ਚੁੰਝਾਂ-ਪ੍ਹੌਂਚੇ - ਨਿਰਮਲ ਸਿੰਘ ਕੰਧਾਲਵੀ

19 March 2019

ਬਠਿੰਡਾ ਤੋਂ ਚੋਣ ਲੜਨ ਦਾ ਮਕਸਦ ਸਿਰਫ਼ ਹਰਸਿਮਰਤ ਬਾਦਲ ਨੂੰ ਟੱਕਰ ਦੇਣਾ- ਖਹਿਰਾ
ਮੇਰਾ ਕੰਮ ਨਾ ਗਲ਼ੀ ਦੇ ਵਿਚ ਕੋਈ, ਆਵਾਂ ਜਾਵਾਂ ਤੇਰੇ ਬਦਲੇ।

ਪ੍ਰਿਯੰਕਾ ਗਾਂਧੀ ਪੂਰੇ ਜੋਸ਼ ਨਾਲ਼ ਉੱਤਰੀ ਉੱਤਰ ਪ੍ਰਦੇਸ਼ ਦੇ ਚੋਣ ਮੈਦਾਨ 'ਚ- ਇਕ ਖ਼ਬਰ
ਵੈਰਨ ਮੁੰਡਿਆਂ ਦੀ ਜਿਹੜੀ ਘੁੱਟਵੀਂ ਸੁੱਥਣ ਵਿਚ ਰਹਿੰਦੀ।

ਕੋਲਿਆਂਵਾਲੀ ਨੂੰ ਘੇਰਨ ਲਈ ਵਿਜੀਲੈਂਸ ਟੀਮਾਂ ਨੇ ਖਿੱਚੀ ਤਿਆਰੀ- ਇਕ ਖ਼ਬਰ
ਅੱਗੇ ਤਾਂ ਟੱਪਦਾ ਸੀ ਨੌਂ ਨੌਂ ਕੋਠੇ, ਹੁਣ ਨਹੀਂ ਟਪੀਂਦੀਆਂ ਖਾਈਆਂ।

ਅਕਾਲੀ ਦਲ ਇਕੱਲਿਆਂ ਲੜੇਗਾ ਲੋਕ ਸਭਾ ਚੋਣਾਂ, 'ਆਪ' ਨਾਲ਼ ਗੱਲਬਾਤ ਤੋੜੀ- ਬ੍ਰਹਮਪੁਰਾ
ਘੜਾ ਚੁੱਕ ਲਊਂ ਪੱਟਾਂ 'ਤੇ ਹੱਥ ਧਰ ਕੇ, ਖ਼ਸਮਾਂ ਨੂੰ ਖਾਣ ਕੁੜੀਆਂ।

ਪ੍ਰਧਾਨ ਦੀ ਚੋਣ ਸਮੇਂ ਮੰਦਰ ਬਣਿਆ ਯੁੱਧ ਦਾ ਅਖਾੜਾ- ਇਕ ਖ਼ਬਰ
ਗੁਆਂਢ ਦਾ ਰੂਪ ਨਹੀਂ ਆਉਂਦਾ, ਮੱਤ ਤਾਂ ਆ ਈ ਜਾਂਦੀ ਐ।

ਅਕਾਲੀ ਦਲ ਦੀ ਰੈਲੀ ਮਗਰੋਂ ਸ਼ਰਾਬ ਵਰਤਾਉਣ ਸਬੰਧੀ ਚੋਣ ਕਮਿਸ਼ਨ ਵਲੋਂ ਰਿਪੋਰਟ ਤਲਬ-ਇਕ ਖ਼ਬਰ
ਚੋਣ ਕਮਿਸ਼ਨ ਜੀ ! ਅਕਾਲੀ ਵਿਚਾਰੇ ਤਾਂ ਸਰਕਾਰੀ ਖ਼ਜ਼ਾਨੇ ਦੀ ਮਦਦ ਕਰ ਰਹੇ ਸੀ।

ਮਸੂਦ ਨੂੰ ਕੌਮਾਂਤਰੀ ਅੱਤਵਾਦੀ ਐਲਾਨਣ 'ਚ ਚੀਨ ਨੇ ਫਿਰ ਪਾਇਆ ਅੜਿੱਕਾ- ਇਕ ਖ਼ਬਰ
ਤੇਰੀ ਆਈ ਮੈਂ ਮਰ ਜਾਂ, ਤੇਰਾ ਵਾਲ਼ ਵੀ ਵਿੰਗਾ ਨਾ ਹੋਵੇ॥

ਸੌਦਾ ਸਾਧ ਦੇ ਹੱਕ 'ਚ ਮੁਜ਼ਾਹਰਾ ਕਰਨ ਵਾਲੇ ਲੌਂਗੋਵਾਲ ਤੋਂ ਮੰਗਿਆ ਅਸਤੀਫ਼ਾ-ਇਕ ਖ਼ਬਰ
ਕਾਦਰਯਾਰ ਕਹਿੰਦਾ ਰਾਜਾ, ਪਿੱਛੇ ਕੀ ਕਰਤੂਤ ਕਰ ਆਇਓਂ ਈ।

ਲੋਕ ਸਭਾ ਚੋਣਾਂ 'ਚ ਸ਼ਰਾਬ ਅਤੇ ਨਕਦੀ ਦੀ ਨਾਜਾਇਜ਼ ਵਰਤੋਂ ਨਹੀਂ ਹੋਣ ਦਿਤੀ ਜਾਵੇਗੀ- ਡੀ.ਸੀ.
ਯਾਨੀ ਕਿ ਜਾਇਜ਼ ਸ਼ਰਾਬ ਠੀਕ ਆ, ਜਿਵੇਂ ਕਿ ਜਗੀਰ ਕੌਰ ਨੂੰ ਟਿਕਟ ਮਿਲਣ ਦੀ ਖ਼ੁਸ਼ੀ 'ਚ।

ਹਾਰ ਮੰਨਣ ਲਈ ਤਿਆਰ ਨਹੀਂ ਬਰਤਾਨੀਆ ਦੀ ਪ੍ਰਧਾਨ ਮੰਤਰੀ ਟਰੀਜ਼ਾ ਮੇਅ- ਇਕ ਖ਼ਬਰ
ਵਾਰਸ ਸ਼ਾਹ ਨਾ ਮੁੜਾਂ ਰੰਝੇਟੜੇ ਤੋਂ, ਭਾਵੇਂ ਬਾਪ ਦੇ ਬਾਪ ਦਾ ਬਾਪ ਆਵੇ।

ਲੋਕ ਸਭਾ ਚੋਣਾਂ ਲਈ ਸਿਆਸੀ ਪਾਰਟੀਆਂ ਹੋਈਆਂ ਸਰਗਰਮ- ਇਕ ਖ਼ਬਰ
ਰੁੱਤ ਯਾਰੀਆਂ ਲਾਉਣ ਦੀ ਆਈ, ਲੱਕ ਲੱਕ ਹੋ ਗਏ ਬਾਜਰੇ।

ਦਿੱਲੀ ਕਮੇਟੀ 'ਚ ਸੁਧਾਰ ਕਰਨ ਲਈ ਸਿੱਖ ਫੋਰਮ ਨੇ ਸੁਖਬੀਰ ਬਾਦਲ ਨੂੰ ਪੱਤਰ ਲਿਖਿਆ- ਇਕ ਖ਼ਬਰ
ਇਹ ਤਾਂ ਬਈ ਇੰਜ ਐ ਜਿਵੇਂ ਕੋਈ ਇੱਲਾਂ ਨੂੰ ਕਹੇ ਕਿ ਉਹ ਮਾਸ ਖਾਣਾ ਛੱਡ ਦੇਣ।

ਚੋਣਾਂ ਵਿਚ ਸੱਚ ਦੀ ਜਿੱਤ ਹੋਵੇਗੀ, ਮੋਦੀ ਤੇ ਨਫ਼ਰਤ ਦੀ ਹਾਰ ਹੋਵੇਗੀ। ਰਾਹੁਲ ਗਾਂਧੀ
ਉੱਥੇ ਅਮਲਾਂ ਦੇ ਹੋਣੇ ਨੇ ਨਿਬੇੜੇ, ਕਿਸੇ ਨਹੀਂ ਤੇਰੀ ਜ਼ਾਤ ਪੁੱਛਣੀ।

ਵਿਤੀ ਸੰਕਟ ਦੇ ਹੱਲ ਲਈ ਅਕਾਲੀ ਦਲ ਨੇ ਪਾਰਟੀ ਮੈਂਬਰਾਂ ਤੋਂ ਭੇਟਾ ਮੰਗੀ- ਇਕ ਖ਼ਬਰ
ਤੁਸੀਂ ਕਰੋ ਅਸਾਡੀ ਕਾਰੀ ਜੀ, ਹੁਣ ਹੋ ਗਈ ਮੁਸ਼ਕਲ ਭਾਰੀ ਜੀ।