13 ਅਪ੍ਰੈਲ ਵਿਸਾਖੀ ਤੇ ਵਿਸ਼ੇਸ਼ - ਰਾਜਿੰਦਰ ਕੌਰ ਚੋਹਕਾ

"ਵਿਸਾਖੀ, ਖਾਲਸੇ ਦੀ ਸਾਜਨਾ
ਅੱਜ ਦੇ ਸੰਦਰਭ 'ਚ


    ਵਿਸਾਖੀ ਉਤਰੀ ਭਾਰਤ ਦਾ ਸਦੀਆਂ ਤੋਂ ਚੱਲਿਆ ਆ ਰਿਹਾ ਇਕ ਮੌਸਮੀ ਤਿਓਹਾਰ ਹੈ। ਹਾੜੀ ਦੀ ਫਸਲ ਕਿਸਾਨ ਦੇ ਘਰ ਪੁੱਜਦੀ ਹੈ ! ਮੌਸਸ ਤਬਦੀਲ ਹੋ ਕੇ ਕਰਵਟਾਂ ਲੈਂਦਾ ਹੈ ਅਤੇ ਪੰਜਾਬ ਅੰਦਰ ਇਕ ਖੁਸ਼ੀ ਦੀ ਲਹਿਰ ਦੌੜ ਉਠਦੀ ਹੈ ! ਤਾਰਾ ਵਿਗਿਆਨੀਆਂ ਅਨੁਸਾਰ "ਵੈਸਾਖਿ" ਵਿਸ਼ਾਖਾ-ਨੱਛਤਰ ਵਾਲੀ ਪੂਰਨਮਾਸੀ, ਮਹੀਨੇ ਦਾ ਪਹਿਲਾ ਦਿਨ ਜੋ ਸੂਰਜ ਦੇ ਹਿਸਾਬ ਨਾਲ ਬਣਦਾ ਹੈ। "ਵੈਸਾਖਿ  ਧੀਰਨਿ ਕਿਉ ਵਾਢੀਆ" (ਸਾਂਝ-ਬਾਰਹਮਾਹਾ) ਅਤੇ ਖਾਲਸਾ ਪੰਥ ਦਾ ਇਹ ਜਨਮ ਦਿਨ ਹੋਣ ਕਰਕੇ ਸਿੱਖ ਧਰਮ ਦੇ ਅਨੁਆਈਆਂ ਲਈ ਇਕ ਮਹਾਨ ਪੁਰਬ ਹੈ। ਇਸੇ ਹੀ ਦਿਨ 13-ਅਪ੍ਰੈਲ 1919 ਨੂੰ ਅੰਮ੍ਰਿਤਸਰ ਜਲ੍ਹਿਆਂ ਵਾਲਾ ਬਾਗ ਵਿਖੇ, 'ਪੁਰ ਅਮਨ ਪੰਜਾਬੀਆਂ ਨੂੰ ਰੋਸ ਕਰਨ ਲਈ ਕੀਤੇ ਜਾ ਰਹੇ ਜਲਸੇ ਦੌਰਾਨ ਬਰਤਾਨਵੀ ਬਸਤੀਵਾਦੀ ਸਾਮਰਾਜੀਆਂ ਨੇ ਗੋਲੀਆਂ ਚਲਾ ਕੇ ਸੈਂਕੜੇ ਲੋਕਾਂ ਨੂੰ ਸ਼ਹੀਦ ਕਰ ਦਿੱਤਾ ਸੀ ! ਇਸ ਤਰ੍ਹਾਂ ਵਿਸਾਖੀ ਪੰਜਾਬ ਦੇ ਇਤਿਹਾਸ ਅੰਦਰ ਇਕ ਬਹੁਤ ਹੀ ਇਤਿਹਾਸਕ ਮਹੱਤਤਾ ਰੱਖਣ ਵਾਲੀ ਘਟਨਾ ਹੈ। ਇਸੇ ਦਿਨ 13-ਅਪ੍ਰੈਲ 1699 ਨੂੰ ਅਨੰਦਪੁਰ ਸਾਹਿਬ ਵਿਖੇ, ਭਾਰਤੀਆਂ ਅੰਦਰ ਨਵੀਂ ਰੂਹ ਫੂਕਣ ਲਈ "ਗੁਰੂ ਗੋਬਿੰਦ ਸਿੰਘ ਜੀ" ਵੱਲੋਂ ਸੁਤੀਆਂ ਜ਼ਮੀਰਾਂ ਨੂੰ ਜਗਾਉਣ ਲਈ ਖਾਲਸਾ ਪੰਥ ਦੀ ਨੀਂਹ ਰੱਖ ਕੇ ਸਾਮੰਤਵਾਦੀ ਜੁਲਮਾਂ ਵਿਰੁੱਧ ਜਨ-ਸਮੂਹ ਨੂੰ ਲਾਮਬੰਦ ਕਰਨ ਦਾ ਮਹਾਨ ਉਪਰਾਲਾ ਕੀਤਾ ਸੀ !
    "ਗੁਰੂ ਗੋਬਿੰਦ ਸਿੰਘ ਜੀ ਵੱਲੋਂ ਖਾਲਸਾ ਪੰਥ ਸਥਾਪਤ" ਕਰਨ ਦਾ ਆਰੰਭ ਕੋਈ ਸਹਿਜ-ਸੁਭਾਅ ਹੀ ਨਹੀਂ ਸੀ। ਸਗੋਂ ਦੇਸ਼ ਅੰਦਰ ਰਾਜਨੀਤਕ, ਆਰਥਿਕ, ਧਾਰਮਿਕ ਅਤੇ ਸਮਾਜਕ-ਸੱਭਿਆਚਾਰ ਖੇਤਰ 'ਚ ਜੋ ਗਿਰਾਵਟ ਆ ਚੁੱਕੀ ਸੀ, ਉਸ ਵਿਰੁਧ ਅਜਿਹੇ ਸੂਰਬੀਰਾਂ ਤੇ ਪਵਿੱਤਰ ਲੋਕਾਂ ਦਾ ਇਕ ਸੰਗਠਨ ਬਣਾਉਣਾ ਸੀ 'ਜਿਹੜੇ ਕਿ ਧਰਮ ਅਤੇ ਸਮਾਜ ਵਿੱਚ ਆਏ ਔਗੁਣਾਂ ਤੋਂ ਜਨਤਾ ਨੂੰ ਮੁੱਕਤੀ ਦਿਵਾ ਸਕਣ ! ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਤੋਂ ਬਾਦ ਪੰਜਾਬ ਵਿੱਚ ਸ਼ਿਵਾਲਕ ਦੀਆਂ ਪਹਾੜੀਆਂ ਦੇ ਪਹਾੜੀ ਰਾਜਪੂਤ ਰਾਜਿਆਂ ਦੇ ਵਿਵਹਾਰ ਅਤੇ ਉਨ੍ਹਾਂ ਅੰਦਰ ਮਰ ਚੁੱਕੀ ਜ਼ਮੀਰ ਤੋਂ ਸਬਕ ਸਿੱਖਦੇ ਹੋਏ ਗੁਰੂ ਗੋਬਿੰਦ ਸਿੰਘ ਜੀ (ਗੋਬਿੰਦ ਰਾਏ) ਨੇ ਲੋਕਾਂ 'ਚ ਕੌਮੀ ਏਕਤਾ ਦੀ ਲਹਿਰ ਪੈਦਾ ਕਰਨ ਲਈ ਦੇਸ਼ ਅੰਦਰ ਇਕ ਮਹਾਨ ਉਪਰਾਲਾ ਕੀਤਾ। ਗੁਰੂ ਜੀ ਨੇ ਛੇਤੀ ਹੀ ਇਹ ਵੀ ਮਹਿਸੂਸ ਕਰ ਲਿਆ, 'ਕਿ ਇਹ ਰਾਜਪੂਤ ਰਾਜੇ ਵਿਅੱਰਥ ਵਹਿਮਾਂ, ਭਰਮਾਂ ਅਤੇ ਪੁਰਾਣੇ ਧਾਰਮਿਕ, ਵਿਚਾਰਾਂ 'ਚ ਲਕੀਰ ਤੇ ਫ਼ਕੀਰ ਹੋਣ ਕਰਕੇ ਜਾਤ-ਪਾਤ ਅਤੇ ਜਾਤੀ-ਹਿੱਤਾਂ ਤੇ ਆਪਸੀ ਦੁਸ਼ਮਣੀ ਵਾਲੇ ਵੈਰ-ਭਾਵਾਂ ਤੋਂ ਨਾ ਤਾਂ ਮੁਕਤ ਹੋ ਸਕਦੇ ਹਨ ਅਤੇ ਨਾ ਹੀ ਇਹ ਲੋਕਾਂ ਦੀ ਮੁਕਤੀ ਲਈ ਕੌਮੀ ਏਕਤਾ ਲਈ ਇੱਕਠੇ ਹੋ ਸਕਦੇ ਹਨ ! ਇਨ੍ਹਾਂ 22-ਧਾਰ ਰਾਜਿਆਂ ਵਲੋਂ ਕਦੀ ਗੁਰੂ ਨਾਲ ਮਿਲ ਜਾਣਾ, ਕਦੀ ਵੈਰ ਵਿਰੋਧ ਰਾਹੀਂ ਮੁਗਲ ਹਾਕਮਾਂ ਨਾਲ ਮਿਲ ਕੇ ਗੁਰੂ ਦੇ ਵਿਰੁਧ ਹਥਿਆਰ ਉਠਾ ਲੈਣੇ, ਜਿਵੇਂ ਭੀਮ ਚੰਦ ਅਤੇ ਉਸ ਦੇ ਬਾਕੀ ਸਾਥੀ ਰਾਜਿਆਂ ਦਾ ਵਿਵਹਾਰ ਰਿਹਾ ? ਇਸ ਲਈ ਗੁਰੂ ਜੀ ਨੇ ਆਮ ਜਨਤਾ 'ਤੇ ਟੇਕ ਲਾ ਕੇ ਰਾਜਸੀ ਬਦਲ, ਨਾਲੋਂ ਆਮ ਤਬਦੀਲੀ ਲਈ, ਧਾਰਮਿਕ ਜਾਗਰਿਤੀ, ਜਾਤਪਾਤ ਵਿਰੁੱਧ ਅਤੇ ਛੂਆ-ਛਾਤ ਦੇ ਖਾਤਮੇ ਲਈ ਇਕ ਸਮਾਜਕ ਚੇਤਨਾ ਲਹਿਰ ਚਲਾਉਣ ਲਈ ਬਹੁਤ ਵੱਡਾ ਉਪਰਾਲਾ ਕੀਤਾ।
    ਗੁਰੂ ਜੀ  ਨੇ 13-ਅਪ੍ਰੈਲ 1699 ਨੂੰ ਵਿਸਾਖੀਪੁਰਬ 'ਤੇ ਖਾਲਸਾ ਪੰਥ ਦੀ ਸਿਰਜਨਾ ਕਰਕੇ ਭਾਰਤ ਅੰਦਰ ਪੁਰਾਣੇ ਜਾਤ-ਪਾਤ ਵਾਲੇ ਰੂੜਵਾਦੀ ਸਮਾਜ, ਛੂਆ-ਛੂਤ ਅਤੇ ਊਚ-ਨੀਚ ਵਿਰੁੱਧ ਇਕ ਇਨਕਲਾਬੀ ਹੱਲਾ ਬੋਲ ਕੇ ਬਰਾਬਰਤਾ ਵਾਲੇ ਮਾਹੌਲ ਨੂੰ ਜਨਮ ਦਿੱਤਾ। ਜਿਸ ਨੂੰ ਪਹਾੜੀ ਰਾਜੇ ਇਸ ਤਬਦੀਲੀ ਨੂੰ ਚੰਗਾ ਨਹੀਂ ਸਮਝਦੇ ਸਨ, ਕਿਉਂਕਿ ਇਹ ਲਹਿਰ ਜਾਤ-ਪਾਤ, ਮੂਰਤੀ ਪੂਜਾ ਅਤੇ ਅੰਧ-ਵਿਸ਼ਵਾਸ਼ਾਂ ਵਿਰੁੱਧ ਸੀ, ਜੋ ਉਨ੍ਹਾਂ ਦੇ ਹਿੱਤਾਂ ਨੂੰ ਸੱਟ ਮਾਰਦੀ ਸੀ ! ਦੂਸਰੇ ਪਾਸੇ ਆਮ ਜਨਤਾ ਅਤੇ ਸਮਾਜ ਦੇ ਲਤਾੜੇ ਲੋਕ, ਕਿਸਾਨ, ਦਲਿਤ ਅਤੇ ਪੱਛੜੇ ਵਰਗ ਨੇ ਇਸ ਲਹਿਰ ਪ੍ਰਤੀ ਚੰਗਾ ਹੁੰਗਾਰਾ ਭਰਿਆ। ਗੁਰੂ ਜੀ ਵਲੋਂ ਐਲਾਨੇ ਬਰਾਬਰਤਾ ਵਾਲੇ ਇਸ ਪੈਗਾਮ, ਫੌਜੀ ਸਿੱਖਿਆ ਅਤੇ ਪੰਜ-ਪਿਆਰਿਆਂ ਵਾਲੀ ਪੰਚਾਇਤੀ ਸਾਂਝ ਵਾਲੀ ਪਿਰਤ ਜੋ ਲੋਕ ਰਾਜ ਲਈ ਮੁਢਲੀ ਪੌੜੀ ਸੀ, ਜੋ ਅਮਲੀ ਸਿੱਖਿਆ, ਆਜ਼ਾਦੀ ਅਤੇ ਮਿਸਾਲ ਵਾਲੀ ਜਾਗੀਰੂ ਸੰਸਕਰਨਾਂ ਵਿਰੁਧ ਇਕ ਚੁਣੌਤੀ ਸੀ, ਨੇ ਗੁਰੂ ਜੀ ਅਤੇ ਪਹਾੜੀ ਰਾਜਿਆਂ ਵਿਚਕਾਰ ਸਥਾਪਤੀ ਹੋਂਦ ਲਈ ਇਥ ਰਾਜਸੀ ਤਨਾਅ ਵੀ ਪੈਦਾ ਕਰ ਦਿੱਤਾ। ਰਾਜਸੀ ਹੱਕਾਂ, ਸਮਾਜਕ ਅੱਡਰਤਾ ਅਤੇ ਵਰਗੀ-ਹੰਕਾਰ ਆਦਿ ਨੂੰ ਪਹਾੜੀ ਰਾਜਿਆਂ ਨੇ, ਲੋਕਾਂ ਦੀ ਮੁਕਤੀ ਲਈ ਉਠੀ ਇਸ ਲਹਿਰ ਨਾਲ ਜੁੜਨ ਦੀ ਥਾਂ, ਇਸ ਨੂੰ ਦਬਾਉਣ ਲਈ ਦਿੱਲੀ ਮੁਗਲ-ਸਲਤਨਤ ਨਾਲ ਜੁੜਨਾ ਚੰਗਾ ਸਮਝਿਆ। ਇਹ ਉਹ ਸਮਾਂ ਸੀ ਜਦੋਂ ਗੁਰੂ ਤੇਗ ਬਹਾਦਰ ਜੀ ਨੇ ਤਿਲਕ, ਜੰਝੂ ਅਤੇ ਧਰਮ ਤਬਦੀਲੀ ਵਿਰੁਧ ਖੁਦ ਕੁਰਬਾਨੀ ਦੇ ਕੇ "ਸਹਿਣਸ਼ੀਲਤਾ", ਪਿਆਰ, ਅਮਨ, ਕੁਰਬਾਨੀ ਅਤੇ ਭਾਈਚਾਰਕ ਸਾਂਝ" ਨੂੰ ਕਾਇਮ ਰੱਖਿਆ ਸੀ। ਹਿੰਦੂ ਹਾਕਮ ਅਤੇ ਅਹਿਲਕਾਰ ਖੁਦ-ਗਰਜ਼ੀ ਅਧੀਨ ਆਪਣੀ ਪ੍ਰਾਚੀਨ ਅਣਖ ਨੂੰ ਭੁਲਾਕੇ, ਆਤਮ-ਅਭਿਆਸ ਨੂੰ ਗਵਾ ਕੇ, ਪਤਿਤ ਹਾਲਤ ਨੂੰ ਪ੍ਰਾਪਤ ਹੋ ਗਏ ਸਨ ! ਉਹ ਆਤਮ-ਵਿਸ਼ਵਾਸ਼, ਜੋ ਉਨ੍ਹਾਂ ਨੂੰ ਅੱਤਿਆਚਾਰਾਂ ਤੋਂ ਛੁਡਵਾ ਸਕਦਾ ਸੀ,'ਉਸ ਦਾ ਪਤਨ ਹੋ ਚੁੱਕਿਆ "(ਤਿਲਕ ਜੰਝੂ ਪ੍ਰਭ ਤਾਂ ਕਾ ਕੀਨੂ, ਕਲੂ ਬੱਡੋ ਮਹਿ ਸਾਕਾ। ਧਰਮ ਹੇਤਿ ਸੀਸ ਦੀਆ, ਸਿਰ ਦੀਆਂ ਪਰ ਸਿਰੜ ਨਾ ਕੀਆ)" ਸੀ।
    ਸਿੱਖ ਧਰਮ ਅਤੇ ਭਾਰਤ ਦੇ ਇਤਿਹਾਸ ਅੰਦਰ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਇਕ ਬਹੁਤ ਮਹਾਨ ਘਟਨਾ ਹੈ ! ਇਸ ਸ਼ਹਾਦਤ ਨੇ ਇਕ ਗਲ ਪੱਕੀ ਕਰ ਦਿੱਤੀ ਕਿ, "ਸਿੱਖ ਧਰਮ ਗਰੀਬਾਂ, ਮਜ਼ਲੂਮਾਂ ਅਤੇ ਨਿਰਆਸਰਿਆਂ ਦੀ ਰੱਖਿਆ ਅਤੇ ਜੁਲਮ ਵਿਰੁੱਧ ਹਾਅ ! ਦਾ ਨਾਹਰਾ ਮਾਰਨ ਵਾਲੀ ਇਕ ਸੰਸਥਾਂ ਹੈ !" ਧਰਮ ਲਈ ਬਲੀਦਾਨ ਦੇਣ ਦੀ ਪ੍ਰਥਾ ਨੂੰ, ਜਿਸ ਦਾ ਸਿਹਰਾ ਸਿੱਖ ਗੁਰੂਆਂ ਦੇ ਸਿਰ ਹੈ! ਗੁਰੂ ਅਰਜਨ ਦੇਵ ਜੀ, ਗੁਰੂ ਤੇਗ ਬਹਾਦਰ ਜੀ ਅਤੇ ਬਾਦ ਵਿੱਚ ਚਾਰ ਸਾਹਿਬਜ਼ਾਦੇ ਅਤੇ ਅਨੇਕਾਂ ਸਿੱਖਾਂ ਨੇ ਸਾਮੰਤਵਾਦੀ ਜੁਲਮਾਂ ਵਿਰੁਧ ਬਲੀਦਾਨ ਦੇਣ ਦੀ ਪ੍ਰਥਾ ਨੂੰ ਬੜੀ ਨਿਸ਼ਟਾਂ ਨਾਲ ਬਣਾਈ ਰੱਖਿਆ ! ਗੁਰੂ ਗੋਬਿੰਦ ਸਿੰਘ ਜੀ ਇਹ ਵੀ ਜਾਣਦੇ ਸਨ, 'ਕਿ ਦੇਸ਼ ਦੀ ਮੁਗਲ ਸਲਤਨਤ ਬਹੁਤ ਸ਼ਕਤੀਸ਼ਾਲੀ ਹੈ ਅਤੇ ਸਿੱਖਾਂ ਪਾਸ ਅਸੀਮਤ ਸਾਧਨ ਹਨ। ੳਹ ਇਹ ਵੀ ਜਾਣਦੇ ਸਨ, 'ਕਿ ਹਿੰਦੂ ਰਾਜੇ ਵੀ ਵਿਹਾਰਕ ਤੌਰ ਤੇ ਮੁਗਲਾਂ ਦੇ ਹਾਮੀ ਸਨ ? ਭਾਵੇਂ ਭਾਰਤੀ ਜਨ-ਸਮੂਹ (ਹਿੰਦੂ) ਉਨ੍ਹਾਂ ਦੀਆਂ ਮਹਾਨ ਚਾਹਾਂ ਦੀ ਬਹੁਤ ਘੱਟ ਪਰਵਾਹ ਕਰਦੀ ਹੈ। ਫਿਰ ਵੀ ਗੁਰੂ ਤੇਗ ਬਹਾਦਰ ਜੀ ਦੀ ਲਾਸਾਨੀ ਕੁਰਬਾਨੀ ਦਾ ਗੁਰੂ ਗੋਬਿੰਦ ਸਿੰਘ ਜੀ ਤੇ ਬਹੁਤ ਪ੍ਰਭਾਵ ਸੀ। ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸੇ ਦੀ ਸਾਜਨਾ ਤੋਂ ਪਹਿਲਾਂ ਦੋ ਲੜਾਈਆਂ "ਭੰਗਾਣੀ" ਅਤੇ "ਨਦੋਣ" ਦਾ ਯੁੱਧ ਅਤੇ "ਖਾਲਸੇ ਦੀ ਸਾਜਨਾ" ਤੋਂ ਬਾਅਦ ਆਨੰਦਪੁਰ ਸਾਹਿਬ ਦੀ "ਪਹਿਲੀ ਲੜਾਈ", "ਦੂਜੀ ਲੜਾਈ", "ਚਮਕੌਰ ਦੀ ਲੜਾਈ" ਅਤੇ ਆਖਰੀ ਖਦਰਾਨਾ ਜਾਂ ਮੁਕਤਸਰ ਦੀ ਲੜਾਈ ਲੜੀ ! ਇਨ੍ਹਾਂ ਲੜਾਈਆਂ ਅਤੇ ਖਾਲਸਾ ਪੰਥ ਦੀ ਸਿਰਜਨਾ ਬਾਦ ਇਹ ਸਿੱਟਾ ਨਿਕਲਦਾ ਹੈ, "ਕਿ ਖਾਲਸਾ ਜਾਂ ਸੱਚੇ ਮੁਰੀਦਾਂ ਦੀ ਇਹ ਸੰਸਥਾਂ, ਜੋ ਆਪਣੀ ਜਾਨ ਦੀ ਪ੍ਰਵਾਹ ਨਾ ਕਰਦੇ ਹੋਏ ਆਪਣੇ ਜੀਵਨ, ਮਾਣ ਅਤੇ ਧਰਮ ਦੀ ਰੱਖਿਆ ਲਈ ਹੀ ਤਲਵਾਰ ਚੁੱਕਦੀ ਹੈ ! ਇਹ ਤਲਵਾਰ ਜੁਲਮ ਵਿਰੁਧ ਅਤੇ ਧਰਮ ਦੀ ਰੱਖਿਆ ਲਈ ਹੀ ਹੈ, 'ਕਿਸੇ ਧਰਮ ਜਾਂ ਫਿਰਕੇ ਵਿਰੁਧ ਨਹੀਂ ?
    ਖਾਲਸਾ ਪੰਥ ਦੀ ਸਾਜਨਾਂ ਨੇ ਸਿੱਧੇ ਤੌਰ ਤੇ ਪੁਰਾਣੇ ਪਰੰਪਰਾਵਾਦੀ ਸਮਾਜ, 'ਜੋ ਘੱਸਿਆ-ਪਿੱਟਿਆ, ਪੱਛੜਿਆ ਅਤੇ ਪਿਛਾਂਹ ਖਿਚੂ ਸੀ ਤੇ ਸੱਟ ਮਾਰੀ ! ਜਿਸ ਕਾਰਨ ਪੁਜਾਰੀਵਾਦ ਅਤੇ ਸਾਮੰਤਵਾਦ ਨਾਲ ਟਕਰਾਅ ਪੈਦਾ ਹੋਣਾ ਲਾਜ਼ਮੀ ਸੀ। ਗੁਰੂ ਜੀ ਦਾ ਨਿਸ਼ਾਨਾ ਜਾਤ-ਪਾਤ ਦਾ ਖਾਤਮਾ ਅਤੇ ਰਾਜਾਸ਼ਾਹੀ ਤੇ ਅੱਤਿਆਚਾਰਾਂ ਤੋਂ ਲੋਕਾਂ ਨੂੰ ਆਜ਼ਾਦ ਕਰਾਉਣਾ ਸੀ ! ਸਮਾਜਕ ਪ੍ਰੀਵਰਤਨ ਅਤੇ ਲੋਕ ਰਾਜ ਲਈ ਇਹ ਪਹਿਲਾ ਕਦਮ ਸੀ ? ਪਰ ਸੰਗਠਤ ਰੂਪ ਨਾ ਧਾਰਨ ਕਾਰਨ, 'ਨਿਸ਼ਾਨਾ ਅੱਗੇ ਨਾ ਵੱਧ ਸੱਕਿਆ ! ਪਿਛਲੇ ਗੁਰੂਆਂ ਵੱਲੋਂ ਇਕ ਖਾਨਦਾਨੀ ਗੁਰ-ਗੱਦੀ ਦਾ ਅਧਿਕਾਰ ਸਥਾਪਤ ਹੋਣ ਕਾਰਨ ਸਿੱਖ ਧਰਮ ਅੰਦਰ ਬਹੁਤ ਸਾਰੇ ਫਿਰਕੇ ਉਤਪੰਨ ਹੋ ਗਏ ! ਜਿਨ੍ਹਾਂ ਨੇ ਅੱਜ ਡੇਰਾਵਾਦ ਦਾ ਇਕ ਬਹੁਤ ਵੱਡਾ ਰੂਪ ਧਾਰਕੇ ਗਰੀਬ ਅਤੇ ਅਨਪੜ੍ਹ ਲੋਕਾਂ ਨੂੰ ਲੁੱਟਣਾ ਸ਼ੁਰੂ ਕਰ ਦਿੱਤਾ ਹੈ ! ਗੁਰੂ ਜੀ ਨੇ ਖਾਲਸਾ ਪੰਥ ਦੀ ਸਿਰਜਨਾ ਕਰਕੇ ਸਾਂਝੇ ਹਿੱਤਾਂ ਤੇ ਆਦਰਸ਼ਾਂ ਨੂੰ ਭਾਈ ਲਾਲੋ ਦੇ ਰੂਪ ਵਿੱਚ ਪੇਸ਼ ਕਰਨ ਲਈ ਜੋ ਉਪਰਾਲੇ ਕੀਤੇ ਸਨ, 'ਉਹ ਉਪਰੋਕਤ ਕਾਰਨਾਂ ਕਰਕੇ ਸਥਾਪਤ ਨਾ ਹੋ ਸਕੇ ? ਸਿੱਖ ਧਰਮ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਮਸੰਦ-ਸਿਸਟਮ ਦਾ ਜਮਹੂਰੀ-ਕਰਨ ਨਾ ਹੋਣ ਕਰਕੇ ਸੰਗਤਾਂ ਵੱਲੋਂ ਦਿੱਤੀਆਂ ਭੇਟਾਂ ਦੀ ਅਯੋਗ ਵਰਤੋਂ ਦਾ ਜੋ ਆਰੰਭ ਹੋ ਗਿਆ ਸੀ, 'ਉਸ ਵਿੱਚ ਤਬਦੀਲੀ ਜ਼ਰੂਰੀ ਸੀ ? ਜਦ ਕਿ ਮਸੰਦ ਜਾਂ ਪ੍ਰਚਾਰਕਾਂ ਨੂੰ ਸਹੀ ਭਾਵਨਾ, ਲੋਕ ਸੇਵਾ ਅਤੇ ਇਖਲਾਕੀ ਤੌਰ ਤੇ ਮਿਸਾਲੀ ਬਣਨ ਲਈ ਖਾਲਸਾ ਪੰਥ ਤਿਆਰ ਕੀਤਾ ਸੀ ! (ਰਹਿਤ ਪਿਆਰੀ ਮੋਹ ਕੋ ਸਿਖ ਪਿਆਰਾ ਨਾਹਿ)।
    ਪੰਜ ਕਕਾਰਾਂ ਦੀ ਧਾਰਨਾਂ ਰਾਹੀਂ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਨੂੰ ਇਕ ਅਜਿਹੀ ਦਿਖ ਪ੍ਰਦਾਨ ਕੀਤੀ ਸੀ, ਕਿ "ਸਿੱਖ ਇਕ ਨਿਆਰਾ, ਵਿਸ਼ੇਸ਼ ਅਤੇ ਨਿਰਭਊ ਰੂਪ ਵਿੱਚ ਲੋਕਾਂ ਅੰਦਰ ਵਿਚਰੇ ! ਖੰਡੇ ਦੀ ਪਾਹੁਲ ਦੀ ਮਹਾਨਤਾ ਦਾ ਭਾਵ ਸਵੈਮਾਨ ਅਤੇ ਮਨੁੱਖੀ ਉਚਤਮਤਾ ਨੂੰ ਪਹਿਲ ਦੇਣੀ ! ਜਾਤ-ਪਾਤ ਦੇ ਬੰਧਨਾਂ ਤੋਂ ਮੁਕਤ ਹੋ ਕੇ ਸ਼ੁਰੂ ਵਿੱਚ ਧਾਰਮਿਕ ਅਤੇ ਅਖੀਰ 'ਚ ਰਾਜਸੀ ਏਕਤਾ ਅਤੇ ਸਾਂਝ ਵਿੱਚ ਬੰਨਣਾ ਸੀ ?" ਇਹੀ ਕਾਰਨ ਸੀ, 'ਕਿ ਦੇਸ਼ ਦੇ ਦੱਬੇ-ਕੁਚਲੇ ਅਤੇ ਦਲਿਤ ਲੋਕ ਸਿੱਖ ਧਰਮ ਵਲ ਖਿੱਚੇ ਗਏ ! ਪਰ ਬਾਅਦ ਵਿੱਚ ਜਿਓ ਜਿਓ ਕੁਰਬਾਨੀ ਦਾ ਜਜ਼ਬਾ ਖ਼ਤਮ ਹੁੰਦਾ ਗਿਆ, 'ਸਮੂਹਿਕ ਸੋਚ, ਪੰਗਤ ਅਤੇ ਸੰਗਤ ਰਸਮੀ ਰਹਿ ਗਈਆਂ ਤਾਂ ਸਿੱਖ ਧਰਮ ਵੀ ਮੁੜ ਬ੍ਰਹਮਣਵਾਦ ਅਤੇ ਪੁਜਾਰੀਵਾਦ ਦੇ ਤੰਦੂਆਂ ਜਾਲ ਵਿੱਚ ਫਸ ਗਿਆ ! ਗੁਰੂ ਜੀ  ਨੇ ਜਿਸ ਧਾਰਨਾ ਰਾਹੀ ਖਾਲਸੇ ਦੇ ਫਰਜ਼, ਨਿਤ-ਨੇਮ, ਜੀਵਨ ਦੇ ਸਿਰੋਕਾਰ ਦਿੱਤੇ ਸਨ, 'ਹੌਲੀ ਹੌਲੀ ਉਹ ਅਲੋਪ ਹੋ ਗਏ। ਅੱਜ ਰਸਮਾਂ ਹੀ ਰਹਿ ਗਈਆਂ ਹਨ। ਜਾਤ-ਪਾਤ ਨੂੰ ਸਭ ਤੋਂ ਵੱਡੀ ਸੱਟ ਸਿੱਖ ਧਰਮ ਨੇ ਮਾਰੀ ਸੀ ? ਅੱਜ ! ਇਹੋ ਧਰਮ, ਇਸ ਦੀਆਂ ਧਾਰਮਿਕ ਸੰਸਥਾਵਾਂ ਅਤੇ ਫਿਰਕੇ ਵੱਖੋ ਵੱਖ ਜਾਤਾਂ, ਗੋਤਾਂ ਅਤੇ ਵਰਗਾਂ ਵਿੱਚ ਸਾਰੇ ਸੰਸਾਰ ਅੰਦਰ ਦਿਸ ਰਹੇ ਹਨ ? ਗੁਰੂ ਜੀ ਦੀਆਂ ਭਾਵਨਾਵਾਂ ਜੋ ਲੋਕਾਂ ਨੂੰ ਮਨੁੱਖਤਾ ਵਿੱਚ ਪਰੋਅ ਕੇ ਇਕ ਮਾਲਾ ਦਾ ਰੂਪ ਦੇਣ ਵਾਲੀਆਂ ਸਨ, ਅੱਜ ਤਾਰ-ਤਾਰ ਹੋ ਗਈਆਂ ਹਨ (ਜਾਤਿ ਜਨਮੁ ਨਹ ਪੂਛੀਐ, ਸਭ ਘਰੁ ਲੇਹ ਬਤਾਇ। ਸਾ ਜਾਤਿ ਸਾ ਪਤਿਹਿ, ਜੇਹੇ ਕਰਮ ਕਮਾਇ॥ ਪ੍ਰਭਾਤੀ ਮਹਲਾ ੧) ਇਸਤਰੀ ਜਾਤੀ ਦੇ ਹੱਕ 'ਚ ਵੀ ਆਵਾਜ ਉਠਾਈ ਗਈ। ਪਤੀ ਨੂੰ ਗ੍ਰਿਸਤੀ ਜੀਵਨ 'ਚ ਇਕ ਹਿੱਸਾ ਤਾਂ ਦੱਸਿਆ ਜਾ ਸਕਦਾ ਹੈ। ਪਰ ! ਪਰਮੇਸ਼ਵਰ ਨਹੀਂ, ਇਸਤਰੀ ਖਰੀਦੀ ਹੋਈ ਕੋਈ ਦਾਸੀ ਨਹੀਂ, ਸਗੋਂ ਸਾਰੇ ਕਾਰਜਾਂ ਵਿੱਚ ਮਰਦ ਸਮਾਨ ਹੈ। ਪਰ ਅੱਜ ਪੰਜਾਬ ਕੁੜੀਮਾਰ ਬਣ ਗਿਆ ਹੈ ! ਲੜਕੀ ਨੂੰ ਜੰਮਣ ਹੀ ਨਹੀਂ ਦਿੱਤਾ ਜਾਂਦਾ (ਭੰਡਿ ਜੰਮੀਐ, ਭੰਡਿ ਨਿੰਮੀਐ, ਭੰਡਿ ਮੰਗਣੁ ਵੀ ਆਹੁ। ਭੰਡਹੁ ਹੋਵੈ ਦੋਸਤੀ, ਭੰਡਹੁ ਚਲੈ ਰਾਹੂ॥)!
    ਅੰਮ੍ਰਿਤ ਛਕਾਉਣ ਦਾ ਢੰਗ ਬਿਲਕੁਲ ਜਮਹੂਰੀ ਢੰਗ ਸੀ ! ਗੁਰੂ ਜੀ ਨੇ ਕਿਹਾ ਸੀ, 'ਕਿ ਜਿਥੇ ਕਿਤੇ ਵੀ ਪੰਜ ਸਿੱਖ ਹੋਣ (ਸਮੂਹਕ ਸੋਚ) ਤਾਂ ਸਮਝੋ ਕਿ ਮੈਂ ਉਥੇ ਹੀ ਹਾਜ਼ਰ-ਨਾਜ਼ਰ ਹਾਂ। ਗੁਰੂ ਜੀ  ਨੇ ਆਪ ਸੰਗਤਾਂ ਨੂੰ ਸਤਿਕਾਰ ਅਤੇ ਮਾਣ ਦਿੱਤਾ ਅਤੇ ਪਹਿਚਾਣਿਆ ! ਸੋ ਖਾਲਸੇ ਨੇ ਕੁਦਰਤੀ ਅਤੇ ਮਨੁੱਖੀ ਮਨੋਰਥ ਤੋਂ ਉਤਸ਼ਾਹਤ ਹੋ ਕੇ ਦੁਨੀਆਂ ਅੰਦਰ ਔਗੁਣਾਂ ਦਾ ਟਾਕਰਾ ਕਰਨ ਲਈ ਆਪਣੇ ਆਪ ਨੂੰ ਤਤਪਰ ਕੀਤਾ ! "ਸਵਾ-ਲਾਖ ਸੇ ਏਕਿ ਲੜਾਊ"। ਗੁਰੂ ਜੀ ਨੇ ਖਾਲਸੇ ਦੀ ਸਾਜਨਾ ਕਰਕੇ ਪੰਜਾਬ ਅੰਦਰ ਵਹਿਮਾਂ-ਭਰਮਾਂ ਤੋਂ ਮੁਕਤ ਹੋਣ, ਭਾਈਚਾਰੇ ਦਾ ਅਤੇ ਬਰਾਬਰੀ ਦਾ ਜਜ਼ਬਾ ਉਤਪੰਨ ਕੀਤਾ ਜੋ ਉਨ੍ਹਾਂ ਨੂੰ ਸਾਂਝ ਅਤੇ ਏਕਤਾ ਨਾਲ ਜੋੜਦਾ ਹੈ। ਡਰ ਅਤੇ ਬੁਜ਼ਦਿਲ ਲੋਕਾਂ ਨੂੰ ਫੌਜੀ ਪਹਿਰਾਵਾ ਅਤੇ ਕਵਾਇਦ ਦੇ ਕੇ ਗਰੀਬਾਂ ਦੀ ਰੱਖਿਆ ਲਈ ਤਿਆਰ ਕੀਤਾ ? ਜਿਸ ਦੇ ਸਿੱਟੇ ਵਜੋਂ ਸਾਂਝਾ ਮਿਸ਼ਨ, ਜੁਲਮਾਂ ਵਿਰੁਧ ਲੜਾਈ ਅਤੇ ਇਕ ਰਾਜਨੀਤਕ ਸ਼ਕਤੀ ਦੇ ਰੂਪ ਵਿੱਚ ਬੰਦਾ ਸਿੰਘ ਬਹਾਦਰ ਦਾ ਉਠਾਨ ਹੋਇਆ ! ਗੁਰੂ ਜੀ ਨੇ ਆਪਣੇ ਸਮੇਂ ਦੇ ਰਾਜਨੀਤਕ ਅਤੇ ਧਾਰਮਿਕ ਸੰਕਟ ਨੂੰ ਅਨੁਭਵ ਕੀਤਾ। ਰਾਜਨੀਤਕ ਸੰਕਟ ਵਿਦੇਸ਼ੀ ਹਮਲਾਵਰ, 'ਮੁਗਲਾਂ ਦੇ ਰਾਜ ਵੱਜੋਂ ਅਤੇ ਧਾਰਮਿਕ ਸੰਕਟ ਦੇਸ਼ ਅੰਦਰ ਧਰਮ ਦੇ ਠੇਕੇਦਾਰ ਬ੍ਰਾਹਮਣਾਂ, ਮੁਲਾ-ਮੁਲਾਣਿਆਂ ਅਤੇ ਕੱਟੜ-ਪੰਥੀਆਂ ਵੱਲੋਂ ਸ਼ੁਰੂ ਕੀਤਾ ਸੀ ! ਉਸ ਵਿਰੁਧ ਖਾਲਸਾ ਪੰਥ ਦੀ ਸਾਜਨਾ ਕੀਤੀ ? ਇਨ੍ਹਾਂ ਸੰਕਟਾਂ ਵਿਰੁਧ ਲੜ੍ਹਨ ਲਈ ਗੁਰੂ ਗੋਬਿੰਦ ਸਿੰਘ ਜੀ ਇਕ ਚਰਿਤਰਵਾਨ ਇਨਸਾਨ, ਗੁਰੂ ਦੇ ਰੂਪ ਵਿਚ, ਫੌਜੀ ਦੇ ਰੂਪ ਵਿੱਚ, ਇਕ ਉਸਾਰੂ ਸੋਚ ਵਾਲਾ ਨੀਤੀਵਾਨ, ਕੱਟੜਵਾਦ ਵਿਰੁਧ, ਧਾਰਮਿਕ ਇਨਸਾਫ਼ ਲਈ, ਇਕ ਸਮਾਜ ਸੁਧਾਰਕ, ਇਕ ਕਵੀ, ਸਾਹਿਤਕਾਰ ਅਤੇ ਸੰਤ-ਸਿਪਾਹੀ ਦੇ ਰੂਪ ਵਿੱਚ ਭਾਰਤ ਦੇ ਇਤਿਹਾਸ ਵਿੱਚ ਸਾਹਮਣੇ ਆਇਆ ! ਇਹ ਗੁਰੂ ਜੀ ਦੀਆਂ ਨੀਤੀਆਂ, ਕੁਰਬਾਨੀਆਂ ਅਤੇ ਕਾਰਵਾਈਆਂ ਸਨ, "ਕਿ ਜਿਨ੍ਹਾਂ ਨੇ ਮੁਗਲ ਰਾਜ ਦੀ ਅੱਧੋਗਤੀ ਲਈ ਰਾਹ ਪੱਧਰਾ ਕੀਤਾ ? ਜਿਸ ਨੇ ਆਉਣ ਵਾਲੇ ਸਮੇਂ ਵਿੱਚ ਮੁਗਲਾਂ ਨੂੰ ਪੰਜਾਬ ਛੱਡ ਦੇਣ ਲਈ ਮਜਬੂਰ ਕੀਤਾ ?"
    ਖਾਲਸੇ ਦੀ ਸਾਜਨਾ ਨੇ ਪੰਜਾਬ ਅੰਦਰ ਸਿੱਖੀ ਚਿੰਨ੍ਹ ਰਾਹੀ ਇਕ ਅਜਿਹਾ ਵਾਤਾਵਰਨ ਪੈਦਾ ਕਰ ਦਿੱਤਾ, 'ਜਿਸ ਨੇ ਸਿੱਖ ਮਤ ਨੂੰ ਹਿੰਦੂ ਧਰਮ ਤੋਂ ਪੂਰਨ ਤੌਰ ਤੇ ਵੱਖ ਕਰ ਦਿੱਤਾ। ਪੰਜ ਕਕਾਰਾਂ: ਕੇਸ, ਕੰਘਾ, ਕਿਰਪਾਨ, ਕੱਛਾ, ਕੜਾ, ਦੀ ਧਾਰਨਾ ਨੇ "ਕੌਰ" ਤੇ "ਸਿੰਘ" ਦੇ ਅਸਾਧਰਨ ਨਾਂ ਦੀ ਵਰਤੋ ਕਰਨੀ, ਨਵੀਂ ਕਿਸਮ ਦੇ ਸੰਸਕਰਣ ਅਤੇ ਹੁੱਕਾਂ ਪੀਣ ਦੀ ਬਿਲਕੁਲ ਮਨਾਹੀ ਕੁਝ ਮਹਾਨ ਗੱਲਾਂ ਸਨ, 'ਜਿਨ੍ਹਾਂ ਕਾਰਨ 'ਸਿੱਖ ਮੱਤ ਹਿੰਦੂ ਮਤ ਤੋਂ ਬਿਲਕੁੱਲ ਅਲਗ ਦਿੱਸਣ ਲੱਗ ਪਿਆ ! ਜਦੋਂ ਹਾਕਮ ਜ਼ੁਲਮ ਕਰਨ ਲਈ ਮਗਨ ਸਨ, 'ਤਾਂ ਅਜਿਹੇ ਸਮੇਂ ਖਾਲਸੇ ਦੀ ਸਥਾਪਨਾ ਉੱਚ ਮਹਾਨਤਾ ਰੱਖਦੀ ਸੀ ! ਇਹੀ ਮਤ ਅੱਗੋਂ ਹਿੰਦੂ ਧਰਮ ਦਾ ਰੱਖਿਅਕ ਬਣਿਆ।" ਗੁਰੂ ਗੋਬਿੰਦ ਸਿੰਘ ਜੀ ਦੇ ਵਿਛੋੜੇ ਤੋਂ ਬਾਅਦ ਸਾਰੀਆਂ ਕਠਿਨਾਈਆਂ ਦੇ ਹੁੰਦੇ ਹੋਏ ਵੀ, 'ਸਿੱਖ ਲਗਾਤਾਰ ਅੱਤਿਆਚਾਰਾਂ ਵਿਰੁਧ ਲੜਦੇ ਰਹੇ ! ਇਹੀ ਕਾਰਨ ਸੀ, 'ਇਕ ਧਾਰਮਿਕ ਸੰਸਥਾ ਅੱਗੋ ਰਾਜਨੀਤਕ ਉਨਤੀ ਦੇ ਸਾਧਨ ਦਾ ਰੂਪ ਧਾਰ ਗਈ ?
    ਅੱਜ ਦੇ ਪ੍ਰੀਪੇਖ 'ਚ, 'ਖਾਲਸੇ ਦਾ ਨਿਰਮਾਣ ਕਰਕੇ ਗੁਰੂ ਜੀ  ਨੇ ਜਿਸ ਨੂੰ ਇਕ ਅਜਿਹੀ ਸੰਸਥਾ ਦਾ ਰੂਪ ਦਿੱਤਾ ਸੀ, ਦਾ ਮਹੱਤਵ ਸਮਝਣਾ ਜ਼ਰੂਰੀ ਹੈ ! ਇਸ ਸੰਸਥਾ ਦੇ ਜੋ ਸਿਧਾਂਤ ਸਿਰਜੇ ਗਏ ਸਨ, 'ਉਨ੍ਹਾਂ ਦੀ ਪੂਰਤੀ ਲਈ ਅਸੀਂ ਕਿਨ੍ਹੇ ਕੁ ਪੂਰੇ ਉਤਰ ਰਹੇ ਹਾਂ ? ਗੁਰੂ ਜੀ  ਨੇ ਖਾਲਸੇ ਦੀ ਸੰਸਥਾ ਵਿੱਚ ਜੋ ਏਕਤਾ, ਵਿਸਥਾਰ ਅਤੇ ਕੁਰਬਾਨੀ ਦੇ ਗੁਣ ਭਰੇ ਸਨ, 'ਅੱਜ ਉਨ੍ਹਾਂ ਦੀ "ਮਹੱਤਤਾ ਅਤੇ ਅਮਲ ਦਾ ਮੁਲਅੰਕਣ" ਕਰਨਾ ਜ਼ਰੂਰੀ ਹੈ ? ਗੁਰੂ ਜੀ  ਨੇ ਭਾਰਤ ਦੇ ਢੱਠੇ-ਹਾਰੇ ਲੋਕਾਂ ਨੁੰ ਸਿਖਾਇਆ ਸੀ, 'ਕਿ ਕਿਸ ਤਰ੍ਹਾਂ ਰਾਜਨੀਤਕ ਪ੍ਰਭੂਤਾ ਅਤੇ ਕੌਮੀ ਸੁਤੰਤਰਤਾ ਪ੍ਰਾਪਤ ਕੀਤੀ ਜਾ ਸਕਦੀ ਹੈ? ਉਹ ਪਹਿਲੇ ਭਾਰਤੀ ਸਨ, 'ਜਿਨ੍ਹਾਂ ਨੇ ਇਕ ਦੂਜੇ ਨੂੰ ਭਰਾ ਸਮਝਣ ਦੀ ਪ੍ਰੇਰਨਾ ਦਿੱਤੀ ਅਤੇ ਗੁਰੂਮਤ ਅਨੁਸਾਰ ਚੱਲਣ ਦਾ ਉਪਦੇਸ਼ ਦਿੱਤਾ। ਉਨ੍ਹਾਂ ਨੇ ਦੱਬੇ-ਕੁੱਚਲੇ ਦਰਜੇ ਦੇ ਜਨ-ਸਮੂਹ ਨੂੰ ਇਕ ਸੁਸੰਗਠਤ ਸੰਸਥਾ ਵਿੱਚ ਪ੍ਰੋਣ ਦਾ ਉਪਰਾਲਾ ਕੀਤਾ ਜਿਸ ਦੀ ਮਿਸਾਲ ਹੋਰ ਕਿਤੇ ਨਹੀ ਮਿਲਦੀ ?
    ਅੱਜ! ਜਦੋਂ ਸੰਸਾਰ ਵਰਗਾਂ ਵਿੱਚ ਵੰਡਿਆ ਹੋਇਆ ਹੈ, 'ਤਾਂ ਖਾਲਸਾ ਪੰਥ ਦੇ ਸਿਰਜਕ ਵੱਲੋਂ ਜੋ ਗਰੀਬ-ਗੁਰਬੇ ਦੀ ਰੱਖਿਆ, ਹੱਕ ਲਈ ਸੰਘਰਸ਼ ਅਤੇ ਬਰਾਬਰਤਾ ਦਾ ਸੰਦੇਸ਼ ਦਿੱਤਾ ਹੈ, ਨੂੰ ਅਮਲੀ ਰੂਪ ਦੇਣ ਲਈ ਵਿਚਾਰਵਾਨ ਬਣਨਾ ਪਏਗਾ ! ਅੱਜ ਜਾਤ-ਪਾਤ, ਛੂਆ-ਛਾਤ, ਊਚ-ਨੀਚ ਅਤੇ ਅਸਮਾਨਤਾ ਪਹਿਲਾਂ ਨਾਲੋਂ ਵੀ ਵੱਧੀ ਹੈ। ਭਾਈ ਲਾਲੋਂ ਦਾ ਪ੍ਰੀਵਾਰ ਹਰ ਤਰ੍ਹਾਂ ਦੀਆਂ ਦੁਸ਼ਵਾਰੀਆਂ ਨਾਲ ਨਪੀੜਿਆ ਜਾ ਰਿਹਾ ਹੈ। ਉਸ ਦੀ ਬਾਂਹ ਫੜਨ ਲਈ ਅੱਜ ਮੁੜ ਖਾਲਸੇ ਦੀ ਸਥਾਪਨਾ ਤੇ ਪੁਨਰ-ਜਾਗਰਨ ਦੀ ਲੋੜ ਹੈ ! ਕਿਰਤ ਦੀ ਲੁੱਟ ਅਤੇ ਮਾਲਕ ਭਾਗੋਆਂ ਵੱਲੋਂ ਮਚਾਇਆ ਜਾ ਰਿਹਾ ਹੜਦੁੰਗ ਰੋਕਣ ਲਈ ਫਿਰ ਖਾਲਸੇ ਦੇ ਮੁੜ ਆਉਣ ਦੀ ਸਾਨੂੰ ਉਡੀਕ ਵਿੱਚ ਹੈ। ਵਿਸਾਖੀ ਜੋ ! ਖੁਸ਼ੀਆਂ ਭਰਿਆ ਤਿਓਹਾਰ ਹੈ, ਖਾਲਸਾ ਪੰਥ ਦਾ ਸਥਾਪਨਾ ਦਿਵਸ ਹੈ ? ਉਸ ਤੋਂ ਜਨ-ਸਮੂਹ ਇਹੀ ਆਸ ਰੱਖਦਾ, 'ਹੈ ਕਿ ਇਹ ਸੰਸਾਰ ਅਮਨ ! ਬਰਾਬਰਤਾ ! ਖੁਸ਼ੀਆਂ ! ਖੇੜੇ ! ਅਤੇ ਅਧਰਮੀਆਂ ਦੇ ਨਾਸ਼ ਵਾਲਾ ਸਿਰਜਿਆ ਜਾਵੇ।

ਅਮਲੁ ਕਰਿ ਧਰਤੀ, ਬੀਜੁ ਸ਼ਬਦ ਕਰਿ,
ਸਚ ਕੀ ਆਬ, ਨਿਤ ਦੇਹਿ ਪਾਣੀ॥
ਹੋਇ ਕਿਰਸਾਣੁ, ਈਮਾਨੁ ਜੰਮਾਇ ਲੈ,
ਭਿਸਤੁ ਦੋਜਕੁ ਮੂੜੇ ਏਵ ਜਾਣੀ ॥੧॥
                            (ਸਿਰੀ ਰਾਗੁ ਮਹਲਾ ੧)

ਰਾਜਿੰਦਰ ਕੌਰ ਚੌਹਕਾ
ਸਾਬਕਾ ਜਨਰਲ ਸਕੱਤਰ
 ਜਨਵਾਦੀ ਇਸਤਰੀ ਸਭਾ, ਪੰਜਾਬ