ਜਥੇਦਾਰ ਟੌਹੜਾ ਤੋ ਬਾਅਦ ਅਕਾਲੀ ਦਲ ਦਾ ਪੰਥਕ ਵਯੂਦ ਅਤੇ ਸਰੋਮਣੀ ਕਮੇਟੀ ਦਾ ਵਕਾਰ ਦੋਨੋ ਖਤਮ ਹੋ ਗਏ - ਬਘੇਲ ਸਿੰਘ ਧਾਲੀਵਾਲ

ਕੋਈ ਸਮਾ ਸੀ ਜਦੋ ਸਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਟਕਸਾਲੀ ਸਿੱਖ ਆਗੂ ਜਥੇਦਾਰ ਗੁਰਚਰਨ ਸਿੰਘ ਟੌਹੜਾ ਦਾ ਰਾਜ ਸੀ। ਉਹ ਸਮਾ ਵੀ ਭਾਵੇਂ ਗੁਰਦੁਆਰਾ ਪਰਬੰਧ ਲਈ ਸਹੀ ਅਰਥਾਂ ਵਿੱਚ ਵਿੱਚ ਕੋਈ ਬਹੁਤਾ ਜਿਕਰਯੋਗ ਤਾਂ ਨਹੀ ਰਿਹਾ,ਪ੍ਰੰਤੂ ਇਸ ਦੇ ਬਾਵਜੂਦ ਵੀ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੇ ਕਾਰਜਕਾਲ ਨੂੰ ਯਾਦ ਕੀਤਾ ਜਾਂਦਾ ਰਹੇਗਾ,ਕਿਉਕਿ ਉਸ ਮੌਕੇ ਮੌਜੂਦਾ ਸਮੇ ਦੇ ਮੁਕਾਬਲੇ ਹਾਲਾਤ ਕੁੱਝ ਚੰਗੇ ਰਹੇ ਹਨ।ਉਦੋ ਆਰ ਐਸ ਐਸ,ਸਰੋਮਣੀ ਗੁਰਦੁਆਰਾ ਪਰਬੰਧਕ ਕਮੇਟੀ ਵਿੱਚ ਅਪਣੇ ਪੈਰ ਪਸਾਰਨ ਵਿੱਚ ਸਫਲ ਨਹੀ ਸੀ ਹੋ ਸਕੀ,ਜਿੰਨੀ ਜਥੇਦਾਰ ਟੌਹੜੇ ਤੋ ਬਾਅਦ ਬਾਦਲਾਂ ਦੇ ਸਿੱਧੇ ਕਬਜੇ ਦੌਰਾਨ ਪਸਾਰ ਸਕੀ ਹੈ,ਕਿਉਕਿ ਜਥੇਦਾਰ ਟੌਹੜਾ ਆਰ ਐਸ ਐਸ ਨਾਲ ਕਿਸੇ ਵੀ ਸਮਝੌਤੇ ਦੇ ਹੱਕ ਵਿੱਚ ਨਹੀ ਰਿਹਾ।ਇਹ ਸੱਚ ਹੈ ਕਿ ਜਥੇਦਾਰ ਟੌਹੜਾ ਆਰ ਐਸ ਐਸ ਦੀਆਂ ਸਾਜਿਸ਼ਾਂ ਤੋ ਸਤੱਰਕ ਵੀ ਸੀ ਤੇ ਉਹ ਕਿਸੇ ਵੀ ਕੀਮਤ ਤੇ ਆਰ ਐਸ ਐਸ ਦੀ ਕਿਸੇ ਵੀ ਦਖਲਅੰਦਾਜੀ ਦੇ ਖਿਲਾਫ ਵੀ ਸੀ।ਉਹ ਜਥੇਦਾਰ ਟੌਹੜਾ ਹੀ ਸੀ ਜਿਸ ਨੇ ਸ੍ਰ ਪ੍ਰਕਾਸ਼ ਸਿੰਘ ਬਾਦਲ ਵੱਲੋਂ ਆਰ ਐਸ ਐਸ ਦੀ ਮੈਂਬਰਸ਼ਿੱਪ ਲੈਣ ਨੂੰ ਗਲਤ ਕਿਹਾ ਸੀ ਤੇ ਸ੍ਰ ਬਾਦਲ ਨੂੰ ਇਹ ਕਦਮ ਚੁੱਕਣ ਤੋ ਵਰਜਿਆ ਵੀ ਸੀ,ਪਰ ਸ੍ਰ ਪਰਕਾਸ਼ ਸਿੰਘ ਬਾਦਲ ਕਿਸੇ ਵੀ ਕੀਮਤ ਤੇ ਸੰਘ ਨਾਲੋਂ ਸਬੰਧ ਤੋੜਨੇ ਤਾਂ ਦੂਰ ਦੀ ਗੱਲ ਸੀ,ਉਹ ਤਾਂ ਉਹਨਾਂ ਦੀ ਵਫਾਦਾਰੀ ਨਿਭਾਉਣ ਵਿੱਚ ਅਪਣੇ ਧੰਨਭਾਗ ਸਮਝਦਾ ਸੀ।31 ਮਾਰਚ 2004 ਦੀ ਰਾਤ ਜਥੇਦਾਰ ਟੌਹੜਾ ਦੇ ਜਹਾਨੋਂ ਤੁਰ ਜਾਣ ਤੋ ਬਾਅਦ ਸ੍ਰ ਪ੍ਰਕਾਸ਼ ਸਿੰਘ ਬਾਦਲ ਦਾ ਕੰਮ ਬਹੁਤ ਸੁਖਾਲਾ ਹੋ ਗਿਆ।ਹੁਣ ਉਹਨਾਂ ਨੂੰ ਕਿਸੇ ਗੈਰ ਦੀ ਦਖਲਅੰਦਾਜੀ ਲਈ ਵਰਜਣ ਵਾਲਾ ਕੋਈ ਨਹੀ ਸੀ ਰਿਹਾ,ਕਿਉਕਿ ਅਕਾਲੀ ਦਲ ਅੰਦਰ ਸਿਰਫ ਤੇ ਸਿਰਫ ਜੀ ਹਜੂਰੀਆਂ ਦੀ ਭੀੜ ਹੀ ਬਚੀ ਸੀ।ਟੌਹੜਾ ਕਾਲ ਤੋ ਬਾਅਦ ਵਾਲੀ ਅਕਾਲੀ ਲੀਡਰਸ਼ਿੱਪ ਜੀ ਹਜੂਰੀਆਂ ਦੀ ਰਹਿ ਗਈ।ਕੋਈ ਵੀ ਆਗੂ ਨਾ ਹੀ ਪੰਥ ਪ੍ਰਸਤ ਰਿਹਾ ਅਤੇ ਨਾ ਹੀ ਅਜਿਹਾ ਸੀ ਜਿਹੜਾ ਬਾਦਲਾਂ ਨੂੰ ਚਣੌਤੀ ਦੇ ਸਕੇ।ਸ੍ਰ ਬਾਦਲ ਦੇ ਬਰਾਬਰ ਵਾਲੇ ਕੱਦਾਵਰ ਨੇਤਾ ਵੀ ਨਿੱਜੀ ਲੋਭ ਲਾਲਸਾ ਵਿੱਚ ਬੌਨੇ ਹੋ ਕੇ ਰਹਿ ਗਏ।,ਆਰ ਐਸ ਐਸ ਨੇ ਜੋ ਹਾਲ ਸਾਡੇ ਗੁਰਦੁਆਰਾ ਪਰਬੰਧ ਦਾ ਕੀਤਾ,ਉਹ ਸਭ ਦੇ ਸਾਹਮਣੇ ਹੈ।ਜਥੇਦਾਰ ਟੌਹੜਾ ਤੋ ਬਾਅਦ ਬਾਦਲਾਂ ਨੂੰ ਰੋਕਣਾ,ਟੋਕਣਾ,ਵਰਜਣਾ ਤਾਂ ਦੂਰ ਦੀ ਗੱਲ ਸਗੋ ਅਕਾਲੀ ਆਗੂਆਂ ਵਿੱਚ ਤਾਂ ਆਪਣੇ ਧਰਮ ਪ੍ਰਤੀ ਐਨੀ ਅਕਿਰਤਘਣਤਾ ਪੈਦਾ ਹੋ ਗਈ ਕਿ ਅਕਾਲੀ ਆਗੂ ਆਰ ਐਸ ਐਸ ਨਾਲ ਸੌਦੇਵਾਜੀ ਕਰਨ ਲਈ ਇੱਕ ਦੂਸਰੇ ਤੋ ਕਾਹਲ ਦਿਖਾਉਣ ਲੱਗ ਪਏ,ਜਿਸ ਦਾ ਫਾਇਦਾ ਸੰਘ ਨੇ ਸਿਖੀ ਸਿਧਾਂਤਾਂ ਦਾ ਘਾਣ ਕਰਨ ਲਈ ਉਠਾਇਆ।ਲਿਹਾਜਾ ਅੱਜ ਹਾਲਾਤ ਇਹ ਬਣ ਚੁੱਕੇ ਹਨ ਕਿ ਸਾਡੇ ਤਖਤ ਸਹਿਬਾਨਾਂ ਤੇ ਸ਼ੁਸ਼ੋਭਤ ਜਥੇਦਾਰ ਵੀ ਆਰ ਐਸ ਐਸ ਦੇ ਕਹਿਣੇ ਤੋ ਬਗੈਰ ਕਦਮ ਨਹੀ ਪੁੱਟ ਸਕਦੇ।ਨਾਗਪੁਰ ਤੋ ਆਏ ਕਿਸੇ ਵੀ ਫਰਮਾਨ ਦੀ ਅਣਦੇਖੀ ਨਹੀ ਹੋ ਸਕਦੀ,ਉਹਦੇ ਲਈ ਸਾਰਾ ਗੁਰਦੁਆਰਾ ਪਰਬੰਧ ਪੱਬਾਂ ਭਾਰ ਹੋ ਜਾਂਦਾ ਹੈ। ਆਰ ਐਸ ਐਸ ਦੀ ਸਿੱਧੀ ਦਖਲ ਅੰਦਾਜੀ ਅਤੇ ਪਰਭਾਵ ਦੀਆਂ ਇੱਕ ਨਹੀ ਅਨੇਕਾਂ ਉਦਾਹਰਣਾਂ ਹਨ,ਜਦੋ ਤਖਤ ਸਹਿਬਾਨਾਂ ਦੇ ਜਥੇਦਾਰ ਖੁਦ ਨਾਗਪੁਰੀ ਹੁਕਮਾਂ ਨੂੰ ਲਾਗੂ ਕਰਵਾਉਣ ਲਈ ਤਰਾਂ ਤਰਾਂ ਦੇ ਪਾਪੜ ਬੇਲ ਕੇ ਅਪਣੀ ਸਹੀ ਪਾਉਦੇ ਹਨ।ਸਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਛਾਪੀਆਂ ਜਾਂਦੀਆਂ ਸਿੱਖ ਇਤਿਹਾਸ ਦੀਆਂ ਪੁਸਤਕਾਂ ਵਿੱਚ ਹੀ ਸਾਡੇ ਗੁਰੂ ਸਹਿਬਾਨਾਂ ਪ੍ਰਤੀ ਮਾੜੀ ਤੇ ਅਸ਼ਿਹਣਯੋਗ ਭਾਸ਼ਾ ਵਰਤੀ ਗਈ ਹੈ,ਇਸ ਤੋ ਵੱਡੀ ਸ਼ਰਮਨਾਕ ਤੇ ਮਾੜੀ ਹੋਰ ਕਿਹੜੀ ਗੱਲ ਹੋ ਸਕਦੀ ਹੈ। ਨਾਨਕ ਸ਼ਾਹ ਫਕੀਰ ਦੇ ਨਿਰਮਾਤਾ ਨੂੰ ਸਹਿਯੋਗ ਦੇਣ ਲਈ,ਅਤੇ ਉਸ ਫਿਲਮ ਨੂੰ ਪੰਜਾਬ ਵਿੱਚ ਚਲਾਉਣ ਲਈ ਜਿਸ ਤਰਾਂ ਜਥੇਦਾਰ ਅਤੇ ਪ੍ਰਧਾਨ ਦੀ ਤਰਫੋ ਗੁਰਦੁਾਆਰਾ ਸਹਿਬਾਨਾਂ ਦੇ ਮੈਨੇਜਰਾਂ ਨੂੰ ਲਿਖਤੀ ਹਦਾਇਤਾਂ ਜਾਰੀ ਕੀਤੀਆਂ ਗਈਆਂ,ਉਹ ਨਾਗਪੁਰੀ ਪ੍ਰਭਾਵ ਦੇ ਸਿਖਰ ਦੀ ਉਦਾਹਰਣ ਕਹੀ ਜਾ ਸਕਦੀ ਹੈ।ਏਥੇ ਹੀ ਬੱਸ ਨਹੀ ਸ੍ਰੀ ਹਰਿਮੰਦਰ ਸਾਹਿਬ ਤੋ ਰੋਜ਼ਾਨਾ ਕੀਤੇ ਜਾਂਦੇ ਸਬਦ ਕੀਰਤਨ ਵਿੱਚ ਵੀ ਹਜੂਰੀ ਰਾਗੀ ਨੂੰ ਚੋਣਵੇਂ ਸਬਦ ਪੜਨ ਤੇ ਰੋਕਣ ਦੀਆਂ ਵੀ ਚਰਚਾਵਾਂ ਰਹੀਆਂ ਹਨ।ਅਰਦਾਸ ਤੋ ਬਾਅਦ ਰਾਜ ਕਰੇਗਾ ਖਾਲਸਾ ਵਾਲਾ ਦੋਹਿਰਾ ਅਤੇ ਜੈਕਾਰੇ ਤੇ ਪਬੰਦੀ ਵੀ ਸਰੋਮਣੀ ਗੁਰਦੁਆਰਾ ਪਰਬੰਧਕ ਕਮੇਟੀ ਦੇ ਪਰਬੰਧਕਾਂ ਦੀ ਨਾਗਪੁਰ ਵੱਲੋਂ ਗੁਲਾਮ ਬਣਾ ਦਿੱਤੀ ਮਾਨਸਿਕਤਾ ਦਾ ਪਰਤੱਖ ਸਬੂਤ ਹੈ।ਨਾਨਕਸ਼ਾਹੀ ਕਲੰਡਰ ਦਾ ਮਸਲਾ ਸਿੱਖਾਂ ਦਾ ਮਸਲਾ ਨਹੀ ਹੈ,ਸਗੋ ਇਹ ਨਾਗਪੁਰ ਨੂੰ ਮਨਜੂਰ ਨਾ ਹੋਣ ਕਰਕੇ ਲਾਗੂ ਨਹੀ ਕੀਤਾ ਜਾ ਰਿਹਾ,ਕਿਉਕਿ ਨਾਨਕਸ਼ਾਹੀ ਕਲੰਡਰ ਦੇ ਪੂਰਨ ਰੂਪ ਵਿੱਚ ਲਾਗੂ ਹੋ ਜਾਣ ਨਾਲ ਨਾਗਪੁਰੀ ਵਿਦਵਾਨ ਸਾਡੇ ਇਤਿਹਾਸਿਕ ਦਿਹਾੜਿਆਂ ਵਿੱਚ ਭੰਬਲਭੂਸੇ ਵਾਲੇ ਹਾਲਾਤ ਪੈਦਾ ਨਹੀ ਕਰ ਸਕਦੇ,ਜਦੋਕਿ ਆਰ ਐਸ ਐਸ ਬਿਕਰਮੀ ਕਲੰਡਰ ਦੀ ਮਦਦ ਨਾਲ ਆਉਣ ਵਾਲੇ ਲੰਮੇ ਸਮੇ ਵਿੱਚ ਸਾਡੇ ਸ਼ਾਨਾਂਮੱਤੇ ਸਿੱਖ ਇਤਿਹਾਸ ਵਿੱਚ ਸੰਕਾ ਪੈਦਾ ਕਰਨ ਲਈ ਬੜੀ ਚਲਾਕੀ ਨਾਲ ਕੰਮ ਕਰ ਰਹੀ ਹੈ।ਇਹ ਆਰ ਐਸ ਐਸ ਦੀ ਸਿੱਧੀ ਦਖਲਅੰਦਾਜੀ ਦਾ ਹੀ ਪਰਭਾਵ ਹੈ ਕਿ ਸਰੋਮਣੀ ਗੁਰਦੁਆਰਾ ਪਰਬੰਧਕ ਕਮੇਟੀ ਪੋਹ ਦੇ ਮਹੀਨੇ ਆਉਂਦੇ ਸ਼ਹੀਦੀ ਹਫਤੇ ਮੌਕੇ ਛੋਟੇ ਸਹਿਬਜਾਦਿਆਂ ਅਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਜਨਮ ਦਿਹਾੜੇ  ਨੂੰ ਅਲੱਗ ਅਲੱਗ ਕਰਨ ਦੀ ਹਿੰਮਤ ਨਹੀ ਕਰ ਸਕਦੇ। ਇਹ ਸਾਰਾ ਕੁੱਝ ਬਾਦਲ ਸਾਹਬ ਦੀ ਦੇਣ ਹੈ,ਜਿਸਨੇ ਅਪਣੇ ਮੁਫਾਦਾਂ ਖਾਤਰ ਕੌਂਮ ਨਾਲ ਧਰੋਹ ਕਮਾਇਆ ਹੈ।ਦੂਜੀ ਗੱਲ ਇਹ ਹੈ ਕਿ ਸ੍ਰ ਬਾਦਲ ਵੱਲੋਂ ਜਿਸ ਤਰਾਂ ਆਪਹੁਦਰੀਆਂ ਕਾਰਵਾਈਆਂ ਕੀਤੀਆਂ ਜਾਂਦੀਆਂ ਰਹੀਆਂ ਹਨ,ਉਹਨਾਂ ਤੇ ਸੁਆਲ ਕਰਨ ਵਾਲਾ ਕੋਈ ਵੀ ਇਮਾਨਦਾਰ ਆਗੂ ਅਕਾਲੀ ਦਲ ਵਿੱਚ ਨਹੀ ਰਿਹਾ।ਸੱਚ ਤਾਂ ਇਹ ਹੈ ਕਿ ਸਾਰੇ ਹੀ ਅਕਾਲੀ ਆਗੂ ਇੱਕ ਦੂਜੇ ਤੋ ਮੂਹਰ ਦੀ ਹੋ ਕੇ ਆਰ ਐਸ ਐਸ ਕੋਲ ਵਿਕਣ ਲਈ ਜਾਣ ਨੂੰ ਕਾਹਲੇ ਹਨ।31 ਮਾਰਚ 2004 ਦੀ ਰਾਤ ਨੂੰ ਜਥੇਦਾਰ ਟੌਹੜਾ ਦਾ ਅਕਾਲ ਚਲਾਣੇ ਤੋ ਬਾਅਦ ਸਰੋਮਣੀ ਅਕਾਲੀ ਦਲ ਦਾ ਪੰਥਕ ਵਯੂਦ ਖਤਮ ਹੋ ਗਿਆ।ਇਸ 15ਸਾਲ ਦੇ ਅਰਸੇ ਵਿੱਚ ਮੱਕੜ ਵੀ ਸਰੋਮਣੀ ਗੁਰਦੁਅਰਾ ਪਰਬੰਧਕ ਕਮੇਟੀ ਦਾ ਪ੍ਰਧਾਨ ਬਣਿਆ,ਬੀਬੀ ਜੰਗੀਰ ਕੌਰ ਵੀ ਆਈ,ਬਡੂੰਗਰ ਵੀ ਆਇਆ,ਹੁਣ ਗੋਬਿੰਦ ਸਿੰਘ ਲੌਗਵਾਲ ਵੀ ਪ੍ਰਧਾਨ ਹੈ,ਪਰ ਕੋਈ ਵੀ ਮੁੱਖ ਪਰਬੰਧਕ ਮੁੜ ਸਰੋਮਣੀ ਗੁਰਦੁਅਰਾ ਪਰਬੰਧਕ ਕਮੇਟੀ ਦਾ ਵਕਾਰ ਬਨਾਉਣ ਵਿੱਚ ਸਫਲ ਨਹੀ ਹੋ ਸਕਿਆ,ਕਿਉਕਿ ਨਿੱਜੀ ਲਾਲਸਾ ਦੀ ਜੀ ਹਜੂਰੀ ਨੇ ਸਿੱਖ ਆਗੂਆਂ ਦੀ ਗੈਰਤ ਅਸਲੋਂ ਖਤਮ ਕਰ ਦਿੱਤੀ।

ਬਘੇਲ ਸਿੰਘ ਧਾਲੀਵਾਲ
99142-58142