ਸੁਰਖੀ-ਹੀਨ ਹੋ ਕੇ ਵੀ ਚਰਚਾ ਵਿੱਚ ਆ ਜਾਂਦੀਆਂ ਨੇ ਖਬਰਾਂ - ਜਸਵੰਤ ਸਿੰਘ 'ਅਜੀਤ'

ਕਈ ਵਾਰ ਮੀਡੀਆ ਵਿੱਚ ਆਈਆਂ ਕੁਝ-ਇੱਕ ਖਬਰਾਂ ਅਜਿਹੀਆਂ ਹੁੰਦੀਆਂ ਹਨਾਂ, ਜੋ ਆਪਣੇ ਛੋਟੇ ਅਕਾਰ ਕਾਰਣ ਭਾਵੇਂ ਨਜ਼ਰ-ਅੰਦਾਜ਼ ਕਰ, ਛੋਟੀਆਂ-ਛੋਟੀਆਂ ਸੁਰਖੀਆਂ ਹੇਠ ਅਣਗੋਲੇ ਕੋਨਿਆਂ ਵਿੱਚ ਦੇ ਦਿੱਤੀਆਂ ਗਈਆਂ ਹੁਂਦੀਆਂ ਹਨ, ਫਿਰ ਵੀ ਉਹ ਆਪਣੇ ਵਲ ਧਿਆਨ ਖਿਚਣ ਵਿੱਚ ਸਫਲ ਹੋ ਜਾਂਦੀਆਂ ਹਨ। ਇਸਦਾ ਕਾਰਣ ਇਹ ਹੁੰਦਾ ਹੈ ਕਿ ਉਹ ਛੋਟੀਆਂ ਹੋ ਕੇ ਵੀ, ਆਪਣੇ-ਆਪ ਵਿੱਚ ਕਈ ਅਜਿਹੇ ਦਿਲਚਸਪ ਤੱਥ ਛੁਪਾਈ ਹੁੰਦੀਆਂ ਹਨ. ਜੇ ਉਨ੍ਹਾਂ ਨੂੰ ਗੰਭੀਰਤ ਨਾਲ ਘੋਖਿਆ ਜਾਏ ਤਾਂ ਉਹ ਅੱਜ ਦੇ ਬਦਲਦੇ ਸਮਾਜ ਦੀ ਇੱਕ ਨਵੀਂ ਹੀ ਤਸਵੀਰ ਉਕਰ ਸਾਹਮਣੇ ਲਿਆਉਣ ਵਿੱਚ ਮਦਦਗਾਰ ਸਾਬਤ ਹੋ ਜਾਂਦੀਆਂ ਹਨ। ਜਿਵੇਂ ਕਿ

ਔਰਤਾਂ ਦਾ ਇਕਲਿਆਂ ਘੁੰਮਣਾ : ਆਮ ਤੋਰ ਤੇ ਸਵੇਰੇ ਉਠ ਜਦੋਂ ਸਾਡੀ ਨਜ਼ਰ ਅਖਬਾਰਾਂ ਦੀਆਂ ਸੁਰਖੀਆਂ ਪੁਰ ਜਾਂਦੀ ਹੈ ਤਾਂ ਉਨ੍ਹਾਂ ਦਾ ਕੋਈ ਵੀ ਅਜਿਹਾ ਪੰਨਾ ਨਜ਼ਰ ਨਹੀਂ ਆਉਂਦਾ, ਜਿਸ ਵਿੱਚ ਮੋਟੀਆਂ-ਮੋਟੀਆਂ ਸੁਰਖੀਆਂ ਨਾਲ ਦੋ-ਚਾਰ ਬਲਾਤਕਾਰ ਦੀਆਂ ਖਬਰਾਂ ਨਾ ਛਪੀਆਂ ਹੋਈਆਂ ਹੋਣ। ਅਜਿਹੇ ਹੀ ਸਿਰਜੇ ਗਏ ਹੋਏ ਵਾਤਾਵਰਣ ਵਿੱਚ ਇਨ੍ਹਾਂ ਹੀ ਦਿਨਾਂ ਵਿੱਚ ਨੈਸ਼ਨਲ ਸੈਂਪਲ ਸਰਵੇ ਆਫਿਸ (ਐਨਐਸਐਸਓ) ਵਲੋਂ ਕੀਤਾ ਗਿਆ ਇੱਕ ਸਰਵੇ ਛਪਿਆ ਨਜ਼ਰੀਂ ਪਿਆ, ਜਿਸ ਵਿੱਚ ਦਸਿਆ ਗਿਆ ਹੋਇਆ ਸੀ ਕਿ ਇਸ ਵਲੋਂ ਕੀਤੇ ਗਏ ਇਸ ਸਰਵੇ ਅਨੁਸਾਰ ਦੇਸ਼ ਦੀਆਂ 40 ਪ੍ਰਤੀਸ਼ਤ ਔਰਤਾਂ ਅਜਿਹੀਆਂ ਹਨ, ਜੋ ਸਾਰੀਆਂ ਸ਼ੰਕਾਵਾਂ ਨੂੰ ਨਜ਼ਰ-ਅੰਦਾਜ਼ ਕਰ, ਰਾਤ ਨੂੰ ਇਕਲਿਆਂ ਸਫਰ ਕਰਦੀਆਂ ਹਨ। ਇਸ ਸਰਵੇ ਅਨੁਸਾਰ, ਉੱਤਰ ਭਾਰਤ ਦੀ ਤੁਲਨਾ ਵਿੱਚ ਸਭ ਤੋਂ ਵੱਧ ਸੁਰਖਿਅਤ ਮੰਨੇ ਜਾਣ ਵਾਲੇ ਦੱਖਣ ਭਾਰਤ ਵਿੱਚ ਔਰਤਾਂ ਰਾਤ ਨੂੰ ਇਕਲਿਆਂ ਸਫਰ ਕਰਨ ਵਿੱਚ ਜ਼ਿਆਦਾ ਸਹਿਜ ਮਹਿਸੂਸ ਕਰਦੀਆਂ ਹਨ। ਇਸੇ ਸਰਵੇ ਦੇ ਅੰਕੜਿਆਂ ਅਨੁਸਾਰ ਜਿਥੇ ਪੰਜਾਬ (66 ਪ੍ਰਤੀਸ਼ਤ), ਤੇਲੰਗਾਨਾਂ (60 ਪ੍ਰਤੀਸ਼ਤ), ਕੇਰਲ (58 ਪ੍ਰਤੀਸ਼ਤ), ਤਮਿਲਨਾਡੂ (55 ਪ੍ਰਤੀਸ਼ਤ) ਅਤੇ ਆਂਧਰ ਪ੍ਰਦੇਸ਼ (53 ਪ੍ਰਤੀਸ਼ਤ) ਰਾਜਾਂ ਵਿੱਚ ਔਰਤਾਂਾਂ ਦੇ ਇਕਲਿਆਂ ਘੁੰਮਣ ਦੀ ਔਸਤ ਦੇਸ਼ ਦੀ ਸਮੁਚੀ ਔਸਤ ਤੋਂ ਕਿਤੇ ਵੱਧ ਹੈ, ਉਥੇ ਹੀ ਦਿੱਲੀ (10 ਪ੍ਰਤੀਸ਼ਤ), ਹਰਿਆਣਾ ਤੇ ਬਿਹਾਰ (13 ਪ੍ਰਤੀਸ਼ਤ), ਸਿਕਿੱਮ (15 ਪ੍ਰਤੀਸ਼ਤ) ਤੇ ਮਣੀਪੁਰ (16 ਪ੍ਰਤੀਸ਼ਤ) ਰਾਜ ਉਨ੍ਹਾਂ ਤੋਂ ਬਹੁਤ ਹੀ ਪਿਛੜੇ ਹੋਏ ਹਨ। ਦਸਿਆ ਗਿਆ ਹੈ ਕਿ ਇਕਲਿਆਂ ਘੁੰਮਣ ਦੇ ਮਾਮਲੇ ਵਿੱਚ ਪੇਂਡੂ ਔਰਤਾਂ ਨੇ ਸ਼ਹਿਰੀ ਔਰਤਾਂ ਨੂੰ ਪਿਛੇ ਛੱਡ ਦਿੱਤਾ ਹੋਇਆ ਹੈ। ਸਰਵੇ ਅਨੁਸਾਰ 41 ਪ੍ਰਤੀਸ਼ਤ ਪੇਂਡੂ ਔਰਤਾਂ ਰਾਤ ਨੂੰ ਇਕਲਿਆਂ ਸਫਰ ਕਰਦੀਆਂ ਹਨ, ਜਦਕਿ ਇਸਦੇ ਮੁਕਾਬਲੇ ਸ਼ਹਿਰੀ ਔਰਤਾਂ ਦਾ ਪ੍ਰਤੀਸਤ 37 ਹੈ। ਇਤਨਾ ਹੀ ਨਹੀਂ ਜੇ ਵੱਖ-ਵੱਖ ਰਾਜਾਂ ਦੇ ਉਪਰ ਦਿੱਤੇ ਅੰਕੜਿਆਂ ਪੁਰ ਨਜ਼ਰ ਮਾਰੀ ਜਾਏ ਤਾਂ ਇਹ ਗਲ ਸਪਸ਼ਟ ਹੋ, ਉਭਰ ਕੇ ਸਾਹਮਣੇ ਆ ਜਾਂਦੀ ਹੈ ਕਿ ਪੰਜਾਬ ਦੀਆਂ ਔਰਤਾਂ ਰਾਤ-ਭਰ ਇਕਲਿਆਂ ਸਫਰ ਕਰਨ ਵਿੱਚ ਸਭ ਤੋਂ ਅੱਗੇ ਹਨ, ਜਦਕਿ ਦੇਸ਼ ਦੀ ਰਾਜਧਾਨੀ ਦਿੱਲੀ ਸਭ ਤੋਂ ਹੇਠਾਂ ਹੈ। ਕਿਉਂਕਿ ਉੱਤਰ ਭਾਰਤ ਦੀ ਤੁਲਨਾ ਵਿੱਚ ਦਖਣ ਭਾਰਤ ਵਿੱਚ ਔਰਤਾਂ ਰਾਤ ਨੂੰ ਇਕਲਿਆਂ ਸਫਰ ਕਰਨ ਵਿੱਚ ਬਹੁਤ ਹੀ ਸਹਿਜ ਮਹਿਸੂਸ ਕਰਦੀਆਂ ਹਨ, ਇਸੇ ਲਈ ਦੱਖਣ ਭਾਰਤ ਵਿੱਚ ਰਾਤ ਨੂੰ ਇਕਲਿਆਂ ਸਫਰ ਕਰਨ ਵਾਲੀਆਂ ਔਰਤਾਂ ਦੀ ਗਿਣਤੀ, ਉੱਤਰ ਭਾਰਤ ਵਿੱਚ ਰਾਤ ਨੂੰ ਇਕਲਿਆਂ ਸਫਰ ਕਰਨ ਵਾਲੀਆਂ ਔਰਤਾਂ ਨਾਲੋਂ ਕਿਤੇ ਬਹੁਤ ਵਧੇਰੇ ਹੈ।

ਗਲ ਬਲਾਤਕਾਰ ਦੀ : ਜਿਵੇਂ ਕਿ ਉਪਰ ਜ਼ਿਕਰ ਕੀਤਾ ਗਿਆ ਹੈ ਕਿ ਸਵੇਰੇ, ਜਦੋਂ ਪਹਿਲੀ ਨਜ਼ਰ ਅਖਬਾਰਾਂ ਦੀਆਂ ਸੁਰਖੀਆਂ ਪੁਰ ਜਾਂਦੀ ਹੈ ਤਾਂ ਕਿਸੇ ਵੀ ਦਿਨ ਦੇ ਅਖਬਾਰ ਦਾ ਕੋਈ ਵੀ ਪੰਨਾ ਅਜਿਹਾ ਨਜ਼ਰ ਨਹੀਂ ਆਉਂਦਾ, ਜਿਸ ਵਿੱਚ ਮੋਟੀਆਂ-ਮੋਟੀਆਂ ਸੁਰਖੀਆਂ ਔਰਤਾਂ ਦੇ ਅਗਵਾ, ਬਲਾਤਕਾਰ, ਬਲਾਤਕਾਰ ਤੋਂ ਬਾਅਦ ਉਨ੍ਹਾਂ ਦਾ ਕਤਲ ਕਰ ਦਿੱਤੇ ਜਾਣ ਅਤੇ ਅਜਿਹੀਆਂ ਹੀ ਘਟਨਾਵਾਂ ਨਾਲ ਸੰਬੰਧਤ ਅਦਾਲਤਾਂ ਵਿੱਚ ਚਲਣ ਵਾਲੇ ਮੁਕਦਮਿਆਂ ਦੀਆਂ ਦੋ-ਚਾਰ ਖਬਰਾਂ ਛਪੀਆਂ ਹੋਈਆਂ ਨਾ ਹੋਣ। ਇਨ੍ਹਾਂ ਖਬਰਾਂ ਤੋ ਇਉਂ ਜਾਪਣਾ ਸੁਭਾਵਕ ਹੈ ਕਿ ਬਲਾਤਕਾਰ ਦੇ ਮੁਕਦੰਿਮਆਂ ਵਿੱਚ ਦਿਨ-ਬ-ਦਿਨ ਵਾਧਾ ਹੀ ਹੁੰਦਾ ਜਾ ਰਿਹਾ ਹੈ। ਇਸ ਵਿੱਚ ਕੋਈ ਸ਼ਕ ਦੀ ਵੀ ਕੋਈ ਗੁੰਜਾਇਸ਼ ਨਹੀਂ ਕਿ ਔਰਤਾਂ ਨਾਲ ਹੋਣ ਵਾਲੇ ਯੋਨ-ਉਤਪੀੜਨ ਦੀਆਂ ਘਟਨਾਵਾਂ ਲਗਾਤਾਰ ਵੱਧ ਰਹੀਆਂ ਹਨ। ਦਸਿਆ ਗਿਆ ਹੈ ਕਿ ਪਿਛਲੇ ਦਿਨੀਂ ਇਸਦਾ ਇੱਕ ਹੋਰ ਪਹਿਲੂ ਅਦਾਲਤਾਂ ਸਾਹਮਣੇ ਉਭਰ ਕੇ ਆਇਆ ਹੈ। ਉਹ ਇਉਂ ਕਿ ਬੀਤੇ ਛੇ ਮਹੀਨਿਆਂ ਵਿੱਚ 45 ਪ੍ਰਤੀਸ਼ਤ ਅਜਿਹੇ ਮਾਮਲੇ ਅਦਾਲਤਾਂ ਸਾਹਮਣੇ ਆਏ ਹਨ, ਜਿਨ੍ਹਾਂ ਅਨੁਸਾਰ ਸ਼ਿਕਾਇਤ ਕਰਨ ਵਾਲੀਆਂ ਅੋਰਤਾਂ ਅਸਲ ਵਿੱਚ ਪੀੜਤਾ ਸਨ ਹੀ ਨਹੀਂ, ਸਗੋਂ ਛੋਟੀਆਂ-ਮੋਟੀਆਂ ਘਰੇਲੂ ਗਲਾਂ 'ਤੇ ਗੁੱਸੇ ਹੋ ਜਾਂ ਫਿਰ ਨਿਜੀ ਮੰਗਾਂ ਦੇ ਪੂਰੀਆਂ ਨਾ ਹੋਣ ਦੇ ਕਾਰਣ, ਉਨ੍ਹਾਂ ਬਲਾਤਕਾਰ ਦਾ ਮਾਮਲਾ ਦਰਜ ਕਰਵਾ ਦਿੱਤਾ। ਦਿੱਲੀ ਦੀ ਦਵਾਰਕਾ ਸਥਿਤ ਅਦਾਲਤ ਨੇ ਅਜਿਹੇ ਮਾਮਲਿਆਂ ਪੁਰ ਚਿੰਤਾ ਪ੍ਰਗਟ ਕਰਦਿਆਂ ਪੁਲਿਸ ਨੂੰ ਹਿਦਾਇਤ ਕੀਤੀ ਹੈ ਕਿ ਉਹ ਬਲਾਤਕਾਰ ਦੀਆਂ ਸ਼ਿਕਾਇਤਾਂ ਦੇ ਅਜਿਹੇ ਮਾਮਲਿਆਂ ਦੀ ਨਿਰਪੱਖ ਪੁਣ-ਛਾਣ ਕਰਨ ਤੋਂ ਬਾਅਦ ਹੀ ਮੁਕਦਮਾ ਦਰਜ ਕੀਤਾ ਕਰਿਆ ਕਰੇ।
ਦਸਿਆ ਗਿਆ ਹੈ ਕਿ ਦਿੱਲੀ ਦੀਆਂ ਛੇ ਜ਼ਿਲਾ ਅਦਾਲਤਾਂ ਦੇ ਰਿਕਾਰਡ ਦੀ ਛਾਣਬੀਣ ਕੀਤੇ ਜਾਣ ਤੇ ਮਿਲੇ ਅੰਕੜੇ ਦਸਦੇ ਹਨ ਕਿ ਅਦਾਲਤਾਂ ਵਿੱਚ ਚਲ ਰਹੇ ਬਲਾਤਕਾਰ ਦੇ ਮਾਮਲਿਆਂ ਵਿਚੋਂ 70 ਪ੍ਰਤੀਸ਼ਤ ਮਾਮਲੇ ਤਾਂ ਅਦਾਲਤਾਂ ਵਿੱਚ ਸਾਬਤ ਹੀ ਨਹੀਂ ਹੋ ਪਾਂਦੇ, ਜਦਕਿ 45 ਪ੍ਰਤੀਸਤ ਮਾਮਲੇ ਅਜਿਹੇ ਹੁੰਦੇ ਹਨ, ਜਿਨ੍ਹਾਂ ਵਿੱਚ ਮੁਕਮਦਾ ਦਰਜ ਕਰਵਾਣ ਵਾਲੀ ਔਰਤ ਘਟਨਾ ਦੇ ਕੁਝ ਹੀ ਦਿਨਾਂ ਦੇ ਅੰਦਰ ਗੁੱਸਾ ਸ਼ਾਂਤ ਹੋ ਜਾਣ ਤੇ ਦੋਸ਼ੀ ਨੂੰ ਬਚਾਣ ਲਈ ਅਦਾਲਤ ਪਹੁੰਚ ਜਾਂਦੀ ਹੈ। ਇਤਨਾ ਹੀ ਨਹੀਂ ਉਹ ਮੰਨਦੀ ਹੈ ਕਿ ਉਸ ਅਤੇ ਦੋਸ਼ੀ ਵਿੱਚ ਪਿਆਰ ਸੰਬੰਧ ਹਨ। ਉਸਨੂੰ ਪ੍ਰੇਮੀ ਵਲੋਂ ਫੋਨ ਬੰਦ ਰਖਣ ਜਾਂ ਸ਼ਾਦੀ ਦੀ ਤਾਰੀਖ ਅਗੇ ਵਧਾਣ ਜਾਂ ਫਿਰ ਲੜਕੇ ਦੇ ਪਰਿਵਾਰ ਵਲੋਂ ਧਮਕਾਏ ਜਾਣ 'ਤੇ ਗੁੱਸਾ ਆ ਗਿਆ ਸੀ। ਇਸਲਈ ਉਸਨੇ ਬਦਲਾ ਲੈਣ ਦੇ ਮਕਸਦ ਨਾਲ ਮੁਕਦਮਾ ਦਰਜ ਕਰਵਾ ਦਿੱਤਾ ਸੀ। ਹੁਣ ਉਹ ਆਪਣੀ ਗਲਤੀ ਨੂੰ ਸੁਧਾਰਨਾ ਚਾਹੁੰਦੀ ਹੈ। ਦਸਿਆ ਗਿਆ ਹੈ ਕਿ ਅਦਾਲਤਾਂ ਇਸਤਰ੍ਹਾਂ ਦੇ ਵੱਧ ਰਹੇ ਮਾਮਲਿਆਂ ਕਰਾਣ ਬਹੁਤ ਨਾਰਾਜ਼ ਤੇ ਪ੍ਰੇਸ਼ਾਨ ਹਨ।


ਤਲਾਕ ਦੇ ਕੁਝ ਦਿਲਚਸਪ ਮਾਮਲੇ : ਇਸੇ ਤਰ੍ਹਾਂ ਦਸਿਆ ਗਿਆ ਹੈ ਕਿ ਹਾਲ ਵਿੱਚ ਹੀ ਕ੍ਰਾਈਮ ਅਗੈਂਸਟ ਵੁਮਨ ਸੈੱਲ ਦੇ ਸਾਹਮਣੇ ਤਲਾਕ ਦਾ ਇੱਕ ਮਾਮਲਾ ਅਜਿਹਾ ਆਇਆ ਹੈ, ਜਿਸ ਵਿੱਚ ਇੱਕ 32 ਵਰ੍ਹਿਆਂ ਦੀ ਸਰਕਾਰੀ ਨੌਕਰੀ ਕਰ ਰਹੀ ਔਰਤ ਨੇ ਆਪਣੇ ਪਤੀ ਵਿਰੁਧ ਕੀਤੀ ਸ਼ਿਕਾਇਤ ਵਿੱਚ ਕਿਹਾ ਹੈ ਕਿ ਉਹ ਬੀਤੇ ਕਈ ਵਰ੍ਹਿਆਂ ਤੋਂ ਮਾਨਸਿਕ ਰੂਪ ਵਿੱਚ ਪ੍ਰੇਸ਼ਾਨ ਅਤੇ ਤਨਾਉ ਵਿੱਚ ਹੈ, ਕਿਉਂਕਿ ਉਸਦਾ ਪਤੀ ਨਹਾਣ ਤੋਂ ਬਾਅਦ ਕਦੀ ਵੀ ਆਪਣਾ ਤੋਲੀਆ ਸੁਕਣੇ ਨਹੀਂ ਪਾਂਦਾ, ਜਿੱਥੇ ਹੁੰਦਾ ਹੈ, ਸੁੱਟ ਦਿੰਦਾ ਹੈ। ਕਾਫੀ ਲੜਾਈ-ਝਗੜਾ ਕਰਨ ਦੇ ਬਾਅਦ ਵੀ ਉਹ ਇਸਤੇਮਾਲ ਕਰਨ ਤੋਂ ਬਾਅਦ ਫਲਸ਼ ਨਹੀਂ ਚਲਾਂਦਾ। ਦਫਤਰੋਂ ਆਣ ਤੋਂ ਬਾਅਦ ਜੁਤੀਆਂ ਲਾਹ, ਇੱਧਰ-ਉੱਧਰ ਸੁਟ ਦਿੰਦਾ ਹੈ। ਉਸਨੇ ਕਿਹਾ ਕਿ ਜਦੋਂ ਕਾਫੀ ਸਮਝਾਣ-ਬੁਝਾਣ ਦੇ ਬਾਅਦ ਵੀ ਪਤੀ ਦੇ ਵਿਹਾਰ ਵਿੱਚ ਕੋਈ ਬਦਲਾਉ ਨਹੀਂ ਆਇਆ, ਤਾਂ ਉਸਨੂੰ ਮਜਬੂਰਨ ਸ਼ਿਕਾਇਤ ਕਰਨੀ ਪਈ। 
ਇਸੇ ਸੈੱਲ ਵਿੱਚ ਆਈ ਇੱਕ ਹੋਰ ਸ਼ਿਕਾਇਤ ਵਿੱਚ ਦਸਿਆ ਗਿਆ ਹੈ ਕਿ ਪਤਨੀ ਨੇ ਆਪਣੇ ਪਤੀ ਪੁਰ ਇਹ ਦੋਸ਼ ਲਾਇਆ ਹੈ ਕਿ ਉਹ ਉਸਨੂੰ ਕਦੀ ਵੀ ਬਾਹਰ ਘੁਮਾਣ ਲਈ ਨਹੀਂ ਲੈ ਕੇ ਜਾਂਦਾ। ਜਿਸ ਕਾਰਣ ਉਹ ਨਿਰਾਸ਼ਾ ਦੇ ਤਨਾਉ ਵਿੱਚ ਘਿਰਦੀ ਜਾ ਰਹੀ ਹੈ। ਘਰ ਵਿੱਚ ਬੰਦ ਰਹਿਣ ਕਾਰਣ ਉਸਦੀ ਸਿਹਤ ਪੁਰ ਵੀ ਮਾੜਾ ਅਸਰ ਪੈ ਰਿਹਾ ਹੈ। ਉਸਨੇ ਇਹ ਵੀ ਦਸਿਆ ਕਿ ਉਸਨੂੰ ਕਈ ਵਰ੍ਹਿਆਂ ਤੋਂ ਸ਼ਾਪਿੰਗ ਵੀ ਨਹੀਂ ਕਰਵਾਈ ਗਈ। ਘਰੇਲੂ ਕੰਮ ਦਾ ਭਾਰ ਬਹੁਤਾ ਹੋਣ ਅਤੇ ਪਤੀ ਵਲੋਂ ਕੋਈ ਵੀ ਸੁਣਾਈ ਨਾ ਕੀਤੇ ਜਾਣ ਦੇ ਕਾਰਣ ਉਹ ਪਤੀ ਨਾਲੋਂ ਅਲਗ ਹੋਣਾ ਚਾਹੁੰਦੀ ਹੈ।


ਮਹਿੰਗਾਈ ਬਨਾਮ ਬਚਤ : ਹਾਲਾਂਕਿ ਭਾਰਤੀ ਆਰਥਕ, ਰਾਜਨੈਤਿਕ ਅਤੇ ਸਮਾਜਕ ਹਾਲਾਤ ਨੂੰ ਵੇਖਦਿਆਂ ਸੇਵਾ-ਮੁਕਤੀ, ਅਰਥਾਤ ਰਿਟਾਇਰਮੈਂਟ ਤੋਂ ਬਾਅਦ ਵਿੱਤੀ ਸੁਰਖਿਆ ਲਈ ਬਚਤ ਕੀਤੇ ਜਾਣ ਨੂੰ ਬਹੁਤ ਹੀ ਜ਼ਰੂਰੀ ਸਮਝਿਆ ਜਾਂਦਾ ਹੈ। ਪ੍ਰੰਤੂ ਇਸਦੇ ਵਿਰੁਧ ਵੇਖਣ ਵਿੱਚ ਇਹ ਆ ਰਿਹਾ ਹੈ ਕਿ ਦੇਸ਼ ਵਿੱਚਲੇ ਲਗਭਗ 47 ਪ੍ਰਤੀਸ਼ਤ ਕਾਮਗਾਰ (ਕੰਮ-ਕਾਜੀ) ਲੋਕੀ ਅਜਿਹੇ ਹਨ, ਜੋ ਰਿਟਾਇਰਮੈਂਟ ਤੋਂ ਬਾਅਦ ਬੁਢਾਪੇ ਲਈ ਕੋਈ ਬਚਤ ਨਹੀਂ ਕਰ ਪਾ ਰਹੇ। ਇਹ ਖੁਲਾਸਾ ਇਪਸੋਸ ਮੋਰੀ ਵਲੋਂ ਆਨ-ਲਾਇਨ ਕਰਵਾਏ ਗਏ ਸਰਵੇਖਣ ਵਿੱਚ ਹੋਇਆ ਹੈ। ਬੀਤੇ ਵਰ੍ਹੇ ਸਤੰਬਰ-ਅਕਤੂਬਰ ਦੌਰਾਨ ਕਰਵਾਏ ਗਏ ਇਸ ਸਰਵੇਖਣ ਆਨੁਸਾਰ ਭਾਰਤ ਵਿੱਚ ਕੰਮ-ਕਾਰ ਵਿੱਚ ਲਗੇ ਲੋਕਾਂ ਵਿਚੋਂ 47 ਪ੍ਰਤੀਸ਼ਤ ਲੋਕਾਂ ਨੇ ਆਪਣੀ ਸੇਵਾ-ਮੁਕਤੀ ਤੋਂ ਬਾਅਦ ਲਈ ਬਚਤ ਸ਼ੁਰੂ ਕੀਤੀ ਹੀ ਨਹੀਂ ਜਾਂ ਫਿਰ ਸ਼ੁਰੂ ਕੀਤਾ ਗਿਆ ਹੋਇਆ ਬਚਤ ਦਾ ਸਿਲਸਿਲਾ ਬੰਦ ਕਰ ਦਿਤਾ ਹੈ। ਇਨ੍ਹਾਂ ਵਿਚੋਂ ਕਈਆਂ ਨੇ ਕਿਹਾ ਹੈ ਕਿ ਬਚਤ ਕਰਨਾ ਤਾਂ ਦੂਰ ਰਿਹਾ, ਉਨ੍ਹਾਂ ਲਈ ਤਾਂ ਘਰ ਚਲਾਣਾ ਤਕ ਦੂਬਰ ਹੋਇਆ ਪਿਆ ਹੈ। ਅਜਿਹੇ ਲੋਕਾਂ ਦਾ ਔਸਤ ਪ੍ਰਤੀਸ਼ਤ 46 ਤੋਂ ਇੱਕ ਪ੍ਰਤੀਸ਼ਤ ਵੱਧ ਹੈ। ਇਸ ਸਰਵੇਖਣ ਅਨੁਸਾਰ 44 ਪ੍ਰਤੀਸ਼ਤ ਲੋਕਾਂ ਨੇ ਕਿਹਾ ਕਿ ਉਨ੍ਹਾਂ ਬੁਢਾਪੇ ਲਈ ਪੂੰਜੀ ਜੁਟਾਣ ਦੀ ਸ਼ੁ੍ਰਰੂਆਤ ਤਾਂ ਕੀਤੀ ਸੀ, ਪ੍ਰੰਤੂ ਮਹਿੰਗਾਈ ਦੇ ਲਗਾਤਾਰ ਵੱਧਦਿਆਂ ਜਾਣ ਕਾਰਣ ਵਰਤਮਾਨ ਜ਼ਰੂਰਤਾਂ ਨੂੰ ਪੂਰਿਆਂ ਕਰਨ ਵਿੱਚ ਆ ਰਹੀਆਂ ਪ੍ਰੇਸ਼ਾਨੀਆਂ ਕਾਰਣ ਉਨ੍ਹਾਂ ਨੂੰ ਇਹ ਸਿਲਸਿਲਾ ਬੰਦ ਕਰ ਦੇਣ ਤੇ ਮਜਬੂਰ ਹੋਣਾ ਪਿਆ। ਇਸਤੋਂ ਇਲਾਵਾ 21 ਪ੍ਰਤੀਸ਼ਤ ਕਾਮਗਾਰਾਂ ਨੇ ਦਸਿਆ ਕਿ ਉਨ੍ਹਾਂ ਨੇ ਤਾਂ ਬਚਤ ਕਰਨੀ ਸੁਰੂ ਹੀ ਨਹੀਂ ਕੀਤੀ।

...ਅਤੇ ਅੰਤ ਵਿੱਚ : ਦਸਿਆ ਜਾਂਦਾ ਹੈ ਕਿ ਸਭ ਤੋਂ ਵੱਧ ਚਿੰਤਾਜਨਕ ਸਥਿਤੀ ਇਹ ਹੈ ਕਿ 60 ਵਰ੍ਹਿਆਂ ਦੀ ਉਮਰ ਦੇ 22 ਪ੍ਰਤੀਸ਼ਤ ਅਤੇ 50 ਵਰ੍ਹਿਆਂ ਦੀ ਉਮਰ ਦੇ 14 ਪ੍ਰਤੀਸ਼ਤ ਲੋਕਾਂ ਨੇ ਬੁਢਾਪੇ ਲਈ ਕਿਸੇ ਵੀ ਤਰ੍ਹਾਂ ਦੀ ਬਚਤ ਸ਼ੁਰੂ ਨਹੀਂ ਕੀਤੀ ਹੋਈ।

Mobile : + 91 95 82 71 98 90
E-mail : jaswantsinghajit@gmail.com

Address : Jaswant Singh ‘Ajit’, Flat No. 51, Sheetal Apartment, Sector – 14, Rohini,
 DELHI-110085

22 March 2019