ਧਾਰਮਿਕ ਸੰਸਥਾਵਾਂ : ਪੁਰਾਤਨਤਾ, ਵਿਰਾਸਤ ਅਤੇ ਲੋਕ ਸ਼ਰਧਾ - ਡਾ. ਸੁਖਦੇਵ ਸਿੰਘ

ਗੁਰਦੁਆਰਾ ਦਰਬਾਰ ਸਾਹਿਬ ਤਰਨ ਤਾਰਨ ਦੀ ਦਰਸ਼ਨੀ ਡਿਉਢੀ ਢਾਹੁਣ ਖਿਲਾਫ ਸੰਗਤ ਦੇ ਵਿਰੋਧ ਕਰਕੇ ਕਾਰ ਸੇਵਾ ਰੋਕਣਾ, ਡੇਰਾ ਬਾਬਾ ਨਾਨਕ ਦੀ ਕਾਰ ਸੇਵਾ ਸਮੇਂ ਪੁਰਾਤਨ ਇਮਾਰਤਾਂ ਦੇ ਮਾਹਿਰਾਂ ਵੱਲੋਂ ਗੁਰਦੁਆਰੇ ਦੀ ਪੁਰਾਤਨਤਾ ਨੂੰ ਬਣਾਈ ਰੱਖਣ ਲਈ ਸਿਫਾਰਿਸ਼ ਕਰਨਾ, ਮਾਹਿਰਾਂ ਦੀ ਰਾਏ 'ਤੇ ਹਰਿਮੰਦਰ ਸਾਹਿਬ ਵਿਖੇ ਪਵਿੱਤਰ ਬੇਰੀਆਂ ਨੂੰ ਸਜੀਵ ਰੱਖਣ ਲਈ ਉਥੋਂ ਮਾਰਬਲ ਹਟਾਉਣਾ, ਗੁਰਦੁਆਰਾ ਦੂਖ ਨਿਵਾਰਨ ਪਟਿਆਲਾ ਵਿਖੇ ਗੁਰੂ ਤੇਗ ਬਹਾਦਰ ਨਾਲ ਸਬੰਧਤ ਪਵਿੱਤਰ ਬੋਹੜ ਦੀ ਕਟਾਈ ਤੋਂ ਬਾਅਦ ਸ਼ਰਧਾਲੂਆਂ ਦਾ ਮਾਰਬਲ ਉੱਤੇ ਹੀ ਅਕੀਦਤ ਪੇਸ਼ ਕਰਨਾ, ਕਈ ਹੋਰ ਧਾਰਮਿਕ ਸੰਸਥਾਵਾਂ ਦੀ ਕਾਰ ਸੇਵਾ ਕਰਦਿਆਂ ਬਦਲਾਓ ਅਤੇ ਦਰੱਖਤਾਂ ਦਾ ਸਫਾਇਆ ਤੇ ਵਿਰਾਸਤੀ ਦਿਖ ਨੂੰ ਬਿਲਕੁਲ ਬਦਲ ਦੇਣਾ ਕੁਝ ਕੁ ਸਵਾਲ ਹਨ ਜੋ ਇਤਿਹਾਸਿਕ ਸਿੱਖ ਧਾਰਮਿਕ ਸੰਸਥਾਵਾਂ ਦੀ ਪੁਰਾਤਨਤਾ, ਨਵੀਨਤਾ, ਕੁਦਰਤੀ ਦੇਣ, ਦਰੱਖਤ, ਫੱਲ-ਬੂਟਿਆਂ ਦੇ ਸਾਵੇਂਪਣ ਬਾਰੇ ਗੰਭੀਰਤਾ ਨਾਲ ਵਿਚਾਰ ਦੀ ਮੰਗ ਕਰਦੇ ਹਨ।
         ਸਿੱਖ ਧਰਮ ਦੁਨੀਆ ਦੇ ਹੋਰ ਧਰਮਾਂ ਦੇ ਮੁਕਾਬਲੇ ਨਵਾਂ ਹੈ। ਜਿੱਥੇ ਕੁਝ ਕੁ ਮੱਹਤਵਪੂਰਨ ਧਾਰਮਿਕ ਸੰਸਥਾਵਾਂ ਦੀ ਉਸਾਰੀ ਗੁਰੂ ਸਾਹਿਬਾਨ ਵੱਲੋਂ ਖੁਦ ਕਰਵਾਈ ਗਈ, ਉਥੇ ਗੁਰੂਆਂ ਦੀਆਂ ਵਿਸ਼ਾਲ ਯਾਤਰਾਵਾਂ ਤੇ ਕਰਮ-ਭੂਮੀਆਂ ਉੱਤੇ ਸ਼ਰਧਾਲੂਆਂ ਨੇ ਗੁਰਦੁਆਰਿਆਂ ਦੀ ਉਸਾਰੀ ਸ਼ਰਧਾ ਤੇ ਸਾਂਝੀਵਾਲਤਾ ਨਾਲ ਕਰਵਾਈ। ਗੁਰਬਾਣੀ ਦੇ ਸਿਧਾਂਤ ਮੁਤਾਬਕ ਬਹੁਤੀਆਂ ਧਾਰਮਿਕ ਉਸਾਰੀਆਂ ਕੁਦਰਤ ਪੱਖੀ ਸਨ ਅਤੇ ਲੋਕ ਸ਼ਰਧਾ ਦੇ ਅਨੁਕੂਲ ਮੰਨੀਆਂ ਗਈਆਂ ਸਨ। ਸ਼ਰਧਾਲੂ ਆਪਣੀ ਸ਼ਰਧਾ ਤੇ ਅਭਿਲਾਸ਼ਾ ਮੁਤਾਬਕ ਇਨ੍ਹਾਂ ਸੰਸਥਾਵਾਂ ਉੱਤੇ ਨਤਮਸਤਕ ਹੁੰਦੇ ਹਨ ਅਤੇ ਆਪਣੇ ਜੀਵਨ ਦਾ ਰੂਹਾਨੀ ਪੱਖ ਪੂਰਨ ਦਾ ਯਤਨ ਕਰਦੇ ਹਨ। ਸਿੱਖ ਧਰਮ ਮੂਰਤੀ ਪੂਜਾ ਨਹੀਂ ਬਲਕਿ ਕੁਦਰਤ ਦੇ ਸਨਮੁੱਖ ਰਹਿ ਕੇ ਸ਼ਬਦ ਗੁਰੂ ਮੁਤਾਬਕ ਚੱਲਣ ਦੀ ਤਾਕੀਦ ਕਰਦਾ ਹੈ ਅਤੇ ਸ਼ਰਧਾਲੂਆਂ ਦੀ ਕਮਾਈ ਵਿਚੋਂ ਸੰਸਥਾਵਾਂ ਦੀ ਲਗਾਤਾਰਤਾ ਅਤੇ ਲੰਗਰ ਲਈ ਕੁਝ ਦਾਨ-ਪੁੰਨ ਵੀ ਸਵੀਕਾਰ ਹੈ। ਗੁਰਬਾਣੀ ਕਥਨ ਹੈ : ਘਾਲਿ ਖਾਇ ਕਿਛੁ ਹਥਹੁ ਦੇਇ॥ ਨਾਨਕ ਰਾਹੁ ਪਛਾਣਹਿ ਸੇਇ॥
        ਧਰਮ ਪਰਾ-ਮਨੁੱਖ, ਅਲੌਕਿਕ ਤੇ ਰਹੱਸਮਈ ਪਰਾ-ਕੁਦਰਤ ਸ਼ਕਤੀ ਹੈ। ਧਰਮ ਵਿਸ਼ੇਸ਼ ਸ਼ਕਤੀ ਉੱਤੇ ਵਿਸ਼ਵਾਸ ਹੈ ਅਤੇ ਉਹ ਸ਼ਕਤੀ ਮਾਨਵੀ ਸ਼ਕਤੀ ਤੋਂ ਉੱਚੀ ਤੇ ਨਿਰਪੱਖ ਮੰਨੀ ਗਈ ਹੈ। ਵਿਸ਼ਵਾਸ ਦਾ ਸੰਵੇਦਨਸ਼ੀਲ ਭਾਵਨਾਤਮਕ ਆਧਾਰ ਹੁੰਦਾ ਹੈ। ਧਰਮ ਸ਼ਕਤੀ ਤੋਂ ਮਨੁੱਖ ਆਪ ਦੀ ਸ਼ਰਧਾ, ਪੂਜਾ ਜਾਂ ਭਗਤੀ ਰਾਹੀਂ ਆਪਣੇ ਜੀਵਨ ਵਿਚ ਸੁੱਖ ਤੇ ਅਗਲੇਰੀ ਦੁਨੀਆ ਵਿਚ ਸ਼ਕਤੀ ਦੀ ਲੋਚਾ ਕਰਦਾ ਹੈ। ਇਨਸਾਨੀ ਜੀਵਨ ਦੀ ਹੋਂਦ ਤੋਂ ਹੀ ਮਨੁੱਖ ਆਪਣੇ ਜੀਵਨ ਦੇ ਇਸ ਬ੍ਰਹਿਮੰਡ ਵਿਚਲੇ ਰਹੱਸਾਂ ਬਾਰੇ ਜਾਣਨ ਦੀ ਇੱਛਾ ਰੱਖਦਾ ਆਇਆ ਹੈ। ਵੱਖ ਵੱਖ ਧਰਮ ਆਪਣੀਆਂ ਪੁਰਾਣੀਆਂ ਧਾਰਮਿਕ ਇਮਾਰਤਾਂ ਦੀ ਸਾਂਭ ਸੰਭਾਲ ਜਾਂ ਮੁਰੰਮਤ ਵੇਲੇ ਪੁਰਾਣੇ ਢਾਂਚਿਆਂ ਨੂੰ ਬਣਾਈ ਰੱਖਣ ਦਾ ਯਤਨ ਕਰਦੇ ਹਨ, ਭਾਵੇਂ ਆਬਾਦੀ ਦੇ ਵਾਧੇ ਅਤੇ ਕਈ ਹੋਰ ਕਾਰਨਾਂ ਕਰਕੇ ਧਾਰਮਿਕ ਸੰਸਥਾਵਾਂ ਦੇ ਆਲੇ-ਦੁਆਲੇ ਨੂੰ ਮੋਕਲਾ ਜਾਂ ਵਿਸ਼ਾਲ ਕਰਦੇ ਹਨ ਪਰ ਮੂਲ ਉਸਾਰੀ ਨੂੰ ਬਰਕਰਾਰ ਰੱਖਦੇ ਹਨ। ਭਾਰਤ ਵਿਚ ਅਨੇਕਾਂ ਹਿੰਦੂ ਮੰਦਰ ਹਜ਼ਾਰਾਂ ਸਾਲ ਪੁਰਾਣੇ ਹਨ। ਇਸਾਈ ਧਰਮ ਦੀਆਂ ਕਈ ਚਰਚਾਂ ਸਦੀਆਂ ਪੁਰਾਣੀਆਂ ਹਨ ਜੋ ਆਪਣੇ ਅਤੀਤ ਨੂੰ ਆਪਣੇ ਨਾਲ ਸਾਭੀ ਬੈਠੀਆਂ ਹਨ। ਸਮਾਜਿਕ ਤਬਦੀਲੀ ਲਾਜ਼ਮੀ ਹੈ, ਸਮਾਜ ਵਿਚ ਬਦਲਾਓ ਜ਼ਰੂਰੀ ਵੀ ਹੈ ਪਰ ਇਥੇ ਮੁੱਦਾ ਸਿਰਫ ਧਾਰਮਿਕ ਸੰਸਥਾਵਾਂ ਦੀ ਪੁਰਾਤਨਤਾ ਤੇ ਵਿਰਾਸਤ ਦਾ ਹੈ। ਵਿਰਾਸਤ ਦੇ ਨਾਲ ਨਾਲ ਧਾਰਮਿਕ ਸੰਸਥਾਵਾਂ ਨਾਲ ਜੁੜੇ ਦਰਖਤ ਤੇ ਫੁੱਲ-ਬੂਟੇ ਧਾਰਮਿਕ ਸੰਸਥਾਵਾਂ ਦੀ ਸੋਭਾ ਵਧਾਉਂਦੇ ਹਨ ਅਤੇ ਨਾਲ ਹੀ ਲੋਕ-ਮਨਾਂ ਤੇ ਸ਼ਰਧਾ ਉੱਤੇ ਸਕਾਰਾਤਮਕ ਅਸਰ ਪਾਉਂਦੇ ਹਨ।
       ਗੁਰਦੁਆਰਾ ਦੂਖ ਨਿਵਾਰਨ ਪਟਿਆਲਾ ਇਤਿਹਾਸਿਕ ਸੰਸਥਾ ਹੈ ਜਿਥੇ ਹਰ ਰੋਜ਼ ਹਜ਼ਾਰਾਂ ਲੋਕ ਨਤਮਸਤਿਕ ਹੁੰਦੇ ਹਨ ਅਤੇ ਖਾਸ ਦਿਨਾਂ ਉੱਪਰ ਸ਼ਰਧਾਲੂਆਂ ਦੀ ਸੰਖਿਆ ਲੱਖਾਂ ਵਿਚ ਪਹੁੰਚ ਜਾਂਦੀ ਹੈ। 1672 ਵਿਚ ਗੁਰੂ ਤੇਗ ਬਹਾਦਰ ਆਪਣੀ ਯਾਤਰਾ ਦੌਰਾਨ ਸੈਫਾਬਾਦ ਪਿੰਡ (ਹੁਣ ਬਹਾਦਰਗੜ੍ਹ) ਵਿਚ ਰੁਕੇ ਤਾਂ ਲਹਿਲ ਪਿੰਡ ਦੇ ਨਿਵਾਸੀ ਭਾਗ ਰਾਮ ਨੇ ਗੁਰੂ ਜੀ ਨੂੰ ਉਨ੍ਹਾਂ ਦੇ ਪਿੰਡ ਲਹਿਲ ਜਿਥੇ ਹੁਣ ਗੁਰਦੁਆਰਾ ਦੂਖ ਨਿਵਾਰਨ ਹੈ, ਆਉਣ ਲਈ ਬੇਨਤੀ ਕੀਤੀ ਤਾਂ ਜੋ ਉਨ੍ਹਾਂ ਦੇ ਪਿੰਡ ਵਿਚ ਫੈਲੀ ਬਿਮਾਰੀ ਤੋਂ ਪੀੜਤ ਲੋਕਾਂ ਦੇ ਦੁੱਖ ਹਰੇ ਜਾਣ। ਗੁਰੂ ਜੀ ਨੇ ਸ਼ਰਧਾਲੂ ਦੀ ਬੇਨਤੀ ਪਰਵਾਨ ਕਰਦਿਆਂ ਲਹਿਲ ਪਿੰਡ ਦੇ ਬੋਹੜ ਥੱਲੇ ਡੇਰਾ ਲਾਇਆ। ਉਦੋਂ ਤੋਂ ਹੀ ਲੋਕਾਂ ਦੀ ਇਸ ਥਾਂ ਪ੍ਰਤੀ ਸ਼ਰਧਾ ਵਧੀ ਅਤੇ ਹੌਲੀ ਹੌਲੀ ਇਹ ਦੂਖ ਨਿਵਾਰਨ ਦੇ ਨਾਮ ਨਾਲ ਮਸ਼ਹੂਰ ਹੋ ਗਿਆ। ਲੋਕ ਗੁਰਦੁਆਰੇ ਦੇ ਨਾਲ ਨਾਲ ਬੋਹੜ ਨੇੜੇ ਵੀ ਅਕੀਦਤ ਪੇਸ਼ ਕਰਦੇ ਹਨ। ਦੱਸਿਆ ਜਾਂਦਾ ਹੈ ਕਿ 1920 ਵਿਚ ਅੰਗਰੇਜ਼ਾਂ ਵੇਲੇ ਸਰਹਿੰਦ-ਪਟਿਆਲਾ-ਜਾਖਲ ਰੇਲ ਪਟੜੀ ਵਿਛਾਉਣ ਲਈ ਇਸ ਬੋਹੜ ਦੀ ਕਟਾਈ ਦੀ ਗੱਲ ਚਲੀ ਤਾਂ ਸਥਾਨਕ ਲੋਕਾਂ ਦੇ ਰੋਹ ਨੂੰ ਦੇਖਦੇ ਇਸ ਪ੍ਰਾਜੈਕਟ ਛੱਡ ਦਿੱਤਾ ਗਿਆ। ਪਿਛਲੇ ਦਹਾਕੇ ਦੌਰਾਨ ਕਾਰ ਸੇਵਾ ਵੇਲੇ ਬੋਹੜ ਦੀ ਕਟਾਈ ਕਰ ਦਿੱਤੀ ਗਈ। ਇਸੇ ਤਰ੍ਹਾਂ ਕਈ ਹੋਰ ਧਾਰਮਿਕ ਸੰਸਥਾਵਾਂ ਉੱਤੇ ਵੀ ਦੱਰਖਤਾਂ ਦੀ ਕਟਾਈ ਕਰ ਦਿੱਤੀ ਗਈ ਹੈ।
       ਕਾਰ ਸੇਵਾ ਦਾ ਸ਼ਾਬਦਿਕ ਮਤਲਬ ਹੈ ਨਿਰਸੁਆਰਥ ਜਾਂ ਨਿਸ਼ਕਾਮ ਸੇਵਾ। ਸਿੱਖ ਸੰਸਥਾਵਾਂ ਦੇ ਨਿਰਮਾਣ ਤੇ ਨਵਿਆਉਣ ਲਈ ਕਾਰ ਸੇਵਾ ਦਾ ਇਤਿਹਾਸ ਗੁਰੂ ਹਰਗੋਬਿੰਦ ਤੋਂ ਸ਼ੁਰੂ ਹੁੰਦਾ ਹੈ ਜਿਨ੍ਹਾਂ ਅਕਾਲ ਤਖਤ ਨੂੰ ਕਾਰ ਸੇਵਾ ਰਾਹੀਂ ਬਣਵਾਇਆ। ਸਮੇਂ ਦੇ ਹੁਕਮਰਾਨ ਜਹਾਂਗੀਰ ਨੇ ਹਰਿਮੰਦਰ ਸਾਹਿਬ ਦੀ ਫੇਰੀ ਦੌਰਾਨ ਜਦੋਂ ਗੁਰੂ ਜੀ ਨੂੰ ਅਕਾਲ ਤਖਤ ਲਈ ਸਰਕਾਰੀ ਸਹਾਇਤਾ ਦੀ ਗੱਲ ਕੀਤੀ ਤਾਂ ਗੁਰੂ ਜੀ ਨੇ ਇਹ ਕਹਿ ਕੇ ਮਨ੍ਹਾ ਕਰ ਦਿੱਤਾ ਕਿ ਇਹ ਧਾਰਮਿਕ ਸੰਸਥਾਵਾਂ ਸ਼ਰਧਾਲੂਆਂ ਦੇ ਵਿਸ਼ਵਾਸ ਤੇ ਉਨ੍ਹਾਂ ਦੁਆਰਾ ਹੀ ਬਣਾਈਆਂ ਜਾਂਦੀਆਂ ਹਨ। ਉਦੋਂ ਤੋਂ ਹੀ ਧਾਰਮਿਕ ਸੰਸਥਾਵਾਂ ਦੀ ਕਾਰ ਸੇਵਾ ਸਮੇਂ ਸਮੇਂ ਤੇ ਹੁੰਦੀ ਆਈ ਹੈ ਪਰ ਅਜੋਕੇ ਸਮੇਂ ਕਈ ਵਾਰ ਸੇਵਾ ਕਰਦੀਆਂ ਸ਼ਰਧਾਲੂਆਂ ਦੀ ਭਾਵਨਾਵਾਂ ਦੇ ਉਲਟ ਸੰਸਥਾਵਾਂ ਵਿਚ ਬਦਲਾਓ ਅਤੇ ਉੱਥੇ ਜੁੜੇ ਦਰੱਖਤਾਂ ਦੀ ਸਫਾਈ ਕਰ ਦਿੱਤੀ ਜਾਂਦੀ ਹੈ ਜਿਨ੍ਹਾਂ ਦੀ ਭਰਪਾਈ ਅਸਭੰਵ ਹੋ ਜਾਂਦੀ ਹੈ। ਸੁਲਤਾਨ ਪੁਰ ਵਿਚ ਬੇਰ, ਨਾਨਕਮਤਾ ਵਿਚ ਪਿੱਪਲ ਅਤੇ ਕਈ ਹੋਰ ਇਤਿਹਾਸਕ ਦਰੱਖਤ ਗੁਰਦਆਰਿਆਂ ਦੀ ਸੋਭਾ ਵਧਾਉਂਦੇ ਹਨ।
       ਗੁਰਬਾਣੀ ਕੁਦਰਤ ਪੱਖੀ ਹੈ ਅਤੇ ਕੁਦਰਤ ਦੇ ਸਾਵੇਂ ਚੱਲਣ ਦੀ ਪ੍ਰਰੇਨਾ ਦਿੰਦੀ ਹੈ। ਧਾਰਮਿਕ ਸਥਾਨ ਕੁਦਰਤ ਨਾਲ ਵਿਚਰਨ ਦਾ ਮਾਡਲ ਹਨ। ਅਜੋਕੇ ਸਮੇਂ ਜਦੋਂ ਆਮ ਸਮਾਜ ਅਤੇ ਖੇਤਾਂ ਵਿਚ ਲੋਕਾਂ ਨੇ ਦਰੱਖਤਾਂ ਦੀ ਕਟਾਈ ਕਰਕੇ ਧਰਤੀ ਨੂੰ ਰੁੰਡ-ਮਰੁੰਡ ਕਰ ਦਿੱਤਾ ਹੈ ਤਾਂ ਧਾਰਮਿਕ ਸਥਾਨਾਂ ਦਾ ਮਹੱਤਵ ਹੋਰ ਵੀ ਵਧ ਜਾਂਦਾ ਹੈ। ਪੰਜਾਬ ਵਿਚ ਜੰਗਲਾਤ ਥੱਲੇ ਧਰਤੀ ਸਿਰਫ਼ 4-5 ਫ਼ੀਸਦੀ ਰਹਿ ਗਈ ਹੈ। ਹੁਣ ਜਦਕਿ ਪਿੰਡਾਂ, ਜੂਹਾਂ ਵਿਚ ਵੱਡੇ ਦਰੱਖਤ ਦਿਖਾਈ ਨਹੀਂ ਦਿੰਦੇ, ਉੱਥੇ ਧਾਰਮਿਕ ਸਥਾਨਾਂ ਜਾਂ ਹੋਰ ਜਨਤਕ ਜਗ੍ਹਾ ਉੱਤੇ ਪਿੱਪਲ, ਬੋਹੜ, ਟਾਹਲੀ, ਬੇਰ ਆਦਿ ਜੋ ਲੋਪ ਹੋ ਰਹੇ ਹਨ, ਨੂੰ ਲਗਾ ਕੇ ਸਾਂਭਿਆ ਜਾ ਸਕਦਾ ਹੈ ਅਤੇ ਆਉਣ ਵਾਲੀਆਂ ਨਸਲਾਂ ਨੂੰ ਇਨ੍ਹਾਂ ਦਰੱਖਤਾਂ ਬਾਰੇ ਜਾਣਕਾਰੀ ਦਿੱਤੀ ਜਾ ਸਕਦੀ ਹੈ।
       ਜੇਕਰ ਗੁਰਦੁਆਰਿਆਂ ਦੀ ਸਾਂਭ-ਸੰਭਾਲ ਜਾਂ ਕਾਰ ਸੇਵਾ ਵੇਲੇ ਵਿਰਾਸਤ ਨੂੰ ਸਾਂਭਣ ਦੇ ਨਾਲ ਨਾਲ ਦਰੱਖਤਾਂ ਦੀ ਰੱਖਿਆ ਕੀਤੀ ਜਾਵੇ ਤਾਂ ਉਸ ਸਥਾਨ, ਢਾਂਚੇ, ਦਰੱਖਤ ਅਤੇ ਹੋਰ ਜੁੜੀਆਂ ਵਸਤਾਂ ਨੂੰ ਮੂਲ ਰੂਪ ਵਿਚ ਨਤਮਸਤਿਕ ਹੋਣ ਦਾ ਰੂਹਾਨੀ ਚਾਅ ਬਣਿਆ ਰਹੇਗਾ। ਨਾਨਕਸ਼ਾਹੀ ਇੱਟਾਂ ਨਾਲ ਬਣੇ ਢਾਂਚੇ ਅੱਜ ਵੀ ਲੋਕ ਚਾਅ ਨਾਲ ਦੇਖਦੇ ਹਨ। ਅਜੋਕੇ ਸਮੇਂ ਵਿਚ ਅਜਿਹੀਆਂ ਤਕਨੀਕਾਂ ਮੌਜੂਦ ਹਨ ਜੋ ਵਿਰਾਸਤੀ ਢਾਂਚੇ ਦੇ ਮੂਲ ਨੂੰ ਛੇੜੇ ਬਗੈਰ ਨਵਿਆ ਸਕਦੇ ਹਨ। ਮਾਰਬਲ ਦੇ ਨਾਲ ਨਾਲ ਜੇ ਥੋੜ੍ਹੀ ਜਗ੍ਹਾ 'ਤੇ ਯੋਜਨਾਬਧ ਢੰਗ ਨਾਲ ਦੱਰਖਤ ਲਗਾਏ ਜਾਣ ਤਾਂ ਧਾਰਮਿਕ ਸਥਾਨਾਂ ਦਾ ਦ੍ਰਿਸ਼ ਹੋਰ ਵੀ ਸੁਹਾਵਣਾ ਤੇ ਮਨਮੋਹਕ ਹੋ ਸਕਦਾ ਹੈ। ਰਹੀ ਗੱਲ ਸਫ਼ਾਈ ਦੀ, ਉਹ ਤਾਂ ਸ਼ਰਧਾਲੂ ਖੁਦ ਹੀ ਕਰਨ ਲਈ ਉਤਸੁਕ ਰਹਿੰਦੇ ਹਨ। ਕੱਟੇ ਗਏ ਦਰੱਖਤਾਂ ਥੱਲੇ ਜੇਕਰ ਕੋਈ ਸਜੀਵ ਤਣਾ ਜਾਂ ਸ਼ਾਖ ਹੋਵੇ ਤਾਂ ਉਸ ਨੂੰ ਬਾਇਉਟੈਕਨਾਲੋਜੀ ਦੀ ਸਹਾਇਤਾ ਨਾਲ ਪੁਰਨਜੀਵਤ ਕੀਤਾ ਜਾ ਸਕਦਾ ਹੈ। ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦਾ ਹਰਿਮੰਦਰ ਸਾਹਿਬ ਵਿਖੇ ਪਹਿਲੀ ਵਾਰ ਪ੍ਰਕਾਸ਼ ਕੀਤਾ ਗਿਆ ਤਾਂ ਹੁਕਮਨਾਮਾ ਵੀ ਕੁਦਰਤ ਪੱਖੀ ਸੀ : ਸੰਤਾ ਕੇ ਕਾਰਜਿ ਆਪ ਖਲੋਇਆ ਹਰਿ ਕੰਮੁ ਕਰਾਵਣਿ ਆਇਆ ਰਾਮ॥ ਧਰਤਿ ਸੁਹਾਵੀ ਤਾਲੁ ਸੁਹਾਵਾ ਵਿਚਿ ਅੰਮ੍ਰਿਤ ਜਲੁ ਛਾਇਆ ਰਾਮ॥
      ਸਾਲ 2019 ਵਿਚ ਸਿੱਖ ਧਰਮ ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਦਾ 550ਵਾਂ ਪ੍ਰਕਾਸ਼ ਉਤਸਵ ਦੇਸ਼ਾਂ-ਵਿਦੇਸ਼ਾਂ ਵਿਚ ਮਨਾਇਆ ਜਾ ਰਿਹਾ ਹੈ। ਇਸ ਮੌਕੇ ਨੂੰ ਲੋਕਾਂ ਨੂੰ ਕੁਦਰਤ, ਵਿਰਾਸਤ ਅਤੇ ਪੁਰਾਤਨਤਾ ਨਾਲ ਜੋੜਨ ਲਈ ਪ੍ਰੇਰਿਆ ਜਾ ਸਕਦਾ ਹੈ ਅਤੇ ਕੁਦਰਤ ਪੱਖੀ ਮਾਹੌਲ ਸਿਰਜਣ ਲਈ ਰਾਹ ਮੋਕਲਾ ਕੀਤਾ ਜਾ ਸਕਦਾ ਹੈ। ਆਓ ਆਸ ਕਰੀਏ ਕਿ ਭਵਿੱਖ ਵਿਚ ਧਾਰਮਿਕ ਸਥਾਨਾਂ ਦੀ ਸਾਂਭ-ਸੰਭਾਲ ਵੇਲੇ ਕੀਤੀ ਸੇਵਾ ਦੌਰਾਨ ਵਿਰਾਸਤ ਅਤੇ ਪੁਰਾਤਨਤਾ ਵੱਲ ਖਾਸ ਧਿਆਨ ਦਿੱਤਾ ਜਾਵੇਗਾ। ਹੋ ਸਕੇ ਤਾਂ ਵਿਰਾਸਤੀ ਨੁਕਸਾਨ ਭਰਪਾਈ ਕਮੇਟੀ ਜਾਂ ਕਮਿਸ਼ਨ ਵੀ ਬਣਾਇਆ ਜਾ ਸਕਦਾ ਹੈ। ਜੋ ਵਿਰਾਸਤੀ ਨੁਕਸਾਨ ਦਾ ਜਾਇਜ਼ਾ ਲੈ ਕੇ ਮੁੜ ਸੁਰਜੀਤੀ ਲਈ ਯਤਨ ਕਰੇ ਅਤੇ ਕੱਟੇ ਗਏ ਦਰਖਤਾਂ ਦੀ ਥਾਂ ਉਸੇ ਤਰ੍ਹਾਂ ਦੇ ਬੂਟੇ ਲਗਾ ਕੇ ਧਾਰਮਿਕ ਸਥਾਨਾਂ ਦੀ ਵਿਰਾਸਤੀ ਦਿੱਖ ਨੂੰ ਬਰਕਰਾਰ ਰੱਖਣ ਵਿਚ ਸਹਾਈ ਹੋਣ। ਗੁਰਬਾਣੀ ਦਾ ਕਥਨ ਹੈ : ਵਿਚਿ ਦੁਨੀਆ ਸੇਵ ਕਮਾਈਐ॥ ਤਾ ਦਰਗਹ ਬੈਸਣੁ ਪਾਈਐ॥
'ਪ੍ਰੋਫੈਸਰ, ਸਮਾਜ ਵਿਗਿਆਨ, ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ

ਸੰਪਰਕ: 94177-15730

06 April 2019