ਆਦਮਜਾਤ 'ਚ ਬਦਲਾਅ ਨਹੀਂ ਹੁੰਦਾ - ਸ਼ਾਮ ਸਿੰਘ ਅੰਗ-ਸੰਗ

ਰਿਸ਼ੀ-ਮੁਨੀਆਂ ਦਾ ਅੰਤ ਨਹੀਂ, ਕਿੰਨੇ ਪੀਰ-ਪੈਗੰਬਰ ਹੋ ਗਏ ਅਤੇ ਕਿੰਨੇ ਭਗਤ ਗੁਰੂ, ਜਿਨ੍ਹਾਂ ਆਪੋ-ਆਪਣੇ ਵਿਚਾਰਾਂ ਨਾਲ ਮਨੁੱਖ 'ਚ ਤਬਦੀਲੀ ਲਿਆਉਣ ਦਾ ਜਤਨ ਕੀਤਾ, ਜੋ ਮਿੱਥੇ ਟੀਚਿਆ ਤੱਕ ਨਹੀਂ ਆਈ। ਸਭ ਨੇ ਆਪਣੇ ਸੰਜਮ, ਅਨੁਸ਼ਾਸਨ ਅਤੇ ਕੁੱਲ ਵਿਹਾਰ ਨਾਲ ਮਨੁੱਖ ਨੂੰ ਮਨੁੱਖੀ-ਬਰਾਬਰੀ ਦਾ ਸੰਦੇਸ਼ ਦਿੱਤਾ, ਪਰ ਮਨੁੱਖ ਜਿੱਥੋਂ ਤੁਰਿਆ ਸੀ, ਉੱਥੇ ਦਾ ਉੱਥੇ ਹੀ ਖੜ੍ਹਾ ਰਹਿ ਗਿਆ। ਜੇ ਕਿਸੇ ਵਿੱਚ ਮਾੜੀ-ਮੋਟੀ ਬਦਲਾਅ ਦੀ ਭਾਵਨਾ ਜਾਗੀ, ਉਹ ਵੀ ਪੂਛ ਦਬਾ ਕੇ ਬੈਠ ਗਿਆ। ਇਸ ਦਾ ਕਾਰਨ ਇਹ ਸੀ ਕਿ ਧਾਰਮਿਕ ਸਥਾਨ 'ਚ ਧਾਰਮਿਕ ਹੋਣ ਦਾ ਨਾਟਕ ਤਾਂ ਕੀਤਾ ਜਾਂਦਾ ਰਿਹਾ, ਪਰ ਬਾਹਰ ਨਿਕਲਦਿਆਂ ਹੀ ਮਨੁੱਖ ਵਿੱਚ ਹਊਮੈ ਦੇ ਫੁੰਕਾਰੇ ਵੱਜਦੇ ਨਜ਼ਰ ਆਏ।
       ਮਨੁੱਖ ਨੂੰ ਆਪਣੀ ਮਰਜ਼ੀ ਮੁਤਾਬਕ ਜੀਣਾ ਨਹੀਂ ਆਇਆ, ਕਿਉਂਕਿ ਉਹ ਸੁਤੰਤਰ ਹੁੰਦਾ ਹੋਇਆ ਵੀ ਸਮਾਜ ਦੇ ਫ਼ਜ਼ੂਲ ਬੰਧਨਾਂ ਤੋਂ ਮੁਕਤ ਨਹੀਂ। ਇੱਕਵੀਂ ਸਦੀ ਤੱਕ ਪਹੁੰਚਦਿਆਂ ਵੀ ਆਦਮਜਾਤ ਨੂੰ ਇਹ ਸਮਝ ਨਹੀਂ ਆਈ ਕਿ ਜੇ ਬਹੁਤ ਸਾਰੇ ਮੁਲਕਾਂ ਦਾ ਧਰਮ ਬਿਨਾਂ ਕੰਮ ਚੱਲੀ ਜਾਂਦਾ, ਜਾਤ-ਪਾਤ ਬਿਨਾਂ ਸਰੀ ਜਾਂਦਾ ਤਾਂ ਭਾਰਤ ਦਾ ਵਸਨੀਕ ਇਨ੍ਹਾਂ ਪਾਸਿਆਂ ਦੀ ਖਿੜਕੀ ਕਿਉਂ ਨਹੀਂ ਖੋਲ੍ਹਦਾ, ਜਿਸ 'ਚੋਂ ਗਿਆਨ ਦੀ ਤਾਜ਼ੀ ਹਵਾ ਦੀ ਆਸ ਬੱਝੇਗੀ।
       ਅਸਲ ਵਿੱਚ ਈਰਖਾ, ਨਫ਼ਰਤ, ਸਾੜਾ ਅਤੇ ਅਣ-ਬਰਾਬਰੀ ਦੀ ਭਾਵਨਾ ਮਨੁੱਖ ਦਾ ਪਿੱਛਾ ਨਹੀਂ ਛੱਡਦੇ, ਜਿਸ ਕਾਰਨ ਆਦਮਜਾਤ ਇਨ੍ਹਾਂ ਦੀਆਂ ਸੰਗਲੀਆਂ ਵਿੱਚ ਜਕੜਿਆ ਹੋਇਆ ਬਾਹਰ ਵੱਲ ਨਾ ਦੇਖਦਾ ਹੈ ਅਤੇ ਨਾ ਸੋਚਦਾ। ਗੁਆਂਢੀ ਨਾਲ ਰਿਸ਼ਤਾ ਰਵਾਂ ਨਹੀਂ ਰੱਖਦਾ। ਦੂਜਿਆਂ ਨਾਲ ਤਾਂ ਕੀ ਆਪਣੇ-ਆਪ ਨਾਲ ਵੀ ਮੁਹੱਬਤ ਨਹੀਂ ਕਰਦਾ, ਜਿਸ ਕਰਕੇ ਰੁੱਖੇ ਜਿਹੇ ਸੁਭਾਅ ਵਿੱਚ ਉਹ ਕੁਝ ਕਰਦਾ ਰਹਿੰਦਾ ਹੈ, ਜੋ ਠੀਕ ਨਹੀਂ ਹੁੰਦਾ, ਜਿਸ ਦੀ ਲੋੜ ਹੀ ਨਹੀਂ ਹੁੰਦੀ। ਉਹ ਸਮਾਜ ਮੁਤਾਬਕ ਜੀਊਂਦਾ ਹੈ, ਆਪਣੇ ਤੌਰ 'ਤੇ ਰਹਿਣ-ਸਹਿਣ ਦੀ ਜਾਂਚ ਹੀ ਨਹੀਂ ਸਿੱਖਦਾ।
       ਆਦਮਜਾਤ ਦੀ ਜਾਤ ਮਾਂ ਦੀ ਕੁੱਖ ਹੈ, ਜਿਸ ਦੀ ਕੋਈ ਜਾਤ ਨਹੀਂ ਹੁੰਦੀ। ਮਾਵਾਂ ਦੀ ਕੁੱਖ ਵਿੱਚ ਸਮਾਨਤਾ ਹੈ, ਜਿੱਥੇ ਬਣਦਾ, ਪਲਦਾ ਜੀਵ ਬੱਚੇ ਦੇ ਰੂਪ ਵਿੱਚ ਇੱਕ ਸੁੰਦਰ ਨਗੀਨੇ ਦਾ ਰੂਪ ਧਾਰ ਕੇ ਉਨ੍ਹਾਂ ਸਾਰੇ ਅੰਗਾਂ ਸਮੇਤ ਬਾਹਰ ਆਉਂਦਾ ਹੈ, ਜਿਹੜੇ ਦੂਜਿਆਂ ਦੇ ਸਮਾਨ ਹੁੰਦੇ ਹੋਏ ਵੱਖਰੇ ਨਹੀਂ ਹੁੰਦੇ। ਫੇਰ ਰਹਿਣ ਵਾਲੀਆਂ ਥਾਂਵਾਂ ਅਤੇ ਮਾਪਿਆਂ ਮੁਤਾਬਕ ਵਖਰੇਵੇਂ ਕਰਕੇ ਦੇਖਣਾ ਨਿਆਂਪੂਰਨ ਨਹੀਂ। ਜਿਹੜੇ ਅਸਮਾਨਤਾ ਪੈਦਾ ਕਰਦੇ ਹਨ, ਉਹ ਮਾਂ ਦੀ ਕੁੱਖ ਦਾ ਅਪਮਾਨ ਕਰਦੇ ਹਨ ਅਤੇ ਕੁਦਰਤ ਦਾ ਵੀ।
     ਆਦਮਜਾਤ ਵਿੱਚ ਬਦਲਾਅ ਇਸ ਲਈ ਵੀ ਨਹੀਂ ਆਉਂਦਾ, ਕਿਉਂਕਿ ਸਮਾਜ ਵਿੱਚ ਸਦੀਆਂ ਤੋਂ ਪਈਆਂ ਲੀਹਾਂ ਬਦਲਣ ਲਈ ਤਿਆਰ ਨਹੀਂ। ਵੱਖ-ਵੱਖ ਵਰਗਾਂ ਦੇ ਨੇਤਾ ਵਰਗਾਂ 'ਚ ਸਾਂਝੀਵਾਲਤਾ ਪੈਦਾ ਕਰਨ ਦੇ ਰਾਹ ਨਹੀਂ ਪੈਂਦੇ, ਕਿਉਂਕਿ ਉਹ ਆਪਣੀ ਚੌਧਰ ਕਾਇਮ ਰੱਖਣ ਲਈ ਲੋਕਾਂ ਵਿੱਚ ਵੰਡਾਂ ਵੀ ਪਾਉਂਦੇ ਹਨ ਅਤੇ ਖਾਈਆਂ ਵੀ। ਸਿਆਸੀ ਨੇਤਾ ਤਾਂ ਅਜਿਹਾ ਕਰਦੇ ਹੀ ਹਨ, ਨਾਲ ਦੀ ਨਾਲ ਧਾਰਮਿਕ ਆਗੂ ਵੀ ਧਰਮ ਦੀ ਰੂਹ ਦੇ ਵਿਰੁੱਧ ਚੱਲਦੇ ਹੋਏ ਉਹ ਕੁਝ ਕਰਦੇ ਰਹਿੰਦੇ ਹਨ, ਜੋ ਧਰਮ ਦੇ ਫੈਲਾਅ ਲਈ ਵੰਡਾਂ ਨੂੰ ਜਰਬ ਦਿੰਦੇ ਰਹਿੰਦੇ ਹਨ, ਤਾਂ ਜੋ ਉਨ੍ਹਾਂ ਦਾ ਮੰਡਾ-ਪੂੜਾ ਖੂਬ ਚੱਲਦਾ ਰਹੇ ਅਤੇ ਕਾਇਮ ਵੀ ਰਹੇ।
       ਰਾਜਨੀਤੀਵਾਨ ਇੱਕ ਪਾਸੇ ਜਾਤਪਾਤ ਦਾ ਵਿਰੋਧ ਕਰਦੇ ਹੋਏ ਭਾਸ਼ਣਾਂ ਦਾ ਰਾਸ਼ਣ ਖ਼ਤਮ ਨਹੀਂ ਹੋਣ ਦਿੰਦੇ, ਪਰ ਦੂਜੇ ਪਾਸੇ ਚੋਣਾਂ ਵਿੱਚ ਜਿੱਤ ਪ੍ਰਾਪਤ ਕਰਨ ਲਈ ਜਾਤਪਾਤ ਅਤੇ ਫ਼ਿਰਕਾਪ੍ਰਸਤੀ ਦਾ ਭਰਪੂਰ ਸਹਾਰਾ ਲੈਣ ਦਾ ਉਪਰਾਲਾ ਕਰਦੇ ਹਨ, ਤਾਂ ਕਿ ਲੋਕਾਂ ਦੀ ਇਸ ਤਰ੍ਹਾਂ ਦੀ ਭਾਵਨਾ ਦਾ ਪੂਰਾ ਫਾਇਦਾ ਲਿਆ ਜਾ ਸਕੇ। ਸਿਆਸੀ ਨੇਤਾਵਾਂ ਦੀ ਇਸ ਦੋਗਲੀ ਨੀਤੀ ਨੇ ਫ਼ਿਰਕਾਪ੍ਰਸਤੀ ਦੀ ਪੁਸ਼ਤ-ਪਨਾਹੀ ਕੀਤੀ ਹੈ ਅਤੇ ਮਾਨਵਤਾ ਦੇ ਅੰਬਰਾਂ ਦੇ ਨਿੰਬਲ ਨਹੀਂ ਹੋਣ ਦਿੱਤਾ।
       ਹੱਦ ਤਾਂ ਉਦੋਂ ਹੋ ਜਾਂਦੀ ਹੈ, ਜਦ ਚੋਣਾਂ ਦੇ ਵਕਤ ਮੀਡੀਆ ਇਹ ਦੱਸਣ, ਲਿਖਣ ਵਿੱਚ ਇੱਕ-ਦੂਜੇ ਤੋਂ ਅੱਗੇ ਹੁੰਦਾ ਹੈ ਕਿ ਕਿਸ ਲੋਕ ਸਭਾ ਹਲਕੇ ਵਿੱਚ ਕਿਹੜੀਆਂ-ਕਿਹੜੀਆਂ ਜਾਤਾਂ ਦੇ ਲੋਕ ਹਨ ਅਤੇ ਉਨ੍ਹਾਂ ਦੇ ਕਿੰਨੇ ਕਿੰਨੇ ਵੋਟਰ। ਸਿਆਸੀ ਮਾਹਰ ਵੀ ਏਹੀ ਆਧਾਰ ਬਣਾ ਕੇ ਅਨੁਮਾਨ ਲਾਉਂਦੇ ਹਨ ਅਤੇ ਵਿਸ਼ਲੇਸ਼ਣ ਵੀ ਕਰਦੇ ਹਨ, ਤਾਂ ਕਿ ਹਰ ਜਾਤ ਦੇ ਵੋਟਰਾਂ ਨੂੰ ਜਾਣਕਾਰੀ ਦੇ ਕੇ ਆਪਣੀ ਪਸੰਦ ਦੇ ਉਮੀਦਵਾਰ ਦੇ ਹੱਕ ਵਿੱਚ ਵੋਟਰਾਂ ਨੂੰ ਪ੍ਰਭਾਵਿਤ ਕੀਤਾ ਜਾ ਸਕੇ। ਇਹ ਕੋਈ ਚੰਗੀ ਗੱਲ ਨਹੀਂ, ਪਰ ਇਸ 'ਤੇ ਕਿਸੇ ਲਈ ਕੋਈ ਪਾਬੰਦੀ ਨਹੀਂ।
      ਪੜ੍ਹ-ਲਿਖ ਜਾਣ ਬਾਅਦ ਬੰਦਾ ਸਭਿਅਕ ਹੋ ਗਿਆ ਹੋਣਾ ਚਾਹੀਦਾ ਸੀ, ਪਰ ਅਜਿਹਾ ਹੋਇਆ ਨਹੀਂ। ਸਭਿਅਕ ਹੋ ਕੇ ਸਮਾਜ ਹੋਰ ਜਾਤਪਾਤੀ ਹੋ ਗਿਆ, ਧਨ-ਦੌਲਤ ਵੱਲ ਹੋਰ ਵੀ ਵੱਧ ਖਿੱਚਿਆ ਗਿਆ ਅਤੇ ਨਫ਼ਰਤ ਵਿੱਚ ਧਸ ਕੇ ਰਹਿ ਗਿਆ, ਜਿਸ ਕਾਰਨ ਉਸ ਵਿੱਚ ਬਦਲਾਅ ਨਹੀ੬ਂ ਆ ਸਕਿਆ। ਧਾਰਮਿਕ ਸਥਾਨਾਂ 'ਤੇ ਜਾਣਾ ਅਤੇ ਧਾਰਮਿਕ ਪਹਿਰਾਵਾ ਪਾਣ ਨਾਲ ਹੀ ਨਹੀਂ ਸਰਨਾ, ਸਗੋਂ ਗੁਰੂਆਂ-ਪੀਰਾਂ ਦੇ ਵਿਚਾਰਾਂ 'ਤੇ ਅਮਲ ਕਰ ਕੇ ਹੀ ਆਦਮਜਾਤ ਦੇ ਜੀਵਨ ਵਿੱਚ ਬਦਲਾਅ ਆ ਸਕਦਾ ਹੈ। ਜਿਸ ਲਈ ਸਾਰੇ ਜਤਨ ਕਰਨ ਤਾਂ ਇਹ ਛੇਤੀ ਹੀ ਹੋ ਸਕਦੈ।


ਮਣੀ ਲੇਖਕ ਕੈਸੇ ਬਣੀ

ਕੁਝ ਅਰਸਾ ਪਹਿਲਾਂ ਬਹੁਤ ਹੀ ਸਧਾਰਨ ਜਿਹੀ ਨਜ਼ਰ ਆਉਂਦੀ ਅਤੇ ਸਮਾਜ ਵਿੱਚ ਵਿਚਰਨ ਲਈ ਇਸਤਰੀ ਨੇ ਕਲਮ ਫੜੀ ਤਾਂ ਪੀ ਭਾਨੂ ਬਣ ਗਈ।
      ਪ੍ਰੋ. ਹਰਭਜਨ ਸਿੰਘ ਕਾਲਾ ਸੰਘਿਆਂ ਦੀ ਜੀਵਨ ਸਾਥਣ ਬਣਨ ਕਰਕੇ ਅਤੇ ਗਰਮ ਲਹਿਰ ਦਾ ਹਿੱਸਾ ਬਣਨ ਨਾਲ ਉਹ ਆਮ ਔਰਤਾਂ ਨਾਲੋਂ ਜਾਗ੍ਰਿਤ ਹੋ ਗਈ। 'ਪਰਬਤ ਦੀ ਬੇਟੀ' ਨਾਵਲ ਲਿਖਣ ਤੋਂ ਬਾਅਦ 'ਮਣੀ ਲੇਖਕ ਕੈਸੇ ਬਣੀ' ਉਸ ਦਾ ਦੂਜਾ ਨਾਵਲ ਹੈ, ਜੋ ਪੰਜਾਬੀ ਲਹਿਜੇ ਵਾਲੀ ਹਿੰਦੀ ਵਿੱਚ ਲਿਖਿਆ ਗਿਆ ਹੈ, ਜਿਸ ਦਾ ਮੁੱਖ ਬੰਦ ਡਾ. ਗੁਰਪਾਲ ਸਿੰਘ ਸੰਧੂ ਨੇ ਲਿਖ ਕੇ ਨਾਵਲ ਦੀ ਜਾਣਕਾਰੀ ਕਰਵਾ ਦਿੱਤੀ। ਉਸ ਦੇ ਜਤਨਾਂ ਨਾਲ ਹੀ ਪੰਜਾਬ ਯੂਨੀਵਰਸਿਟੀ ਦੇ ਇੰਗਲਿਸ਼ ਆਡੀਟੋਰੀਅਮ ਵਿੱਚ ਨਾਵਲ ਰਿਲੀਜ਼ ਵੀ ਕੀਤਾ ਗਿਆ ਅਤੇ ਉਸ ਬਾਰੇ ਵਿਚਾਰ-ਚਰਚਾ ਵੀ।
      ਨਾਵਲ ਬਾਰੇ ਬੋਲਣ ਵਾਲਿਆਂ 'ਚ ਮਾਧਵ ਕੌਸ਼ਕ, ਡਾ. ਜਸਵਿੰਦਰ ਸਿੰਘ, ਡਾ. ਧਨਵੰਤ ਕੌਰ, ਡਾ. ਗੁਰਮੀਤ ਸਿੰਘ, ਡਾ. ਪਰਮਜੀਤ ਸਿੰਘ, ਸੁਖਦੇਵ ਸਿੰਘ ਮਿਨਹਾਸ, ਮੈਡਮ ਨੀਰਜਾ ਅਤੇ ਅਮਰੀਕਾ ਤੋਂ ਆਏ ਹਰਜਿੰਦਰ ਸਿੰਘ ਪੰਧੇਰ ਦੇ ਨਾਂਅ ਸ਼ਾਮਲ ਹਨ, ਜਿਨ੍ਹਾਂ ਨਾਵਲ ਨੂੰ ਸਲਾਹਿਆ। ਬੋਲਣ ਲਈ ਮੈਨੂੰ ਵੀ ਕਿਹਾ ਗਿਆ, ਪਰ ਨਾ ਬੋਲਿਆ। ਮੈਂ ਸਮਝਦਾਂ ਕਿ ਜਿਹੜੇ ਪੀ ਭਾਨੂ ਨੂੰ ਜਾਣਦੇ ਹਨ ਉਹ ਨਾਵਲ ਨੂੰ ਸਵੈ-ਜੀਵਨੀ ਵਜੋਂ ਵੀ ਪੜ੍ਹ ਸਕਦੇ ਹਨ ਅਤੇ ਨਾਵਲ ਵਜੋਂ ਵੀ। ਨਾਵਲ ਜਾਣਕਾਰੀ ਦੇਣ ਵਾਲਾ ਹੈ ਅਤੇ ਪੜ੍ਹਨ ਵਾਸਤੇ ਦਿਲਚਸਪੀ ਵਾਲਾ ਵੀ।
      ਇਸ ਸਾਹਿਤਕ ਸਮਾਗਮ ਵਿੱਚ ਹਿੰਦੀ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਤੋਂ ਬਿਨਾਂ ਬਲਵਿੰਦਰ ਸਿੰਘ ਉੱਤਮ ਦੇ ਉਪਰਾਲਿਆਂ ਨਾਲ ਪੰਜਾਬੀ ਦੇ ਲੇਖਕ ਡਾ. ਸ਼ਰਨਜੀਤ ਕੌਰ, ਕਸ਼ਮੀਰ ਪੰਨੂ, ਅਵਤਾਰ ਭੰਵਰਾ ਅਤੇ ਹੋਰ ਵੀ ਕਈ ਇੱਕ ਸ਼ਾਮਲ ਹੋਏ। ਇਹ ਚੰਗਾ ਰੌਣਕ ਮੇਲਾ ਸੀ, ਜਿਸ 'ਤੇ ਖੁਸ਼ ਹੋ ਕੇ ਬਾਹਰ ਇੰਦਰ ਦੇਵਤਾ ਖੁਸ਼ੀ ਦੇ ਹੰਝੂ ਕੇਰ ਰਿਹਾ ਸੀ, ਜਿਸ ਕਾਰਨ ਮੌਸਮ ਖੁਸ਼ਗਵਾਰ ਅਤੇ ਗਲਵੱਕੜੀਆਂ ਵਰਗਾ ਹੋ ਗਿਆ।


ਲਤੀਫ਼ੇ ਦਾ ਚਿਹਰਾ-ਮੋਹਰਾ

ਚਲੋ ਮੰਨ ਲੈਂਦੇ ਹਾਂ ਕਿ ਸਾਰਾ ਦੇਸ਼ ਹੀ ਚੌਕੀਦਾਰ ਹੈ ਅਤੇ ਚੌਕਸੀ ਦੀ ਘਾਟ ਨਹੀਂ, ਪਰ ਦੇਖਣ ਵਾਲੀ ਗੱਲ ਇਹ ਹੈ ਕਿ ਜਦ ਨੀਰਵ, ਮਾਲਿਆ ਅਤੇ ਹੋਰ ਦੇਸ਼ ਵਿੱਚੋਂ ਦੌੜੇ ਉਦੋਂ ਡਿਊਟੀ 'ਤੇ ਭਲਾ ਕੌਣ-ਕੌਣ ਸੀ।
-0-
ਪ੍ਰਸ਼ਨ  : ਸੋਨੇ ਦੀ ਚਿੜੀ ਤੂੰ ਕਿੱਧਰ ਉਡ ਗਈ?
ਉੱਤਰ  : ਉਡੀ ਨਹੀਂ, ਅਮੀਰਾਂ ਨੇ ਫੜੀ ਹੋਈ ਆਂ।
ਪ੍ਰਸ਼ਨ   : ਕਿਵੇਂ ਫਿਰ ਇਨ੍ਹਾਂ ਕੋਲੋਂ ਮੁਕਤ ਹੋ ਸਕੇਂਗੀ?
ਉੱਤਰ   : ਦੇਸ਼ ਵਿੱਚ ਚੰਗੇ ਹਾਕਮ ਲਿਆਓ।

21 March 2019