕਾਂ ਦੀਆਂ ਭਾਵਨਾਵਾਂ ਦੇ ਨਾਲ ਖਿਲਵਾੜ ਕਰਦੇ ਹਨ। ਅਜਿਹੇ ਆਗੂਆਂ ਦੇ ਜਦੋਂ ਜਦੋਂ ਵੀ ਚਿਹਰੇ ਬੇ-ਨਕਾਬ ਹੁੰਦੇ ਹਨ ਤਾਂ ਲੋਕ ਮੂੰਹ ਵਿੱਚ ਉਂਗਲਾਂ ਲੈਂਦੇ ਹਨ।
ਹੁਣ ਜਦੋਂ ਇਸ ਗੱਲ ਦਾ ਸਭ ਨੂੰ ਗਿਆਨ ਹੈ ਕਿ ਸੂਬਾ ਹਰ ਪਾਸਿਓਂ ਨਿਘਾਰ ਵੱਲ ਵੱਧ ਰਿਹਾ ਹੈ। ਇਹ ਨਿਘਾਰ ਵੱਲ ਕਿਉਂ ਤੇ ਕਿਵੇਂ ਵੱਧ ਰਿਹਾ, ਇਸ ਗੱਲ ਦਾ ਵੀ ਕਿਸੇ ਨੂੰ ਓਹਲਾ ਨਹੀਂ। ਭੁੱਖਮਰੀ, ਬੇਰੁਜਗਾਰੀ, ਵਿਗੜ ਰਹੀ ਸਿਹਤ, ਦੂਸ਼ਿਤ ਹੋ ਰਿਹਾ ਵਾਤਾਵਰਨ, ਵੱਧ ਰਿਹਾ ਭ੍ਰਿਸ਼ਟਾਚਾਰ ਸਭ ਉਨ੍ਹਾਂ ਸੱਤਾਧਾਰੀਆਂ ਦੀ ਮਿਹਰਬਾਨੀ ਸਦਕਾ ਹੋ ਰਿਹਾ ਹੈ, ਜਿਹੜੇ ਸੁਪਨੇ ਤਾਂ ਕੈਲੇਫੋਰਨੀਆਂ ਬਣਾਉਣ ਦੇ ਦਿਖਾਉਂਦੇ ਹਨ ਤੇ ਲੋਕਾਂ ਨੂੰ ਤੋਲਿਆਂ ਦੇ ਭਾਅ ਰੇਤਾ ਵੇਚਦੇ ਹਨ। ਸੂਬੇ ਅੰਦਰ ਮਾਈਨਿੰਗ ਦੇ ਉਪਰ ਰੋਕ ਲੱਗੀ ਹੋਈ ਹੈ। ਪਰ ਇਹ ਰੋਕ ਆਮ ਲੋਕਾਂ ਲਈ ਹੈ- ਖਾਸ ਲੋਕ ਤਾਂ ਇਸ ਦਾ ਵਪਾਰ ਕਰਦੇ ਹਨ। ਇਸੇ ਧੰਦੇ ਦੇ ਪਰਦੇ ਚਾਕ ਕਰਨ ਵਾਲਾ ਇੱਕ ਪੱਤਰਕਾਰ ਰੇਤ ਮਾਫੀਆ ਨੇ ਮਾਰ ਦਿੱਤਾ ਸੀ। ਉਸ ਦੇ ਕਾਤਲ ਸ਼ਰੇਆਮ ਘੁੰਮਦੇ ਹਨ। ਕਿਸੇ ਅੰਦਰ ਜਦੋਂ ਗੁੱਸਾ ਵਧਦਾ ਹੈ ਤਾਂ ਉਹ ਉਸ ਗੁੱਸੇ ਨੂੰ ਕੱਢਣ ਲਈ ਕੋਈ ਨਾ ਕੋਈ ਢੰਗ ਤਰੀਕਾ ਅਪਣਾਉਂਦਾ ਹੈ। ਜਿਸ ਉਪਰ ਉਹ ਆਪਣਾ ਗੱਸਾ ਕੱਢਦਾ ਹੈ, ਉਸ ਦੇ ਗੁੱਸੇ ਦੇ ਕਾਰਨ ਨੂੰ ਸਮਝਦਾ ਹੋਇਆ ਵੀ ਉਸ ਦਾ ਵਿਰੋਧ ਕਰਦਾ ਹੈ। ਉਸ ਨੂੰ ਸਬਕ ਸਿਖਾਉਣ ਲਈ ਸੱਤਾਧਾਰੀ ਪੁਿਲਸ ਤੇ ਕਾਨੂੰਨ ਦਾ ਸਹਾਰਾ ਲੈਂਦਾ ਹੈ, ਉਸ ਵਿਰੁੱਧ ਅਨੇਕਾਂ ਧਾਰਾਵਾਂ ਲਗਾ ਕੇ ਉਸ ਨੂੰ ਸੀਖਾਂ ਦੇ ਪਿੱਛੇ ਬੰਦ ਕਰਦਾ ਹੈ, ਪਰ ਜਦੋਂ ਉਹੋ ਜਿਹੀ ਗੱਲ ਉਸ ਦਾ ਆਪਣਾ ਕਿਸੇ ਵਿਰੋਧੀ ਦੇ ਵਿਰੁੱਧ ਕਰਦਾ ਹੈ, ਉਸ ਨੂੰ ਸਨਮਾਨਿਤ ਕੀਤਾ ਜਾਂਦਾ ਹੈ। ਇਹ ਦੋਹਰੀ ਨੀਤੀ ਦੀਆਂ ਗੱਲਾਂ ਨੇ ਅੱਜ ਸੋਸ਼ਲ ਮੀਡੀਏ ਉਤੇ 'ਵਿਕਰਮ ਜੁੱਤੀ' ਮੁਹਿੰਮ ਸ਼ੁਰੂ ਕੀਤੀ ਹੈ, ਜਿਸ ਨੇ ਨੌਜੁਆਨਾਂ ਅੰਦਰ ਵਧ ਰਹੇ ਜੁਆਲਾਮੁਖੀ ਨੂੰ ਰੋਕਿਆ ਨਹੀਂ ਜਾ ਸਕੇਗਾ। ਸੋ ਇਸ ਲਈ ਸੱਤਾਧਾਰੀਆਂ ਨੂੰ ਚਾਹੀਦਾ ਹੈ ਕਿ ਉਹ ਇਸ ਦਾ ਉਤਰ ਸੋਚ ਵਿਚਾਰ ਕੇ ਦੇਣ। ਨਹੀਂ ਤਾਂ ਉਹ ਦਿਨ ਦੂਰ ਨਹੀਂ, ਜਦੋਂ ਜੁੱਤੀ ਦੀ ਥਾਂ ਉਤੇ ਕਿਸੇ ਨੇ ਹਥਿਆਰ ਚੁੱਕ ਲਿਆ ਤਾਂ ਕਹਾਣੀ ਬਦਲ ਜਾਵੇਗੀ।

ਮਹੇਸ਼ਇੰਦਰ ਸਿੰਘ ਮਾਂਗਟ
Mobile No. 98551 30695

17 March 2019