ਸਾਡਾ ਵਿਰਸਾ... ਪੁਰਾਤਨ ਪੰਜਾਬ ਨਾਲ ਹੀ ਮੀਨਾਕਾਰੀ ਯੁੱਗ ਦਾ ਵੀ ਹੋਇਆ ਅੰਤ - ਜਸਵੀਰ ਸ਼ਰਮਾਂ ਦੱਦਾਹੂਰ

ਬੇਸ਼ੱਕ ਅੱਜ ਅਸੀਂ ਬਹੁਤ ਅਗਾਂਹ ਵਧੂ ਭਾਵ ਇੱਕੀਵੀਂ ਸਦੀ ਵਿਚ ਪੈਰ ਧਰ ਲਿਆ ਹੈ ਤੇ ਬਹੁਤ ਜ਼ਿਆਦਾ ਤਰੱਕੀ ਦੀਆਂ ਪੌੜੀਆਂ ਚੜ੍ਹ ਗਏ ਹਾਂ ਤੇ ਅੱਗੋਂ ਵੀ ਇਹ ਰੁਝਾਨ ਦਿਨੋ-ਦਿਨ ਵਧਦਾ ਹੀ ਜਾਂਦਾ ਹੈ, ਪਰ ਜੇਕਰ  ਆਪਾਂ ਪੁਰਾਤਨ ਪੰਜਾਬ ਭਾਵ ਤਿੰਨ ਕੁ ਦਹਾਕੇ ਹੀ ਪਿੱਛੇ ਝਾਤੀ ਮਾਰੀਏ ਤਾਂ ਉਨ੍ਹਾਂ ਸਮਿਆਂ ਨੂੰ ਜ਼ੇਕਰ ਮੀਨਾਕਾਰੀ ਦਾ ਯੁੱਗ ਕਹਿ ਲਿਆ ਜਾਵੇ ਤਾਂ ਕੋਈ ਅਤਿਕਥਨੀ ਨਹੀਂ ਹੋਵੇਗੀ!
ਬੇਬੇ ਦੇ ਸੰਦੂਕ ਤੋਂ ਹੀ ਗੱਲ ਸ਼ੁਰੂ ਕਰੀਏ ਕਿ ਸ਼ੀਸ਼ਿਆਂ ਜੜਿਆ ਬੇਬੇ ਦੇ ਸੰਦੂਕ ਤੇ ਐਸੀ ਮੀਨਾਕਾਰੀ ਕੀਤੀ ਹੁੰਦੀ ਸੀ ਕਿ ਵੇਖਣ ਵਾਲੇ ਦੀਆ ਅੱਖਾਂ ਟੱਡੀਆ ਰਹਿ ਜਾਂਦੀਆਂ ਸਨ, ਛੋਟੇ ਛੋਟੇ ਸ਼ੀਸ਼ੇ ਪਿੱਤਲ ਦੀ ਝਾਲ ਵਾਲੀਆਂ ਸੁਨਿਹਰੀ ਭਾਅ ਮਾਰਦੀਆਂ ਤੇ ਸੁਨਿਹਿਰੇ ਹੀ ਕੋਕੇ ਜੜੇ ਹੁੰਦੇ ਸਨ ਜਿਸਨੂੰ ਵੇਖਕੇ ਵੇਖਣ ਵਾਲਾ ਓਸ ਕਾਰੀਗਰ ਨੂੰ ਦਾਦ ਦੇਣੋ ਨਹੀਂ ਸੀ ਰਹਿੰਦਾ! ਇਸੇ ਸੰਦੂਕ ਦੇ ਵਿੱਚ ਬੇਬੇ ਦਾ ਆਪਦਾ ਸਮਾਨ ਭਾਵ ਬਿਸਤਰੇ ਚਤੱਈਆਂ ਖੇਸ ਹੱਥੀਂ ਝੱਲਣ ਵਾਲੀਆ ਪੱਖੀਆਂ ਪੱਖੇ ਤੇ ਇਥੋਂ ਤੱਕ ਕਿ ਇਹੀ ਸੰਦੂਕ ਹੀ ਉਨ੍ਹਾਂ ਸਮਿਆਂ ਵਿਚ ਗੌਦਰੇਜ ਦੀ ਅਲਮਾਰੀ ਦੇ ਕੰਮ ਵੀਦਿੰਦੇ ਸੀ ਭਾਵ ਘਰ ਦੀ ਸਾਰੀ ਨਕਦੀ ਟੂੰਮਾਂ ਗਹਿਣੇ ਆਦਿ ਸਾਰੀਆਂ ਚੀਜ਼ਾਂ ਨੂੰ ਹੀ ਇਹ ਸੰਦੂਕ ਸੰਭਾਲਿਆ ਕਰਦੇ ਸਨ ਤੇ ਇਸੇ ਤਰ੍ਹਾਂ ਅੱਗੇ ਘਰ ਦੀਆਂ ਧੀਆਂ ਭੈਣਾਂ ਲਈ ਵੀ ਇਹੇ ਸੰਦੂਕ ਕੰਮ ਦਿੰਦੇ ਰਹੇ ਹਨ, ਸਮੇਂ ਦੇ ਬਦਲਾਅ ਨਾਲ ਜਿਸਤੀ ਪੇਟੀਆਂ ਗੌਦਰੇਜ ਤੇ ਹੁਣ ਪਤਾ ਨੀ ਕੀ-ਕੀ ਚੱਲ ਪਿਆ ਹੈ!
ਪੁਰਾਤਨ ਹਵੇਲੀਆਂ ਨੂੰ ਲੱਗੇ ਲੱਕੜ ਦੇ ਬਹੁਤ ਭਾਰੇ ਗੇਟਾਂ ਤੇ ਵੀ ਬਹੁਤ ਹੀ ਸੁੰਦਰ ਕਿਸਮ ਦੇ ਡਿਜ਼ਾਇਨ ਪਾਕੇ ਆਕਰਸ਼ਿਤ ਮੀਨਾਕਾਰੀ ਕੀਤੀ ਹੁੰਦੀ ਸੀ,ਜੋ ਹੁਣ ਅਲੋਪ ਹੀ ਹੋ ਰਹੀ ਹੈ, ਹਾਂ ਕਿਸੇ ਕਿਸੇ ਪੁਰਾਣੇ ਬਜ਼ੁਰਗਾਂ ਨੇ ਆਪਣੀਆਂ ਵੇਸ਼ ਕੀਮਤੀ ਵਿਰਸੇ ਦੀਆਂ ਇਨ੍ਹਾਂ ਨਿਸ਼ਾਨੀਆਂ ਨੂੰ ਹਾਲੇ ਵੀ ਆਪਣੇ ਜਿਉਂਦੇ ਜੀਅ ਸੰਭਾਲ ਕੇ ਰੱਖਿਆ ਹੋਇਆ ਹੈ, ਕਿਸੇ ਕਿਸੇ ਵਿਰਲੇ ਪਿੰਡ ਚ ਇਨ੍ਹਾਂ ਦੇ ਦਰਸ਼ਨ ਹੋ ਜਾਂਦੇ ਹਨ! ਇਹ ਉੱਪਰੋਕਤ ਗੱਲਾਂ ਤਾਂ ਉਨ੍ਹਾਂ ਸਮਿਆਂ ਦੇ ਬਹੁਤ ਹੀ ਮਿਹਨਤੀ ਕਾਰੀਗਰਾਂ ਦੀਆਂ ਮਿਹਨਤੀ ਨਿਸ਼ਾਨੀਆਂ ਸਨ ਜੋ ਉਨ੍ਹਾਂ ਦੀ ਕੀਤੀ ਹੋਈ ਮਿਹਨਤ ਦੀ ਹਾਮ੍ਹੀ ਭਰਦੀਆਂ ਹਨ! ਇਸ ਤੋਂ ਇਲਾਵਾ ਉਨ੍ਹਾਂ ਸਮਿਆਂ ਵਿੱਚ ਸਾਡੀਆਂ ਮਾਵਾਂ ਦਾਦੀਆਂ ਜਾਂ ਕਹਿ ਲਈਏ ਕਿ ਧੀਆਂ ਭੈਣਾਂ ਵੀ ਕਿਸੇ ਕਹਿੰਦੇ ਕਹਾਉਂਦੇ ਕਾਰੀਗਰ ਤੋਂ ਘੱਟ ਨਹੀਂ ਸਨ, ਕਿਉਂਕਿ ਘਰੇਲੂ ਚੁੱਲ੍ਹੇ ਚੌਂਕੇ, ਹਾਰਿਆਂ, ਭਾਂਡਿਆਂ ਵਾਲੀਆਂ ਪੜਛੱਤੀਆਂ ਨੂੰ ਐਸੀ ਮੀਨਾਕਾਰੀ ਕਰਦੀਆਂ ਸਨ, ਤੇ ਵਿਹੜੇ ਵਿੱਚ ਵੀ ਗੋਹਾ ਮਿੱਟੀ ਫੇਰਦੀਆਂ ਸਨ ਕਿ ਹੱਦੋਂ ਵੱਧ ਸਫ਼ਾਈ ਹੋਇਆ ਕਰਦੀ ਸੀ, ਉਨ੍ਹਾਂ ਸਮਿਆਂ ਵਿਚ ਅਕਸਰ ਹੀ ਕਿਹਾ ਜਾਂਦਾ ਸੀ ਕਿ ਭਾਵੇਂ ਭੁੰਜੇ ਰੱਖਕੇ ਖਾ ਲਈਏ  ਭਾਵ ਸਿਰਫ ਸਫ਼ਾਈ ਤੋਂ ਹੀ ਸੀ ਕਿ ਬਹੁਤ ਹੀ ਸਚਿਆਰਾ ਕੰਮ ਕੀਤਾ ਜਾਂਦਾ ਰਿਹਾ ਹੈ! ਪਰ ਹੁਣ ਇਹ ਸੱਭ ਗੱਲਾਂ ਬੀਤੇ ਦੀਆਂ ਯਾਦਾਂ ਤੇ ਬਾਤਾਂ ਹੋ ਕੇ ਰਹਿ  ਗਈਆਂ ਹਨ, ਅਜੋਕੇ ਬਦਲੇ ਸਮੀਕਰਣਾਂ ਮੁਤਾਬਕ ਹੁਣ ਇਨ੍ਹਾਂ ਗੱਲਾਂ ਦੀ ਕੋਈ ਅਹਿਮੀਅਤ ਹੀ ਨਹੀਂ ਰਹਿ ਗਈ ਕਿਉਂਕਿ ਅਸੀਂ ਬਹੁਤ ਅਗਾਂਹ ਵਧੂ ਤੇ ਅਮੀਰੀ ਦੀ ਝਲਕ ਵਾਲੇ ਹੋ ਗਏ ਹਾਂ, ਪਰ ਸਾਡਾ ਅਸਲੀ ਵਿਰਸਾ ਤਾਂ ਇਹੀ ਸੀ! ਹੁਣ ਤਾਂ ਹੋਰ ਹੀ ਗੁੱਡੀਆਂ ਤੇ ਹੋਰ ਈ ਪਟੋਲੇ ਹੋ ਗ?ੇ ਹਨ! ਜੇਕਰ ਕਹਿ ਲਈਏ ਕਿ ਹੁਣ ਪੁਰਾਤਨ ਮੀਨਾਕਾਰੀ ਯੁੱਗ ਦਾ ਅੰਤ ਹੋ ਗਿਆ ਹੈ ਤਾਂ ਕੋਈ ਵੀ ਅਤਿਕਥਨੀ ਨਹੀਂ ਹੋਵੇਗੀ!

ਜਸਵੀਰ ਸ਼ਰਮਾਂ ਦੱਦਾਹੂਰ 94176 22046
ਸ਼੍ਰੀ ਮੁਕਤਸਰ ਸਾਹਿਬ

23 March 2019