ਗੋਰੇ ਲੋਕ ਪਰ ਕਾਲੇ ਕੰਮ - ਸ਼ਾਮ ਸਿੰਘ ਅੰਗ-ਸੰਗ

ਦੇਰ ਤੋਂ ਸੁਣਦੇ ਆ ਰਹੇ ਹਾਂ ਕਿ ਗੋਰੇ ਲੋਕਾਂ ਨੇ ਏਨੇ ਦੇਸਾਂ 'ਤੇ ਰਾਜ ਕੀਤਾ ਕਿ ਉਨ੍ਹਾਂ ਦੀ ਹਕੂਮਤ ਵਿੱਚ ਕਦੇ ਸੂਰਜ ਨਹੀ ਸੀ ਛੁਪਦਾ। ਇੱਕ ਦੇਸ਼ ਵਿੱਚ ਛੁਪਦਾ, ਦੂਜੇ-ਤੀਜੇ ਵਿੱਚ ਚੜ੍ਹਦਾ ਰਹਿੰਦਾ। ਇਹ ਤਾਂ ਬਿਲਕੁਲ ਸਹੀ ਹੈ ਕਿ ਉਨ੍ਹਾਂ ਦੇ ਰਾਜ ਵਿੱਚ ਸੂਰਜ ਚੜ੍ਹਿਆ ਰਹਿੰਦਾ, ਪਰ ਉਨ੍ਹਾਂ ਦੇਸ਼ਾਂ ਦੇ ਲੋਕਾਂ ਲਈ ਕਦੇ ਸੂਰਜ ਚੜ੍ਹਿਆ ਹੀ ਨਾ, ਜਿਨ੍ਹਾਂ ਨੂੰ ਸਦਾ ਹਨੇਰੇ ਵਿੱਚ ਹੀ ਰਹਿਣਾ ਪਿਆ। ਉਨ੍ਹਾਂ ਲੋਕਾਂ ਨੂੰ ਗੋਰਿਆਂ ਦੇ ਗੁਲਾਮ ਹੋ ਕੇ ਰਹਿਣਾ ਪਿਆ ਅਤੇ ਆਪਣੀ ਹੀ ਧਰਤੀ 'ਤੇ ਬੇਗਾਨਗੀ ਵਿੱਚ ਰਹਿੰਦਿਆਂ ਅਤਿ ਘਿਨਾਉਣੇ ਜ਼ੁਲਮ ਸਹਿੰਦੇ ਰਹੇ। ਇਹ ਕੇਹਾ ਸਮਾਂ ਸੀ ਕਿ ਲੋਕਾਂ ਦੀਆਂ ਆਜ਼ਾਦੀਆਂ ਖੋਹੀਆਂ ਜਾਂਦੀਆਂ ਰਹੀਆਂ, ਗੋਰੇ ਮਨਮਰਜ਼ੀਆਂ ਕਰਦੇ ਰਹੇ।
       ਸਮਝਿਆ ਤਾਂ ਇਹ ਜਾਣਾ ਚਾਹੀਦਾ ਹੈ ਕਿ ਦੂਰ-ਦੁਰੇਡੇ ਜਾ ਕੇ ਰਾਜ-ਭਾਗ ਕਰਨ ਵਾਲੇ ਲੋਕ ਬੁੱਧੀਮਾਨ ਅਤੇ ਸੱਭਿਅਕ ਹੋਣਗੇ, ਪਰ ਨਹੀਂ। ਉਹ ਸਮੇਂ ਦੇ ਮੁਤਾਬਕ ਚਲਾਕ ਅਤੇ ਧੋਖੇਬਾਜ਼ ਸਨ, ਜਿਸ ਕਾਰਨ ਉਹ ਦੂਸਰੇ ਮੁਲਕਾਂ 'ਤੇ ਕਾਬਜ਼ ਹੁੰਦੇ ਰਹੇ ਅਤੇ ਉਥੋਂ ਦੇ ਕੁਝ ਲੋਕਾਂ ਨੂੰ ਆਪਣੇ ਪਿੱਠੂ ਬਣਾ ਕੇ ਬਾਕੀਆਂ ਨੂੰ ਸਹਿਜੇ ਹੀ ਕਾਬੂ ਕਰਨ ਦੇ ਸਮਰੱਥ ਹੋ ਜਾਂਦੇ। ਇਹ ਕੁਝ ਕਰਦਿਆਂ ਉਹ ਇਨਸਾਨੀ ਕਦਰਾਂ-ਕੀਮਤਾਂ ਦੀ ਉੱਕਾ ਹੀ ਪਰਵਾਹ ਨਾ ਕਰਦੇ ਅਤੇ ਆਪਣੇ ਹੀ ਰੱਬੀ-ਰੂਹ ਜਿਹੇ ਯਸੂ ਮਸੀਹ ਦੀਆਂ ਸਿੱਖਿਆਵਾਂ ਵੱਲ ਪਿੱਠ ਕਰੀ ਰੱਖਦੇ, ਜਿਸ ਕਾਰਨ ਧਰਮਰਾਜ ਤੋਂ ਵੀ ਨਾ ਡਰਦੇ। ਇਹ ਮਨੁੱਖੀ ਇਤਿਹਾਸ ਦਾ ਕੇਹਾ ਤਮਾਸ਼ਾ ਸੀ ਅਤੇ ਕੇਹਾ ਅਡੰਬਰ ।
       ਜਿੱਥੇ-ਜਿੱਥੇ ਵੀ ਗੋਰੇ ਲੋਕਾਂ ਨੇ ਰਾਜ ਕੀਤਾ, ਉੱਥੇ-ਉੱਥੇ ਦੇ ਲੋਕਾਂ ਨੂੰ ਕਾਲੇ, ਭੂਰੇ ਕਹਿੰਦੇ ਹੋਏ ਉਨ੍ਹਾਂ ਨੂੰ ਦੂਜੇ ਦਰਜੇ ਦੇ ਨਾਗਰਿਕ ਸਮਝਦੇ ਰਹੇ। ਗੋਰੇ ਲੋਕ (ਸਾਫ਼ ਮਨਾਂ ਵਾਲੇ) ਦੂਜੀਆਂ ਧਰਤੀਆਂ ਦੇ ਲੋਕਾਂ ਨੂੰ ਉਹ ਹੱਕ ਵੀ ਨਾ ਦਿੰਦੇ ਰਹੇ, ਜਿਹੜੇ ਨਾਗਰਿਕਾਂ ਦੇ ਜੀਊਣ ਲਈ ਜ਼ਰੂਰੀ ਹੁੰਦੇ ਹਨ, ਪਰ ਉਨ੍ਹਾਂ 'ਤੇ ਸਦਾ ਡੰਡਾ ਹੀ ਚਲਾਉਂਦੇ ਰਹੇ, ਜਿਸ ਨੂੰ ਸਹਿਣ ਬਿਨਾਂ ਗੁਲਾਮਾਂ ਦਾ ਕੋਈ ਚਾਰਾ ਨਹੀਂ ਸੀ ਹੁੰਦਾ। ਇਹ ਗੋਰਿਆਂ ਦੇ ਕਾਲੇ ਕਾਰਨਾਮੇ ਸਨ, ਜੋ ਕਈ ਥਾਂ ਅਜੇ ਤੱਕ ਵੀ ਖ਼ਤਮ ਨਹੀਂ ਹੋਏ। ਇਹ ਵਿਨਾਸ਼ ਦੀ ਗੱਲ ਹੈ, ਵਿਕਾਸ ਦੀ ਨਹੀਂ, ਜਿਹੜੀ ਕਾਲੇ ਮਨਾਂ ਵਾਲੇ ਗੋਰੇ ਲੋਕਾਂ ਨੇ ਨਹੀਂ ਹੋਣ ਦਿੱਤੀ। ਇਤਿਹਾਸ ਕਲੰਕਤ ਹੁੰਦਾ ਰਿਹਾ।
   ਗੋਰੇ ਵੱਖ-ਵੱਖ ਮੁਲਕਾਂ 'ਚ ਆਪਣੀ ਵਿਰਾਸਤ ਅਜਿਹੇ ਰੂਪ ਵਿੱਚ ਛੱਡ ਗਏ ਕਿ ਆਜ਼ਾਦ ਹੋਏ ਮੁਲਕਾਂ ਦੇ ਆਗੂ ਵੀ ਉਸ ਤੋਂ ਮੁਕਤ ਹੋਣ ਲਈ ਤਿਆਰ ਨਹੀਂ। ਉਹੀ ਚੁਸਤ-ਚਲਾਕੀਆਂ ਅੱਜ ਦੇ ਹਾਕਮ ਵੀ ਕਰੀ ਜਾ ਰਹੇ ਹਨ, ਜਿਨ੍ਹਾਂ ਦਾ ਸ਼ਿਕਾਰ ਉਨ੍ਹਾਂ ਦੇ ਆਪਣੇ ਲੋਕਾਂ ਨੂੰ ਹੀ ਹੋਣਾ ਪੈ ਰਿਹਾ। ਗੋਰੇ ਰੰਗ ਵਾਲਿਆਂ ਦੀ ਈਰਖਾ, ਗੁੱਸਾ ਅਤੇ ਚੁਸਤ-ਚਲਾਕੀਆਂ ਦੀ ਤਾਂ ਸਮਝ ਆ ਰਹੀ ਸੀ, ਪਰ ਹੁਣ ਕਾਲੇ ਅੰਗਰੇਜ਼ਾਂ ਦੀ ਤਾਂ ਸਮਝ ਹੀ ਨਹੀਂ ਪੈ ਰਹੀ, ਜੋ ਆਪਣੇ ਮੁਲਕ ਦੇ ਲੋਕਾਂ ਨੂੰ ਹੀ ਬੁੱਧੂ ਬਣਾਉਣ ਤੋਂ ਗੁਰੇਜ਼ ਨਹੀਂ ਕਰਦੇ। ਲੋਕਤੰਤਰ ਠੀਕ ਹੈ, ਪਰ ਲੋਕਤੰਤਰ ਦੀ ਭਾਵਨਾ ਕਾਇਮ ਨਹੀਂ, ਜਿਸ ਕਰਕੇ ਕੰਮ ਲੀਹ 'ਤੇ ਨਹੀਂ ਚੱਲ ਰਹੇ।
        ਗੋਰੇ ਲੋਕਾਂ ਨੇ ਹਾਕਮ ਬਣ ਕੇ ਜਿਹੜੇ ਕਾਲੇ ਕੰਮ ਕੀਤੇ, ਉਹ ਦੁਨੀਆ ਦੇ ਇਤਿਹਾਸ ਵਿੱਚ ਬਦਨੁਮਾ ਧੱਬੇ ਹਨ, ਜਿਹੜੇ ਮਿਟਾਏ ਨਹੀਂ ਜਾ ਸਕਦੇ। ਬਹੁਤ ਸਾਰੇ ਦੇਸ਼ਾਂ ਵਿੱਚ ਉਹ ਥਾਵਾਂ ਵੀ ਸੰਭਾਲ ਕੇ ਸੁਰੱਖਿਅਤ ਰੱਖੀਆਂ ਗਈਆਂ ਹਨ, ਜਿਹੜੀਆਂ ਗੋਰੇ ਲੋਕਾਂ ਦੇ ਕਾਲੇ ਕੰਮਾਂ ਦੀ ਗਵਾਹੀ ਭਰਨ ਤੋਂ ਮੁਨਕਰ ਨਹੀਂ ਹੋ ਸਕਦੀਆਂ, ਪਰ ਹੁਣ ਦੇ ਹਾਕਮਾਂ ਜਾਂ ਕਾਲੇ ਅੰਗਰੇਜ਼ਾਂ ਨੂੰ ਆਪਣੇ ਮਨ ਗੋਰੇ (ਸਾਫ਼-ਸੁਥਰੇ) ਕਰਨੇ ਚਾਹੀਦੇ ਹਨ ਤਾਂ ਜੋ ਉਹ ਜਿਸ ਸੇਵਾ ਵਾਸਤੇ ਉਹ ਹਕੂਮਤ ਦੇ ਮੈਦਾਨ ਵਿੱਚ ਆਏ ਹਨ, ਉਹ ਆਪਣੇ ਲੋਕਾਂ ਦੀ ਕਰਦੇ ਰਹਿਣ। ਅਜਿਹਾ ਕਰਕੇ ਹੀ ਉਹ ਲੋਕਾਂ ਦੀ ਪ੍ਰਸੰਸਾ ਲੈ ਸਕਣਗੇ।
       ਹੁਣ ਵਕਤ ਆ ਗਿਆ ਹੈ ਕਿ ਗੋਰੇ ਲੋਕਾਂ ਦੇ ਗੋਰੇ ਰੰਗ ਨੂੰ ਭੁੱਲਣਾ ਪਵੇਗਾ ਤਾਂ ਹੀ ਹਰ ਰੰਗ ਦੇ ਲੋਕਾਂ ਵਿੱਚ ਭਾਈਚਾਰਾ ਪੈਦਾ ਹੋ ਸਕਦਾ ਹੈ ਅਤੇ ਬਰਾਬਰੀ ਵੀ, ਜਿਸ ਨਾਲ ਇੱਕ-ਦੂਜੇ ਪ੍ਰਤੀ ਨਫ਼ਰਤ, ਈਰਖਾ ਘਟੇਗੀ ਅਤੇ ਮੁਹੱਬਤੀ ਮਾਹੌਲ ਪੈਦਾ ਹੋਵੇਗਾ। ਅੱਜ ਦੇ ਹਾਕਮਾਂ ਨੂੰ ਗੋਰੇ ਹਾਕਮਾਂ ਤੋਂ ਤਾਂ ਹੀ ਵੱਖਰੇ ਅਤੇ ਵਧੀਆ ਸਮਝਿਆ ਜਾ ਸਕਦਾ ਹੈ, ਜੇਕਰ ਉਹ ਫੋਕਾ ਰੋਹਬ-ਦਾਬ ਛੱਡ ਕੇ ਲੋਕ-ਹਿਤ ਦੇ ਕੰਮ ਕਰਨ। ਚੋਣਾਂ ਵੇਲੇ ਦੇਸ਼ ਦੇ ਲੋਕਾਂ ਨਾਲ ਕੀਤੇ ਵਾਅਦੇ ਹੈਂਗਰ 'ਤੇ ਨਾ ਲਟਕਾ ਛੱਡਣ, ਸਗੋਂ ਪੂਰੇ ਕਰਨ ਤਾਂ ਕਿ ਲੋਕਾਂ ਦਾ ਨੇਤਾਵਾਂ ਵਿੱਚ ਵਿਸ਼ਵਾਸ ਵਧ ਸਕੇ।
       ਜੇ ਅੱਜ ਦੇ ਹਾਕਮਾਂ ਨੇ ਲੋਕਾਂ ਦੀ ਨਬਜ਼ ਨਾ ਦੇਖੀ ਅਤੇ ਉਨ੍ਹਾਂ ਦੀ ਭਾਵਨਾ ਨਾ ਸਮਝੀ ਤਾਂ ਲੋਕ ਨਾਰਾਜ਼ ਹੋ ਕੇ ਨੇਤਾਵਾਂ ਵਿੱਚ ਬੇਭਰੋਸਗੀ ਪ੍ਰਗਟ ਕਰਨ ਲਈ ਤਿਆਰ ਹੋ ਜਾਣਗੇ, ਜਿਹੜੀ ਦੇਸ਼ ਵਾਸਤੇ ਕਿਸੇ ਤਰ੍ਹਾਂ ਵੀ ਚੰਗੀ ਸਾਬਤ ਨਹੀਂ ਹੋਵੇਗੀ। ਗੋਰੇ ਲੋਕ ਪਰ ਕਾਲੇ ਕੰਮ ਦੇ ਰਾਹ 'ਤੇ ਤੁਰਨਾ ਲੋਕਤੰਤਰ ਨਾਲ ਵੀ ਵਿਸਾਹਘਾਤ ਹੋਵੇਗਾ ਅਤੇ ਲੋਕਾਂ ਨਾਲ ਵੀ। ਇਸ ਲਈ ਅੱਜ ਦੇ ਹਾਕਮ ਆਪੋ ਆਪਣੇ ਮਨਾਂ ਨੂੰ ਗੋਰੇ, ਸਾਫ਼-ਸੁਥਰੇ ਅਤੇ ਨਿਮਰ ਰੱਖਣ ਤਾਂ ਕਿ ਉਹ ਦੇਸ਼ ਦੀ ਤਰੱਕੀ ਕਰਨ ਦੇ ਯੋਗ ਹੋ ਸਕਣ। ਅਜਿਹਾ ਸੰਭਵ ਹੈ, ਜੇ ਉਹ ਗੋਰੇ ਲੋਕ ਪਰ ਕਾਲੇ ਕੰਮ ਨਾ ਕਰਨ।

ਸਿਆਸਤ ਦਾ ਸ਼ੋਰ

ਜਦੋਂ ਵੀ ਚੋਣਾਂ ਹੁੰਦੀਆਂ ਹਨ ਤਾਂ ਮੁਲਕ ਭਰ ਦੇ ਸਿਆਸਤਦਾਨ ਚਲਾਕੀਆਂ ਦੇ ਰਾਹ ਪੈ ਜਾਂਦੇ ਹਨ ਤਾਂ ਕਿ ਕਿਸੇ ਨਾ ਕਿਸੇ ਤਰ੍ਹਾਂ ਚੋਣਾਂ ਜਿੱਤੀਆਂ ਜਾ ਸਕਣ। ਇਨ੍ਹਾਂ ਦੇ ਬਿਆਨ ਪੜ੍ਹਦਿਆਂ ਅਤੇ ਇਨ੍ਹਾਂ ਨੂੰ ਸੁਣਦਿਆਂ ਇੰਜ ਮਹਿਸੂਸ ਹੋਣ ਲੱਗ ਪੈਂਦਾ ਹੈ, ਜਿਵੇਂ ਸਾਰਾ ਝੂਠ ਅਤੇ ਸਮੁੱਚਾ ਧਰੋਹ ਸਿਆਸਤ ਦੇ ਖੇਤਰ ਵਿੱਚ ਹੀ ਆ ਗਿਆ ਹੋਵੇ। ਇਹ ਕੁਝ ਹੋਣਾ ਨਹੀਂ ਚਾਹੀਦਾ, ਕਿਉਂਕਿ ਆਪਣੇ ਦੇਸ਼ ਅਤੇ ਆਪਣੇ ਲੋਕਾਂ ਨਾਲ ਅਜਿਹਾ ਕਰਨਾ ਹੀ ਨਹੀਂ ਚਾਹੀਦਾ। ਅੱਜ ਦੇਸ਼ ਭਰ ਵਿੱਚ ਸਿਆਸਤ ਦਾ ਸ਼ੋਰ ਹੈ, ਜਿਸ ਵਿੱਚ ਤਰ੍ਹਾਂ-ਤਰ੍ਹਾਂ ਦੇ ਨਾਅਰੇ ਹਨ ਅਤੇ ਲਾਲਚਾਂ ਨਾਲ ਭਰੇ ਵਾਅਦੇ।
      ਉੱਚ ਕਦਰਾਂ-ਕੀਮਤਾਂ ਕਿੱਲੀ ਟੰਗੀਆਂ ਹੋਈਆਂ ਵੀ ਇਨ੍ਹਾਂ ਹਾਕਮਾਂ ਨੂੰ ਨਜ਼ਰ ਨਹੀਂ ਆਉਂਦੀਆਂ, ਕਿਉਂਕਿ ਇਨ੍ਹਾਂ ਦੀਆਂ ਨਜ਼ਰਾਂ ਵਿੱਚ ਤਾਂ ਸਿਰਫ਼ ਕੁਰਸੀਆਂ ਹੁੰਦੀਆਂ ਹਨ, ਉਥੇ ਨਹੀਂ ਜਾਣ ਦੇਣੀਆਂ ਹੁੰਦੀਆਂ। ਆਮ ਨਜ਼ਰ ਨਾਲ ਦੇਖਿਆਂ ਕੁਰਸੀ ਪ੍ਰਾਪਤ ਕਰ ਲੈਣੀ ਕਾਫ਼ੀ ਨਹੀਂ, ਸਗੋਂ ਕੁਰਸੀ 'ਤੇ ਬੈਠ ਕੇ ਉਸ ਦੇ ਯੋਗ ਹੋਣਾ ਵੱਡੀ ਗੱਲ ਹੈ, ਜਿਸ ਨੂੰ ਕਿਸੇ ਵੀ ਕੀਮਤ 'ਤੇ ਭੁੱਲਣਾ ਨਹੀਂ ਚਾਹੀਦਾ।
      ਅੱਜ ਸਿਆਸਤ ਖੁੱਲ੍ਹ ਖੇਲ ਰਹੀ ਹੈ, ਜਿਸ ਵਿੱਚ ਸਾਰੀਆਂ ਹੀ ਪਾਰਟੀਆਂ ਆਪੋ-ਆਪਣਾ ਸ਼ੋਰ ਮਚਾ ਰਹੀਆਂ ਹਨ ਤਾਂ ਕਿ ਗੱਠਜੋੜ ਕੋਈ ਹੋਵੇ, ਪਰ ਜਿੱਤ ਵਾਸਤੇ ਚਾਰਾਜੋਈ ਕੀਤੀ ਜਾ ਸਕੇ। ਰੋਜ਼ ਨਵੇਂ ਗੱਠਜੋੜ ਬਣ ਰਹੇ ਹਨ, ਜਿਨ੍ਹਾਂ ਵਿੱਚ ਨੇਤਾ ਲੋਕਾਂ ਦੀਆਂ ਕਲਾਬਾਜ਼ੀਆਂ ਦੇ ਕੌਤਕਾਂ ਦਾ ਵੇਰਵਾ ਦੇਖਿਆ ਵੀ ਜਾ ਸਕਦੈ ਅਤੇ ਮਾਣਿਆਂ ਵੀ।


ਲਤੀਫ਼ੇ ਦਾ ਚਿਹਰਾ-ਮੋਹਰਾ

ਗਾਹਕ - ਜਿਹੜੀ ਕਰੀਮ ਤੁਸੀਂ ਸ਼ਰਤੀਆ ਦਿੱਤੀ ਸੀ, ਉਸ ਨਾਲ ਰੰਗ ਗੋਰਾ ਹੋਇਆ ਹੀ ਨਹੀਂ। ਇਹ ਮੋੜੋ, ਨਵੀਂ ਦਿਓ।
ਦੁਕਾਨਦਾਰ - ਬੀਬਾ ਜੀ, ਮਨ ਦੀ ਮੈਲ ਦੂਰ ਕਰੋ ਤਾਂ ਹੀ ਰੰਗ ਗੋਰਾ ਹੋ ਸਕੇਗਾ। ਕਰੀਮ ਤਾਂ ਤੁਹਾਡਾ ਵਹਿਮ ਦੂਰ ਹੀ ਕਰਦੀ ਹੈ ਕਿ ਤੁਸੀਂ ਗੋਰੇ ਹੋ ਰਹੇ ਹੋ, ਕਾਲੇ ਨਹੀਂ ਰਹੇ।

ਸੰਪਰਕ  : 98141-13338

30 March 2019