ਡੰਗ ਅਤੇ ਚੋਭਾਂ - ਗੁਰਮੀਤ ਪਲਾਹੀ

ਗੁੰਡਾ ਸ਼ਕਤੀ ਤੇ ਧਨ ਬਲ ਜੋੜ ਦੋਵੇਂ,
ਬਿਨਾਂ ਰਿੱਝੇ ਹੀ ਦੁੱਧ ਤੋਂ ਖੀਰ ਬਣ ਜਾਂ।

ਖ਼ਬਰ ਹੈ ਕਿ ਰਾਜਨੀਤੀ ਤੋਂ ਅਪਰਾਧ ਨੂੰ ਦੂਰ ਕਰਨ  ਦੀ ਹਰ ਕੋਈ ਗੱਲ ਕਰਦਾ ਹੈ, ਪਰ ਹਕੀਕਤ ਇਹ ਹੈ ਕਿ ਸਾਰੀਆਂ ਕੋਸ਼ਿਸ਼ਾਂ ਤੋਂ ਬਾਅਦ ਵੀ ਰਾਜਨੀਤੀ 'ਚ ਅਪਰਾਧ ਰੁਕਣ ਦਾ ਨਾਂਅ  ਨਹੀਂ ਲੈ ਰਿਹਾ। ਭਾਰਤੀ ਜਨਤਾ ਪਾਰਟੀ ਨੇ ਹਾਲ 'ਚ ਲੋਕ ਸਭਾ ਚੋਣਾਂ ਲਈ ਜਿਹਨਾ ਉਮੀਦਵਾਰਾਂ ਦੀ ਲਿਸਟ ਜਾਰੀ ਕੀਤੀ ਹੈ, ਉਸ 'ਚ 35 ਉਮੀਦਵਾਰਾਂ 'ਤੇ ਅਪਰਾਧਕ ਮਾਮਲੇ ਦਰਜ਼ ਹਨ। ਇਹਨਾ ਉਮੀਦਵਾਰਾਂ ਨੇ 2014  'ਚ ਆਪਣੇ  ਉਪਰ ਦਰਜ ਮਾਮਲਿਆਂ ਦੀ ਜਾਣਕਾਰੀ ਦਿੱਤੀ ਸੀ। ਜਿਹਨਾ  35 ਉਮੀਦਵਾਰਾਂ 'ਤੇ ਆਪਰਧਕ ਮਾਮਲੇ ਦਰਜ ਸਨ, ਉਹਨਾ ਨੂੰ ਭਾਜਪਾ ਨੇ ਇਸ ਵੇਰ ਫਿਰ ਤੋਂ ਟਿਕਟ ਦਿੱਤੀ ਹੈ। ਜ਼ਿਕਰਯੋਗ ਹੈ ਕਿ 78 'ਚੋਂ  35 ਉਮੀਦਵਾਰਾਂ ਖਿਲਾਫ਼  ਅਪਰਾਧਕ ਮਾਮਲੇ ਦਰਜ ਹਨ, ਜਦਕਿ ਬਾਕੀਆਂ ਨੇ ਹਾਲੇ ਤੱਕ ਨਾਮਜ਼ਦ ਪੱਤਰ ਦਾਖਲ ਨਹੀਂ ਕੀਤਾ। ਆਉਣ ਵਾਲੇ ਸਮੇਂ 'ਚ ਇਹ ਗਿਣਤੀ ਵੱਧ ਸਕਦੀ ਹੈ।
ਅਪਰਾਧਿਕ ਮਾਮਲਿਆਂ ਵਾਲਿਆਂ ਦੀ ਗਿਣਤੀ ਵਧਣੀ ਕੀ ਹੈ, ਗਿਣਤੀ ਪੂਰੀ ਦੀ ਪੂਰੀ ਹੋ ਜਾਣੀ ਹੈ। ਕਨੂੰਨ ਘੜਨੀ ਸਭਾ 'ਚ ਲਠੈਤਾਂ ਦੀ ਲੋੜ ਹੈ। ਕਨੂੰਨ ਘੜਨੀ ਸਭਾ 'ਚ ਜ਼ੋਰਾਵਰਾਂ ਦੀ ਲੋੜ ਹੈ। ਕਨੂੰਨ ਘੜਨੀ ਸਭਾ 'ਚ ਉਹਨਾ ਦੀ ਲੋੜ ਹੈ, ਜੋ ਉਚੀ ਉਚੀ ਬੋਲ ਸਕਣ, ਇੱਕ ਦੂਜੇ ਨੂੰ ਗਾਲੀ-ਗਲੋਚ ਕਰ ਸਕਣ, ਇੱਕ ਦੂਜੇ ਦੇ ਸਿਰ ਪਾੜ੍ਹ ਸਕਣ। ਪਿਛਲੀ ਕਨੂੰਨ ਘੜਨੀ ਸਭਾ 'ਚ  ਇੱਕ ਤਿਹਾਈ ਅਪਰਾਧਿਕ ਮਾਮਲਿਆਂ ਵਾਲੇ ਲੋਕਾਂ ਦੇ ਚੁਣੇ ਉਮੀਦਵਾਰ ਸਨ, ਤਾਂ ਕੀ ਹੋਇਆ, ਇਸ ਵੇਰ ਜਨਤਾ ਪਿਛਲੇ ਸਾਰੇ ਉਲ੍ਹਾਮੇ ਲਾਹ ਦਊ, ਸਾਰੇ ਦੇ ਸਾਰੇ ''ਇਹੋ ਜਿਹੇ'' ਚੁਣ ਕੇ ਪਿਛਲਾ ਰਿਕਾਰਡ ਤੋੜ ਦਊ। ਪਿਛਲੇ ਕਨੂੰਨ ਘੜਨੀ ਸਭਾ 'ਚ 82 ਫੀਸਦੀ ਕਰੋੜਪਤੀ ਸਨ, ਇਸ ਵੇਰ ਜਨਤਾ ਸਾਰੇ ਦੇ ਸਾਰੇ ਕਰੋੜਪਤੀ ਭੇਜਕੇ ਭ੍ਰਿਸ਼ਟਾਚਾਰ, ਅਨਾਚਾਰ, ਵਿਭਾਚਾਰ ਦੀ ਆਵਾਜ਼ ਬੁਲੰਦ  ਕਰ ਦਊ ਅਤੇ ਦੁਨੀਆ ਨੂੰ ਦਿਖਾ ਦਊ ਕਿ ਸਾਡਾ ਦੇਸ਼ ਦੁਨੀਆ 'ਚ ਸਭ ਤੋਂ ਵੱਡਾ ਲੋਕਤੰਤਰ ਹੀ ਨਹੀਂ ਹੈ, ਸਭ ਤੋਂ ਤਕੜਾ, ਸਡੋਲ, ਲੱਠਮਾਰ, ਅਮੀਰ, ਸੋਸ਼ਣ ਕਰਨ  ਵਾਲਾ, ਲੋਕਾਂ ਦੇ ਕੰਮਾਂ ਤੋਂ ਅੱਖਾਂ ਮੀਟਣ ਵਾਲਾ, ਬੇਰੁਜ਼ਗਾਰੀ ਪ੍ਰਤੀ ਉਦਾਸੀਨ, ਭੁੱਖਮਰੀ ਦਾ ਅਲੰਬਰਦਾਰ ਲੋਕਤੰਤਰ ਹੈ। ਇਸੇ ਕਰਕੇ ਪਾਰਟੀਆਂ ਬਹੂ ਬਲੀਆਂ, ਧਨ ਬਲੀਆਂ ਨੂੰ ਟਿਕਟਾਂ ਦੇਕੇ ਅਖਾੜੇ 'ਚ ਭੇਜਦੀਆਂ ਹਨ, ਜਿਹੜੇ ਬਾਹਰ ਵੀ ਅਤੇ ਮੁੜ ਅੰਦਰ ਵੀ ਆਪਣੇ  ਜੌਹਰ ਦਿਖਾ ਕੇ ਕਿਸੇ ਕਵੀ ਦੀ ਹੇਠ ਲਿਖੀਆਂ ਸਤਰਾਂ ਸੱਚ ਕਰ ਵਿਖਾਉਂਦੇ ਹਨ, ''ਗੁੰਡਾ ਸ਼ਕਤੀ ਤੇ ਧਨ, ਬਲ ਜੋੜ ਦੋਵੇਂ, ਬਿਨਾ ਰਿੱਝੇ ਹੀ ਦੁੱਧ ਤੋਂ ਖੀਰ ਬਣ ਜਾਂ''।


ਸਾਜ਼ ਟੁੱਟ ਜਾਏ, ਰਾਗ ਨਿਕਲੇ ਨਾ,
ਤਾਰਾਂ ਇਹਦੀਆਂ ਇਸ ਤਰ੍ਹਾਂ ਕੱਸਦਾ ਏ।

ਖ਼ਬਰ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਆਖ਼ਰ ਫੈਸਲਾ ਲਿਆ ਹੈ ਕਿ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੂੰ ਲੋਕ ਸਭਾ ਹਲਕਾ ਬਠਿੰਡਾ ਤੋਂ ਹੀ ਚੋਣ ਮੈਦਾਨ 'ਚ ਉਤਾਰਿਆ ਜਾਵੇਗਾ। ਪਹਿਲਾਂ ਹਰਸਿਮਰਤ ਬਾਦਲ ਨੂੰ ਬਠਿੰਡਾ ਦੀ ਬਜਾਏ ਫਿਰੋਜ਼ਪੁਰ ਹਲਕੇ ਤੋਂ ਚੋਣ ਲੜਨ ਦੀਆਂ ਕਨਸੋਆਂ ਸਨ। ਬਠਿੰਡਾ ਵਿਖੇ ਹਰਸਿਮਰਤ ਕੌਰ ਬਾਦਲ ਨੇ ਸਪਸ਼ਟ ਕੀਤਾ ਹੈ ਕਿ ਉਹ ਹਲਕਾ ਛੱਡ ਕੇ ਨਹੀਂ ਜਾਣਗੇ ਬਲਕਿ ਇਥੋਂ ਹੀ ਚੋਣ ਲੜਣਗੇ। ਉਧਰ ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਵਲੋਂ ਚੋਣਾਂ 'ਚ ਕਾਂਗਰਸ ਨੂੰ ਕਿਸਾਨਾਂ, ਨੌਜਵਾਨਾਂ, ਬੇਰੁਜ਼ਗਾਰਾਂ, ਬਜ਼ੁਰਗਾਂ, ਮੁਲਾਜ਼ਮਾਂ ਨਾਲ ਕੀਤੀ ਵਾਅਦਾ ਖਿਲਾਫੀ ਦੇ ਚੋਣ ਵਾਅਦਿਆਂ 'ਤੇ ਘੇਰਿਆ ਜਾਵੇਗਾ।
ਦਸ ਸਾਲ ''ਬਾਦਲਾਂ'' ਪੰਜਾਬ ਤੇ ਰਾਜ ਕੀਤਾ ਪਰ ਨੌਜਵਾਨ, ਬੇਰੁਜ਼ਗਾਰ, ਬਜ਼ੁਰਗ, ਮੁਲਾਜ਼ਮ ਖੂੰਜੇ ਲਾ ਛੱਡੇ। ਦਸ ਸਾਲ ''ਬਾਦਲਾਂ'' ਪੰਜਾਬ ਤੇ ਰਾਜ ਕੀਤਾ, ਉਹਨਾ ਲੋਕਾਂ ਦੀ ਨਹੀਂ ਮਾਫ਼ੀਏ, ਧਨੰਤਰਾਂ ਦੀ ਸਾਰ ਲਈ। ਦਸ ਸਾਲ ''ਬਾਦਲਾਂ'' ਮੁਲਾਜ਼ਮ ਸੜਕਾਂ ਤੇ ਕੁੱਟੇ, ਨੌਜਵਾਨ ਪੰਜਾਬੋਂ ਬਾਹਰ ਜਾਣ ਲਈ ਮਜ਼ਬੂਰ ਕਰ ਦਿੱਤੇ, ਬਜ਼ੁਰਗ ਹੱਡ-ਗੋਡੇ ਰਗੜਾਉਣ  ਲਈ, ਦੁਆ ਦਾਰੂ ਖੁਣੋਂ ਮੰਜਿਆਂ 'ਤੇ ਪਾ ਦਿੱਤੇ। ਹੁਣ ਜਦੋਂ ਉਹਨਾ ਦੀ ਕੁਰਸੀ ਦੀ ਟੰਗ  ਟੁੱਟ ਗਈ ਆ, ਕੁਰਸੀ ਲੰਗੜੀ ਹੋ ਗਈ, ਤਾਂ ਉਹਨਾ ਨੂੰ ''ਲੋਕ'' ਯਾਦ ਆ ਗਏ, ਜੋ ਉਹਨਾ ਨੂੰ ਭੁਲ-ਭੁਲਾ ਗਏ ਸਨ।
ਰਹੀ ਗੱਲ 'ਸੁਖਬੀਰ' ਦੀ। ਭਾਈ, ਉਹ ਤਾਂ ਬਾਦਸ਼ਾਹ ਆ। ਰਹੀ ਗੱਲ ਸੁਖਬੀਰ ਦੀ ਉਹ ਤਾਂ ਭਾਈ 'ਵੱਡਾ ਨੇਤਾ' ਆ, ਜੀਹਦੀ ਜੇਬ 'ਚੋਂ ਪਰਚੀ ਨਿਕਲਦੀ ਆ ਤਾਂ ਵਰਕਰ, ਨੇਤਾ ਬਣਦੇ ਆ। ਜੀਹਦੀ ਜੇਬ 'ਚੋਂ ਪਰਚੀ ਨਿਕਲਦੀ ਆ ਤਾਂ ਭਾਈ ਨੇਤਾ ਐਮ.ਪੀ., ਐਮ.ਐਲ. ਏ. ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਣਦੇ ਆ। ਰਹੀ ਗੱਲ ਹਰਸਿਮਰਤ ਬਾਦਲ ਦੀ ਇਹ ਤਾਂ ਭਾਈ ਘਰ ਦੀ ਗੱਲ ਆ, ਘਰ ਦੀ 'ਗਹਿਲ' ਆ।  ਫਿਰੋਜ਼ਪੁਰੋਂ ਲੜਾ ਲਵੋ ਜਾਂ ਬਠਿੰਡਿਓਂ, 'ਰਾਜਾ' ਜੀ ਤੋਂ ਇਸ਼ਾਰਾ ਹੋ ਜਾਊ ਤਾਂ ਆਪੇ ਐਮ.ਪੀ. ਬਣ ਜਾਊ। ਉਂਜ ਭਾਈ ਸ਼੍ਰੋਮਣੀ ਅਕਾਲੀ ਦਲ ਦਾ ਸਾਜ਼ ਤਾਂ ਟੁੱਟਿਆ ਹੋਇਆ। ਸ਼੍ਰੋਮਣੀ ਅਕਾਲੀ  ਦਲ ਦਾ ਤਾਂ  ਵਾਜਾ ਵੱਜਿਆ ਹੋਇਆ ਉਦੋਂ ਤੋਂ ਜਦੋਂ ਤੋਂ ਗੋਲੀਕਾਂਡ ਹੋਇਆ, ਬੇਅਦਬੀ ਹੋਈ, ਸੱਚੇ ਸੌਦੇ ਨਾਲ ਸੌਦਾ ਕੀਤਾ। ਤਦੇ ਤਾਂ ਸ਼੍ਰੋਮਣੀ ਅਕਾਲੀ ਦਲ ਬਾਰੇ ਲੋਕ ਆਖਦੇ ਆ, ''ਸਾਜ਼ ਟੁੱਟ ਜਾਏ, ਰਾਗ ਨਿਕਲੇ ਨਾ'', ਕਿਉਂਕਿ ਛੋਟਾ ਬਾਦਲ ਆਪਣਿਆਂ ਲਈ ਸਭੋ ਕੁਝ ਪਰੋਸਦਾ ਆ ਤੇ ਤਦੇ ਕਵੀ ਆਂਹਦਾ ਆ, ''ਤਾਰਾ ਇਹਦੀਆਂ ਆਪਣਿਆਂ ਲਈ ਕੱਸਦਾ ਆ।''


ਜਨਤਾ ਤੇਰੀ ਇਹੀ ਕਹਾਣੀ, ਕਿਸਮਤ ਵਿੱਚ ਲਿਖੀ ਪ੍ਰੇਸ਼ਾਨੀ

ਖ਼ਬਰ ਹੈ ਕਿ ਦੇਸ਼ ਵਿੱਚ ਚੋਣਾਂ ਆ ਗਈਆਂ ਹਨ। ਦੇਸ਼ ਵਿੱਚ 2200 ਤੋਂ ਵੱਧ ਸਿਆਸੀ ਪਾਰਟੀਆਂ ਹਨ, ਜਿਹਨਾ ਦੇ ਉਮੀਦਵਾਰ ਆਪਣੀ ਕਿਸਮਤ ਜਗਾਉਣ ਲਈ ਯਤਨਸ਼ੀਲ ਹੋਣਗੇ। ਕਿਹਾ ਜਾ ਰਿਹਾ ਹੈ ਕਿ ਮੁੱਖ ਮੁਕਾਬਲਾ ਭਾਜਪਾ, ਕਾਂਗਰਸ, ਸਮਾ, ਬਸਪਾ ਆਦਿ ਪਾਰਟੀਆਂ ਵਿਚਕਾਰ ਹੈ, ਪਰ ਖੇਤਰੀ ਪਾਰਟੀਆਂ ਵੀ ਪਿੱਛੇ ਨਹੀਂ ਸਨ।
ਚੋਣਾਂ ਬਈ ਚੋਣਾਂ! ਚੋਣਾਂ ਦੇ ਦਿਨਾਂ ਵਿੱਚ ਨੇਤਾ ਮਗਰਮੱਛੀ ਅੱਥਰੂ ਵਹਾਉਣਗੇ। ਚੋਣ ਪ੍ਰਚਾਰ ਵਿੱਚ  ਵੋਟਰਾਂ ਦੇ ਅੱਗੇ ਆਪਣੀ ਨੱਕ ਰਗੜਣਗੇ। ਕੱਪੜੇ, ਸਾੜ੍ਹੀਆਂ, ਰੁਪੱਈਏ ਵੰਡਣਗੇ। ਵਿਰੋਧੀ ਪਾਰਟੀਆਂ ਦੇ ਨੇਤਾਵਾਂ ਉਤੇ ਚਿੱਕੜ ਸੁੱਟਣਗੇ। ਲੱਖ, ਦੋ ਲੱਖ, ਕਰੋੜ ਨਹੀਂ 10 ਕਰੋੜ ਰੁਪਏ ਖਰਚਣਗੇ। ਚੁਣੇ ਜਾਣ ਉਪਰੰਤ 5 ਕਰੋੜ 'ਚ ਮੰਤਰੀ ਪਦ ਖਰੀਦਕੇ ਸਰਕਾਰੀ ਪ੍ਰਾਕੈਜਟਾਂ ਤੋਂ ਤਿੰਨ ਪ੍ਰਤੀਸ਼ਤ ਕਮਿਸ਼ਨ ਅਤੇ ਮੁਲਾਜ਼ਮਾਂ ਦੀਆਂ ਬਦਲੀਆਂ ਪ੍ਰਤੀ ਬਦਲੀ ਇੱਕ ਲੱਖ ਲੈਕੇ ਪੰਜ ਸਾਲਾਂ ਵਿੱਚ 100 ਕਰੋੜ ਕਮਾਉਣਗੇ।
ਰਹੀ ਗੱਲ ਚੋਣਾਂ 'ਚ ਪਾਰਟੀ ਦੀ ਟਿਕਟ ਪ੍ਰਾਪਤ ਕਰਨ ਦੀ, ਕਰੋੜ, ਦੋ ਕਰੋੜ, ਚਾਰ ਕਰੋੜ ਦੀ ਟਿਕਟ ਨਾ ਮਿਲੀ ਤਾਂ ਭਾਈ ਆਜ਼ਾਦ ਉਮੀਦਵਾਰ ਵਜੋਂ ਚੋਣ ਲੜ ਲੈਣਗੇ। ਨਹੀਂ ਤਾਂ ਆਪਣੀ ਅੰਗੂਰ, ਪਪੀਤਿਆਂ ਦੀ ਪਾਰਟੀ ਬਣਾਕੇ ਚੋਣਾਂ 'ਚ ਪਿਆਜ, ਟਮਾਟਰ ਦੇ ਅੱਛੇ ਦਿਨਾਂ ਦਾ ਪ੍ਰਚਾਰ ਕਰਕੇ ਸਰਕਾਰ ਬਣਾ ਲੈਣਗੇ। ਕਿਉਂਕਿ  ਉਹ ਜਾਣਦੇ ਹਨ ਕਿ ਬਾਹੂਬਲ, ਧਨ ਅਤੇ ਸੰਖਿਆ ਦੇ ਬਲ ਬਿਨ੍ਹਾਂ ਸਰਕਾਰਾਂ ਨਹੀਂ ਬਣਦੀਆਂ ਇਸ ਲਈ ਸਾਮ, ਦਾਮ, ਦੰਡ ਦੀ ਵਰਤੋਂ ਤੋਂ ਗੁਰੇਜ਼ ਨਹੀਂ ਕਰਨਗੇ। ਇਹ ਰਾਜਿਆਂ ਦੀ ਪੁਰਾਣੀ ਆਦਤ ਰਹੀ ਹੈ, ਉਹ ਹਰ ਚੀਜ ਉਤੇ ਕਾਬੂ ਪਾਉਣਾ ਜਾਣਦੇ ਹਨ। ਇਹ ਬੁਰੇ ਲੋਕਾਂ ਦੀ ਬੁਰੀ ਕਹਾਣੀ ਹੈ। ਉਂਜ ਭਾਈ ਪ੍ਰਸਿੱਧ ਅਮਰੀਕੀ ਲੇਖਕ ਚਾਰਲਸ ਡਿਕਲਸ ਦੀ ਆਖੀ ਹੋਈ ਗੱਲ ''ਸੋਚੋ, ਅਗਰ ਬੁਰੇ ਲੋਕ ਨਾ ਹੋਣ, ਤਾਂ ਅੱਛੇ ਵਕੀਲਾਂ ਦਾ ਕੀ ਹੋਏਗਾ'', ਤਾਂ ਤੁਸੀਂ ਸੁਣੀ ਹੀ ਹੋਏਗੀ, ਤੇ ਲੋਕਾਂ ਨੂੰ ਨੇਤਾ ਵਲੋਂ ਠੱਗੇ ਜਾਣ ਦੀ ਵਾਰਤਾ ਤਾਂ ਦੇਸ਼, ਵਿਦੇਸ਼ ਵਿੱਚ ਸੁਨਣ ਨੂੰ  ਆਮ ਮਿਲਦੀ ਹੈ। ਤਦੇ ਤਾਂ ਕਹਿੰਦੇ ਨੇ, ''ਜਨਤਾ ਤੇਰੀ ਇਹੀ ਕਹਾਣੀ, ਕਿਸਮਤ ਵਿੱਚ ਲਿਖੀ ਪ੍ਰੇਸ਼ਾਨੀ''।


ਨਹੀਂ ਰੀਸਾਂ ਦੇਸ਼ ਮਹਾਨ ਦੀਆਂ

    ਸਾਲ 2018 ਦੇ ਮੁਕਾਬਲੇ ਭਾਰਤੀਆਂ ਦੀ ਖੁਸ਼ੀ 2019 ਵਿੱਚ ਘੱਟ ਗਈ ਹੈ। ਸੰਯੁਕਤ ਰਾਸ਼ਟਰ ਵਲੋਂ ਜਾਰੀ ਹੈਪੀਨੈਸ ਰਿਪੋਰਟ ਵਿੱਚ ਭਾਰਤ ਦਾ ਸਥਾਨ 2018 ਦੇ ਮੁਕਾਬਲੇ 2019 ਵਿੱਚ ਸੱਤ ਅੰਕਾਂ ਨਾਲ ਘੱਟਕੇ 140 ਵੇਂ ਸਥਾਨ ਤੇ ਪੁੱਜ ਗਿਆ ਹੈ। ਹਰ ਸਾਲ 20 ਮਾਰਚ ਨੂੰ ਅੰਤਰਰਾਸ਼ਟਰੀ ਦਿਵਸ ਵਜੋਂ ਖੁਸ਼ੀ ਦਿਹਾੜਾ ਮਨਾਇਆ ਜਾਂਦਾ ਹੈ। ਫਿਨਲੈਂਡ ਲਗਾਤਾਰ ਦੋ ਸਾਲ ਖੁਸ਼ੀਆਂ ਵਟੋਰਨ ਦੇ ਮਾਮਲੇ 'ਚ ਪਹਿਲੇ ਸਥਾਨ ਤੇ ਰਿਹਾ। ਆਮਦਨ, ਆਜ਼ਾਦੀ, ਵਿਸ਼ਵਾਸ਼, ਸਿਹਤਮੰਦ ਜੀਵਨ, ਸਮਾਜਿਕ ਸਮਰਥਣ ਅਤੇ ਉਦਾਰਤਾ ਨਾਮ ਦੇ ਛੇ ਪ੍ਰਮੁੱਖ ਪ੍ਰਾਪਤ ਤੱਥਾਂ ਦੇ ਆਧਾਰ ਉਤੇ ਖੁਸ਼ੀ ਮਾਪਣ ਲਈ ਚੈਕਿੰਗ ਸ਼ੀਟ ਤਿਆਰ  ਕੀਤੀ ਜਾਂਦੀ  ਹੈ।
    27 ਫਰਵਰੀ 2002 ਨੂੰ ਭੀੜ ਨੇ ਸਾਬਰਮੀਤੀ ਐਕਸਪ੍ਰੈਸ ਗੱਡੀ ਦੇ ਡੱਬਿਆਂ ਨੂੰ ਅੱਗ ਲਗਾ ਦਿੱਤੀ ਸੀ। ਇਸ ਘਟਨਾ ਵਿੱਚ ਅਯੁੱਧਿਆ  ਤੋਂ ਵਾਪਿਸ ਆ ਰਹੇ 59 ਕਾਰਸੇਵਕਾਂ  ਦੀ ਮੌਤ ਹੋ ਗਈ ਸੀ, ਜਿਸਦੇ ਬਾਅਦ ਪੂਰੇ ਗੁਜਰਾਤ ਵਿੱਚ ਦੰਗੇ ਭੜਕ ਉੱਠੇ ਸਨ। ਦੰਗਿਆਂ ਵਿੱਚ 1200 ਤੋਂ ਜਿਆਦਾ ਲੋਕ ਮਾਰੇ ਗਏ ਸਨ। ਪੁਲਿਸ ਨੇ 1500 ਤੋਂ ਜਿਆਦਾ ਐਫ.ਆਈ.ਆਰ. ਦਰਜ਼ ਕੀਤੀਆਂ ਸਨ।


ਇੱਕ ਵਿਚਾਰ

ਸਿਆਸਤ ਦੇ ਮੁਕਾਬਲੇ ਵਿੱਚ ਕਲਾ, ਆਜ਼ਾਦੀ ਅਤੇ ਰਚਨਾਤਮਿਕਤਾ ਜਿਆਦਾ ਤੇਜ਼ੀ ਨਾਲ ਸਮਾਜ ਨੂੰ ਬਦਲ ਸਕਦੀ ਹੈ।........ ਵਿਕਟਰ ਪਿੰਚੁਕ(ਯੁਕਰੇਨ ਦੇ ਕਲਾਰੋਬਾਰੀ)

ਗੁਰਮੀਤ ਪਲਾਹੀ
9815802070  

25 March 2019