ਸਿਆਸਤ ਦੇ ਬਦਲਦੇ ਰੰਗ... - ਮਨਜਿੰਦਰ ਸਿੰਘ ਸਰੌਦ

ਪੰਜਾਬ ਅੰਦਰ ਕਾਂਗਰਸ ਮਾਰ ਸਕਦੀ ਹੈ ਬਾਜੀ
ਅਕਾਲੀ ਦਲ ਦੇ ਆਗੂਆਂ ਨੇ ਆਪਣੇ ਹੀ ਪੈਰ੍ਹਾਂ ਹੇਠਲੇ ਟਾਹਣੇ ਨੂੰ ਵੱਢਿਆ

ਥੋੜ੍ਹਾ ਪਿੱਛੇ ਵੱਲ ਪਰਤੀਏ ਜਿਸ ਸਮੇਂ ਅਜੇ ਅਕਾਲੀ ਦਲ ਅੰਦਰ ਬਗਾਵਤ ਦੇ ਬੱਦਲ ਨਹੀਂ ਸਨ ਉੱਠੇ ਅਤੇ ਅਕਾਲੀ ਦਲ ਵੱਲੋਂ ਇੱਕ ਹਲਕੇ ਦੇ ਸਾਬਕਾ ਵਿਧਾਇਕ ਨੂੰ  ਸੰਗਰੂਰ ਤੋਂ ਲੋਕ ਸਭਾ ਦੀ ਚੋਣ ਲੜਾਉਣ ਦੀਆਂ ਚਰਚਾਵਾਂ ਦਾ ਬਾਜ਼ਾਰ ਗਰਮ ਸੀ । ਬਿਨਾਂ ਸ਼ੱਕ ਉਸ ਸਮੇਂ ਅਕਾਲੀ ਦਲ ਵੱਲੋਂ ਢੀਂਡਸਾ ਪਰਿਵਾਰ ਨੂੰ ਨਜ਼ਰ ਅੰਦਾਜ਼ ਕਰਕੇ ਜ਼ਿਲ੍ਹਾ ਸੰਗਰੂਰ ਦੀ ਸਿਆਸੀ ਸਰਦਾਰੀ ਦਾ ਗੁਣੀਆਂ ਕਿਸੇ ਹੋਰ ਤੇ ਪਾਇਆ ਜਾ ਰਿਹਾ ਸੀ ।
                                           ਸਮਾਂ ਬਦਲਦਿਆਂ ਹੀ ਅਕਾਲੀ ਦਲ ਅੰਦਰ ਮੱਚੇ ਘਮਸਾਣ ਤੋਂ ਬਾਅਦ  ਬਾਕੀ ਪੰਜਾਬ ਦੀ ਤਰ੍ਹਾਂ ਸੰਗਰੂਰ ਅੰਦਰ ਵੀ ਬਗ਼ਾਵਤ ਦੇ ਐਸੇ ਭਾਂਬੜ ਮੱਚੇ ਕੇ ਅਕਾਲੀ ਦਲ ਦੇ ਪ੍ਰਧਾਨ ਵੱਲੋਂ ਸ਼ਿੰਗਾਰੇ ਰਾਜਨੀਤੀ ਦੇ , ਨਵੇਂ ਖਿਡਾਰੀਆਂ , ਦੀਆਂ ਗੋਟੀਆਂ ਵੀ ਪੁਠੀਆਂ ਪੈਣ ਲੱਗੀਆਂ ਅਤੇ ਹਾਲਤ ਇੱਥੋਂ ਤੱਕ ਪਤਲੀ ਹੋ ਗਈ ਕਿ ਪਾਰਟੀ ਨੂੰ ਉਮੀਦਵਾਰ ਲੱਭਣਾ ਮੁਸ਼ਕਿਲ ਹੋ ਗਿਆ ,  ਕੋਈ ਚਾਰਾ ਨਾ ਚੱਲਦਾ ਵੇਖ ਅਕਾਲੀ ਦਲ ਵੱਲੋਂ ਇੱਕ ਤੀਰ ਨਾਲ ਦੋ ਸ਼ਿਕਾਰ ਦੀ ਰਣਨੀਤੀ ਅਪਣਾਉਂਦਿਆਂ ਪਰਮਿੰਦਰ ਸਿੰਘ ਢੀਂਡਸਾ ਨੂੰ ਮਨਾਉਣ ਲਈ ਸਾਰਾ ਟਿੱਲ ਲਾ ਦਿੱਤਾ ਕਿਉਂਕਿ ਇਸ ਨਾਲ ਇੱਕ ਤਾਂ ਜਨਤਾ ਵਿੱਚ ਇਹ ਸੁਨੇਹਾ ਜਾਵੇਗਾ ਕਿ ਢੀਂਡਸਾ ਪਰਿਵਾਰ ਅਕਾਲੀ ਦਲ ਦੇ ਨਾਲ ਹੈ ,,, ਦੂਜਾ ਪਰਮਿੰਦਰ ਦੇ ਚੋਣ ਮੈਦਾਨ ਵਿੱਚ ਆਉਣ ਤੇ  ਸ. ਸੁਖਦੇਵ ਸਿੰਘ ਢੀਂਡਸਾ ਵੱਲੋਂ ਕਿਸੇ ਹੋਰ ਧਿਰ ਵੱਲ ਜਾਣ ਦੀਆਂ ਕਿਆਸ - ਅਰਾਈਆਂ ਆਪਣੇ ਆਪ ਬੰਦ ਹੋ ਜਾਣਗੀਆਂ ਅਤੇ ਢੀਂਡਸਾ ਪਰਿਵਾਰ ਇਹ ਚੋਣ ਜਿੱਤਣ ਲਈ ਸਿਰਫ ਆਪਣੇ ਹਲਕੇ ਤੱਕ ਸੀਮਤ ਹੋ ਕੇ ਇੱਥੇ ਹੀ ਘਿਰ ਜਾਵੇਗਾ ।
                                               ਬਾਕੀ ਚੋਣ ਨਤੀਜਿਆਂ ਤੋਂ ਬਾਅਦ ਬਹੁਤ ਕੁਝ ਅਜਿਹਾ ਵੀ ਵਾਪਰੇਗਾ ਜਿਸ ਦੀ ਅਕਾਲੀ ਦਲ ਅੰਦਰ ਇੱਕ  ਧਿਰ ਵੱਲੋਂ ਉਡੀਕ ਕੀਤੀ ਜਾ ਰਹੀ ਹੈ ਅਤੇ ਦੋਹਾਂ ਹੱਥਾਂ ਵਿੱਚ ਲੱਡੂ ਹੋਣ ਦੀ ਕਵਾਇਦ ਨੂੰ ਅੰਜਾਮ ਦਿੱਤਾ ਜਾ ਰਿਹੈ । ਭਾਵੇਂ ਸ. ਸੁਖਦੇਵ ਸਿੰਘ ਢੀਂਡਸਾ ਆਪਣੇ ਪੁੱਤਰ ਦੇ ਚੋਣ ਮੈਦਾਨ ਵਿੱਚ ਹੋਣ ਤੇ ਵੀ ਚੋਣ ਪ੍ਰਚਾਰ ਕਰਨ ਤੋਂ ਫਿਲਹਾਲ ਜਵਾਬ ਦੇ ਚੁੱਕੇ ਹਨ  । ਵੇਖਣਾ ਹੋਵੇਗਾ ਕਿ ਆਉਣ ਵਾਲੇ ਦਿਨ ਜ਼ਿਲ੍ਹਾ  ਸੰਗਰੂਰ ਦੀ ਅਕਾਲੀ ਰਾਜਨੀਤੀ ਨੂੰ ਕਿਸ ਪਾਸੇ ਵੱਲ ਤੋਰਨਗੇ। ਬਾਕੀ ਪੰਜਾਬ ਅੰਦਰ ਵੀ ਅਕਾਲੀ ਦਲ ਦੀ ਹਾਲਤ ਕੋਈ ਬਹੁਤੀ ਵਧੀਆ ਨਹੀਂ ਜਾਪ ਰਹੀ ਲੁਧਿਆਣਾ, ਬਠਿੰਡਾ ਤੇ ਸ੍ਰੀ ਫਤਿਹਗੜ੍ਹ ਸਾਹਿਬ  ਹਲਕਿਆਂ ਅੰਦਰ ਵੀ ਅਕਾਲੀ ਦਲ ਦਾ ਖ਼ੁਸਦਾ ਆਧਾਰ ਉਸ ਦੇ ਸਿਆਸੀ ਕਿਲ੍ਹੇ ਨੂੰ ਵੱਡੀ ਸੰਨ ਲਾਉਂਦਾ ਨਜ਼ਰ ਆ ਰਿਹਾ ਹੈ ਭਾਜਪਾ ਨਾਲ ਸਬੰਧਤ ਹਲਕੇ ਵੀ ਬੇਹੱਦ ਕਮਜ਼ੋਰ ਵਿਖਾਈ ਦਿੰਦੇ ਹਨ । ਸਾਂਝੇ ਫਰੰਟ ਵੱਲੋਂ ਤਰਨ ਤਾਰਨ ਹਲਕੇ ਤੋਂ ਸਿੱਖ ਕੌਮ ਦੀ ਵੱਡੀ ਸ਼ਖਸੀਅਤ ਬੀਬੀ ਖਾਲੜਾ ਤੇ ਸ੍ਰੀ ਫ਼ਤਿਹਗੜ੍ਹ ਸਾਹਿਬ ਹਲਕੇ ਤੋਂ ਸਿੱਖ ਨੌਜਵਾਨ ਇੰਜੀਨੀਅਰ ਮਨਵਿੰਦਰ ਸਿੰਘ ਗਿਆਸਪੁਰਾ ਨੂੰ ਟਿਕਟ ਦੇ ਕੇ ਅਕਾਲੀ ਦਲ ਤੋਂ ਪੰਥਕ ਮੁੱਦੇ ਖੋਹਣ ਦੀ ਇਕ ਵੱਡੀ ਕੋਸ਼ਿਸ਼ ਕੀਤੀ ਹੈ ।
                                           ਕਾਂਗਰਸ ਦੇ  ਵਜ਼ੀਰ  ਨਵਜੋਤ ਸਿੰਘ ਸਿੱਧੂ ਅਤੇ ਸੁਖਜਿੰਦਰ ਸਿੰਘ ਰੰਧਾਵਾ ਸਮੇਤ ਕਈ ਵੱਡੇ ਆਗੂ ਪਹਿਲਾਂ ਹੀ ਇਸ ਮੁੱਦੇ ਤੇ ਅਕਾਲੀ ਦਲ ਨੂੰ ਘੇਰ ਚੁੱਕੇ ਹਨ ਜੋ ਰੋਲ ਕਿਸੇ ਸਮੇਂ ਅਕਾਲੀ ਦਲ ਸਿੱਖ ਕੌਮ ਲਈ ਕਰਦਾ ਹੁੰਦਾ ਸੀ ਉਹ ਅੱਜ ਕਾਂਗਰਸ ਦੇ ਇਨ੍ਹਾਂ ਵਜ਼ੀਰਾਂ ਵੱਲੋਂ ਕੀਤਾ ਜਾ ਰਿਹਾ ਹੈ। ਸਿਆਸਤ ਵਿੱਚ ਇਸ ਸਮੇਂ ਦੂਜਿਆਂ ਨੂੰ ਠਿੱਬੀ ਲਾਉਣ ਦੀ ਬਜਾਏ ਆਪਣਿਆਂ ਨੂੰ ਸਿਆਸੀ ਤੌਰ ਤੇ ਮਾਰਨ ਦਾ ਸਿਲਸਿਲਾ ਜ਼ੋਰ ਫੜਦਾ ਨਜ਼ਰ ਆਉਂਦਾ ਹੈ  । ਹਾਈ ਕਮਾਂਡ ਦੀਆਂ ਆਪ ਹੁਦਰੀਆਂ ਨੀਤੀਆਂ ਦੀ ਬਦੌਲਤ ਅਕਾਲੀ ਦਲ ਦੇ ਭਵਿੱਖ ਤੇ ਹੁਣ ਖ਼ਤਰੇ ਦੇ ਬੱਦਲ ਮੰਡਰਾ ਰਹੇ ਨੇ ਪਰ ਸਾਇਦ ਅਜੇ ਹਾਈ ਕਮਾਂਡ    ,ਕਸਰ ਬਾਕੀ ਹੈ, ਦੇ ਫਾਰਮੂਲੇ ਤੇ ਚੱਲ ਰਹੀ ਹੈ  ਬਜ਼ੁਰਗ ਅਕਾਲੀ ਲੀਡਰਸ਼ਿਪ ਦੇ ਇੱਕ ਇੱਕ ਕਰਕੇ ਪਾਰਟੀ ਨੂੰ ਛੱਡਣ ਤੋਂ ਬਾਅਦ ਹੁਣ ਨੌਜਵਾਨ ਆਗੂਆਂ ਅਤੇ ਬਾਦਲ ਪਰਿਵਾਰ ਦੇ ਮੈਂਬਰ ਵੀ ਇਨ੍ਹਾਂ ਦੋ ਵੱਡੇ ਪਰਿਵਾਰਾਂ ਤੋਂ ਨਾਖੁਸ਼ੀ ਜ਼ਾਹਰ ਕਰਕੇ ਆਪੋ ਆਪਣਾ ਰਸਤਾ ਅਖ਼ਤਿਆਰ ਕਰਨ ਵਿੱਚ ਹੀ ਆਪਣੀ ਭਲਾਈ ਸਮਝਣ ਤੋਂ ਬਾਅਦ ਅਗਲੀ ਰਣਨੀਤੀ ਤੇ ਵਿਚਾਰ ਕਰ ਸੋਚ ਸਮਝ ਕੇ ਚੱਲਦੇ ਪ੍ਰਤੀਤ ਹੁੰਦੇ ਹਨ ਖੈਰ ਇਨ੍ਹਾਂ ਗੱਲਾਂ  ਤੋਂ ਬਾਅਦ ਇੱਕ ਗੱਲ ਸਪੱਸ਼ਟ ਤੌਰ ਤੇ ਸਾਹਮਣੇ ਆਉਂਦੀ ਹੈ ਕਿ ਹੋਵੇ ਭਾਵੇਂ ਕੁਝ ਵੀ ਪਰ ਅਕਾਲੀ ਆਗੂਆਂ ਨੇ ਉਸੇ ਟਾਹਣੇ ਨੂੰ ਕੁਹਾੜਾ ਲੈ ਕੇ ਵੱਢਣਾਂ ਸ਼ੁਰੂ ਕਰ ਦਿੱਤਾ ਜਿਸ ਦੇ ਉੱਤੇ ਉਹ ਬੈਠੇ ਸਨ ।
                                                          ਜੋ ਹਾਲਾਤ ਅੱਜ ਅਕਾਲੀ ਦਲ ਦੇ ਬਣੇ ਨੇ ਉਹ ਕਿਸੇ ਨੇ ਨਹੀਂ ਬਣਾਏ ਇਨ੍ਹਾਂ ਦੀਆਂ ਆਪ ਦੀਆਂ ਨੀਤੀਆਂ ਦੀ ਬਦੌਲਤ ਬਣੇ ਹਨ। ਜਦ ਟਕਸਾਲੀ ਅਤੇ ਆਪਾ ਵਾਰਨ ਵਾਲੇ ਕੌਮੀ ਜਜ਼ਬੇ ਨਾਲ ਭਰਪੂਰ ਆਗੂਆਂ ਨੂੰ  ਨੁਕਰੇ ਲਾ ਕੇ ਰਾਜ ਕਰਨ ਦੀ ਵਿਉਂਤ ਬਣਾਵਾਂਗੇ ਤਾਂ ਨਤੀਜੇ ਵੀ ਉਸੇ ਹਿਸਾਬ ਨਾਲ ਨਿਕਲਣਗੇ ਸੋ ਸਮਾਂ ਆਪਣਾ ਹਿਸਾਬ ਕਿਤਾਬ ਜ਼ਰੂਰ ਬਰਾਬਰ ਕਰਦਾ ਹੈ । ਗੌਰਤਲਬ ਹੈ ਕਿ ਆਉਣ ਵਾਲ਼ੇ ਦਿਨ ਪੰਜਾਬ ਦੀ ਸਿਆਸਤ ਨੂੰ ਕਾਫ਼ੀ ਪ੍ਰਭਾਵਿਤ ਕਰਨਗੇ ਅਤੇ ਅਕਾਲੀ ਦਲ ਦਾ ਰੋਲ ਵੀ ਵੇਖਣਯੋਗ ਹੋਵੇਗਾ । ਬਿਨ੍ਹਾਂ ਸ਼ੱਕ ਅੱਜ ਦੀ ਘੜੀ ਕਾਂਗਰਸ ਦਾ ਹੱਥ ਉੱਪਰ ਨਜਰ ਆਉਂਦਾ ਹੈ। 


ਮਨਜਿੰਦਰ ਸਿੰਘ ਸਰੌਦ
9463463136

07 April 2019