ਨਿਊਜ਼ੀਲੈਂਡ ਵਿੱਚ ਵਾਪਰੇ ਕਹਿਰ ਮਗਰੋਂ ਸੰਸਾਰ ਦੇ ਅਮਨ ਪਸੰਦਾਂ ਨੂੰ ਨਵੇਂ ਸਿਰੇ ਤੋਂ ਸੋਚਣਾ ਪਵੇਗਾ - ਜਤਿੰਦਰ ਪਨੂੰ

ਸਮਾਂ ਸ਼ੁੱਕਰਵਾਰ ਦੇ ਵੱਡੇ ਤੜਕੇ ਦਾ ਸੀ, ਜਦੋਂ ਇਹ ਖਬਰ ਉੱਠਦੇ ਸਾਰ ਮਿਲੀ ਕਿ ਮੁੰਬਈ ਵਿੱਚਲੇ ਇੱਕ ਰੇਲ ਸਟੇਸ਼ਨ ਦਾ ਫੁੱਟ ਓਵਰ ਬਰਿੱਜ ਡਿੱਗ ਪਿਆ ਤੇ ਅੱਧੀ ਦਰਜਨ ਤੋਂ ਵੱਧ ਲੋਕ ਮਾਰੇ ਗਏ ਹਨ। ਨਾਲ ਹੀ ਇਹ ਜ਼ਿਕਰ ਵੀ ਉਚੇਚ ਨਾਲ ਕੀਤਾ ਜਾ ਰਿਹਾ ਸੀ ਕਿ ਇਸ ਸਟੇਸ਼ਨ ਨੂੰ ਇਸ ਦੇ ਅਸਲੀ ਨਾਂਅ ਦੀ ਥਾਂ 'ਕਸਾਬ ਸਟੇਸ਼ਨ' ਕਹਿ ਕੇ ਇਸ ਲਈ ਗੱਲ ਕੀਤੀ ਜਾਂਦੀ ਹੈ ਕਿ ਜਦੋਂ ਸਾਢੇ ਦਸ ਸਾਲ ਪਹਿਲਾਂ ਮੁੰਬਈ ਵਿੱਚ ਵੱਡਾ ਦਹਿਸ਼ਤਗਰਦ ਹਮਲਾ ਹੋਇਆ ਸੀ ਤਾਂ ਓਦੋਂ ਅਜਮਲ ਆਮਿਰ ਕਸਾਬ ਨੇ ਏਥੋਂ ਹੀ ਗੋਲੀਆਂ ਦਾ ਮੀਂਹ ਵਰ੍ਹਾਉਣਾ ਸ਼ੁਰੂ ਕੀਤਾ ਸੀ। ਦਿਨ ਚੜ੍ਹੇ ਜਦੋਂ ਇੱਕ ਮਿੱਤਰ ਨਾਲ ਇਸ ਘਟਨਾ ਦੀ ਚਰਚਾ ਕਰ ਰਹੇ ਸਾਂ ਤਾਂ ਉਸ ਨੇ ਨਾਰਾਜ਼ਗੀ ਨਾਲ ਕਿਹਾ ਕਿ ਗਲਤੀ ਰੇਲਵੇ ਅਫਸਰਾਂ ਦੀ ਹੈ ਤਾਂ ਇਸ ਘਟਨਾ ਨਾਲ ਕਸਾਬ ਦਾ ਜ਼ਿਕਰ ਕਰ ਕੇ ਪੁਰਾਣੀ ਕਹਾਣੀ ਪਾਈ ਜਾਣੀ ਠੀਕ ਨਹੀਂ ਲੱਗਦੀ। ਅਸੀਂ ਅੱਗੋਂ ਆਖਿਆ ਸੀ ਕਿ ਸਾਨੂੰ ਵੀ ਠੀਕ ਨਹੀਂ ਲੱਗਦੀ, ਪਰ ਜਿਨ੍ਹਾਂ ਦੇ ਘਰਾਂ ਦੇ ਜੀਅ ਮਾਰੇ ਜਾਂਦੇ ਹਨ, ਉਹ ਵਿਆਹ ਮੌਕੇ ਵੀ ਮਰਿਆਂ ਨੂੰ ਯਾਦ ਕਰਨ ਤੋਂ ਨਹੀਂ ਰਹਿ ਸਕਦੇ, ਏਥੇ ਤਾਂ ਫਿਰ ਕੁਝ ਲੋਕ ਮਾਰੇ ਗਏ ਅਤੇ ਮੌਕਾ ਸੋਗ ਦਾ ਹੈ। ਓਦੋਂ ਤੱਕ ਸੋਚਿਆ ਵੀ ਨਹੀਂ ਸੀ ਕਿ ਅੱਜ ਦਾ ਦਿਨ ਹੋਰ ਵੀ ਸੋਗੀ ਖਬਰ ਲਿਆਉਣ ਵਾਲਾ ਹੈ। ਇਹ ਖਬਰ ਨਿਊਜ਼ੀਲੈਂਡ ਤੋਂ ਆਈ ਹੈ।
ਨਿਊਜ਼ੀਲੈਂਡ ਸਾਡੀ ਦੁਨੀਆ ਦੇ ਬਹੁਤ ਅਮਨ ਪਸੰਦ ਮਾਹੌਲ ਵਾਲੇ ਦੇਸ਼ਾਂ ਵਿੱਚੋਂ ਇੱਕ ਹੈ। ਏਥੇ ਪਹਿਲਾਂ ਏਦਾਂ ਦੀ ਕੋਈ ਮੰਦੀ ਘਟਨਾ ਵਾਪਰੀ ਹੋਵੇ, ਸਾਡੇ ਚੇਤੇ ਵਿੱਚ ਨਹੀਂ ਆਈ। ਦੇਸ਼ ਦੇ ਪ੍ਰਮੁੱਖ ਸ਼ਹਿਰ ਕਰਾਈਸਟ ਚਰਚ ਵਿੱਚ ਇੱਕ ਸਿਰਫਿਰੇ ਕਿਸਮ ਦਾ ਆਦਮੀ ਪਾਰਕਿੰਗ ਵਿੱਚੋਂ ਨਿਕਲਿਆ ਤਾਂ ਆਪਣੀ ਆਟੋਮੈਟਿਕ ਰਾਈਫਲ ਦੇ ਨਾਲ ਮੌਤ ਦਾ ਛਾਣਾ ਦੇਂਦਾ ਤੁਰਿਆ ਗਿਆ। ਬਾਅਦ ਵਿੱਚ ਖਬਰ ਆਈ ਕਿ ਮੌਤਾਂ ਪੰਜਾਹ ਨੂੰ ਪਹੁੰਚ ਗਈਆਂ ਹਨ। ਇੱਕੋ ਥਾਂ ਏਨੇ ਮਨੁੱਖਾਂ ਦਾ ਮਰਨਾ ਅਤੇ ਉਹ ਵੀ ਇੱਕ ਜਨੂੰਨੀ ਵੱਲੋਂ ਅਚਾਨਕ ਹਮਲਾ ਕਰ ਕੇ ਮਾਰ ਦੇਣਾ ਸਮੁੱਚੇ ਸੰਸਾਰ ਦੇ ਲੋਕਾਂ ਨੂੰ ਸੁੰਨ ਕਰ ਦੇਣ ਵਾਲਾ ਤੇ ਮਨੁੱਖਤਾ ਦੇ ਖਤਰਿਆਂ ਨੂੰ ਉਭਾਰ ਕੇ ਪੇਸ਼ ਕਰਨ ਵਾਲਾ ਹੈ। ਇਸ ਬਾਰੇ ਸੰਸਾਰ ਨੂੰ ਮਿਲ ਕੇ ਸੋਚਣਾ ਹੋਵੇਗਾ।
ਅਸੀਂ ਭਾਰਤੀ ਲੋਕਾਂ ਨੇ ਕਈ ਰੰਗਾਂ ਦੀ ਦਹਿਸ਼ਤਗਰਦੀ ਨੂੰ ਵੱਖ-ਵੱਖ ਮੌਕਿਆਂ ਉੱਤੇ ਭੁਗਤਿਆ ਹੋਇਆ ਤੇ ਇਸ ਦੀ ਗੰਭੀਰਤਾ ਨੂੰ ਜਾਣਦੇ ਹਾਂ। ਜਿਹੜੇ ਪੱਛਮੀ ਦੇਸ਼ਾਂ ਨੇ ਪਹਿਲਾਂ ਇਸ ਨੂੰ 'ਬਸੰਤਰ' ਸਮਝਿਆ ਸੀ, ਸਮੇਂ ਨੇ ਉਨ੍ਹਾਂ ਨੂੰ ਵੀ ਇਸ ਦੀ ਗੰਭੀਰਤਾ ਸਮਝਾ ਦਿੱਤੀ ਹੈ। ਅੱਜ ਉਹ ਇਸ ਬਾਰੇ ਵੱਖਰੀ ਬੋਲੀ ਬੋਲ ਰਹੇ ਹਨ। ਕੋਈ ਏਦਾਂ ਦਾ ਵਕਤ ਵੀ ਸੀ, ਜਦੋਂ ਭਾਰਤ ਵਿੱਚ ਲੋਕ ਮਰਿਆ ਕਰਦੇ ਸਨ, ਉਨ੍ਹਾਂ ਨੂੰ ਅਣਿਆਈ ਮੌਤੇ ਮਾਰਿਆ ਜਾਂਦਾ ਸੀ ਅਤੇ ਕਈ ਦੇਸ਼ਾਂ ਵਿੱਚ ਇਸ ਤਰ੍ਹਾਂ ਕਰਨ ਵਾਲਿਆਂ ਨੂੰ ਪੱਕੀ ਪਨਾਹ ਦਿੱਤੀ ਜਾਂਦੀ ਸੀ। ਫਿਰ ਸਮਾਂ ਬਦਲਣ ਲੱਗ ਪਿਆ। ਇੱਕ ਸਮੇਂ ਰੂਸ ਵਿੱਚ ਕਤਲਾਂ ਦੀ ਝੜੀ ਲਾਉਣ ਵਾਲਿਆਂ ਨੂੰ ਅਮਰੀਕਾ ਦੀ ਸਰਕਾਰ ਇਸ ਲਈ ਪਨਾਹ ਦੇ ਰਹੀ ਸੀ ਕਿ ਉਹ ਉਸ ਦੇ ਪੁਰਾਣੇ ਦੁਸ਼ਮਣ ਦਾ ਜੀਣਾ ਹਰਾਮ ਕਰਦੇ ਤੇ ਇੱਕ ਤਰ੍ਹਾਂ ਉਹ ਕੰਮ ਕਰਦੇ ਹਨ, ਜਿਹੜਾ ਇਨ੍ਹਾਂ ਦੇ ਫਾਇਦੇ ਵਿੱਚ ਜਾਂਦਾ ਸੀ। ਸਥਿਤੀ ਵਿੱਚ ਮੋੜਾ ਓਦੋਂ ਪਿਆ, ਜਦੋਂ ਇੱਕ ਵਾਰ ਇੱਕ ਮੈਰਾਥਨ ਦੌੜ ਦੇ ਅੰਤ ਉੱਤੇ ਕੁਝ ਬੰਬ ਚੱਲ ਗਏ ਤੇ ਕੁਝ ਲੋਕਾਂ ਦੇ ਮਾਰੇ ਜਾਣ ਦੀ ਖਬਰ ਆ ਗਈ। ਕਤਲਾਂ ਦੀ ਪੈੜ ਕੋਸੋਵੋ ਤੋਂ ਆਏ ਰੂਸ ਵਿਰੋਧੀ ਸ਼ਰਨਾਰਥੀਆਂ ਤੱਕ ਪਹੁੰਚ ਗਈ ਤਾਂ ਓਦੋਂ ਰੂਸ ਦੀ ਸਰਕਾਰ ਨੇ ਕਿਹਾ ਕਿ ਸੱਪ ਪਾਲਣ ਦਾ ਇਹੋ ਨੁਕਸਾਨ ਹੁੰਦਾ ਹੈ। ਇੱਕ ਸਮੇਂ ਓਸਾਮਾ ਬਿਨ ਲਾਦੇਨ ਨੂੰ ਵੀ ਅਮਰੀਕਾ ਨਾਲ ਮਿਲ ਕੇ ਚੱਲਣ ਵਾਲੇ ਪਾਕਿਸਤਾਨ ਦੀ ਸਰਕਾਰ ਨੇ ਪਾਲਿਆ ਸੀ, ਪਰ ਸਮਾਂ ਪਾ ਕੇ ਅਮਰੀਕਾ ਦੇ ਵਰਲਡ ਟਰੇਡ ਸੈਂਟਰ ਦੇ ਟਾਵਰਾਂ ਉੱਤੇ ਜਹਾਜ਼ਾਂ ਦੀਆਂ ਟੱਕਰਾਂ ਮਰਵਾਉਣ ਦਾ ਕੰਮ ਵੀ ਓਸੇ ਨੇ ਕੀਤਾ ਸੀ। ਤਾਲਿਬਾਨ ਨੂੰ ਤਿਆਰ ਕਰਨ ਵਾਲਾ ਕੰਮ ਪਾਕਿਸਤਾਨ ਦੀਆਂ ਸਰਕਾਰਾਂ ਦੇ ਲਗਭਗ ਸਾਰੇ ਮੁਖੀਆਂ ਅਤੇ ਫੌਜ ਦੇ ਸਾਰੇ ਜਰਨੈਲਾਂ ਨੇ ਕੀਤਾ ਸੀ, ਪਰ ਭੁੱਲ ਕਰ ਜਾਣ ਦਾ ਅਹਿਸਾਸ ਓਦੋਂ ਹੋਇਆ ਸੀ, ਜਦੋਂ ਉਨ੍ਹਾਂ ਹੀ ਤਾਲਿਬਾਨ ਦੇ ਇੱਕ ਗਰੁੱਪ ਨੇ ਪੇਸ਼ਾਵਰ ਦੇ ਮਿਲਟਰੀ ਸਕੂਲ ਉੱਤੇ ਹਮਲਾ ਕਰ ਕੇ ਡੇਢ ਸੌ ਦੇ ਕਰੀਬ ਬੱਚੇ ਮਾਰ ਦਿੱਤੇ ਸਨ। ਉਸ ਦੇ ਅਗਲੇ ਦਿਨ ਪਹਿਲੀ ਵਾਰ ਪਾਕਿਸਤਾਨ ਸਰਕਾਰ ਦੇ ਮੁਖੀ ਨਵਾਜ਼ ਸ਼ਰੀਫ ਨੇ ਇਹ ਕਿਹਾ ਸੀ ਕਿ ਅੱਜ ਤੋਂ ਸਾਡੇ ਲਈ ਕੋਈ ਚੰਗੇ ਅੱਤਵਾਦੀ ਨਹੀਂ ਤੇ ਕੋਈ ਮਾੜੇ ਅੱਤਵਾਦੀ ਨਹੀਂ, ਸਾਰੇ ਇੱਕੋ ਜਿਹੇ ਮੰਨੇ ਜਾਣਗੇ। ਸਾਫ ਹੈ ਕਿ ਉਸ ਤੋਂ ਪਹਿਲਾਂ ਉਹ ਭਾਰਤ ਉੱਤੇ ਹਮਲੇ ਕਰਨ ਵਾਲੇ ਅੱਤਵਾਦੀਆਂ ਨੂੰ ਚੰਗੇ ਸਮਝਦੇ ਰਹੇ ਸਨ ਤੇ ਓਦੋਂ ਪਹਿਲੀ ਵਾਰੀ ਗਲਤੀ ਦਾ ਅਹਿਸਾਸ ਹੋਇਆ ਸੀ। ਫਿਰ ਵੀ ਅਹਿਸਾਸ ਹੀ ਹੋਇਆ ਸੀ, ਗਲਤੀ ਸੁਧਾਰਨ ਦਾ ਕੰਮ ਨਹੀਂ ਸੀ ਕੀਤਾ ਗਿਆ। ਉਹ ਏਦਾਂ ਦਾ ਕੰਮ ਫਿਰ ਵੀ ਕਰਦੇ ਰਹੇ ਸਨ।
ਦਹਿਸ਼ਤਗਰਦ ਪਹਿਲਾਂ ਭਾਰਤ ਵਿੱਚ ਸੱਥਰ ਵਿਛਾਇਆ ਕਰਦੇ ਸਨ, ਫਿਰ ਅਮਰੀਕਾ ਤੇ ਉਸ ਦੇ ਬਾਅਦ ਫਰਾਂਸ ਅਤੇ ਹੋਰ ਪੱਛਮੀ ਦੇਸ਼ਾਂ ਦੇ ਵਿੱਚ ਵੀ ਇਹੋ ਕੁਝ ਕਰਨ ਲੱਗ ਪਏ। ਬ੍ਰਿਟੇਨ ਦੇ ਮਾਨਚੈਸਟਰ ਵਿੱਚ ਇੱਕ ਸੰਗੀਤ ਪ੍ਰੋਗਰਾਮ ਮੌਕੇ ਜਿਹੜਾ ਕਹਿਰ ਉਨ੍ਹਾਂ ਮਚਾਇਆ ਸੀ, ਉਹ ਓਥੋਂ ਦੇ ਲੋਕ ਭੁੱਲਣ ਨਹੀਂ ਲੱਗੇ। ਜਿਵੇਂ ਸਾਨੂੰ ਰੇਲਵੇ ਸਟੇਸ਼ਨ ਦੇਖਣ ਦੇ ਨਾਲ ਅਜਮਲ ਆਮਿਰ ਕਸਾਬ ਚੇਤੇ ਆਉਂਦਾ ਹੈ, ਬ੍ਰਿਟਿਸ਼ ਲੋਕਾਂ ਨੂੰ ਉਵੇਂ ਹੀ ਮਾਨਚੈਸਟਰ ਜਾਂ ਉਸ ਦਿਨ ਓਥੇ ਲੋਕਾਂ ਦਾ ਮਨੋਰੰਜਨ ਕਰਨ ਵਾਲੇ ਕਲਾਕਾਰ ਦਾ ਨਾਂਅ ਸੁਣਦੇ ਸਾਰ ਉਸ ਦਿਨ ਵਾਲਾ ਕਹਿਰ ਚੇਤੇ ਆਵੇਗਾ। ਇਹ ਸੁਭਾਵਕ ਸਥਿਤੀ ਹੈ ਕਿ ਏਦਾਂ ਦੇ ਕਹਿਰ ਦੀ ਨਾ ਪੀੜ ਭੁਲਾਈ ਜਾ ਸਕਦੀ ਹੈ, ਨਾ ਉਸ ਦੇ ਦਾਗ ਮਿਟ ਸਕਦੇ ਹਨ।
ਅੱਜ ਹਮਲਾ ਨਿਊਜ਼ੀਲੈਂਡ ਵਿੱਚ ਹੋਇਆ ਹੈ। ਇਹ ਸੰਸਾਰ ਦੇ ਬਹੁਤ ਪ੍ਰਸਿੱਧ ਅਮਨ ਪਸੰਦ ਦੇਸ਼ਾਂ ਵਿੱਚ ਗਿਣਿਆ ਜਾਂਦਾ ਸੀ, ਪਰ ਇਸ ਹਮਲੇ ਨੇ ਇਹੋ ਜਿਹੇ ਜ਼ਖਮ ਦਿੱਤੇ ਹਨ, ਜਿਹੜੇ ਉਸ ਦੇਸ਼ ਦੇ ਲੋਕਾਂ ਤੋਂ ਭੁਲਾਏ ਨਹੀਂ ਜਾ ਸਕਣੇ ਤੇ ਇਨ੍ਹਾਂ ਦੀ ਪੀੜ ਚਿਰਾਂ ਤੱਕ ਉਨ੍ਹਾਂ ਲੋਕਾਂ ਨੂੰ ਰੜਕਦੀ ਰਹੇਗੀ। ਬਦਕਿਸਮਤੀ ਨਾਲ ਅੱਜ ਵੀ ਕੁਝ ਦੇਸ਼ਾਂ ਦੇ ਹਾਕਮ ਸਮਝ ਰਹੇ ਹਨ ਕਿ ਇਹ ਬੇਗਾਨੇ ਘਰਾਂ ਵਿੱਚ ਮੱਚਦੀ ਬਸੰਤਰ ਹੈ, ਅੱਗ ਨਹੀਂ ਜਾਪ ਰਹੀ। ਉਨ੍ਹਾਂ ਵਿੱਚੋਂ ਇੱਕ ਚੀਨ ਹੈ। ਦੁੱਖ ਦੀ ਗੱਲ ਹੈ ਕਿ ਸੰਸਾਰ ਦੀ ਇੱਕ ਪ੍ਰਮੁੱਖ ਆਰਥਿਕ ਮਹਾਂਸ਼ਕਤੀ ਬਣ ਚੁੱਕਾ ਇਹ ਦੇਸ਼ ਆਪਣੇ ਪੈਰਾਂ ਹੇਠ ਮਘ ਰਹੀ ਅੱਗ ਦਾ ਸੇਕ ਵੀ ਮਹਿਸੂਸ ਨਹੀਂ ਕਰਦਾ ਪਿਆ। ਉਹ ਪਾਕਿਸਤਾਨੀ ਸਰਕਾਰ ਦਾ ਹਮਦਰਦ ਬਣ ਕੇ ਚੱਲਦਾ ਤੇ ਸਮੁੱਚੇ ਸੰਸਾਰ ਦੇ ਨਾਲ ਖੜੋ ਕੇ ਦਹਿਸ਼ਤਗਰਦੀ ਦੀ ਨਿੰਦਾ ਕਰਨ ਨੂੰ ਤਿਆਰ ਨਹੀਂ। ਉਸ ਦੇ ਆਪਣੇ ਸਿਨਕਿਆਂਗ ਸੂਬੇ ਦੀ ਹਾਲਤ ਇਹ ਮੁੜ-ਮੁੜ ਕਹਿ ਰਹੀ ਹੈ ਕਿ ਇਸਲਾਮੀ ਦਹਿਸ਼ਤਗਰਦੀ ਦਾ ਇੱਕ ਰੂਪ ਉਸ ਦੇਸ਼ ਵਿੱਚ ਊਈਗਰ ਵਾਲੇ ਰੂਪ ਵਿੱਚ ਸਿਰ ਚੁੱਕ ਰਿਹਾ ਹੈ, ਉਸ ਨੂੰ ਕੰਟਰੋਲ ਕਰਨ ਦੀ ਲੋੜ ਹੈ। ਦਹਿਸ਼ਤਗਰਦੀ ਕਦੀ ਵੱਖੋ-ਵੱਖ ਥਾਂਈਂ ਮੋਰਚੇ ਬਣਾ ਕੇ ਨਹੀਂ ਠੱਲ੍ਹੀ ਜਾ ਸਕਦੀ। ਜੇ ਇਸ ਤੋਂ ਬਚਣਾ ਹੈ ਤਾਂ ਸਾਰੀ ਦੁਨੀਆ ਦੇ ਅਮਨ ਪਸੰਦਾਂ ਨੂੰ ਸਿਰ ਜੋੜਨੇ ਪੈਣਗੇ।

17 March 2019