ਇੱਕ ਮਿੱਠੀ ਪਿਆਰੀ ਸ਼ਖਸੀਅਤ ਸਵ,ਡਾ.ਬਲਰਾਜ ਚੋਪੜਾ ਜੀ - ਰਵੇਲ ਸਿੰਘ ਇਟਲੀ

ਗੁਰਦਾਸੁਪੁਰ ਸ਼ਹਿਰ ਬੇਸ਼ੱਕ ਛੋਟਾ ਜਿਹਾ ਸ਼ਹਿਰ ਹੈ,ਪਰ ਜ਼ਿਲਾ ਤੇ ਅਤੇ ਕਚਹਿਰੀਆਂ ਵੀ ਇਥੇ ਹੋਣ ਕਰਕੇ ਇੱਸ ਛੋਟੇ ਤੇ ਸਾਦੇ ਜਿਹੇ ਸ਼ਹਿਰ ਦੀ ਅਹਿਮੀਅਤ ਕਾਫੀ ਹੈ।ਇੱਸ ਸ਼ਹਿਰ ਦੇ ਤੰਗ ਪਰ ਬਹੁਤ ਭੀੜ ਭੜੱਕੇ ਵਾਲੇ ਅੰਦਰੂਨੀ ਬਾਜ਼ਾਰ ਨਾਂ ਦੇ ਬਾਜ਼ਾਰ  ਨੂੰ ਇਸ ਸ਼ਹਿਰ ਦਾ ਦਿਲ ਵੀ ਕਹਿ ਲਿਆ ਜਾਵੇ ਤਾਂ ਕੋਈ ਅਤਿ ਕਥਨੀ ਨਹੀਂ ਹੋਵੇਗੀ। ਇਹ ਬਾਜ਼ਾਰ ਬਾਟਾ ਚੌਕ ਤੋਂ ਕਬੂਤਰੀ ਗੇਟ ਤੱਕ ਹੈ। ਜਿਥੇ ਲਗ ਪਗ ਹਰ ਕਿਸਮ ਦੀਆਂ ਚੀਜ਼ਾਂ ਵਸਤਾਂ ਖਰੀਦਣ ਦੀਆਂ ਦੁਕਾਨਾਂ ਹਨ। ਬਾਟਾ ਚੌਂਕ ਤੋਂ ਮਸਾਂ ਦੱਸ ਬਾਰਾਂ ਦੁਕਾਨਾ ਛੱਡ ਕੇ, ਇਕ ਸੁਨਿਆਰੇ ਦੀ ਦੁਕਾਨ ਦੇ ਐਨ ਸਾਮ੍ਹਣੇ  ਇੱਕ ਛੋਟੀ ਜਿਹੀ ਆਇਤਕਾਰ ਦੁਕਾਨ ਦੇ ਹਰੇ ਰੰਗ ਦੇ ਦਰਵਾਜ਼ੇ ਤੇ ਬਾਹਰ ਮੋਟੇ ਅੱਖਰਾਂ  ਵਿੱਚ ਲਿਖਿਆ, ਬਲਰਾਜ ਚੋਪੜਾ ਸੀਨੀਅਰ  ਆਰ. ਐਮ. ਪੀ, ਇੱਸ ਦੁਕਾਨ ਦੀ ਚਿਰੋਕਣੀ ਪੱਕੀ ਪਛਾਣ ਬਣ ਚੁਕਾ ਹੈ।
         ਆਪਣੀ  ਨੌਕਰੀ ਦੇ ਦੌਰਾਨ ਕਿਸੇ ਮਾੜੀ ਮੋਟੀ ਸਰੀਰਕ ਤਕਲੀਫ ਹੋਣ ਤੇ ਮੈਨੂੰ ਇੱਸ ਦੁਕਾਨ ਤੇ ਆਉਣ,ਜਾਣ ਦਾ ਮੌਕਾ ਮਿਲਦਾ ਰਿਹਾ। ਚੋਪੜਾ ਜੀ ਸੁਹਣੇ ਸੁਣੱਖੇ ਨੈਣ ਨਕਸ਼ਾਂ ਵਾਲੇ ਬੜੇ ਹਸ ਮੁਖੇ ਸਾਊ  ਸੁਭਾ  ਅਤੇ ਸ਼ਾਇਰਾਨਾ ਤਬੀਅਤ ਦੇ ਮਾਲਿਕ ਸਨ।ਮਰੀਜ਼ਾਂ ਦਾ ਇਲਾਜ ਕਰਨ ਦੇ ਇਲਾਵਾ ਉਨ੍ਹਾਂ ਦੀ ਦੁਵਾਈਆਂ ਦੀ ਫਾਰਮੇਸੀ ਵੀ ਹੈ।ਜਿੱਥੋਂ ਦੇਸੀ ਅਤੇ ਅੰਗਰੇਜ਼ੀ ਦੁਵਾਈਆਂ ਆਮ ਮਿਲ ਜਾਂਦੀਆਂ ਹਨ। ਪਿੱਛੇ ਵੱਲ ਨੂੰ ਲੰਮੀ ਦੁਕਾਨ ਤੇ ਐਨ ਵਿੱਚਕਾਰ ਉਹਨਾਂ ਨੇ ਮਰੀਜ਼ਾਂ ਨੂੰ ਵੇਖਣ ਦੀ  ਥਾਂ ਬਣਾਈ ਹੋਈ ਹੈ। ਇੱਕ ਪਾਸੇ ਮਰੀਜ਼ਾਂ ਦੇ ਬੈਠਣ ਲਈ ਬੈਂਚ ਲੱਗੇ ਹੋਏ ਹਨ।ਬਾਕੀ ਦੁਕਾਨਾਂ ਦੇ ਰੈਕਾਂ ਅਤੇ ਅਲਮਾਰੀਆਂ ਵਿੱਚ ਦੁਆਈਆਂ ਲਗੀਆਂ ਹੋਈਆਂ ਹਨ। ਦੁਆਈਆਂ ਵੇਚਣ ਦਾ ਅਤੇ ਇਲਾਜ ਕਰਨ ਦਾ, ਦੋਵੇਂ ਕੰਮ ਨਾਲ ਨਾਲ ਚਲਦੇ ਰਹਿੰਦੇ ਹਨ ।ਦੁਕਾਨ ਛੋਟੀ ਹੋਣ ਕਰਕੇ ਭਰੀ ਭਰੀ ਲਗਦੀ ਹੈ। ਜਦੋਂ ਵੀ ਵੇਖੀਦਾ ਹੈ, ਦੁਕਾਨ ਤੇ ਮਰੀਜ਼ਾਂ ਅਤੇ ਦੁਆਈਆਂ ਲੈਣ ਵਾਲਿਆਂ ਗਾਹਕਾਂ ਦੀ ਭੀੜ ਹੀ ਲਗੀ ਰਹਿੰਦੀ ਹੈ।ਖਾਸ ਕਰਕੇ ਜੋੜਾਂ ਦੇ ਦਰਦਾਂ ਦੀਆਂ ਗੋਲ ਅਤੇ ਲੰਮੀਆਂ ਪੁੜੀਆਂ ਅਤੇ ਕੈਪਸੂਲਾਂ ਨਾਲ ਛੋਟੀਆਂ ਚਾਂਦੀ ਦੇ ਵਰਕ ਵਿੱਚ ਲਪੇਟੀਆਂ ਗੋਲੀਆਂ ਉਨ੍ਹਾਂ ਦੀ ਖਾਸ ਦੁਵਾ  ਬਹੁਤ ਮਸ਼ਹੂਰ ਹੈ।ਜੋ ਲੋਕ ਦੂਰੋਂ ਦੂਰੋਂ ਲੈਣ ਲਈ ਉਨ੍ਹਾਂ ਕੋਲ ਆਉਂਦੇ ਹਨ। ਇੱਸ ਦੇ ਇਲਾਵਾ ਰੀਹ ਦੀ ਪੀੜ ਦੀਆਂ ਕਾਲੀਆਂ ਗੋਲੀਆਂ  ਅਤੇ ਪ੍ਰਹੇਜ਼ ਲਈ ਨਾਲ ਇਸ਼ਤਹਾਰ ਵੀ ਮੁਫਤ ਉਥੋਂ ਮੁਫਤ ਮਿਲਦੇ  ਹਨ।ਜੋ ਉਨ੍ਹਾਂ ਦਾ  ਹਰ ਅਮੀਰ ਗਰੀਬ ਮਰੀਜ਼ਾਂ ਲਈ ਉਨ੍ਹਾਂ ਦਾ ਵੱਡਾ ਉਪਕਾਰ ਹੈ । ਉਨ੍ਹਾਂ ਦੇ ਬਹੁਤੇ ਮਰੀਜ਼ ਦੂਰ ਦੁਰਾਡੇ ਪਿੰਡਾਂ ਤੋਂ ਉਨ੍ਹਾਂ ਦੀ ਮਸ਼ਹੂਰੀ ਵੇਖ ਕੇ ਆਉਂਦੇ ਹਨ।ਉਨ੍ਹਾਂ ਦਾ ਇੱਕ ਨੌਜਵਾਨ ਹਸ ਮੁਖਾ ਬੇਟਾ ਵੀ ਉਨ੍ਹਾਂ ਨਾਲ ਦੁਵਾਈਆਂ ਵੇਚਣ ਦਾ ਕੰਮ ਉਨ੍ਹਾਂ ਨਾਲ  ਕਰਦਾ ਹੁੰਦਾ ਸੀ ਜੋ ਹੁਣ ਇੱਸ ਦੁਨੀਆਂ ਨੂੰ ਅਲਵਿਦਾ ਕਹਿ ਚੁਕਾ ਹੈ।ਹੋਰ ਵੀ ਕੁੱਝ ਸਹਾਇਕ ਉਨ੍ਹਾਂ ਦੀ ਫਾਰ ਮੇਸੀ ਵਿੱਚ ਦੁਵਾਈਆਂ ਵੇਚਣ ਦਾ ਕੰਮ ਕਰਦੇ ਹਨ।
       ਜਦੋਂ ਕਦੇ ਉਨ੍ਹਾਂ ਕੋਲ ਜਾਣ ਦਾ ਕਦੇ ਮੌਕਾ ਮਿਲਦਾ ਤਾਂ,ਉਹ ਮਿੱਠੀਆਂ ਮਿੱਠੀਆ ਗੱਲਾਂ ਕਰਦੇ ਉਕਤਾਉਂਦੇ ਨਾ, ਅਤੇ ਉਹ ਕੰਮ ਕਰਦੇ ਕਦੇ ਕਦੇ ਹਸਦੇ ਹਸਦੇ ਆਪਣੇ ਕੰਮ ਦੇ ਨਾਲ ਨਾਲ ਸ਼ਾਇਰੋ ਸ਼ਾਇਰੀ ਵੀ ਕਰ ਜਾਂਦੇ , ਅਤੇ ਨਾਲ ਮਰੀਜ਼ਾਂ ਦਾ ਇਲਾਜ ਵੀ ਕਰੀ ਜਾਂਦੇ ਸਨ। ਉਨ੍ਹਾਂ ਦੀ ਯਾਦਾਸ਼ਤ ਕਮਾਲ ਦੀ ਸੀ,ਬਹੁਤ ਕੀਮਤੀ ਸ਼ੇਅਰ ਉਨ੍ਹਾਂ ਨੂੰ ਯਾਦ ਸਨ ਜੋ ਉਹ ਬੜੀ ਨਜ਼ਾਕਤ ਨਾਲ ਕੰਮ ਕਰਦੇ ਬੋਲਦੇ ।ਉਰਦੂ ਫਾਰਸੀ ਚੰਗੀ ਤਰ੍ਹਾਂ ਨੂੰ ਉਹ ਚੰਗੀ ਤਰ੍ਹਾਂ ਸਮਝਦੇ ਸਨ।ਉਨ੍ਹਾਂ ਦੇ ਸੁਣਾਏ ਕੁੱਝ ਸ਼ੇਅਰ ਜਿਨੇ ਕੁ ਮੈਨੂੰ ਮਾੜੇ ਮੋਟੇ ਯਾਦ ਆਉਂਦੇ ਹਨ ਪਾਠਕਾਂ ਨਾਲ ਸਾਂਝੇ ਕਰਨਾ ਚਾਹੁੰਦਾ ਹਾਂ  ,
     ਦਿਲੋਂ ਕਾ ਫਾਸਿਲਾ,ਕੁਝ ਕੰਮ ਕਰੋ,ਖੁਦਾ ਵਾਲੋ,
     ਨਮਾਜ਼ੇ ਜ਼ਿੰਦਗੀ,ਕਿਰਦਾਰ ਕੇ ਸਿਵਾ ਕਿਆ ਹੈ।
               ਹੋਰ
     ਜ਼ਾਹਿਦ ਤੁਝੇ ਮਾਲੂਮ ਨਹੀਂ,ਅੰਦਾਜ਼ੇ ਹਕੀਕਤ,
     ਸਰ ਖੁਦ ਬਖੁਦ ਝੁਕਤਾ ਹੈ , ਝੁਕਾਇਆ ਨਹੀਂ ਜਾਤਾ।
       ਜਦੋਂ ਵੀ ਕਦੇ ਪੰਜਾਬ ਜਾਣ ਦਾ ਮੌਕਾ ਮਿਲਦਾ ਹੈ  ਮਾੜਾ ਮੋਟਾ ਸਰੀਰ ਢਿੱਲਾ ਮੱਠਾ ਹੋਣ ਤੇ ਜਾਂ ਕਿਸੇ ਨਾ ਕਿਸੇ ਹੋਰ ਬਹਾਨੇ ਉਨ੍ਹਾਂ ਨੂੰ ਮਿਲਣ ਦਾ ਮੌਕਾ ਮਿਲ ਹੀ ਜਾਂਦਾ ਹੈ।ਉਨ੍ਹਾਂ ਨੂੰ ਉਸੇ ਤਰ੍ਹਾਂ ਹਸਦੇ ਕੰਮ ਕਰਦੇ ਵੇਖ ਕੇ  ਮਨ ਕੁੱਝ ਹੌਲਾ ਜਿਹਾ ਹੋ ਜਾਂਦਾ ।ਉਹ ਮੈਨੂੰ ਪਹਿਚਾਣ ਲੈਂਦੇ  ਤੇ ਵਿਦੇਸ਼ ਬਾਰੇ ਬਹੁਤ ਕੁੱਝ ਪੁੱਛਦੇ ਰਹਿੰਦੇ ।ਆਪਣੇ ਦੇਸ਼ ਨਾਲੋਂ ਬਹੁਤ ਕੁੱਝ ਵੱਖਰਾ ਹੋਣ ਤੇ ਸੁਣ ਕੇ ਖੁਸ਼ ਵੀ ਹੁੰਦੇ ਤੇ ਕਹਿੰਦੇ ਕਿ ਸਾਨੂੰ ਵੀ ਉਨ੍ਹਾਂ ਦੀ ਰੀਸ ਕਰਕੇ  ਉਨ੍ਹਾਂ ਵਾਂਗ ਤਰੱਕੀ ਕਰਨੀ ਚਾਹੀਦੀ ਹੈ।ਕੁੱਝ ਪਲ ਉਨ੍ਹਾਂ ਦੀ ਵਿਹਲ ਵੇਲੇ ਉਨ੍ਹਾਂ ਨਾਲ ਬਿਤਾਏ ਪਲ ਬਹੁਤ ਯਾਦ ਆਉੰਦੇ ਹਨ।ਜੋ ਆਪਣੇ ਪਿਆਰੇ ਪਾਠਕਾਂ ਨਾਲ ਸਾਂਝੇ ਕਰਨ ਨੂੰ ਮਨ ਕਰਦਾ ਹੈ।
            ਇੱਕ ਵਾਰ ਜਦੋਂ  ਕਾਫੀ ਸਮਾਂ ਵਿਦੇਸ਼ ਰਹਿਕੇ ਮੈਂ ਪੰਜਾਬ  ਪਰਤਿਆ  ਤਾਂ ਇੱਕ  ਦਿਨ ਮੈਂ ਕਿਸੇ ਕੰਮ ਲਈ ਬਾਜ਼ਾਰ ਵਿੱਚੋਂ ਉਨ੍ਹਾਂ ਦੀ ਦੁਕਾਨ ਅੱਗੋਂ ਲੰਘਦਿਆਂ ਉਨ੍ਹਾਂ ਨੂੰ ਦੁਕਾਨ ਤੇ ਬੈਠਿਆਂ ਵੇਖ ਕੇ ਉਨ੍ਹਾਂ ਪਾਸ ਗਿਆ ਤਾਂ ਹੁਣ ਉਨ੍ਹਾਂ ਦੀ ਸਿਹਤ ਅੱਗੇ ਵਰਗੀ ਨਹੀਂ ਸੀ ਜਾਪ ਰਹੀ ਪਰ ਚਿਹਰੇ ਤੇ ਕੁੱਝ ਅਜੀਬ ਉਦਾਸੀ ਜਾਪੀ,ਮੈਂ ਦੁਕਾਨ ਦੀ ਸਾਮ੍ਹਣੇ ਦੀ ਦੀਵਾਰ ਤੇ ਟੰਗੀ ਫੁੱਲਾਂ ਦੇ ਹਾਰ ਵਾਲੀ ਫੋਟੋ ਵੇਖ ਕੇ ਉਨ੍ਹਾਂ ਨਾਲ ਗੱਲ ਕਰਨੀ ਚਾਹੀ ਤਾਂ ਦੇ ਉਸ ਦੇ ਸਵਰਗ ਵਾਸ ਹੋ ਚੁਕੇ ਬੇਟੇ ਦਾ ਗਾਹਕਾਂ ਪ੍ਰਤੀ ਨਿੱਘਾ ਵਤੀਰਾ ਯਾਦ ਕਰਕੇ ਉਸ ਬਾਰੇ ਮੈਂ ਨਾ ਰਹਿ ਸਕਿਆ।ਮੇਰੇ ਕੋਲ ਬੈਠੇ ਹੋਏ ਚੋਪੜਾ ਜੀ ਚੁਪ ਚਾਪ  ਆਪਣੀ ਠੋਡੀ ਤੇ ਉੰਗਲਾਂ ਤੇ ਲਗਾਈ ਟਿਕਟਿਕੀ ਤੋਂ ਚੁੱਪ ਦਾ ਪੱਥਰ ਹਟਾਉਂਦੇ ਹੋਏ ਆਪਣੇ ਪੁਤਰ ਦੀ ਤਸਵੀਰ ਵੱਲ ਵੇਖਦੇ ਹੋਏ ਬੋਲੇ,
       ਜਿਸ ਕੀ ਚੀਜ਼ ਥੀ, ਰੱਖੀ ਇਮਾਣਤ ਸਮਝ ਕਰ,
       ਵੁਹ ਵਾਪਿਸ ਲੇ ਗਿਆ, ਤੋ ਗਿਲਾ ਕਿਸ  ਪੈ ਕਰੇਂ।
         ਦੁਕਾਨ ਤੇ ਉਸੇ ਤਰ੍ਹਾਂ ਹੀ ਗਾਹਕਾਂ ਦੀ ਭੀੜ ਲੱਗੀ ਹੋਈ ਸੀ, ਹੁਣ ਉਨ੍ਹਾਂ ਦਾ ਸਦਾ ਲਈ ਇੱਸ ਸੰਸਾਰ ਨੂੰ ਛੱਡ ਚੁਕੇ ਉਨ੍ਹਾਂ ਦਾ ਬੇਟੇ ਦਾ ਬੇਟਾ ਭਾਵ ਉਨ੍ਹਾਂ ਦਾ ਪੋਤਰਾ ਵੀ ਡਾਕਟਰੀ ਦਾ ਕੋਰਸ ਕਰਕੇ ਮਰੀਜ਼ਾਂ ਨੂੰ ਵੇਖ ਕੇ ਦੁਆਈਆਂ ਦੇ ਰਿਹਾ ਸੀ।ਮਰੀਜ਼ ਉਸੇ ਤਰ੍ਹਾਂ ਆਈ ਜਾ ਰਹੇ ਸਨ। ਹੁਣ ਉਹ ਅੱਗੇ ਨਾਲੋਂ ਕਮਜ਼ੋਰ ਤੇ ਵਡੇਰੀ ਉਮਰ ਦੇ ਜਾਪਦੇ ਹਨ। ਪਰ ਉਨ੍ਹਾਂ ਦੇ ਬੋਲਾਂ ਵਿੱਚ ਉਨ੍ਹਾਂ ਦੀ ਅਜੀਬ ਜਿਹੀ ਮੁਸਕ੍ਰਾਹਟ ਤੇ ਦਰਦ ਪੀੜ ਵੇਦਨਾ ਤੇ ਉਦਾਸੀ ਦਾ ਰਲਵਾਂ ਮਿਲਵਾਂ ਝਲਕਾਰਾ ਵੇਖਣ ਨੂੰ ਮਿਲਿਆ।ਉਹ ਫਿਰ  ਸਹਿਜ ਸੁਭਾ ਹੀ ਜਿਵੇਂ ਕਿਸੇ ਸੋਚ ਸਾਗਰ ਵਿੱਚੋਂ ਉਭਰਦੇ ਹੋਏ ਬੋਲੇ……
“ਏਕ ਯਿਹ ਜਹਾਂ,ਏਕ ਵੁਹ ਜਹਾਂ,ਇਨ ਦੋ ਜਹਾਂ ਕੇ ਦਰਮਿਆਂ,
ਬਸ ਫਾਸਲਾ ਹੈ,ਏਕ ਸਾਂਸ ਕਾ, ਜੋ ਚੱਲ ਰਹੀ ਤੋ ਯਿਹ ਜਹਾਂ,
ਜੋ ਰੁਕ ਗਈ ਤੋ ਵੁਹ ਜਹਾਂ।“ 
      ਮੈਂ ਕੁੱਝ ਹੀ ਦੇਰ ਉਨ੍ਹਾਂ ਕੋਲ ਬਿਤਾ ਕੇ ਭਰੇ ਤੇ ਉਦਾਸ ਮਨ ਨਾਲ ਘਰ ਵਾਪਸ ਪਰਤ ਆਇਆ।ਪਰ ਇੱਥੇ ਵਿਦੇਸ਼ ਰਹਿੰਦੇ ਵੀ ਮੈਂ ਉੱਸ ਮਿਠੀ ਪਿਆਰੀ ਤੇ ਸੱਭ ਦਾ ਭਲਾ ਮੰਗਣ ਵਾਲੀ ਸ਼ਖਸੀਅਤ ਡਾਕਟਰ ਚੋਪੜਾ ਜੀ ਦੀ ਯਾਦ ਵਿੱਚ ਕਦੇ ਕਦੇ ਗੁਆਚਿਆ ਰਹਿੰਦਾ ਹਾਂ। ਤੇ ਆਪਣੇ ਆਪ ਦੇ ਰੂਬਰੂ ਹੋ ਕੇ ਆਪਣੇ ਆਪ ਨੂੰ ਕਈ ਸੁਵਾਲ ਕਰਕੇ ਉਨ੍ਹਾਂ ਦਾ ਉਤਰ ਭਾਲਦਾ ਰਹਿੰਦਾ ਹਾਂ। ਜਿਨ੍ਹਾਂ ਵਿੱਚੋਂ ਕਈਆਂ ਦਾ ਕੁੱਝ ਅਣ ਕਿਆਸਿਆ ਜਿਹਾ ਉੱਤਰ ਤਾਂ ਮਿਲ ਜਾਂਦਾ ਹੈ ਪਰ ਕਈ ਸੁਵਾਲ, ਸੁਵਾਲੀਆ ਚਿਨ੍ਹ ਹੀ ਬਣ ਕੇ ਰਹਿ ਜਾਂਦੇ ਹਨ।ਜਿਨ੍ਹਾਂ ਵਿੱਚ ਡਾ. ਚੋਪੜਾ ਜੀ ਵਰਗੇ ਨੇਕ ਦਿਲ ਅਤੇ ਪਰ ਉਪਕਾਰੀ ਸੁਭਾ ਦੇ ਇਨਸਾਨਾਂ ਦੇ ਜੀਵਣ ਵਿੱਚ ਹੋਏ ਇਸਤਰਾਂ ਦੇ  ਉਮਰ ਦੇ ਆਖਰੀ ਹਿੱਸੇ ਵਿੱਚ ਇਹੋ ਜਿਹੇ ਵਿਛੋੜੇ ਦੇ ਹੰਢਾ ਰਹੇ ਉਦਾਸ ਪਲਾਂ ਦੀ ਯਾਦ ਮੇਰੀ ਸੋਚ ਤੇ ਸਦਾ ਭਾਰੂ ਰਹਿੰਦੀ।ਸੋਚਦਾ ਕਿ ਜਦ ਕਦੇ ਪੰਜਾਬ ਪਰਤਾਂਗਾ ਤਾਂ ਫਿਰ ਕਿਸੇ ਨਾ ਕਿਸੇ ਬਹਾਨੇ ਉਨ੍ਹਾਂ ਨੂੰ ਮਿਲਣ ਦਾ ਯਤਨ ਕਰਾਂਗਾ। ਆਖਰ ਮੇਰਾ ਪੰਜਾਬ ਜਾਣ ਦਾ ਅਧੂਰਾ ਸੁਪਨਾ ਤਾਂ ਪੂਰਾ ਹੋ ਹੀ  ਗਿਆ।ਪਰ ਉਨ੍ਹਾਂ ਨੂੰ ਮਿਲਣ ਦੀ ਆਸ ਵਿੱਚੇ ਧਰੀ ਧਰਾਈ ਹੀ ਰਹਿ ਗਈ ਜਦੋਂ ਇਕ ਦਿਨ ਉਨ੍ਹਾਂ ਦੀ ਦੁਕਾਨ ਕੋਲੋਂ ਲੰਘਦਾ ਹੋਇਆ  ਉਨ੍ਹਾਂ ਦੀ ਦੁਕਾਨ ਅੰਦਰ ਦਾਖਲ ਹੁੰਦੇ ਹੀ ਉਨ੍ਹਾਂ ਦੀ ਆਪਣੀ ਫੁੱਲਾਂ ਦੇ ਵਾਲੇ ਹਾਰ ਤਸਵੀਰ ਉਨ੍ਹਾਂ ਦੇ ਪੁੱਤਰ ਵਾਲੀ ਥਾਂ ਤੇ ਲਟਕੀ ਵੇਖ ਕੇ ਉਨ੍ਹਾਂ ਬਾਰੇ ਕੁਝ ਪੁੱਛਣ ਦੀ ਬਜਾਏ ਮੈਂ ਐਵੇਂ ਸੁੰਨ ਜਿਹਾ ਹੋਇਆ  ਵਾਪਸ ਪਰਤ ਆਇਆ।
       ਦੁਕਾਨ ਦਾ ਸਾਰਾ ਕੰਮ ਕਾਜ ਤਾਂ ਬੇਸ਼ੱਕ ਉਸੇ ਤਰ੍ਹਾਂ ਚੱਲ ਰਿਹਾ ਸੀ ਪਰ ਉਨ੍ਹਾਂ ਕੋਲ ਕਿਸੇ ਬਹਾਨੇ ਬੈਠ ਕੇ ਬਿਤਾਏ ਪਲਾਂ ਦੀ ਯਾਦ ਭੁੱਲ ਜਾਣਾ ਬੜਾ ਔਖਾ ਜਿਹਾ ਲਗਦਾ ਹੈ।ਹੁਣੇ ਹੁਣੇ ਮੇਰੇ ਮਿੱਤਰ ਮਲਕੀਅਤ ਸੋਹਲ ਨੇ ਫੋਨ ਤੇ ਮੈਨੂੰ ਫੋਨ ਤੇ ਦੱਸਿਆ ਕਿ ਚੋਪੜਾ ਜੀ ਦੇ ਸਾਮ੍ਹਣੇ ਵਾਲੇ ਸ੍ਰੀ ਜਨਕ ਰਾਜ ਸਰਾਫ ਜੋ ਕਿ ਆਪਣੇ ਕੰਮ ਦੇ ਨਾਲ ਨਾਲ ਉਰਦੂ ਫਾਰਸੀ ਦੇ ਇਕ ਵਧੀਆ ਸ਼ਾਇਰ ਅਤੇ ਗ਼ਜ਼ਲਗੋ ਵੀ ਸਨ ਜਿਨਾਂ ਦੀ ਲਿਖੀ ਫਾਰਸੀ ਗ਼ਜ਼ਲਾਂ ਦੀ ਪੁਸਤਕ ‘ਆਬਸ਼ਾਰ’ ਦਾ ਉਲਥਾ ਸਵਰਗਾਸੀ ਪ੍ਰੀਤਮ ਸਿੰਘ ,ਦਰਦੀ, ਜੀ ਦਾ ਕੀਤਾ ਹੋਇਆ ਜੋ  ਮੈਂ ਅਜੇ ਵੀ ਸੰਭਾਲ ਕੇ ਰੱਖਿਆ ਹੋਇਆ ਹੈ ਉਹ ਵੀ ਕੁਝ ਦਿਨ ਹੋਏ ਇਸ ਸੰਸਾਰ ਨੂੰ ਸਦਾ ਲਈ ਅਲਵਿਦਾ ਕਹਿ ਗਏ ਹਨ।
           ਉਨ੍ਹਾਂ ਨੂੰ ਯਾਦ ਕਰਦਿਆਂ  ਕਵਿਤਾ ਦੀਆਂ ਕੁਝ ਸਤਰਾਂ ਅਛੋਪਲੇ ਹੀ ਮਨ ਚੋਂ ਨਿਕਲ ਆਈਆਂ,    
                  ਯਾਦਾਂ ਲੈ ਫਰੋਲ ਮਿਤਰਾ,ਇਹੀ ਤੇਰੇ ਕੋਲ ਮਿੱਤਰਾ।
                   ਬੀਤੀਆਂ ਕਹਾਣੀਆਂ ਨੇ ਯਾਦਾਂ ਜੋ ਪੁਰਾਣੀਆਂ ਨੇ,
                   ਭਰੀ ਤੇਰੀ ਝੋਲ ਮਿੱਤਰਾ,ਇਹੀ ਤੇਰੇ ਕੋਲ ਮਿੱਤਰਾ।
                  ਸਜਨਾਂ ਪਿਆਰਿਆਂ ਦੇ,ਚਮਕਦੇ ਸਿਤਾਰਿਆਂ ਦੇ,
                  ਸਾਂਝੇ ਕੀਤੇ ਬੋਲ ਮਿੱਤਰਾ,ਇਹੀ ਤੇਰੇ ਕੋਲ ਮਿੱਤਰਾ।
                  ਬੈਠ ਕੇ ਉਡੀਕ,ਕਦੋਂ ਤੇਰੀ ਵਾਰੀ,ਕਦੋਂ ਮਾਰਨੀ ਉਡਾਰੀ,
                  ਦੁਨੀਆ ਹੈ ਗੋਲ ਮਿਤਰਾ ਇਹੀ ਤੇਰੇ ਕੋਲ ਮਿੱਤਰਾ।
                  ਕਈ ਵੇਖੀਆਂ ਬਹਾਰਾਂ, ਉੱਡੇ ਨਾਲ ਹਾਂ ਉਡਾਰਾਂ,
                  ਕੀਤੇ ਨੇ ਕਲੋਲ ਮਿਤਰਾ,ਇਹੀ ਤੇਰੇ ਕੋਲ ਮਿੱਤਰਾ।

20 March 2019