ਵੋਟਾਂ ਦਾ ਮੇਲਾ ਲੋਕ-ਜਾਗ ਦਾ ਵੇਲਾ - ਸ਼ਾਮ ਸਿੰਘ ਅੰਗ-ਸੰਗ

ਹਰ ਪੰਜ ਸਾਲ ਬਾਅਦ ਦੇਸ਼ ਵਿੱਚ ਚੋਣਾਂ ਹੁੰਦੀਆਂ ਹਨ ਅਤੇ ਥਾਂ-ਥਾਂ ਵੋਟਾਂ ਦਾ ਮੇਲਾ ਲੱਗ ਜਾਂਦਾ, ਜਿਸ ਦੌਰਾਨ ਲੋਕ ਮਨਮਰਜ਼ੀ ਕਰਦੇ ਹੋਏ ਉਨ੍ਹਾਂ ਨੇਤਾਵਾਂ ਨੂੰ ਜਿਤਾਉਂਦੇ ਹਨ, ਪਰ ਉਨ੍ਹਾਂ ਨੂੰ ਹਰਾ ਕੇ ਘਰ ਭੇਜ ਦਿੰਦੇ ਹਨ, ਜਿਨ੍ਹਾਂ ਨੂੰ ਨਹੀਂ ਚਾਹੁੰਦੇ। ਵੋਟਾਂ ਦੇ ਮੇਲੇ ਸਮੇਂ ਲੋਕਾਂ ਦੇ ਸਿਆਸੀ ਨਜ਼ਰੀਏ ਦਾ ਪਤਾ ਲੱਗਦਾ ਹੈ ਅਤੇ ਮੁਲਕ ਦੇ ਹਾਲਾਤ ਬਾਰੇ ਸੂਝ-ਬੂਝ ਦਾ ਵੀ। ਇਹ ਮੇਲਾ ਮਨੋਰੰਜਨ ਦਾ ਸਾਧਨ ਨਹੀਂ ਹੁੰਦਾ, ਸਗੋਂ ਲੋਕ-ਜਾਗ ਦਾ ਵੇਲਾ ਹੁੰਦਾ ਹੈ, ਜਿਸ ਦੌਰਾਨ ਚੰਗੇ ਅਤੇ ਲੋਕ-ਹਿੱਤ ਵਾਲੇ ਆਗੂ ਅੱਗੇ ਲਿਆਂਦੇ ਜਾ ਸਕਦੇ ਹਨ, ਪਰ ਮਾੜੇ ਕਿਰਦਾਰ ਵਾਲੇ ਨੇਤਾਵਾਂ ਨੂੰ ਸਬਕ ਸਿਖਾਇਆ ਜਾ ਸਕਦੈ ਤਾਂ ਕਿ ਖੁਦ ਨੂੰ ਸੁਧਾਰ ਸਕਣ।
        ਨੇਤਾਜਨਾਂ ਵਿੱਚ ਤਜਰਬੇ ਨਾਲ ਸ਼ੈਤਾਨੀ ਘਰ ਕਰ ਜਾਂਦੀ ਹੈ, ਜਿਸ ਨਾਲ ਦੇਸ਼ ਦੀ ਭੋਲੀ-ਭਾਲੀ ਜਨਤਾ ਨੂੰ ਧੋਖੇ ਨਾਲ ਚਾਰਨ ਤੋਂ ਬਾਜ਼ ਨਹੀਂ ਆਉਂਦੇ। ਭਾਰਤ ਨੂੰ ਦੋ ਤਰ੍ਹਾਂ ਦਾ ਰੰਗ ਦਿੰਦੇ ਹਨ, ਇੱਕ ਅਮੀਰਾਂ ਦਾ ਅਤੇ ਦੂਜਾ ਗਰੀਬਾਂ ਦਾ। ਫੇਰ ਧਾਰਮਿਕ ਵਿਚਾਰਾਂ ਦੀ ਕੂਚੀ ਫੇਰਦੇ ਹਨ, ਤਾਂ ਜੋ ਸਭ ਕੁਝ ਸਫੈਦ ਦਿਸੇ। ਨਫ਼ਰਤ ਦੀ ਜ਼ਹਿਰ ਫੈਲਾਉਂਦੇ ਹਨ ਅਤੇ ਫਿਰਕਾਪ੍ਰਸਤੀ ਦੀ ਹਵਾ ਚਲਾਉਂਦੇ ਹੋਏ ਲੋਕਾਂ 'ਚ ਵੰਡੀਆਂ ਪਾ ਦਿੰਦੇ ਹਨ, ਜਿਸ ਕਾਰਨ ਉਨ੍ਹਾਂ 'ਚ ਏਕਤਾ ਨਹੀਂ ਰਹਿੰਦੀ।
         ਸਾਰੀਆਂ ਸਿਆਸੀ ਪਾਰਟੀਆਂ ਦੇ ਨੇਤਾ ਇੱਕ-ਦੂਜੇ 'ਤੇ ਚਿੱਕੜ ਸੁੱਟਦੇ ਹਨ, ਜਿਸ ਨਾਲ ਬਦਨਾਮੀ ਦਾ ਮਾਹੌਲ ਪੈਦਾ ਹੋ ਸਕੇ। ਅਜਿਹਾ ਹੋਣ ਨਾਲ ਲੋਕਾਂ ਵਿੱਚ ਭੰਬਲਭੂਸਾ ਪੈਦਾ ਹੋ ਜਾਂਦਾ ਹੈ, ਕਿਉਂਕਿ ਅਸੱਭਿਆ ਭਾਸ਼ਾ ਦੇ ਘੁਸਮੁਸੇ ਵਿੱਚ ਸਾਫ਼ ਨਜ਼ਰ ਨਹੀਂ ਆਉਂਦਾ। ਧੁੰਦਲੇ ਹੋਏ ਮਾਹੌਲ 'ਚ ਮੁੱਦੇ ਤਾਂ ਲੱਭਦੇ ਹੀ ਨਹੀਂ। ਨੇਤਾਵਾਂ ਵੱਲੋਂ ਜਾਣ-ਬੁੱਝ ਕੇ ਸ਼ੋਰੀਲਾ ਮਾਹੌਲ ਪੈਦਾ ਕੀਤਾ ਜਾਂਦਾ ਹੈ, ਜਿਸ ਵਿੱਚ ਲੋਕਾਂ ਨੂੰ ਅਸਾਨੀ ਨਾਲ ਭਰਮਾਇਆ ਜਾ ਸਕੇ। ਜਿਹੜੇ ਲੋਕ ਤਾਂ ਸ਼ੋਰੀਲੇ ਮਾਹੌਲ ਵਿੱਚ ਸਹੀ ਰਾਹ ਲੱਭ ਲੈਂਦੇ ਹਨ, ਉਹ ਨੇਤਾਵਾਂ ਦੇ ਭਰਮ-ਭੁਲੇਖਿਆਂ ਵਿੱਚ ਕਿਸੇ ਤਰ੍ਹਾਂ ਨਹੀਂ ਫਸਦੇ। ਜਿਨ੍ਹਾਂ ਦੇ ਪੈਰਾਂ ਥੱਲੇ ਜ਼ਮੀਨ ਨਹੀਂ ਹੁੰਦੀ, ਉਹ ਬਚਦੇ ਨਹੀਂ।
      ਜਿਸ ਬਿਨਾਂ ਦੁਨੀਆਂ ਭਰ ਦੇ ਮੁਲਕਾਂ ਦਾ ਕੰਮ ਚੱਲ ਰਿਹਾ ਹੈ, ਇਥੇ ਭਾਰਤ ਵਿੱਚ ਨੇਤਾਵਾਂ ਦਾ ਵੱਡਾ ਹਥਿਆਰ ਹੈ ਜਾਤਪਾਤ। ਸਦੀਆਂ ਤੋਂ ਚਲੀ ਆ ਰਹੀ ਇਸ ਵਰਣ-ਵਿਵਸਥਾ ਨੇ ਲੋਕ-ਭਾਈਚਾਰੇ ਵਿਚਕਾਰ ਅਜਿਹੀਆਂ ਦੀਵਾਰਾਂ ਖੜ੍ਹੀਆਂ ਕੀਤੀਆਂ ਹੋਈਆਂ ਹਨ, ਜਿਨ੍ਹਾਂ ਨੂੰ ਨੇਤਾਜਨ ਢਾਹੁੰਦੇ ਘੱਟ ਹਨ ਅਤੇ ਉਸਾਰਦੇ ਵੱਧ, ਜਿਸ ਕਾਰਨ ਦੇਸ਼ ਵਿਨਾਸ਼ ਵੱਲ ਵਧਦਾ ਰਹਿੰਦਾ ਹੈ, ਵਿਕਾਸ ਵੱਲ ਘੱਟ। ਇਸ ਨਾਲ ਨੇਤਾ ਤਾਂ ਲਾਹਾ ਲੈ ਜਾਂਦੇ ਹਨ, ਪਰ ਦੇਸ਼ ਨੂੰ ਇਸ ਤੋਂ ਕਦੇ ਵੀ ਕੋਈ ਫਾਇਦਾ ਨਹੀਂ ਹੁੰਦਾ।
         ਦੇਸ਼ ਦੇ ਲੋਕਾਂ ਦੀ ਪ੍ਰੀਖਿਆ ਦਾ ਸਮਾਂ ਆ ਗਿਆ ਹੈ, ਜਿਸ ਨਾਲ ਉਨ੍ਹਾਂ ਦੀ ਸਿਆਸੀ ਸਮਝ ਦਾ ਪਤਾ ਲੱਗੇਗਾ। ਦੇਖਣਾ ਇਹ ਪਵੇਗਾ ਕਿ ਉਹ ਜੁਮਲਿਆਂ ਦਾ ਮੁੜ ਸ਼ਿਕਾਰ ਹੁੰਦੇ ਹਨ ਜਾਂ ਫੇਰ ਝੂਠ ਬੋਲਣ ਵਾਲਿਆਂ ਨੂੰ ਜ਼ਰਾ ਮਾਤਰ ਵੀ ਨੇੜੇ ਨਹੀਂ ਲੱਗਣ ਦਿੰਦੇ। ਕੀ ਉਹ ਨਫ਼ਰਤ ਦੀ ਜ਼ਹਿਰ ਫੈਲਾਉਣ ਵਾਲਿਆਂ, ਹਰ ਖੇਤਰ ਵਿੱਚ ਦਹਿਸ਼ਤ ਪੈਦਾ ਕਰਨ ਵਾਲਿਆਂ ਅਤੇ ਹਰ ਕੰਮ ਵਾਸਤੇ ਦਿੱਲੀ ਦੀ ਤਰਜ਼ 'ਤੇ ਚਲਾਉਣ ਵਾਲਿਆਂ ਨੂੰ ਅੱਖਾਂ ਦਿਖਾਉਂਦੇ ਹਨ ਜਾਂ ਫੇਰ ਮੁੜ ਉਨ੍ਹਾਂ ਦੀ ਚਾਲ ਤੋਂ ਨਹੀਂ ਬਚ ਪਾਉਂਦੇ।
       ਜੇ ਲੋਕ-ਜਾਗ ਦੇ ਵੇਲੇ ਜਨਤਾ ਜਾਗ ਪਈ ਤਾਂ ਦੇਸ਼ ਭਰ ਵਿੱਚ ਇੱਕੋ ਆਵਾਜ਼ ਸੁਣਨ ਦੀ ਰਟ ਬੰਦ ਹੋ ਕੇ ਰਹਿ ਜਾਵੇਗੀ ਅਤੇ ਦੂਜੇ ਨੇਤਾਵਾਂ ਦੀਆਂ ਆਵਾਜ਼ਾਂ ਸੁਣਨ ਲੱਗ ਪੈਣਗੀਆਂ। ਭਾਰਤ ਦੇ ਲੋਕ ਹੁਣ ਕਿਸੇ ਕੀਮਤ 'ਤੇ ਅਵੇਸਲੇ ਨਾ ਹੋਣ ਕਿਉਂਕਿ ਲੋਕ-ਜਾਗ ਦਾ ਵੇਲਾ ਹੋ ਗਿਆ ਹੈ, ਜਿਸ ਦੌਰਾਨ ਉਹ ਆਪਣੇ ਦੇਸ਼ ਦੇ ਵੋਟ ਮੇਲੇ ਦੌਰਾਨ ਪੂਰੀ ਤਰ੍ਹਾਂ ਜਾਗ ਕੇ ਅਤੇ ਪੂਰੇ ਚੌਕਸ ਹੋ ਕੇ ਆਪਣੇ ਵੋਟ ਦੇ ਅਧਿਕਾਰ ਦੀ ਸਹੀ ਵਰਤੋਂ ਕਰਨ, ਤਾਂ ਕਿ ਮੁਲਕ ਬਚ ਸਕੇ।
       ਦੇਸ਼ ਦਾ ਗੇੜਾ ਮਾਰਦਿਆਂ ਇੱਕ ਆਵਾਜ਼ ਜ਼ਰੂਰ ਸੁਣਨ ਨੂੰ ਮਿਲਦੀ ਹੈ ਕਿ ਸੱਤਾਧਾਰੀਆਂ ਨੂੰ ਖਦੇੜਨ ਲਈ ਗੱਠਜੋੜ ਬਣਾਏ ਜਾਣ ਜਾਂ ਫਿਰ ਮਹਾਂਗਠਬੰਧਨ। ਵਿਰੋਧੀ ਧਿਰ ਦੀਆਂ ਇਸ ਸੁਰ ਵਾਲੀਆਂ ਗੱਲਾਂ ਤਾਂ ਅਕਸਰ ਹਵਾ 'ਤੇ ਸਵਾਰ ਰਹਿੰਦੀਆਂ ਹਨ, ਪਰ ਇਨ੍ਹਾਂ 'ਤੇ ਅਮਲ ਬਹੁਤ ਘੱਟ ਹੁੰਦਾ ਹੈ, ਜਿਸ ਕਾਰਨ ਪੂਰੇ ਦੇਸ਼ ਅੰਦਰ ਕੋਈ ਵੱਡਾ ਬਦਲ ਤਿਆਰ ਨਹੀਂ ਹੋ ਸਕਿਆ। ਲੋਕਾਂ ਨੂੰ ਪਾਰਟੀਆਂ ਵਿੱਚ ਵੰਡ ਤਾਂ ਨਜ਼ਰ ਆਉਂਦੀ ਹੈ ਪਰ ਇਹ ਪਤਾ ਨਹੀਂ ਲੱਗਦਾ ਕਿ ਇਸ ਵੰਡ ਵਿੱਚ ਉਹ ਕਿੱਧਰ ਜਾਣ ਅਤੇ ਕਿੱਧਰ ਨਾ ਜਾਣ।
      ਵੋਟ-ਮੇਲੇ ਨੂੰ ਆਮ ਮੇਲੇ ਵਾਂਗ ਨਾ ਮੰਨਦਿਆਂ ਇਸ ਨੂੰ ਗੰਭੀਰਤਾ ਦਾ ਕਾਰਜ ਸਮਝਦਿਆਂ ਹਰ ਨਾਗਰਿਕ ਵੋਟਰ ਬਣਨ ਵੇਲੇ ਜਾਗਦਾ ਰਹੇ ਅਤੇ ਜਾਗਣ ਲਈ ਕਿਸੇ ਚੌਂਕੀਦਾਰ ਵੱਲੋਂ ਉੱਚੀ ਆਵਾਜ਼ ਵਿੱਚ ਕਹਿੰਦੇ 'ਜਾਗਦੇ ਰਹੋ' ਨੂੰ ਨਾ ਸੁਣੀਏ, ਕਿਉਂਕਿ ਚੌਕੀਦਾਰਾਂ ਦੀ ਤਾਂ ਹੁਣ ਘਾਟ ਹੀ ਨਹੀਂ ਰਹੀ। ਪਰ ਮੇਰੇ ਦੇਸ਼ ਦੇ ਭੋਲੇ ਲੋਕੋ ਲਾਲਚਾਂ, ਲਾਰਿਆਂ ਅਤੇ ਝੂਠੇ ਵਾਅਦਿਆਂ ਤੋਂ ਬਚੋ ਅਤੇ ਇਸ ਗੱਲ ਦਾ ਵੀ ਖਿਆਲ ਰੱਖਿਓ ਕਿ ਦੇਸ਼ ਦੇ ਸੰਵਿਧਾਨ ਵਿੱਚ 'ਚੌਕੀਦਾਰ' ਦੀ ਤਾਂ ਕੋਈ ਆਸਾਮੀ ਹੀ ਨਹੀਂ।


ਪੰਜਾਬ ਦਾ ਸਿਆਸੀ ਦ੍ਰਿਸ਼

ਪੰਜਾਬ ਦੀ ਸਿਆਸਤ ਵਿੱਚ ਜੋੜ-ਤੋੜ ਲੱਗਭੱਗ ਮੁਕੰਮਲ ਹੋ ਗਏ, ਪਰ ਲੋਕ ਸਭਾ ਹਲਕਿਆਂ ਵਾਸਤੇ ਉਮੀਦਵਾਰ ਲੱਭੇ ਜਾ ਰਹੇ ਨੇ, ਜਿਸ ਕਾਰਨ ਕਿਸੇ ਹਲਕੇ ਬਾਰੇ ਅਜੇ ਟਿੱਪਣੀਆਂ ਮੁਨਾਸਬ ਨਹੀਂ। ਕਿਸੇ-ਕਿਸੇ ਪਾਰਟੀ ਨੇ ਉਮੀਦਵਾਰ ਖੜ੍ਹੇ ਕਰ ਦਿੱਤੇ, ਪਰ ਦੂਜੀਆਂ ਪਾਰਟੀਆਂ ਅਜੇ ਉਮੀਦਵਾਰਾਂ ਬਾਰੇ ਫੈਸਲਾ ਨਹੀਂ ਕਰ ਸਕੀਆਂ। ਕਈ ਥਾਵਾਂ 'ਤੇ ਟੱਕਰਾਂ ਫਸਵੀਆਂ ਤਾਂ ਹੋਣਗੀਆਂ ਹੀ, ਪਰ ਨਾਲ ਦੀ ਨਾਲ ਪੂਰੀ ਤਰ੍ਹਾਂ ਰੌਚਿਕ ਵੀ ਹੋਣਗੀਆਂ।
      ਕਾਂਗਰਸ ਅਜੇ ਤੱਕ ਸਾਬਤ ਸਬੂਤੀ ਹੈ, ਜਿਹੜੀ ਆਪਣੀ ਹਾਈ ਕਮਾਂਡ ਬਿਨਾਂ ਚੋਣ ਲਈ ਉਮੀਦਵਾਰਾਂ ਦੇ ਫ਼ੈਸਲੇ ਨਹੀਂ ਲੈਂਦੀ। ਕੁਝ ਨਾਵਾਂ ਬਾਰੇ ਫ਼ੈਸਲਾ ਹੋ ਵੀ ਗਿਆ ਹੈ, ਪਰ ਬਾਕੀ ਅਜੇ ਉਡੀਕਣੇ ਪੈਣਗੇ। ਇੰਜ ਹੀ ਸ਼੍ਰੋਮਣੀ ਅਕਾਲੀ ਦਲ ਨੇ ਵੀ ਕੁਝ ਨਾਵਾਂ ਦਾ ਐਲਾਨ ਕਰ ਦਿੱਤਾ ਹੈ ਜਿਸ ਨਾਲ ਕੁਝ ਫਸਵੇਂ ਮੁਕਾਬਲੇ ਹੋਣ ਦੀ ਸੰਭਾਵਨਾ ਪੈਦਾ ਹੋ ਰਹੀ ਹੈ, ਜਿਨ੍ਹਾਂ ਨੂੰ ਦੇਖਣਾ ਦਿਲਚਸਪ ਵੀ ਰਹੇਗਾ ਅਤੇ ਸੱਚਮੁੱਚ ਦੇ ਮੇਲੇ ਵਰਗਾ ਵੀ।
      ਪੰਜਾਬ ਡੈਮੋਕਰੇਟਿਕ ਅਲਾਇੰਸ ਅਤੇ ਹੋਰ ਪਾਰਟੀਆਂ ਨੇ ਵੀ ਉਮੀਦਵਾਰ ਐਲਾਨ ਦਿੱਤੇ ਹਨ ਅਤੇ ਹਰ ਪਾਰਟੀ ਆਪੋ-ਆਪਣੀ ਜਿੱਤ ਹੋਣ ਤੋਂ ਪਿੱਛੇ ਨਹੀਂ। ਅਜੇ ਥੋੜ੍ਹੇ ਦਿਨਾਂ ਬਾਅਦ ਹੀ ਅਸਲੀ ਵਿਸ਼ਲੇਸ਼ਣ ਕਰਨ ਦੀ ਸਥਿਤੀ ਪੈਦਾ ਹੋਵੇਗੀ, ਤਦ ਹੀ ਜ਼ਮੀਨੀ ਹਕੀਕਤ ਦੇ ਨੇੜੇ ਪਹੁੰਚਿਆ ਜਾ ਸਕੇਗਾ। ਹਾਂ ਏਨਾ ਜ਼ਰੂਰ ਕਿਹਾ ਜਾ ਸਕਦੈ ਕਿ ਜੇ ਕਾਂਗਰਸ ਇਕਮੁੱਠ ਰਹੀ ਤਾਂ ਵਿਰੋਧੀ ਧਿਰ ਦੇ ਵੰਡੇ ਹੋਣ ਕਾਰਨ ਕਾਂਗਰਸ ਦਾ ਹੱਥ ਉੱਪਰ ਰਹੇਗਾ। ਬਾਕੀ ਪਾਰਟੀਆਂ ਕਈ ਤਰ੍ਹਾਂ ਦੀਆਂ ਮਾਰਾਂ ਦਾ ਸ਼ਿਕਾਰ ਹਨ, ਉਹ ਨਹੀਂ ਉੱਭਰ ਸਕਣਗੀਆਂ।


ਲਤੀਫ਼ੇ ਦਾ ਚਿਹਰਾ ਮੋਹਰਾ

ਪੁੱਤਰ : ਡੈਡ ਮੈਨੂੰ ਪਤਾ ਲੱਗਾ ਕਿ ਤਰੇਤਾ ਯੁੱਗ 'ਚ ਪ੍ਰਹਿਲਾਦ ਜੱਸ ਖੱਟ ਗਿਆ, ਕਿਉਂਕਿ ਉਸ ਨੇ ਆਪਣੇ ਡੈਡ ਦੀ ਨਹੀਂ
         ਸੁਣੀ। ਸਤਯੁੱਗ 'ਚ ਆਪਣੇ ਪਿਤਾ ਨੂੰ ਨਾ ਸੁਣਨ ਕਰਕੇ ਰਾਮ ਰੱਬ ਬਣ ਗਿਆ। ਕੀ ਮੈਂ ਤੁਹਾਡੀ ਮੰਨਾ ਜਾਂ ਨਾ ਮੰਨਾ?
ਪਿਤਾ : ਮੇਰੇ ਪਿਆਰੇ ਪੁੱਤਰ ਹੁਣ ਕਲਯੁੱਗ ਹੈ ਜਿਸ ਵਿੱਚ ਅਸੀਂ ਰਹਿ ਰਹੇ ਹਾਂ। ਤੂੰ ਵੱਡਾ ਬਣਨ ਦਾ ਭੁਲੇਖਾ ਛੱਡ ਦੇ। ਸਾਡੇ
         ਦੋਹਾਂ ਲਈ ਚੰਗਾ ਹੋਵੇਗਾ ਕਿ ਸ਼ਾਂਤਮਈ ਜ਼ਿੰਦਗੀ ਲਈ ਤੇਰੀ ਮਾਤਾ ਸ੍ਰੀ ਦੀ ਮੰਨ ਕੇ ਤੁਰੀ ਚਲੀਏ।

ਸੰਪਰਕ : 98141-13338

06 April 2019