ਭਲਾਂ ਪੁੱਤ, ਆਹ ਗੀਤਾਂ ਵਿਚਲਾ ਜੱਟ ਕਿਹੜੇ ਪਿੰਡ ਵਸਦੈ ? - ਮਨਜਿੰਦਰ ਸਿੰਘ ਸਰੌਦ

        ਜਿਵੇਂ ਮੇਰਾ ਕਈ ਵਰ੍ਹਿਆਂ ਮਗਰੋਂ ਪਿੰਡ ਦੀ ਸੱਥ ਦਾ ਗੇੜਾ ਲੱਗਿਆ ਹੋਵੇ। ਬਾਬਾ ਭਾਨਾ ਉਪਰੋ-ਥਲੀ ਕਈ ਸਵਾਲ ਬਾਰੋ-ਬਾਰੀ ਕਰੀਂ ਜਾ ਰਿਹਾ ਸੀ। ਓਏ ਪੁੱਤਰਾ ! ਕਿੱਥੇ ਰਹਿਨੈਂ ਅੱਜਕੱਲ੍ਹ, ਦਿਖਦਾ ਹੀ ਨਈਂ ? ਕੀ ਕਹਿੰਦੇ ਤੇਰਾ ਅਖ਼ਬਾਰ ? ਕੀਹਨੂੰ ਪੜ੍ਹਣੇ ਪਾਈਂ ਜਾਨੇ ਓਂ ? ਪੁੱਤਰਾ ਕੀ ਬਣੂੰ ਕਿਸਾਨੀ ਦਾ ? ਇੰਨਾ ਆਖ ਬਾਬਾ ਭਾਨਾ ਜਿਵੇਂ ਗੰਭੀਰ ਚਿੰਤਾ ਵਿੱਚ ਡੁੱਬ ਗਿਆ। ਹੁਣ ਤਾਂ ਰੋਜ਼ ਈ ਕਿਸਾਨੀ ਦੇ ਸਿਵੇ ਮੱਚੀ ਜਾਂਦੇ ਐ। ਅੱਗ ਲੱਗਣੀ ਮਹਿੰਗਾਈ ਨੇ ਟਿੰਡੀ ਆਲੇ ਚੜ੍ਹਾ ਰੱਖਿਐ। ਜੁਆਕਾਂ ਦੀਆਂ ਫ਼ੀਸਾਂ ਈ ਮਾਨ ਨਈਂ, ਕਿੱਥੋਂ ਭਰਾਂਗੇ ? ਕਿਵੇਂ ਹੋਊ ਘਰ ਦਾ ਗੁਜ਼ਾਰਾ ਹੁਣ ? ਉੱਪਰੋਂ ਚਰਨੋਂ ਦੇ ਹੱਥ ਪੀਲੇ ਕਰਨੇ ਨੇ। ਇਹ ਕਹਿ ਬਾਬੇ ਭਾਨੇ ਦਾ ਗੱਚ ਭਰ ਆਇਆ।
        ਅੱਖਾਂ ਰਾਹੀਂ ਵਰ੍ਹਿਆਂ ਦੀ ਕੀਤੀ ਮਿਹਨਤ ਦਾ ਮੁੜਕਾ ਚੋ ਕੇ ਬਾਬੇ ਦੀ ਸਫ਼ੈਦ ਚਿੱਟੀ ਦਾੜ੍ਹੀ ਵਿੱਚ ਸਮਾਉਣ ਲੱਗਿਆ। ਬਾਬੇ ਦੀਆਂ ਗੱਲਾਂ ਇੱਕ ਨੰਗਾ ਅਤੇ ਚਿੱਟਾ ਸੱਚ ਸਨ। ਪਰ ਮੈਨੂੰ ਸਿਵਾਏ ਹਾਂ-ਹੂੰ ਦੇ ਕੁਝ ਕਹਿਣਾ ਸ਼ਾਇਦ ਵਾਜਬ ਨਾ ਲੱਗਿਆ ਕਿਉਂਕਿ ਬਾਬਾ ਭਾਨਾ ਇੱਕ ਪੁਰਾਣਾ ਹਾਡੀ ਤੇ ਸਿਰੇ ਦਾ ਮਿਹਨਤੀ ਕਿਸਾਨ ਸੀ। ਪਰ ਹੁਣ ਉਸ ਦੀ ਉਦਾਸੀ ਮੈਥੋਂ ਝੱਲੀ ਨਹੀਂ ਸੀ ਜਾਂਦੀ। ਕਿਉਂਕਿ ਜਦ ਜ਼ਿੰਦਗੀ ਅੰਦਰ ਕਦੇ ਵੀ ਨਾ ਉਦਾਸ ਹੋਣ ਵਾਲਾ ਸ਼ਖ਼ਸ ਘੋਰ ਉਦਾਸੀ ਵਿੱਚ ਘਿਰਿਆ ਹੋਵੇ ਤਾਂ ਗੱਲ ਕੋਈ ਖ਼ਾਸ ਹੁੰਦੀ ਐ।
        ਚੰਗਾ ਪੁੱਤਰਾ ਆਏਂ ਦੱਸ, ਕੁਝ ਸਰਕਾਰਾਂ ਕਿਸਾਨੀ ਲਈ ਸੋਚਣਗੀਆਂ ਵੀ ਕਿ ਨਈਂ ? ਜਾਂ ਫਿਰ ਵੋਟਾਂ ਲਈ ਬੱਸ ਐਂਵੇਂ ਫੋਕੇ ਹੰਝੂ ਵਹਾਉਣਗੀਆਂ। ਬੱਸ ਬਾਬਾ ਜੀ ਸਰਕਾਰਾਂ ਦੀਆਂ ਨੀਤੀਆਂ ਠੀਕ ਨਈਂ, ਇਨ੍ਹਾਂ ਦੇ ਮਨਾਂ ਵਿੱਚ ਫ਼ਰਕ ਐ ਅਤੇ ਨੀਤਾਂ ਵਿੱਚ ਖੋਟ ਐ। ਬਾਬਾ ਜੀ ਚੰਗਾ ਆਖ ਮੈਂ ਅਜੇ ਬਾਬੇ ਭਾਨੇ ਦੇ ਸਵਾਲਾਂ ਦੀ ਬੁਛਾੜ ਤੋਂ ਖਹਿੜਾ ਛੁਡਾ ਤੁਰਨ ਹੀ ਲੱਗਿਆ ਸੀ ਕਿ ਇੰਨੇ ਨੂੰ ਇੱਕ ਟਰੈਕਟਰ ਚੌਂਕ ਵਿੱਚ ਬਿਲਕੁੱਲ ਸਾਡੇ ਕੋਲ ਆ ਕੇ ਰੁਕਿਆ। ਟਰੈਕਟਰ 'ਤੇ ਚੱਲ ਰਹੇ ਗੀਤ ਦੇ ਬੋਲ ਸ਼ਾਮ ਦੀ ਸ਼ਾਂਤੀ ਦਾ ਸੀਨਾ ਛਲਣੀ ਕਰ ਸਾਡੀਆਂ ਹਿੱਕਾਂ ਅੰਦਰ ਚੱਕੀ ਦੇ ਪੁੜਾਂ ਵਾਂਗੂੰ ਵੱਜ ਰਹੇ ਸੀ, ਪਹਿਲੇ ਗੀਤ ਰਾਹੀਂ ਗਾਇਕ ਕਹਿੰਦੈ 'ਜਿੰਨ੍ਹਾਂ ਉੱਤੇ ਸਰਕਾਰੀ ਬੈਨ ਐ, ਜੱਟ ਉਨ੍ਹਾਂ ਕੰਮਾਂ ਦਾ ਹੀ ਫੈਨ ਐ', ਫਿਰ ਅਗਲਾ ਗੀਤ ਵੱਜਦੈ, 'ਜਿਹੜਾ ਪਹਿਲਾਂ ਬੁੱਕਦਾ ਹੁੰਦਾ ਸੀ, ਜੱਟ ਹੁਣ ਬੁੱਕਦਾ ਫਿਰੇ'। ਬਾਬਾ ਭਾਨਾ ਗੀਤਾਂ ਦੇ ਮੁਖੜੇ ਬੜੇ ਗਹੁ ਨਾਲ ਸੁਣਦਾ ਹੋਇਆ ਐਨਕ ਦਾ ਸ਼ੀਸ਼ਾ ਠੀਕ ਕਰਦਾ ਹੋਇਆ ਬੋਲਿਆ, ਚੰਗਾ ਪੁੱਤ ਤੂੰ ਤਾਂ ਵਰ੍ਹਿਆਂ ਤੋਂ ਕਲਾਕਾਰਾਂ ਬਾਰੇ ਲਿਖਦੈਂ, ਐਂ ਦੱਸ ਬਈ ਜਿਹੜੇ ਗੀਤਾਂ ਵਿੱਚ ਜੱਟ ਨੇ, ਇਹ ਪੰਜਾਬ ਦੇ ਕਿਹੜੇ ਇਲਾਕੇ ਵਿੱਚ ਵਸਦੇ ਨੇ ਤੇ ਇਨ੍ਹਾਂ ਦਾ ਪਿੰਡ ਕਿਹੜੈ ? ਮੈਂ ਨਿਰ-ਉੱਤਰ ਹੋਇਆ ਬਾਬੇ ਭਾਨੇ ਨੂੰ ਸਿਰਫ਼ ਏਨਾ ਹੀ ਆਖ ਸਕਿਆ ਕਿ ਬਾਬਾ ਜੀ ਇਸ ਗੱਲ ਦਾ ਉੱਤਰ ਤਾਂ ਉਹ ਗੀਤਕਾਰ ਜੋ ਇਨ੍ਹਾਂ ਗੀਤਾਂ ਦਾ ਰਚਣਹਾਰਾ ਹੈ ਜਾਂ ਜਿਸ ਨੇ ਇਹ ਗਾਏ ਨੇ ਉਹ ਕਲਾਕਾਰ ਹੀ ਦੇ ਸਕਦੈ। ਕਿਉਂਕਿ ਮੇਰੇ ਪੰਜਾਬ ਦਾ ਅਸਲ ਕਿਸਾਨ ਤਾਂ ਆਪਣੇ ਹੱਥ ਸਲਫਾਸ ਦੀ ਸ਼ੀਸ਼ੀ ਫੜ ਗਲ ਮੌਤ ਦਾ ਰੱਸਾ ਪਾਈਂ ਝੂਲ ਜਾਣ ਨੂੰ ਤਿਆਰ ਖੜ੍ਹੈ।
        ਆਹ ਗੀਤਾਂ ਵਿੱਚ ਜਿਹੜਾ ਜੱਟ ਦਿਖਾਇਆ ਜਾਂਦੈ ਜਿਸ ਨੂੰ ਇਹ ਕਲਾਕਾਰ ਖ਼ੁਸ਼ਹਾਲ ਤੇ ਬਦਮਾਸ਼ ਵੀ ਦੱਸਦੇ ਨੇ, ਉਸ ਦਾ ਅਤਾ ਪਤਾ ਸ਼ਾਇਦ ਕੋਈ ਵੀ ਨਹੀਂ ਹੈ। ਉਹ ਕਿੱਥੇ ਰਹਿੰਦੈ, ਕੁਝ ਪਤਾ ਨਹੀਂ। ਇਹ ਇੱਕ ਸਿਰਫ਼ ਤੇ ਸਿਰਫ਼ ਮਾੜੀ ਸੋਚ ਦੀ ਪੈਦਾਇਸ਼ ਹੈ। ਇਸ ਤੋਂ ਵੱਧ ਸ਼ਾਇਦ ਕੁਝ ਨਹੀਂ। ਬਾਬੇ ਦਾ ਸੁਆਲ ਭਾਵੇਂ ਛੋਟਾ ਸੀ ਪਰ ਉਸ ਵਿੱਚ ਸਮਾਇਆ ਬਹੁਤ ਕੁਝ ਸੀ।

ਮਨਜਿੰਦਰ ਸਿੰਘ ਸਰੌਦ
94634-63136