ਚੁੰਝਾਂ-ਪ੍ਹੌਂਚੇ - ਨਿਰਮਲ ਸਿੰਘ ਕੰਧਾਲਵੀ

24 March 2019

ਮੋਦੀ ਅਤੇ ਜੇਤਲੀ ਅਰਥ ਸ਼ਾਸਤਰ ਤੋਂ ਕੋਰੇ- ਸੁਬਰਾਮਨੀਅਮ ਸੁਆਮੀ
ਓਹਦੇ ਨਾਲ਼ ਕੀ ਬੋਲਣਾ ਜਿਹਨੂੰ ਪੱਗ ਬੰਨ੍ਹਣੀ ਨਾ ਆਵੇ।

ਮਸੂਦ ਮਾਮਲੇ 'ਚ ਚੀਨ ਨੂੰ ਗੰਭੀਰ ਚਿੰਤਨ ਦੀ ਲੋੜ-ਸਾਬਕਾ ਵਿਦੇਸ਼ ਸਕੱਤਰ ਜੈਸ਼ੰਕਰ
ਕਿਹੜੇ ਯਾਰ ਦਾ ਗੁਤਾਵਾ ਕੀਤਾ, ਅੱਖ ਵਿਚ ਕੱਖ ਪੈ ਗਿਆ।

ਕਾਂਗਰਸ ਨਾਲ ਮਹਾਂ ਗੱਠਜੋੜ ਬਣਾਉਣ ਦੀਆਂ ਕੋਸ਼ਿਸ਼ਾਂ ਨਿੰਦਣਯੋਗ- ਮੋਦੀ
ਨਾਰ ਬਿਗਾਨੀ ਦੀ, ਬਾਂਹ ਨਾ ਮੂਰਖਾ ਫੜੀਏ।

ਭਾਜਪਾ ਦੋਹਰੇ ਚਰਿੱਤਰ ਦੀ ਹੋਈ ਸ਼ਿਕਾਰ- ਅਖਿਲੇਸ਼
ਲ਼ੱਗੀਆਂ ਦੋਸਤੀਆਂ, ਹੁਣ ਨਹੀਂ ਪੁੱਛਦੀਆਂ ਜ਼ਾਤਾਂ।

ਸ਼ੱਤਰੂਘਨ ਸਿਨਹਾ ਦੀ ਟਿਕਟ ਕੱਟੀ, ਕਾਂਗਰਸ 'ਚ ਜਾਣ ਦੇ ਚਰਚੇ- ਇਕ ਖ਼ਬਰ
ਸਾਨੂੰ ਤੋਤਿਆਂ ਨੂੰ ਬਾਗ਼ ਬਥੇਰੇ, ਡੇਕ ਦਾ ਗੁਮਾਨ ਕਰਦੀ।

ਸਾਡੀ ਅਮਨ ਦੀ ਖ਼ਾਹਿਸ਼ ਨੂੰ ਸਾਡੀ ਕਮਜ਼ੋਰੀ ਨਾ ਸਮਝਿਆ ਜਾਵੇ-ਪਾਕਿ ਰਾਸ਼ਟਰਪਤੀ
ਲੜ ਜੂੰ ਭਰਿੰਡ ਬਣ ਕੇ, ਮੈਨੂੰ ਨਰਮ ਕੁੜੀ ਨਾ ਜਾਣੀ।

ਟਰੰਪ ਵਲੋਂ ਉੱਤਰੀ ਕੋਰੀਆ ਤੋਂ ਪਾਬੰਦੀਆਂ ਹਟਾਉਣ ਦਾ ਐਲਾਨ- ਇਕ ਖ਼ਬਰ
ਸੁੱਚਿਆਂ ਰੁਮਾਲਾਂ ਨੂੰ, ਲਾ ਦੇ ਧੰਨ ਕੁਰੇ ਗੋਟਾ।

ਅਸੀਂ ਨਹੀਂ ਪਾਰਟੀ ਛੱਡੀ, ਸਾਨੂੰ ਪਾਰਟੀ 'ਚੋਂ ਕੱਢਿਆ ਗਿਆ- ਰਤਨ ਸਿੰਘ ਅਜਨਾਲਾ
ਕਰ ਕੂਚ ਹਜ਼ਾਰਿਓਂ ਛੱਡ ਭਾਈਆਂ, ਟਿੱਲੇ ਬਾਲ ਗੁਦਾਈ ਦੇ ਚੱਲਿਆ ਈ।

ਚੰਡੀਗੜ੍ਹ ਤੋਂ ਬਿਨਾਂ ਹੋਰ ਕਿਤੋਂ ਵੀ ਚੋਣ ਨਹੀਂ ਲੜਾਂਗਾ- ਪਵਨ ਬਾਂਸਲ
ਤੇਰੀ ਮੇਰੀ ਇਕ ਜਿੰਦੜੀ, ਨਿਤ ਸੁਫ਼ਨੇ ਦੇ ਵਿਚ ਮਿਲਦੀ।

ਮੋਦੀ ਨੂੰ ਪੰਜਾਬੀ ਤੇ ਦੱਖਣ ਭਾਰਤੀ ਲੋਕ ਪਸੰਦ ਨਹੀਂ ਕਰਦੇ-ਇਕ ਸਰਵੇਅ
ਟੁੱਟ ਜਾਊਗਾ ਬਲੌਰੀ ਚੂੜਾ, ਮਿੱਤਰਾ ਬਾਂਹ ਛੱਡ ਦੇ।

ਹੇਮਾ ਮਾਲਿਨੀ ਲਈ ਵੋਟ ਮੰਗਣ ਤੇ ਪਰਚਾ ਭਰਵਾਉਣ ਲਈ ਮਥੁਰਾ ਯੋਗੀ ਖੁਦ ਆਉਣਗੇ।
ਪੂਣੀਆਂ ਮੈਂ ਤਿੰਨ ਕੱਤੀਆਂ, ਟੁੱਟ ਪੈਣੇ ਦਾ ਤੇਰ੍ਹਵਾਂ ਗੇੜਾ।

ਪੁਲਿਸ ਦੇ ਦਬਾਅ 'ਚ ਕੇਜਰੀਵਾਲ ਨੂੰ ਰੈਲੀ ਦੀ ਇਜਾਜ਼ਤ ਨਹੀਂ ਮਿਲੀ-ਸੰਜੇ ਸਿੰਘ
ਸਰਵਣ ਵੀਰ ਦੇ ਬਿਨਾਂ, ਮੇਰੀ ਰੁਲ਼ਦੀ ਵਣਾਂ ਵਿਚ ਗੱਠੜੀ।

ਪਰੇਸ਼ ਰਾਵਲ ਵਲੋਂ ਲੋਕ ਸਭਾ ਚੋਣਾਂ ਨਾ ਲੜਨ ਦਾ ਐਲਾਨ- ਇਕ ਖ਼ਬਰ
ਢਾਬ ਤੇਰੀ ਦਾ ਗੰਧਲਾ ਪਾਣੀ, ਉੱਤੋਂ ਬੂਰ ਹਟਾਵਾਂ।

ਪੰਜਾਬ 'ਚੋਂ ਡੇਰਾ ਸਿਰਸਾ ਦੇ ਪੈਰ ਵੱਡੇ ਪੱਧਰ 'ਤੇ ਉੱਖੜੇ- ਇਕ ਖ਼ਬਰ
ਉਜੜੀਆਂ ਭਰਜਾਈਆਂ, ਵਲੀ ਜਿਹਨਾਂ ਦੇ ਜੇਠ।

ਭਾਜਪਾ ਵਲੋਂ ਉਮਾ ਭਾਰਤੀ ਪਾਰਟੀ ਦੀ ਉੱਪ ਪ੍ਰਧਾਨ ਨਿਯੁਕਤ- ਇਕ ਖ਼ਬਰ
ਮੈਨੂੰ ਸੋਨੇ ਦਾ ਤਵੀਤ ਕਰਾ ਦੇ, ਚਾਂਦੀ ਦਾ ਕੀ ਭਾਰ ਚੁੱਕਣਾ।