13 ਅਪ੍ਰੈਲ ਪਹਿਲੀ ਸ਼ਤਾਬਦੀ 'ਤੇ - ਜਗਦੀਸ਼ ਸਿੰਘ ਚੋਹਕਾ

ਜੱਲ੍ਹਿਆਵਾਲੇ ਬਾਗ 'ਚ ਡੁੱਲਿਆ ਖੂਨ
ਪੰਜਾਬੀਆਂ ਦੀ ਏਕਤਾ ਦਾ ਪ੍ਰਤੀਕ ਹੈ

        ਭਾਰਤ ਅੰਦਰ ਬਸਤੀਵਾਦੀ ਬਰਤਾਨਵੀ ਸਾਮਰਾਜ ਤੋਂ ਮੁਕਤੀ ਪ੍ਰਾਪਤ ਕਰਨ ਲਈ ਆਜ਼ਾਦੀ ਲਈ ਚਲੇ ਪਹਿਲੇ ਹਥਿਆਰਬੰਦ ਗਦਰ ਨੂੰ ਕੁਚਲਣ ਤੋਂ ਬਾਦ ਗੋਰਿਆਂ ਨੇ ਇਕ ਧਾਰਨਾ ਪੈਦਾ ਕਰਨ ਦੀ ਕੋਸ਼ਿਸ਼ ਕੀਤੀ, 'ਕਿ ਹੁਣ ਭਾਰਤੀ ਲੋਕ ਆਜ਼ਾਦੀ ਲਈ ਮੁੜ ਸਿਰ ਨਹੀਂ ਚੁੱਕਣਗੇ ? ਪਰ ਉਨ੍ਹਾਂ ਦੀ ਇਹ ਧਾਰਨਾ ਛੇਤੀ ਹੀ ਪਸਤ ਹੋ ਗਈ ਜਦੋਂ ਪੰਜਾਬ ਅੰਦਰ ਬਾਬਾ ਰਾਮ ਸਿੰਘ ਦੀ ਅਗਵਾਈ 'ਚ ਕੂਕਾ ਲਹਿਰ ਦੀ ਸਵਦੇਸ਼ੀ, ਨਾ ਮਿਲਵਰਤਨ ਅਤੇ ਨਾ-ਫੁਰਮਾਨੀ ਲਹਿਰ ਨੇ ਸਮੁੱਚੇ ਉਤਰੀ ਭਾਰਤ ਅੰਦਰ ਇਕ ਗੁਣਾਂਤਮਿਕ ਰਾਜਸੀ ਅਤੇ ਲੋਕ ਉਭਾਰ ਨੂੰ ਜਨਮ ਦਿੱਤਾ ! ਫਿਰ ਕੁਝ ਚਿਰ ਲਈ ਚੁਪ-ਚਾਪ ਰਹਿਣ ਬਾਦ ਪੰਜਾਬ ਅੰਦਰ ਮੁੜ ਰਾਜਸੀ ਸਰਗਰਮੀਆਂ ਵੱਜੋਂ ਕਿਸਾਨੀ ਲਹਿਰਾਂ, ਲੋਕਾਂ ਦੇ ਆਮੁਹਾਰੇ ਰੋਹ ਤੇ ਆਈ ਰਾਜਨੀਤਕ ਜਾਗਰੂਕਤਾ ਕਾਰਨ ਗੋਰੀ ਸਰਕਾਰ ਵਿਰੁਧ ਉਠੀਆਂ ਦਲੇਰੀ ਭਰੀਆਂ ਲਹਿਰਾਂ ਹਰ ਪਾਸੇ ਪਨਪ ਪਈਆਂ ! ਆਜ਼ਾਦੀ ਲਈ ਤਾਂਘ ਅਤੇ ਦੇਸ਼ ਪ੍ਰੇਮ ਵਾਲੀਆਂ ਭਾਵਨਾਵਾਂ ਕਾਰਨ ਹੀ 1913-14 ਦੌਰਾਨ ਉਤਰੀ -ਅਮਰੀਕਾ ਅੰਦਰ ਸਿੱਖ ਪ੍ਰਵਾਸੀਆਂ (ਪੰਜਾਬੀਆਂ) ਵੱਲੋਂ ਗਦਰ ਪਾਰਟੀ ਦੇ ਗਠਨ ਰਾਹੀਂ ਅਰੰਭਿਆ ਹਥਿਆਰਬੰਦ ਸੰਘਰਸ਼ ਅਤੇ ਗਦਰ ਪਾਰਟੀ ਦੇ ਸਿਰ ਲੱਥ ਕਾਰਕੁੰਨਾਂ ਵੱਲੋਂ ਕੀਤੀਆਂ ਕੁਰਬਾਨੀਆਂ ਤੋਂ ਗੋਰੇ ਪੂਰੀ ਤਰ੍ਹਾਂ ਭੈਅ-ਭੀਤ ਹੋ ਗਏ ! ਡਰੇ ਗੋਰਿਆਂ ਨੇ ਕਿਸੇ ਤਰ੍ਹਾਂ ਦੀ ਵੀ ਰਾਜਸੀ ਸਰਗਰਮੀ ਅਤੇ ਵਿਦਰੋਹ ਨੂੰ ਦਬਾਉਣ ਲਈ ਗੈਰ-ਮਨੁੱਖੀ ਦਮਨ ਅਤੇ ਦਹਿਸ਼ਤਜ਼ਦਾ  ਚੱਕਰ ਚਲਾ ਕੇ ਤਸ਼ੱਦਦ ਸ਼ੁਰੂ ਕਰ ਦਿੱਤੇ। ਇਸ ਦਮਨ ਵਿਰੁੱਧ ਲੋਕਾਂ ਅਤੇ ਖਾਸ ਕਰਕੇ ਨੌਜਵਾਨਾਂ ਅੰਦਰ ਇਕ ਜ਼ਬਰਦਸਤ ਢੰਗ ਨਾਲ ਆਜ਼ਾਦੀ ਅੰਦੋਲਨ ਵਿੱਚ ਸ਼ਾਮਲ ਹੋਣ ਦੀ ਇਕ ਖਾਹਸ਼ ਵੀ ਜਨਮੀ ਜੋ ਅੱਗੋਂ ਜਾਕੇ ਇਕ ਛੋਟੀ ਜਿਹੀ ਲਹਿਰ ਦਾ ਰੂਪ ਧਾਰ ਗਈ।
    ਉਸ ਵੇਲੇ ਦੇਸ਼ ਅੰਦਰ 20-ਵੀਂ ਸਦੀ ਦੇ ਪਹਿਲੇ ਅਤੇ ਦੂਸਰੇ ਦਹਾਕੇ ਦੌਰਾਨ ਸਭ ਤੋਂ ਵੱਡੀ ਰਾਜਸੀ  ਸ਼ਕਤੀ "ਭਾਰਤੀ ਕੌਮੀ ਕਾਂਗਰਸ" ਸੀ, ਜੋ ਮੱਠੇ, ਠੰਡੇ, ਕਮਜ਼ੋਰ, ਬੁਜ਼ਦਿਲ ਅਤੇ ਗੋਰੀ ਸਰਕਾਰ  ਨਾਲ ਸਹਿਮਤੀ ਵਾਲੀ ਬੋਲੀ ਬੋਲਣ ਵਾਲੀ ਪਾਰਟੀ ਸੀ ਅੱਗੇ ਆਈ। ਇਸ ਕਾਂਗਰਸ ਦੀ ਨੀਂਹ 1885 ਨੂੰ ਇਕ ਅੰਗਰੇਜ਼ ਆਈ.ਸੀ.ਐਸ. ਅਫਸਰ ਮਿ: ਏ.ਓ. ਹਿਊਮ ਨੇ ਰੱਖੀ ਸੀ। ਉਸ ਨੇ ਕਾਂਗਰਸ ਪਾਰਟੀ ਦਾ ਗਠਨ ਗੋਰੀ-ਸਰਕਾਰ ਦੇ ਇਕ ਸ਼ੈਡੋ ਰੱਖਵਾਲੇ ਵੱਜੋਂ, (ਗੋਰੀ-ਸਰਕਾਰ ਨਾਲ ਸਲਾਹ ਕਰਕੇ) ਕਾਂਗਰਸ ਨੂੰ ਜਨਤਾ ਅੰਦਰ ਇਕ "ਹਿਫਾਜ਼ਤੀ ਵੈਲਵ" (Safety Valve) ਵੱਜੋਂ ਹੀ ਲੋਕਾਂ ਨੂੰ ਹਾਂਡੀ ਦੇ ਢੱਕਣ ਵਿੱਚ ਛੇਕ ਵੱਜੋ ਖੜੇ ਕੀਤਾ ਸੀ ? ਗੋਰੀ ਸਰਕਾਰ 1857 ਦੇ ਗਦਰ, ਕੂਕਾ ਲਹਿਰ, ਗਦਰ ਪਾਰਟੀ 'ਤੇ ਕਿਸਾਨੀ ਬਗਾਵਤਾਂ ਤੋਂ ਡਰੀ ਹੋਈ ਭਾਰਤ ਅੰਦਰ ਕਿਸੇ ਵੀ ਤਰ੍ਹਾਂ ਦੇ ਵਿਦਰੋਹ, ਅਚਨਚੇਤੀ ਤਬਦੀਲੀ ਅਤੇ ਬਗਾਵਤ ਤੋਂ ਘਬਰਾਈ ਹੋਈ ਆਪਣੀ ਰੱਖਿਆ ਲਈ ਅੰਦਰੂਨੀ ਵਫ਼ਾਦਾਰਾਂ ਦੀ ਭਾਲ ਲਈ, 'ਬੂਟ-ਚੱਟ ਤੇ ਰਾਜਸੀ ਭਗਤਾਂ ਨਾਲ ਇਕ ਰਾਜਸੀ ਲਾਮਡੋਰੀ ਵਾਲੀ ਸ਼ਕਤੀ ਚਾਹੁੰਦੀ ਸੀ ! ਜੋ ਰਾਜਾਸ਼ਾਹੀ ਤੋਂ ਬਿਨਾਂ ਰਾਜਸੀ ਪਾਰਟੀ ਹੋਵੇ ? ਇਹ ਫਰਜ਼ ਕਾਂਗਰਸ ਨੇ ਸ਼ੁਰੂ ਤੋਂ ਲੈ ਕੇ 1947 ਅਤੇ ਬਾਦ ਤਕ ਬਾਖੂਬੀ ਨਾਲ ਨਿਭਾਇਆ ?
    ਪੰਜਾਬ ਅੰਦਰ ਆਜ਼ਾਦੀ ਲਈ ਕੂਕਾ ਲਹਿਰ ਤੋਂ ਲੈ ਕੇ ਕਿਸਾਨੀ ਲਹਿਰਾਂ ਤੱਕ ਸੈਕੜੇਂ ਪੰਜਾਬੀਆਂ ਨੇ ਕੁਰਬਾਨੀਆਂ ਕੀਤੀਆਂ ਤੇ ਸਜ਼ਾਵਾਂ ਕੱਟੀਆਂ। ਪਹਿਲੀ ਸੰਸਾਰ ਜੰਗ ਦੌਰਾਨ ਗਰੀਬੀ-ਗੁਰਬਤ ਅਤੇ ਜਹਾਲਤ ਦੇ ਮਾਰੇ ਹਜ਼ਾਰਾਂ ਪੰਜਾਬੀ ਫੌਜਾਂ ਅੰਦਰ ਭਰਤੀ ਹੋ ਕੇ ਜਾਨਾਂ ਗੁਵਾ ਚੱਕੇ ਸਨ ? ਜੰਗ ਦੇ ਭਾਰ ਨੇ ਪੰਜਾਬੀਆਂ ਦਾ ਕਚੂਮਰ ਕਰ ਦਿੱਤਾ ਸੀ । ਪੰਜਾਬ ਦੇ ਹਰ ਘਰ ਅੰਦਰ ਨੌਜਵਾਨਾਂ ਦੀਆਂ ਮੌਤਾਂ ਕਾਰਨ ਸੱਥਰ ਵਿਛੇ ਹੋਏ ਸਨ ! ਹਰ ਪਾਸੇ ਗਰੀਬੀ ਗੁਰਬਤ ਦੇ ਭੰਨੇ ਪੰਜਾਬੀ ਬਿਨਾਂ ਕਿਸੇ ਸਹਾਇਤਾ ਤੇ ਓਟ ਕਾਰਨ ਭਰੇ ਫਿਸੇ ਹੋਏ ਸਨ ! ਦੇਸ਼ ਅੰਦਰ ਰਾਜਸੀ ਲਹਿਰ ਜੋ ਕਾਂਗਰਸ ਪਾਰਟੀ ਪਾਸ ਸੀ, 'ਉਹ ਵੀ ਪਹਿਲੀ ਸੰਸਾਰ ਜੰਗ ਦੌਰਾਨ ਗੋਰੀ ਸਰਕਾਰ ਨਾਲ ਵਫ਼ਾਦਾਰੀ ਨਿਭਾਉਂਦੀ ਹੋਈ ਅੰਗਰੇਜ਼ ਪੱਖੀ ਰੁੱਖ ਅਪਣਾਅ ਰਹੀ ਸੀ। ਇਸ ਆਤਮਘਾਤੀ ਸਮੇਂ ਦੌਰਾਨ ਪੰਜਾਬੀਆਂ ਲਈ ਹਮਦਰਦੀ ਦੀ ਥਾਂ, 'ਜ਼ਖ਼ਮਾਂ 'ਤੇ ਫੈਹੇ ਲਾਉਣ ਦੀ ਥਾਂ ਮਿਲਿਆ, "ਰੋਲਟ ਐਕਟ ਅਤੇ ਜੱਲ੍ਹਿਆ- ਵਾਲੇ ਬਾਗ ਦੇ ਕਤਲੋਗਾਰਤ ਦਾ ਤੋਹਫਾ ?
    13 ਅਪ੍ਰੈਲ 1919 ਨੂੰ ਵਿਸਾਖੀ ਦੇ ਪਵਿਤਰ ਦਿਹਾੜੇ 'ਤੇ ਅੰਮ੍ਰਿਤਸਰ ਸ਼ਹਿਰ ਅੰਦਰ ਬਰਤਾਨਵੀ ਬਸਤੀਵਾਦੀ ਜ਼ਾਲਮ ਤੇ ਨਸਲ-ਪ੍ਰਸਤਾਂ ਨੇ 20-ਵੀਂ ਸਦੀ ਦੇ ਸਭ ਤੋਂ ਵੱਧ ਕਰੂਰਤਾ ਪੂਰਨ ਅਤੇ ਭੈੜੇ ਕਿਸਮ ਦਾ ਰਾਜਨੀਤਕ ਅਪਰਾਧ ਕਰਕੇ, 'ਜਲ੍ਹਿਆ ਵਾਲੇ ਬਾਗ ਅੰਦਰ ਪੁਰ-ਅਮਨ ਪੰਜਾਬੀਆਂ ਦੇ ਖੂਨ ਨਾਲ ਹੋਲੀ ਖੇਡ ਕੇ, 'ਆਜ਼ਾਦੀ ਦੇ ਸੰਘਰਸ਼ ਨੂੰ ਕੁਚਲਣ ਲਈ ਕਹਿਰ ਢਾਇਆ ! ਬਰਤਾਨਵੀ  ਬਸਤੀਵਾਦੀ ਸਾਮਰਾਜੀ ਸ਼ਾਸ਼ਕਾਂ ਦਾ ਜ਼ਾਲਮਪੁਣਾ, ਅਸੱਭਿਅਕ ਅਤੇ ਜ਼ੁਲਮ ਨੇ ਇਕ ਵਾਰ ਫਿਰ ਦੁਨੀਆਂ ਅੰਦਰ ਇਨਸਾਨੀਅਤ ਤੋਂ ਗਿਰੇ ਚੇਹਰੇ ਨੂੰ ਇਸ ਘਟਨਾ ਨੇ ਨੰਗਾ ਕਰ ਦਿੱਤਾ ! ਇਸ ਦੁੱਖਦਾਈ ਦੁਖਾਂਤ ਦੌਰਾਨ ਜ਼ਾਬਰ ਗੋਰਿਆ ਦੀਆਂ ਗੋਲੀਆਂ ਨਾਲ ਲੱਗ-ਪੱਗ 400-1200 ਤੋਂ ਵੱਧ ਪੰਜਾਬੀ ਸ਼ਹੀਦ ਹੋਏ ਅਤੇ 2000 ਤੋਂ ਵੱਧ ਗਿਣਤੀ 'ਚ ਜ਼ਖਮੀ ਹੋਣ ਦੀਆਂ ਰਿਪੋਰਟਾਂ ਸਨ ? ਕੌਮੀ ਅੰਦੋਲਨ ਵੱਲੋਂ ਗਠਿਤ ਨਿਰਪੱਖ ਜਾਂਚ ਕਮਿਸ਼ਨਾਂ ਦੇ ਦਸਤਾਵੇਜੀ ਸਬੂਤਾਂ ਅਨੁਸਾਰ ਮਰਨ ਵਾਲੇ ਲੋਕਾਂ ਦੀ ਗਿਣਤੀ ਇਕ ਹਜ਼ਾਰ ਤੋਂ ਵੱਧ ਦਿਖਾਈ ਗਈ ਦੱਸੀ ਸੀ। ਜੱਲ੍ਹਿਆਂ-ਵਾਲਾ ਬਾਗ ਦੀ  ਉਹ ਥਾਂ ਜਿਥੇ ਇਹ ਘਟਨਾ ਵਾਪਰੀ ਸੀ, 'ਚਾਰੇ ਪਾਸੇ ਤੋਂ ਘਿਰਿਆ ਹੋਇਆ, ਜਿਸ ਲਈ ਇਕ ਹੀ ਤੰਗ ਰਸਤਾ ਆਉਣ ਤੇ ਜਾਣ ਲਈ ਸੀ ! ਪੰਜਾਬ ਅੰਦਰ ਜਾਰੀ ਬਰਤਾਨਵੀ ਜ਼ਾਬਰਾਨਾ-ਜ਼ੁਲਮ ਅਤੇ ਜਮਹੂਰੀ ਹੱਕਾਂ ਤੇ ਪਾਬੰਦੀਆਂ ਦੀ ਵਿਰੋਧਤਾ ਵਿਰੁਧ ਅਤੇ ਕਾਲਾ ਕਾਨੂੰਨ ਰੌਲਟ ਐਕਟ ਦਾ ਵਿਰੋਧ ਕਰਨ ਲਈ 13-ਅਪ੍ਰੈਲ 1919 ਨੂੰ ਸ਼ਹਿਰ ਵਾਸੀਆਂ ਵੱਲੋਂ ਇਕ ਆਮ ਜਲਸਾ ਬਾਗ ਅੰਦਰ ਕੀਤਾ ਜਾ ਰਿਹਾ ਸੀ, ਜਿਸ ਵਿੱਚ 20000 ਤੋਂ 25000 ਵਿਚਕਾਰ ਲੋਕ ਇਕੱਤਰ ਹੋਏ ਸਨ। ਇਸ ਤੋਂ ਪਹਿਲਾਂ ਕੁਝ ਦਿਨ ਵਾਪਰੀਆਂ ਘਟਨਾਵਾਂ ਅਤੇ ਲੋਕਾਂ ਨੂੰ ਸਬਕ ਸਿਖਾਉਣ ਲਈ ਬਰਤਾਨਵੀ ਬਸਤੀਵਾਦੀ ਸਾਮਰਾਜੀ ਗੋਰਿਆਂ ਵੱਲੋਂ ਇਹ ਜ਼ੁਲਮ ਅਤੇ ਖੂਨੀ ਸਾਕਾ ਇਕ ਸੋਚੀ ਸਮਝੀ ਕਤਲੋਗਾਰਤ ਤੋਂ ਸਿਵਾ ਕੁੱਝ ਹੋਰ ਨਹੀਂ ਸੀ ? ਉਸ ਵੇਲੇ ਲੋਕ ਇਕ ਮੁਠ ਸਨ ਅਤੇ ਗੋਰਿਆ ਵੱਲੋਂ ਫੈਲਾਈ ਜਾਂਦੀ ਫਿਰਕੂ ਕੁਰੱਤਣ ਤੋਂ ਦੂਰ, 'ਇਕ ਦੂਜੇ ਦੇ ਗੱਲੇ ਨਾਲ ਲੱਗੇ, ਬਹੁ-ਧਾਰਮਿਕ ਏਕਤਾ ਦਾ ਸਬੂਤ ਦੇ ਕੇ ਆਪੋ ਆਪਣੇ ਧਾਰਮਿਕ ਤਿਉਹਾਰ ਮਿਲ ਕੇ ਮਨਾ ਰਹੇ ਸਨ। ਜਦ ਕਿ ਗੋਰੀ ਸਰਕਾਰ ਆਪਣੇ ਸਾਮਰਾਜੀ ਸੌੜੇ ਹਿਤਾਂ ਲਈ ਲੋਕਾਂ ਨੂੰ ਵੰਡੋ ਤੇ ਰਾਜ ਕਰੋ ਦੀ ਨੀਤੀ ਨੂੰ ਮਜ਼ਬੂਤ ਕਰ ਰਹੀ ਸੀ ! ਪਰ ਪੰਜਾਬੀਆਂ ਨੇ ਇਸ ਅੱਤਿਆਚਾਰੀ ਕਾਂਡ ਦੌਰਾਨ ਜੁਝਾਰੂ ਜਜ਼ਬੇ ਅਤੇ ਫਿਰਕੂ ਏਕਤਾ ਨੂੰ ਮਜ਼ਬੂਤ ਕੀਤਾ ਅਤੇ ਅਡੋਲ ਰਹੇ ?
    1918 ਵਿੱਚ ਕਾਂਗਰਸ ਦੇ ਸਲਾਨਾ ਸੰਮੇਲਨ ਦੌਰਾਨ ਇਹ ਫੈਸਲਾ ਹੋਇਆ ਕਿ ਅਗਲਾ ਸੰਮੇਲਨ 1919 ਵਿੱਚ ਪੰਜਾਬ 'ਚ ਕੀਤਾ ਜਾਵੇਗਾ ! ਬਰਤਾਨਵੀ ਗੋਰੀ ਸਰਕਾਰ ਇਸ ਸੰਮੇਲਨ ਨੂੰ ਅਤੇ ਪੰਜਾਬ ਦੇ ਲੋਕਾਂ ਨੁੰ ਰਾਜਨੀਤੀ ਕਰਨ ਦੇ ਰੂਪ ਵਿੱਚ ਦੇਖਣ ਲੱਗ ਪਈ। ਕਿਉਂਕਿ ਪਹਿਲੀ ਸੰਸਾਰ ਜੰਗ ਸ਼ੁਰੂ ਹੋ ਗਈ ਸੀ ਅਤੇ ਉਹ ਪੰਜਾਬ ਨੂੰ ਫੌਜ ਲਈ ਰਕਰੂਟਾਂ ਦੇ ਇਕ ਖਜਾਨੇ ਵੱਲੋਂ ਵੇਖ ਰਹੀ ਸੀ ! ਇਸ ਲਈ ਗੋਰੀ ਸਰਕਾਰ ਕੌਮੀ ਭਾਵਨਾਵਾਂ ਅਤੇ ਦੇਸ਼ ਦੀ ਆਜ਼ਾਦੀ ਲਈ ਵੱਧ ਰਹੀ ਤਾਂਘ ਨੂੰ ਤੁਰੰਤ ਰੋਕਣਾ ਚਾਹੁੰਦੀ ਸੀ। ਅੰਮ੍ਰਿਤਸਰ ਸ਼ਹਿਰ ਅੰਦਰ ਲਾਹੌਰ ਦੇ ਇਕ ਡਾ: ਸਤਪਾਲ ਅਤੇ ਅੰਮ੍ਰਿਤਸਰ ਦੇ ਪ੍ਰਸਿੱਧ ਵਕੀਲ ਡਾ: ਸੈਫੂਦੀਨ ਕਿਚਲੂ ਨੇ ਕਾਂਗਰਸ ਸੰਮੇਲਨ ਅਯੋਜਿਤ ਕਰਨ ਦੀ ਪਹਿਲ ਕਦਮੀ ਕਰਨ ਦਾ ਬੀੜਾ ਚੁੱਕਿਆ ਸੀ। ਗੋਰੀ ਸਰਕਾਰ ਇਸ ਸੰਮੇਲਨ ਨੂੰ ਇਕ ਗੰਭੀਰ ਚੁਣੌਤੀ ਦੇ ਰੂਪ ਵਿੱਚ ਦੇਖ ਰਹੀ ਸੀ ! ਪਰ ਪੰਜਾਬੀਆਂ ਅੰਦਰ ਆਜ਼ਾਦੀ ਦੀ ਭਾਵਨਾ ਪਹਿਲਾ ਹੀ ਘਰ ਕਰ ਚੁੱਕੀ ਹੋਈ ਸੀ ! ਉਤਰੀ ਅਮਰੀਕਾ ਅੰਦਰ ਪੰਜਾਬੀ ਪ੍ਰਵਾਸੀਆਂ ਵੱਲੋਂ ਆਜ਼ਾਦੀ ਲਈ 1913-14 ਦੌਰਾਨ ਚਲਾਇਆ ਗਦਰ-ਪਾਰਟੀ ਦੀ ਅਗਵਾਈ 'ਚ ਅੰਦੋਲਨ, ' ਜਿਸ ਨੂੰ ਬਰਤਾਨਵੀ ਬਸਤੀਵਾਦੀਆਂ ਨੇ ਬੜੇ ਸ਼ਾਤਰਾਨਾ ਅਤੇ ਕਰੂਰ ਤਰੀਕਿਆਂ ਨਾਲ ਕੁਚਲ ਦਿਤਾ ਸੀ। ਇਸ ਲਈ ਪੰਜਾਬੀਆਂ ਅੰਦਰ ਗੋਰਿਆ ਦੇ ਇਸ ਜ਼ਾਬਰਾਨਾ ਕਦਮ ਵਿਰੁਧ ਇਕ ਰੋਹ ਪੈਦਾ ਹੋਣਾ ਲਾਜ਼ਸੀ ਸੀ ? ਨੌਜਵਾਨਾਂ ਅੰਦਰ ਇਕ ਜੁਝਾਰੂ ਜਜ਼ਬੇ ਨੇ ਵੀ ਜਨਮ ਲਿਆ। ਪੰਜਾਬ ਅੰਦਰ ਫਿਰਕੂ ਏਕਤਾ ਅਤੇ ਆਜ਼ਾਦੀ ਲਈ ਲਗਨ ਕਾਰਨ ਥਾਂ-ਥਾਂ ਲੋਕ ਸੰਘਰਸ਼ ਸ਼ੀਲ ਹੋ ਰਹੇ ਸਨ ! ਲੋਕ ਭਾਵੇਂ ਖਾਮੋਸ਼ ਸਨ, ਪਰ ਇਹ ਖਮੋਸ਼ੀ ਇਕ ਬਰੂਦੀ ਗੋਲਾ ਸੀ ?
    ਰੌਲਟ ਐਕਟ: 1917-18 ਵਿੱਚ ਮੌਟੈਂਗੂ ਨੇ ਹਿੰਦੋਸਤਾਨ ਦਾ ਦੌਰਾ ਕੀਤਾ ਅਤੇ ਜੋ ਰਿਪੋਰਟ ਪੇਸ਼ ਕੀਤੀ, ਉਸ ਮੁਤਾਬਿਕ ਉਸ ਨੇ ਕਿਹਾ ਕਿ ਸਰਕਾਰ ਫਾਈਲਾਂ ਅਤੇ ਜਾਬਤਿਆਂ ਵਿੱਚ ਫੱਸੀ ਹੋਈ ਇਕ ਸਿਆਸੀ ਸੂਝਹੀਣ ਮਸ਼ੀਨ ਹੈ ! ਕਸ਼ੀਦਗੀ ਵਾਲੇ ਸਿਆਸੀ ਮਾਹੌਲ ਨਾਲ ਨਜਿੱਠ ਸੱਕਣਾ ਉਸ ਦੇ ਵੱਸ ਦਾ ਰੋਗ ਨਹੀਂ ? 1919 ਵਾਲੇ ਹਾਲਾਤ ਬੜੀ ਤੇਜ਼ੀ ਨਾਲ ਟਕਰਾਅ ਵੱਲ ਵੱਧ ਰਹੇ ਸਨ ? 22 ਅਪ੍ਰੈਲ 1918 ਨੂੰ ਮੌਂਟੈਗੂ ਚੈਮਸ ਫੋਰਡ ਸਕੀਮ ਉਪਰ ਸ਼ਿਮਲੇ ਸਹੀ ਪਾਈ ਗਈ। 29 ਅਪ੍ਰੈਲ 1918 ਨੂੰ ਬੰਬਈ ਵਿਖੇ ਕਾਂਗਰਸ ਨੇ ਇਸ ਸਕੀਮ ਨੂੰ ਨਿਰਾਸ਼ਾਜਨਕ ਅਤੇ ਨਾ-ਤਸੱਲੀ ਬਖਸ਼ ਦੱਸ ਕੇ ਕਿਹਾ, 'ਕਿ ਸਵਰਾਜ ਤੋਂ ਕੁਝ ਘੱਟ ਨਹੀ ? ਇਸੇ ਸਮੇਂ ਦੌਰਾਨ ਰੂਸੀ ਇਨਕਲਾਬ ਅਤੇ ਅਮਰੀਕਾ ਦੇ ਪ੍ਰਧਾਨ ਵੱਲੋਂ ਛੋਟੀਆਂ ਕੌਮਾਂ ਦੀ ਆਜ਼ਾਦੀ ਦੀ ਰੱਖਿਆ, ਜਿਸ ਨੇ ਹਿੰਦੋਸਤਾਨ ਦੀ ਆਜ਼ਾਦੀ ਦੀ ਲਹਿਰ ਨੂੰ ਉਤਸ਼ਾਹ ਦਿੱਤਾ ! 1918 ਦੇ ਅੰਤਲੇ ਦਿਨਾਂ ਅੰਦਰ ਰੌਲਟ ਐਕਟ ਬਾਰੇ ਦੇਸ਼ ਅੰਦਰ ਬਹਿਸ ਛਿੜ ਪਈ ! ਪਰ 21-ਮਾਰਚ 1919 ਨੂੰ ਰੌਲਟ ਐਕਟ ਪਾਸ ਹੋ ਗਿਆ। ਇਸ ਮੌਕੇ ਗਾਂਧੀ ਜੀ ਨੇ ਕੌਮੀ ਪੱਧਰ ਤੇ ਐਜੀਟੇਸ਼ਨ ਸ਼ੁਰੂ ਕਰਨ ਲਈ ਐਲਾਨ ਕਰ ਦਿੱਤਾ। ਹੜਤਾਲ ਦੀ ਤਾਰੀਕ ਪਹਿਲਾ 30 ਮਾਰਚ 1919 ਤੈਹ ਕੀਤੀ ਜੋ ਬਦਲ ਕੇ 6 ਅਪ੍ਰੈਲ 1919 ਕਰ ਦਿੱਤੀ ਗਈ। ਅੰਮ੍ਰਿਤਸਰ ਵਿੱਚ ਡਾ. ਕਿਚਲੂ ਅਤੇ ਡਾ: ਸਤਪਾਲ ਨੇ, ਲਾਹੌਰ ਵਿੱਚ ਲਾਲਾ ਦੁਨੀਚੰਦ, ਚੌਧਰੀ ਰਾਮਭਜ ਦਤ ਆਦਿ ਵਲੋਂ ਐਜੀਟੇਸ਼ਨ ਦਾ ਐਲਾਨ ਕਰ ਦਿੱਤਾ। ਚੀਫ਼ ਖਾਲਸਾ ਦੀਵਾਨ ਦੇ ਕਰਤਾ ਧਰਤਾ "ਸਰ ਸੁੰਦਰ  ਸਿੰਘ ਮਜੀਠੀਆ" ਨੇ ਇਸ ਐਕਸ਼ਨ ਦੀ ਪੁਰਜ਼ੋਰ ਨਿਖੇਧੀ ਕੀਤੀ । 6-ਅਪ੍ਰੈਲ ਲਗਪਗ ਸਾਰੇ ਦੇਸ਼ ਅੰਦਰ ਮੁਕੰਮਲ ਹੜਤਾਲ ਹੋਈ ਜੋ ਸਮੁੱਚੇ ਦੇਸ਼ ਵਾਸੀਆਂ ਦੇ ਏਕੇ ਦਾ ਸਬੂਤ ਸੀ। ਪੰਜਾਬ ਅੰਦਰ ਸਿੱਖਾਂ, ਹਿੰਦੂਆਂ ਅਤੇ ਮੁਸਲਾਮਾਨਾਂ ਦੇ ਹੋਏ ਏਕੇ ਕਾਰਨ ਗੋਰੀ ਸਰਕਾਰ ਨੂੰ ਹੱਥਾਂ ਪੈਰਾ ਦੀ ਪੈ ਗਈ ? 9-ਅਪ੍ਰੈਲ ਨੂੰ ਗਾਂਧੀ ਜੀ ਨੂੰ ਪੰਜਾਬ ਵਲ ਆਉਂਦਿਆਂ ਪਲਵਲ ਦੇ ਮੁਕਾਮ ਤੇ ਰੋਕ ਕੇ ਗ੍ਰਿਫਤਾਰ ਕਰ ਲਿਆ।
    ਜਿਥੋਂ ਤਕ ਪੰਜਾਬ ਦਾ ਸਵਾਲ ਹੈ, 4-ਅਪ੍ਰੈਲ ਨੂੰ ਡਾ: ਕਿਚਲੂ ਅਤੇ ਡਾ: ਸਤਪਾਲ ਨੂੰ ਜਲਸਿਆਂ 'ਚ ਬੋਲਣ ਦੀ ਮਨਾਹੀ ਕਰ ਦਿੱਤੀ ਗਈ। 6-ਅਪੈਲ 1919 ਨੂੰ ਹੜਤਾਲ ਨੂੰ ਸਫਲ ਬਣਾਉਣ ਲਈ ਸਾਰੇ ਸ਼ਹਿਰ ਅੰਦਰ ਇਸ਼ਤਿਹਾਰ ਲਾਏ ਗਏ। ਸ਼ਹਿਰ ਅੰਦਰ ਹਿੰਦੂ, ਸਿੱਖ ਅਤੇ ਮੁਸਲਮਾਨ ਭਾਈਚਾਰੇ ਦਾ ਮੁਕੰਮਲ ਏਕਾ ਸੀ! ਉਸੇ ਦਿਨ ਇਕ ਜਲਸਾ ਕੀਤਾ ਗਿਆ ਜਿਸ ਵਿੱਚ 50-ਹਜ਼ਾਰ ਦੇ ਹਜੂਮ ਦੀ ਗਿਣਤੀ ਸੀ ਤੇ ਇਸ ਜਲਸੇ ਦੀ ਸਦਾਰਤ ਅਬਦੁਲ ਇਸਲਾਮ ਨੇ ਕੀਤੀ। ਬਹੁਤ ਸਾਰੇ ਮੱਤੇ ਜੋ ਹੋਰਨਾਂ ਤੋਂ ਬਿਨਾਂ ਰੌਲਟ ਐਕਟ  ਨੂੰ ਮਨਜ਼ੂਰੀ ਨਾ ਦੇਣ ਸਬੰਧੀ ਪਾਸ ਕੀਤੇ ਗਏ। 5-ਅਪ੍ਰੈਲ ਨੂੰ ਸਾਰੇ ਅੰਮ੍ਰਿਤਸਰ ਵਾਸੀਆਂ ਵਲੋਂ ਮਿਲ ਕੇ ਰਾਮ-ਨੌਮੀ ਦਾ ਤਿਉਹਾਰ ਵੀ ਮੰਨਾਇਆ ਗਿਆ। ਹਿੰਦੂ, ਮੁਸਲਮਾਨ ਤੇ ਸਿੱਖ ਭਾਈਚਾਰੇ ਦੇ ਏਕਤਾ ਦੇ ਜਲੂਸ ਨੂੰ ਚੌਧਰੀ ਬੁੱਘੇ ਨੇ ਬਕਾਇਦਾ ਬੰਧੇਜ ਵਿੱਚ ਕਾਇਮ ਰੱਖਿਆ ਤੇ ਕੋਈ ਅਣਸੁਖਾਈ ਘਟਨਾ ਨਹੀਂ ਵਾਪਰੀ। ਸ਼ਹਿਰ ਦੇ ਕੱਟੜਾ ਆਹਲੂਵਾਲੀਆ ਅੰਦਰ ਅਲਾਹਾਬਾਦ ਬੈਂਕ ਦੇ, ਬਰਾਂਡੇ ਵਿੱਚ ਮਿ: ਇਰਵਿੱਗ ਡੀ.ਸੀ. ਜਲੂਸ ਨੂੰ ਤੱਕਦਾ ਰਿਹਾ, ਅਤੇ ਲੋਕ ਗਾਂਧੀ  ਦੀ ਜੈ, ਕਿਚਲੂ ਜੀ ਦੀ ਜੈ, ਸਤਪਾਲ ਜੀ ਦੀ ਜੈ ਦੇ ਨਾਹਰੇ ਲਾ ਰਹੇ ਸਨ। ਜਦਕਿ ਬਾਦਸ਼ਾਹ ਨੂੰ ਰੱਬ ਸਲਾਮਤ ਰੱਖੇ ਦੀ ਧੁੰਨੀ ਵਜਾਈ ਗਈ। ਜਲੂਸ ਅੰਦਰ ਜਦੋਂ ਮੁਸਲਮ-ਰਜ਼ਾਕਾਰਾਂ ਦੀ ਆਖਰੀ ਟੁਕੜੀ ਗੁਜ਼ਰ ਰਹੀ ਸੀ ਤੇ ਲੋਕ ਤਾੜੀਆਂ ਮਾਰ ਰਹੇ ਸਨ ਤਾਂ ਡਿਪਟੀ ਕਮਿਸ਼ਨਰ ਬਹੁਤ ਸਟਪਟਾਇਆ।    9-ਅਪ੍ਰੈਲ ਨੂੰ ਡੀ.ਸੀ. ਨੂੰ ਪੰਜਾਬ ਦੇ ਗਵਰਨਰ ਦਾ ਹੁਕਮ ਆਇਆ, 'ਕਿ ਡਾ: ਕਿਚਲੂ  ਅਤੇ ਡਾ: ਸਤਪਾਲ ਨੂੰ ਅੰਮ੍ਰਿਤਸਰ ਤੋਂ ਬਦਰ ਕਰ ਦਿੱਤਾ ਜਾਵੇ ? ਸ਼ਾਮ ਨੂੰ ਡੀ.ਸੀ. ਦੀ ਕੋਠੀ ਸਾਰੇ ਅਫਸਰਾਂ ਦੀ ਮੀਟਿੰਗ ਸੱਦ ਕੇ ਸ਼ਹਿਰ ਅੰਦਰ ਸਾਰਾ ਫੌਜੀ ਤੇ ਪੁਲੀਸ ਬੰਦੋਬਸਤ ਕਰਕੇ ਡਿਊਟੀਆਂ ਲਾ ਦਿੱਤੀਆਂ। ਕਿਉਂਕਿ ਗੋਰੀ ਸਰਕਾਰ ਨੂੰ ਡਰ ਸੀ ਕਿ ਆਗੂਆਂ ਦੀ ਗ੍ਰਿਫਤਾਰੀ ਕਾਰਨ ਹਲਾਤਾਂ ਨਾਲ ਨਿਠਣ ਲਈ ਰੋਹ 'ਚ ਆਏ ਸ਼ਹਿਰ ਵਾਸੀਆਂ ਨੂੰ ਸਿਝਣ ਲਈ ਫੌਜੀ ਬੰਦੋਬਸਤ ਤਿਆਰ-ਬਰ-ਤਿਆਰ ਰਹੇ। ਰੇਲਵੇ ਲਾਂਘੇ, ਅਤੇ ਥਾਂ-ਥਾਂ ਨਾਕੇ ਲਾਏ ਗਏ। ਕੈਪਟਨ ਮੈਸੀ ਨੇ ਆਪ੍ਰੇਸ਼ਨ ਲਈ ਮਸ਼ੀਨ ਗੰਨਾਂ ਅਤੇ ਤੋਪਾਂ ਆਦਿ ਬੀੜਨ ਦੀ ਜ਼ਿੰਮੇਵਾਰੀ ਲਈ।
    10-ਅਪ੍ਰੈਲ 1919 ਨੂੰ ਸਾਰੇ ਬੰਦੋਬਸਤ ਮੁਕੰਮਲ ਕਰਕੇ ਡਾ: ਸਤਪਾਲ ਅਤੇ ਡਾ: ਕਿਚਲੂ ਨੂੰ ਕੋਠੀ ਸੱਦਿਆ ਗਿਆ ਤੇ ਸਰਕਾਰੀ ਹੁਕਮ ਦਿਖਾਕੇ ਪੰਜਾਬ ਤੋਂ ਬਾਹਰ ਭੇਜਣ ਦੇ ਹੁਕਮ ਕਰਕੇ ਮੋਟਰ ਕਾਰ ਰਾਹੀਂ ਦੋਨੋ ਆਗੂਆਂ ਨੂੰ ਧਰਮਸ਼ਾਲਾ ਵੱਲ ਤੋਰ ਦਿੱਤਾ। ਲੀਡਰਾਂ ਦੀ ਗ੍ਰਿਫਤਾਰੀ ਦੀ ਖਬਰ ਜਿਉਂ ਹੀ ਸ਼ਹਿਰ ਵਿੱਚ ਫੈਲੀ, 11-ਵਜੇ ਸ਼ਹਿਰ ਅੰਦਰ ਸਾਰਾ ਕਾਰੋਬਾਰ ਠੱਪ ਹੋ ਗਿਆ। ਲੋਕ ਪਹਿਲਾ ਹੀ ਗਾਂਧੀ ਜੀ ਦੀ ਗ੍ਰਿਫਤਾਰੀ ਤੋਂ ਰੋਹ ਵਿੱਚ ਸਨ। ਉਪਰੋਕਤ ਖਬਰ ਸੁਣ ਕੇ ਸ਼ਹਿਰ ਅੰਦਰ ਹਜੂਮ ਇਕੱਠਾ ਹੋ ਗਿਆ ਅਤੇ 50-ਹਜ਼ਾਰ ਦੇ ਹਜੂਮ ਦਾ ਇਕੱਠ "ਬੁੱਗਾ ਤੇ ਰੱਤੋ" ਦੀ ਅਗਵਾਈ 'ਚ ਰੇਲਵੇ ਦੇ ਉਚੇ ਪੁਲ ਦੇ ਰਸਤੇ ਡੀ.ਸੀ. ਦੀ ਰਿਹਾਇਸ਼ ਵੱਲ ਵੱਧਣ ਲੱਗ ਪਿਆ। ਲੋਕ ਰੋਹ 'ਚ, ਨਾਹਰੇ ਮਾਰਦੇ ਅਤੇ ਗੋਰੀ ਸਰਕਾਰ ਵਿਰੁੱਧ ਰੋਸ ਪ੍ਰਗਟ ਕਰਦੇ ਅੱਗੇ ਵੱਧ ਰਹੇ ਸਨ। ਸਰਕਾਰ ਨੇ ਹਜੂਮ ਨੂੰ ਸਿਵਲ ਲਾਈਨ ਵੱਲ ਜਾਣ ਤੋਂ ਰੋਕਣ ਲਈ ਪੁਲੀਸ, ਘੋੜ ਸਵਾਰ, ਹਥਿਆਰ ਬੰਦ ਦਸਤੇ ਤਾਇਨਾਤ ਕਰ ਦਿੱਤੇ। ਹਜੂਮ ਪਾਲਾ ਬੰਨ ਕੇ ਅੱਗੇ ਵੱਧ ਰਿਹਾ ਸੀ ਅਤੇ ਉਨ੍ਹਾਂ ਪਾਸ ਕੋਈ ਹਥਿਆਰ ਨਹੀਂ ਸੀ। ਜਦੋਂ ਲੋਕ ਅੱਗੇ ਵੱਧੇ ਤਾਂ ਪੁਲੀਸ ਨੇ ਗੋਲੀ ਚਲਾ ਦਿੱਤੀ। ਬਹੁਤ ਸਾਰੇ ਲੋਕ ਮਾਰੇ ਗਏ ਅਤੇ ਕਈ ਜ਼ਖਮੀ ਹੋ ਗਏ। ਜਦੋਂ ਲੋਕ ਫਿਰ ਵੀ ਅੱਗੇ ਵੱਧੇ ਤਾਂ ਫੌਜ ਨੇ ਫਿਰ ਗੋਲੀ ਚਲਾ ਦਿੱਤੀ। ਇਸ ਵਾਰ ਦੋ ਦਰਜਨ ਲੋਕ ਮਾਰੇ ਗਏ ਤੇ ਬਹੁਤ ਸਾਰੇ ਜ਼ਖਮੀ ਹੋ ਗਏ। ਗੋਰੀ ਸਰਕਾਰ ਨੇ ਜ਼ਖ਼ਮੀਆਂ ਨੂੰ ਹਸਪਤਾਲ ਭੇਜਣ ਤੋਂ ਸਟਰੈਚਰ ਵੀ ਰੋਕ ਦਿੱਤੇ। ਲੋਕ ਹੋਰ ਰੋਹ ਅਤੇ ਗੁੱਸੇ 'ਚ ਆ ਗਏ । ਹਾਕਮਾਂ ਦੇ ਇਸ ਰਵੱਈਏ ਕਾਰਨ ਹਜੂਮ ਮਰਨ-ਮਾਰਨ ਲਈ ਤਿਆਰ ਹੋ ਗਿਆ ਜਿਵੇਂ ਹੋਣਾ ਹੀ ਸੀ ? ਭੀੜ ਕੰਟਰੋਲ ਤੋਂ ਬਾਹਰ ਹੋ ਗਈ ਅਤੇ ਮਾਰ-ਧਾੜ ਸ਼ੁਰੂ ਹੋ ਗਈ। ਜਿਸ ਲਈ ਸਰਕਾਰ ਪੂਰੀ ਤਰ੍ਹਾਂ ਜ਼ਿੰਮੇਵਾਰ ਸੀ ? ਕਈ ਅੰਗਰੇਜ਼ ਅਤੇ ਇਕ ਮਿਸ਼ਨਰੀ ਲੇਡੀ ਵੀ ਭੀੜ ਦਾ ਸ਼ਿਕਾਰ ਬਣੀ। ਸਾਰੇ ਸ਼ਹਿਰ ਅੰਦਰ ਅੱਗਜ਼ਨੀ, ਲੁੱਟਮਾਰ ਅਤੇ ਮਾਰਧਾੜ ਫੈਲ ਗਈ। ਸਰਕਾਰੀ ਬਿਆਨਾਂ ਅਨੁਸਾਰ 10 ਅਪ੍ਰੈਲ ਨੂੰ ਮਰਨ ਵਾਲਿਆਂ ਦੀ ਗਿਣਤੀ 12 ਅਤੇ ਜ਼ਖਮੀਆਂ ਦੀ ਗਿਣਤੀ 20-30 ਦੱਸੀ ਗਈ, ਜਦਕਿ ਮਕਬੂਲ ਅਹਿਮਦ ਇਨਕੁਆਰੀ ਰਿਪੋਰਟ ਅਨੁਸਾਰ ਮਰਨ ਵਾਲਿਆਂ ਦੀ ਗਿਣਤੀ 20-30 ਦੱਸੀ ਗਈ ਸੀ।
    ਮਾਰਸ਼ਲ-ਲਾਅ ਕਮਿਸ਼ਨ ਦੇ ਲੈਫਟੀਨੈਂਟ-ਕਰਨਲ ਅਨੁਸਾਰ ਜੇ ਭੀੜ ਨੂੰ ਪਹਿਲੀ ਸਟੇਜ ਉਪਰ ਹੀ ਸਿਆਣਪ ਨਾਲ ਨਿਪਟਿਆ ਜਾਂਦਾ ਤਾਂ ਜਾਨੀ-ਮਾਲੀ ਨੁਕਸਾਨ ਰੋਕਿਆ ਜਾ ਸਕਦਾ ਸੀ। ਮਿ: ਮਾਈਲਜ਼ ਇਰਵਿੰਗ ਨੇ ਸ਼ਹਿਰ ਨੂੰ ਫੌਜ ਦੇ ਹਵਾਲੇ ਕਰਕੇ ਜਨਰਲ ਡਾਇਰ ਜੋ ਜਲੰਧਰ ਤੋਂ ਆਇਆ ਸੀ ਦੇ ਹਵਾਲੇ ਕਰ ਦਿੱਤਾ। ਅੰਮ੍ਰਿਤਸਰ ਸ਼ਹਿਰ ਅੰਦਰ ਪ੍ਰਸ਼ਾਸਨ ਦੀ ਵਧੀਕੀ ਅਤੇ ਭਾਰੀ ਗੋਲੀ-ਵਾਰੀ ਕਾਰਨ ਸਾਰੇ ਪੰਜਾਬ ਅੰਦਰ ਲੋਕਾਂ ਦਾ ਗੁੱਸਾ ਵੱਧ ਗਿਆ। ਸਾਰੇ ਥਾਵਾਂ ਤੇ ਰੋਸ, ਹੜਤਾਲਾਂ ਅਤੇ ਲੋਕ ਰੋਹ ਭੜਕ ਪਏ।

    ਜੱਲ੍ਹਿਆ ਵਾਲੇ ਬਾਗ ਦੀ ਘਟਨਾ: ਅੰਮ੍ਰਿਤਸਰ ਘਟਨਾ ਦੀ ਇਤਲਾਹ ਪੰਜਾਬ ਦੇ ਲੈਫ:ਗਵਰਨਰ ਵੱਲੋਂ 12 ਅਪ੍ਰੈਲ ਨੂੰ ਸ਼ਿਮਲੇ ਭੇਜੀ ਗਈ। ਜਵਾਬ 'ਚ ਹਦਾਇਤ ਮਿਲੀ ਕਿ ਜੇਕਰ ਫੌਜ ਨੂੰ ਗੋਲੀ ਚਲਾਉਣੀ ਪਈ ਤਾਂ ਮਿਸਾਲੀ ਹੋਣੀ ਚਾਹੀਦੀ ਹੈ। ਇਨ੍ਹਾਂ ਉਪਰੋਕਤ ਘਟਨਾਵਾਂ ਤੋਂ ਪਤਾ ਚਲਦਾ ਹੈ, 'ਕਿ ਸਮੁੱਚੀ ਗੋਰੀ ਸਰਕਾਰ ਲੋਕਾਂ ਨੂੰ ਸਬਕ ਸਿਖਾਉਣ ਲਈ ਪੂਰੀ ਤਰ੍ਹਾਂ ਵਹਿਸ਼ੀਆਨਾ ਅਤੇ ਹਰ ਤਰ੍ਹਾਂ ਦੇ ਬਲ ਦਾ ਪ੍ਰਯੋਗ ਕਰਕੇ ਪਹਿਲਾਂ ਹੀ ਤਿਆਰ ਬੈਠੀ ਹੋਈ ਸੀ। ਜੱਲ੍ਹਿਆ-ਵਾਲੇ ਬਾਗ਼ ਦੀ ਘਟਨਾ ਉਪਰੋ ਲੈਕੇ ਹੇਠਾਂ ਤਕ ਅੰਗਰੇਜ਼ੀ ਹਾਕਮਾਂ ਨੇ ਪਹਿਲਾ ਹੀ 24 ਘੰਟੇ ਕੱਥੀ ਹੋਈ ਸੀ ? 12-ਅਪ੍ਰੈਲ ਸ਼ਾਮ ਨੂੰ ਜਨਰਲ-ਡਾਇਰ ਨੇ ਸ਼ਹਿਰ ਅੰਦਰ ਸਾਰੀਆਂ ਮੀਟਿੰਗਾਂ ਨੂੰ ਬੰਦ ਕਰਨ ਦਾ ਐਲਾਨ ਕੀਤਾ, ਪਰ ਇਸ ਦੀ ਇਤਲਾਹ ਸ਼ਹਿਰ ਦੇ ਸਾਰੇ ਹਿੱਸਿਆ ਵਿੱਚ ਨਹੀਂ ਪੁੱਜੀ। ਜਦਕਿ ਲੋਕਾਂ ਵੱਲੋਂ 13-ਅਪ੍ਰੈਲ ਨੂੰ ਜੱਲ੍ਹਿਆਂ-ਵਾਲਾ ਬਾਗ ਅੰਦਰ ਜਲਸਾ ਕਰਨ ਦਾ ਢੰਡੋਰਾ ਪਿਟਿਆ ਜਾ ਚੁੱਕਾ ਸੀ ? 13-ਅਪ੍ਰੈਲ ਨੂੰ ਇਕ ਵੱਜੇ ਡਾਇਰ ਨੂੰ ਪਤਾ ਚਲ ਗਿਆ ਕਿ ਸ਼ਾਮ ਸਾਢੇ ਚਾਰ ਵੱਜੇ ਬਾਗ ਅੰਦਰ ਜਲਸਾ ਕੀਤਾ ਜਾ ਰਿਹਾ ਹੈ। ਡਾਇਰ ਨੇ ਇਸ ਨੂੰ ਆਪਣੇ ਹੁਕਮਾਂ ਦੀ ਖਿਲਾਫ ਵਰਜੀ ਸਮਝੀ ਅਤੇ ਫੌਜੀਆਂ ਦਾ ਮੁਸੱਲਾ ਦਸਤਾ ਜੋ ਪੂਰੀ ਤਰ੍ਹਾਂ ਲੈਸ ਸੀ ਲੈ ਕੇ ਜਲਸੇ ਵਾਲੀ ਥਾਂ ਪੁੱਜ ਗਿਆ।
    13 ਅਪ੍ਰੈਲ ਵਿਸਾਖੀ ਦਾ ਦਿਨ ਸੀ। ਇਸ ਮੇਲੇ ਤੇ ਬਹੁਤ ਸਾਰੇ ਸ਼ਰਧਾਲੂ, ਪਸ਼ੂ ਮੰਡੀ ਅਤੇ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਲਈ ਦੂਰੋ ਦੂਰੋ ਸ਼ਹਿਰ ਪੁਜੇ ਹੋਏ ਸਨ। ਬਹੁਤ ਸਾਰੇ ਲੋਕ ਸਸਤਾਉਣ ਲਈ ਹਰਿਮੰਦਰ ਸਾਹਿਬ ਦੇ ਲਾਗੇ ਜੱਲ੍ਹਿਆਂਵਾਲੇ ਬਾਗ ਦੀ ਖੁਲ੍ਹੀ ਜਗਾ ਆਰਾਮ ਕਰਨ ਲਈ ਬੈਠੇ ਹੋਏ ਸਨ। ਇਕ ਅਨੁਮਾਨ ਅਨੁਸਾਰ 25-ਹਜ਼ਾਰ ਤੋਂ ਵੱਧ ਭੀੜ ਇਸ ਬਾਗ਼ ਵਿੱਚ ਇਕੱਠੀ ਹੋਈ ਸੀ। ਬਾਗ ਅੰਦਰ ਸ਼ਹਿਰੀਆਂ ਵੱਲੋ ਜਲਸਾ ਹੋ ਰਿਹਾ ਸੀ ਅਤੇ ਆਗੂ ਭਾਸ਼ਣ ਕਰ ਰਹੇ ਸਨ। ਤੁਰੰਤ ਬਿਨਾਂ ਕਿਸੇ ਭੜਕਾਹਟ ਅਤੇ ਵਾਰਨਿੰਗ ਦੇ ਜਨਰਲ ਡਾਇਰ ਆਪਣੇ ਫੌਜੀ ਦਸਤਿਆਂ ਨਾਲ ਬਾਗ ਦੇ ਇਕੋ ਇਕ ਰਸਤੇ, ਜੋ ਭੀੜਾ ਸੀ ਰਾਹੀਂ ਬੜੀ ਬੇਦਿਲੀ, ਮਾਯੂਸੀ ਅਤੇ ਸਬਕ ਸਿਖਾਉਣ ਦੀ ਮਨਸਾਂ ਨਾਲ ਫੌਜੀ ਦਸਤਿਆਂ ਨਾਲ ਅੰਦਰ ਦਾਖਲ ਹੋ ਕੇ ਪੁਜੀਸ਼ਨਾਂ ਲੈ ਕੇ ਮਸ਼ੀਨ ਗੰਨਾਂ ਜੋ ਪਹਿਲਾ ਹੀ ਭਰੀਆ ਹੋਈ ਸਨ, ਇਕੱਠ ਵਲ ਗੋਲੀ ਦਾ ਹੁਕਮ ਦੇ ਦਿੱਤਾ। 10-15 ਮਿੰਟ ਗੋਲੀਆਂ ਚਲਦੀਆਂ ਰਹੀਆਂ ਅਤੇ ਕੁਲ 1650 ਰੌਂਦ ਚਲਾਏ ਗਏ। ਡਾਇਰ ਵੱਲੋਂ ਇਹ ਗੋਲੀ ਉਨਾਂ ਚਿਰ ਚਲਾਉਣੀ ਜਾਰੀ ਰੱਖੀ ਜਿਨਾਂ ਚਿਰ ਰੌਂਦ ਮੁਕ ਨਾ ਗਏ। ਕਿਉਂਕਿ ਬਾਗ ਦਾ ਇਕ ਹੀ ਰਸਤਾ ਸੀ, 'ਹਰ ਪਾਸੇ ਮਨੁੱਖੀ ਲਾਸ਼ਾ ਅਤੇ ਜਖ਼ਮੀਆਂ ਦੇ ਢੇਰ ਲੱਗੇ ਹੋਏ ਸਨ। ਬਹੁਤ ਸਾਰੇ ਲੋਕ ਬਚਦੇ ਇਕ ਖੂਹ ਵਿੱਚ ਡਿਗ ਕੇ ਮਰ ਗਏ। 13-ਅਪ੍ਰੈਲ 1919 ਦੀ ਇਹ ਘਟਨਾ ਦੁਨੀਆਂ ਅੰਦਰ ਸਾਮਰਾਜੀ ਬਰਤਾਨਵੀ ਬਸਤੀਵਾਦੀਆਂ ਦੇ ਕਹਿਰ ਦੀ ਹੱਦੋ ਵੱਧ ਕਾਇਰਤਾ, ਬੁਜ਼ਦਿਲੀ ਅਤੇ ਨਸਲਪ੍ਰਸਤੀ ਦੀ ਬਰਬਰਤਾ ਵਾਲੀ ਅਸੱਭਿਅਕ ਕਰਤੂਤ ਸੀ।
    "25-ਅਗਸਤ 1919 ਨੂੰ ਡਾਇਰ ਦੇ ਆਪਣੇ ਬਿਆਨ 'ਕਿ ਮੈਂ ਫਾਇਰ ਕੀਤਾ ਅਤੇ ਉਨਾ ਚਿਰ ਕਰਦਾ ਰਿਹਾ ਜਿੰਨਾ ਚਿਰ ਸਾਰਾ ਹਜੂਮ ਤਿੱਤਰ ਬਿੱਤਰ ਨਾ ਹੋ ਗਿਆ।"
    ਫਾਇਰ ਬੰਦ ਹੋਣ ਬਾਦ ਫੌਜੀ ਦਸਤੇ ਜੋ ਡਾਇਰ ਦੀ ਅਗਵਾਈ ਵਿੱਚ ਗੋਰਖੇ ਸਿਪਾਹੀ ਤੇ ਕੁਝ ਗੋਰੇ ਫੌਜੀ ਅਫਸਰ ਸਨ, 'ਵਾਪਸ ਪਰਤ ਗਏ। ਬਾਗ ਅੰਦਰ ਮਨੁੱਖੀ ਲਾਸ਼ਾਂ, ਜ਼ਖ਼ਮੀ ਅਤੇ ਮੌਤ ਤੇ ਮੂੰਹ ਤੋਂ ਬਚੇ ਲੋਕੀ ਹਾਏ ਪਾਣੀ, ਹਾਏ ਪਾਣੀ ਦੀ ਪੁਕਾਰ ਕਰ ਰਹੇ ਸਨ ! ਪਰ ਪਾਣੀ ਦੇਣ ਵਾਲਾ ਕੋਈ ਨਹੀਂ ਸੀ ! ਹਰ ਪਾਸੇ ਦਹਿਸ਼ਤ ਅਤੇ ਖੌਫ਼ਜ਼ਦਾ ਦਾ ਮਾਹੌਲ ਸੀ। ਕੁਝ ਲੋਕਾਂ, ਜੱਥੇਬੰਦੀਆਂ ਅਤੇ ਵਲੰਟੀਅਰਾਂ ਨੇ ਸਾਰੀ ਰਾਤ ਲਾਸ਼ਾਂ ਸਾਂਭਣ ਅਤੇ ਜ਼ੁਖ਼ਮੀਆਂ ਦੀ ਦੇਖਭਾਲ ਦੀ ਡਿਊਟੀ ਨਿਭਾਈ। ਸਾਰੀ ਰਾਤ ਜਿਵੇਂ ਜਿਵੇਂ ਲੋਕਾਂ ਨੂੰ ਇਸ ਵਾਰਦਾਤ ਦਾ ਪਤਾ ਚੱਲਿਆ,'ਲੋਕ ਆਪਣੇ ਵਾਰਸਾਂ ਦੀ ਭਾਲ ਵਿੱਚ ਬਾਗ ਵਲ ਜਾਂਦੇ ਰਹੇ! ਮਰਨ ਵਾਲੇ, ਜ਼ਖਮੀ ਅਤੇ ਗਵਾਚੇ ਤੇ ਨਾਮਲੂਮ ਲੋਕਾਂ ਬਾਰੇ ਸਰਕਾਰ ਤੋਂ ਬਿਨ੍ਹਾਂ ਤੇ ਗੈਰ ਸਰਕਾਰੀ ਇਨਕੁਆਰੀ ਕਮੇਟੀਆਂ ਦੀਆਂ ਵੱਖੋ ਵੱਖ ਰਿਪੋਰਟਾਂ ਸਾਹਮਣੇ ਆਈਆਂ ? ਮਰਨ ਵਾਲੇ ਸਿੱਖ, ਹਿੰਦੂ, ਮੁਸਲਮਾਨ, ਇਸਤਰੀਆਂ ਅਤੇ ਬੱਚੇ ਸਨ। ਇਕ ਰਿਪੋਰਟ ਅਨੁਸਾਰ 406 ਮਰਨ ਵਾਲੇ ਲੋਕਾਂ ਦੀ ਜਾਣਕਾਰੀ ਹੀ ਮਿਲਦੀ ਹੈ। ਜਿਨ੍ਹਾਂ ਵਿੱਚ 42 ਛੋਟੇ-ਛੋਟੇ ਬੱਚੇ ਅਤੇ ਇਕ ਬੱਚਾ ਕੇਵਲ 7-ਮਹੀਨੇ ਦਾ ਸੀ ਜੋ ਸਾਮਰਾਜੀਆਂ ਦੀ ਗੋਲੀ ਦਾ ਸ਼ਿਕਾਰ ਹੋਇਆ ਸੀ।
    ਜੱਲਿਆ-ਵਾਲੇ ਬਾਗ ਦੇ ਸਾਕੇ ਬਾਦ ਸ਼ਹਿਰ 'ਚ ਮਾਰਸ਼ਲ ਲਾਅ ਅਤੇ ਕਰਫਿਊ ਲਾ ਦਿੱਤਾ ਜੋ, 4-ਜੂਨ 1919 ਤੱਕ ਜਾਰੀ ਰਿਹਾ। ਇਸ ਕਹਿਰ ਸਮੇਂ ਲੋਕਾਂ ਦੀ ਕੁੱਟਮਾਰ, ਬੈਂਤ ਮਾਰਨੇ, ਗਲੀਆਂ 'ਚ ਸ਼ਹਿਰੀਆਂ ਨੂੰ ਢਿੱਡ ਪਰਨੇ ਚੱਲਣ ਦੇ ਹੁਕਮ, ਗੋਰਿਆ ਨੂੰ ਸਲਾਮੀ ਕਰਨੀ, ਝੂਠੇ ਕੇਸ ਬਣਾਉਣੇ, ਇਸਤਰੀਆਂ ਨੂੰ ਵੀ ਰੀਂਗ ਕੇ ਚੱਲਣ ਲਈ ਹੁਕਮ ਕੀਤੇ ਗਏ। ਲੋਕਾਂ ਨੂੰ ਟੱਟੀ-ਪੇਸ਼ਾਬ ਤੋਂ ਰੋਕਣਾ ਆਦਿ ਸਜ਼ਾਅ ਵਾਲਾ ਮਾਹੌਲ 8-ਦਿਨ ਜਾਰੀ ਰਿਹਾ। ਪੰਜਾਬ ਦੇ ਪੰਜ ਜ਼ਿਲ੍ਹਿਆਂ 'ਚ ਮਾਰਸ਼ਲ ਲਾਇਆ ਗਿਆ। ਕਰਨਲ ਜੌਹਨਸਟਨ 5-ਅਪ੍ਰੈਲ ਤੋਂ 29-ਮਈ ਤਕ ਲਾਹੌਰ ਮਾਰਸ਼ਲ ਲਾਅ ਦਾ ਕਰਤਾ-ਧਰਤਾ ਸੀ। ਲਾਡਰ ਚੈਮਸਫੋਰਟ ਅਤੇ ਮਾਈਕਲ ਉ-ਡਵਾਇਰ ਨੇ 13-ਅਪ੍ਰੈਲ ਦੇ ਸਾਕੇ ਤੋਂ ਬਾਅਦ ਪੰਜਾਬ ਦੀੇ ਲੋਕਾਂ ਦੀ ਕੋਈ ਸਾਰ ਨਹੀਂ ਲਈ। ਪੰਜਾਬ ਅੰਦਰ ਅੰਮ੍ਰਿਤਸਰ ਅਤੇ ਬਾਕੀ ਥਾਵਾਂ ਤੇ ਸੈਂਸਰ ਹੱਟਣ ਬਾਅਦ ਹੀ ਦੇਸ਼ ਦੇ ਬਾਕੀ ਹਿੱਸਿਆਂ 'ਚ ਜਦ ਖਬਰਾਂ ਪੁਜੀਆਂ, 'ਤਾਂ ਲੋਕ ਦਬਾਅ ਕਾਰਨ ਗੋਰਿਆ ਦੇ ਜ਼ੁਲਮ ਤੇ ਤਸ਼ੱਦਦ ਵਿਰੁਧ ਬਹੁਤ ਸ਼ੋਰ-ਸ਼ਰਾਬਾ ਹੋਇਆ। ਸਰਕਾਰ ਵਿਰੁਧ ਅਤੇ ਕਸੂਰਵਾਰ ਅਫਸਰਾਂ ਦੇ ਵਿਰੁਧ ਐਕਸ਼ਨ ਲੈਣ ਲਈ ਆਖਰ ਸਰਕਾਰ ਨੇ ਲੋਕਾਂ ਦਾ ਮੂੰਹ ਪੂੰਝਣ ਲਈ "ਹੰਟਰ ਪੜਤਾਲੀਆ ਕਮੇਟੀ"ਬਣਾਈ ਜੋ ਸਰਕਾਰੀ ਤਰਜ਼ਮਾਨੀ ਕਰਦੀ ਸੀ।
    ਕੁਲ ਹਿੰਦ ਕਾਂਗਰਸ ਕਮੇਟੀ ਨੇ ਪੰ: ਮੋਤੀ ਲਾਲ ਨਹਿਰੂ ਦੀ ਪ੍ਰਧਾਨਗੀ ਹੇਠ ਇਕ ਕਮੇਟੀ ਦਾ ਵੀ ਗਠਨ ਕੀਤਾ। ਕਵੀ ਰਾਬਿੰਦਰ ਨਾਥ ਟੈਗੋਰ ਨੇ ਸਰ ਦਾ ਖਿਤਾਬ ਵਾਪਸ ਕਰ ਦਿੱਤਾ। ਪੰਜਾਬ ਦੇ ਲੋਕਾਂ ਨਾਲ ਗੋਰਿਆ ਦੇ ਇਸ ਕਾਇਰਤਾ ਪੂਰਨ ਅਤੇ ਬਰਬਰਤਾ ਵਾਲੇ ਵਿਵਹਾਰ ਵਿਰੁਧ ਸਾਰੀ ਦੁਨੀਆਂ 'ਚ ਹਾ-ਹਾ-ਕਾਰ ਮੱਚਿਆ ਹੋਇਆ ਸੀ। ਉਥੇ ਹਿੰਦੁਸਤਾਨ ਅੰਦਰ ਬਸਤੀਵਾਦੀ ਸਾਮਰਾਜ ਨੂੰ ਬਚਾਉਣ ਲਈ ਮੋਰਨਿੰਗ ਪੋਸਟ ਅਖਬਾਰ ਨੇ ਜਨਰਲ-ਡਾਇਰ ਨੂੰ ਸ਼ਹਿਨਸ਼ਾਹ ਦੀ ਖਿਦਮਤ ਕਰਨ ਲਈ 30,000 ਪੌਂਡ ਇੱਕਠੇ ਕਰਕੇ ਦਿੱਤੇ। ਹਿੰਦ ਸਰਕਾਰ ਤੇ ਪੰਜਾਬ ਸਰਕਾਰ ਨੇ ਜ਼ਖ਼ਮੀ ਹੋਣ ਵਾਲੇ (ਅੰਮ੍ਰਿਤਸਰ ਲਈ) ਗੋਰਿਆ ਨੂੰ 43,250 ਰੁਪਏ ਸਹਾਇਤਾ, ਮਾਰੇ ਜਾਣ ਵਾਲਿਆ ਨੂੰ 4,00,321.26 ਰੁਪਏ ਸਹਾਇਤਾ ਦਿੱਤੀ। ਜਦਕਿ ਇਸ ਸਾਕੇ 'ਚ ਮਰਨ ਵਾਲੇ ਪੰਜਾਬੀਆਂ ਨੂੰ ਕੁਲ 13840 ਰੁਪਏ ਦਿੱਤੇ ਗਏ। ਇੰਗਲੈਂਡ ਦੀ ਟੋਰੀ ਪਾਰਟੀ ਤੇ ਹਾਊਸ ਆਫ ਲਾਰਡਜ਼ ਦੇ ਬਹੁ-ਮਤ ਮੈਂਬਰਾਂ ਨੇ ਜਨਰਲ ਡਾਇਰ ਦੇ ਹੱਕ ਵਿੱਚ ਮਦਦ ਕੀਤੀ। ਫੌਜੀ ਕੌਂਸਲ ਨੇ ਡਾਇਰ 'ਤੇ ਸਿਰਫ ਗਲਤੀ ਦਾ ਦੋਸ਼ ਲਾਇਆ। ਉਸ ਦੀ ਅੱਧੀ ਤਨਖਾਹ 'ਤੇ ਸੇਵਾਮੁਕਤ ਕਰਨ ਦੀ ਸਿਫਾਰਸ਼ ਕੀਤੀ ਅਤੇ ਅੱਗੋ ਕਿਸੇ ਵੀ ਨੌਕਰੀ ਤੇ ਨਾ ਲਾਉਣ ਲਈ ਕਿਹਾ! ਇਸ ਖੂਨੀ ਫੌਜੀ ਦੀ ਬਦਲੀ ਕਬਾਇਲੀ ਇਲਾਕੇ 'ਚ ਕੀਤੀ ਗਈ। 23-ਮਾਰਚ 1920 ਨੂੰ ਮਿਲਟਰੀ ਸੈਕਟਰੀ ਨੇ ਡਾਇਰ ਨੂੰ ਦਿੱਲੀ ਸੱਦ ਕੇ ਹੰਟਰ ਕਮੇਟੀ ਦੀ ਰਿਪੋਰਟ ਦਾ ਫੈਸਲਾ ਦੱਸਦੇ ਹੋਏ ਅਤੇ ਫੌਜ ਮੁੱਖੀ ਨੇ ਉਸ ਨੂੰ ਰਿਟਾਇਰ ਹੋਣ ਦਾ ਹੁਕਮ ਸੁਣਾਇਆ। ਫੌਜ ਤੋਂ ਬਰਖਾਸਤੀ ਬਾਦ ਡਾਇਰ ਇੰਗਲੈਂਡ ਚਲਾ ਗਿਆ ਜਿਥੇ ਉਹ ਅਧਰੰਗ ਦਾ ਸ਼ਿਕਾਰ ਹੋ ਕੇ ਮਰ ਗਿਆ। ਇਸ ਜ਼ਾਲਮ ਨਸਲਵਾਦੀ ਫੌਜੀ ਨੂੰ, 'ਹਰਿਮੰਦਰ ਸਾਹਿਬ ਅੰਮ੍ਰਿਤਸਰ ਦੇ ਸਰਬ-ਰਾਹ ਵੱਲੋਂ 13 ਅਪ੍ਰੈਲ 1919 ਦੇ ਵਹਿਸ਼ੀਆਣੇ ਕਾਰੇ ਲਈ ਅਕਾਲ ਤਖਤ ਤੋਂ ਸਿਰੋਪਾ ਦਿੱਤਾ ਸੀ ਅਤੇ ਉਸ ਨੂੰ ਸਿੱਖ ਕਿਹਾ ਗਿਆ ਸੀ।
    ਸਰ ਮਾਈਕਲ ਉਡਵਾਇਰ ਜਿਸ ਦੀ ਰੇਖ-ਦੇਖ ਅਧੀਨ ਜੱਲ੍ਹਿਆ ਵਾਲੇ ਬਾਗ ਦਾ ਸਾਕਾ ਵਾਪਰਿਆ ਉਸ ਵੇਲੇ ਪੰਜਾਬ ਦਾ ਗਵਰਨਰ ਸੀ। ਜੱਲ੍ਹਿਆ-ਵਾਲੇ ਬਾਗ ਦੇ ਖੂੰਨੀਕਾਰੇ ਲਈ ਜ਼ਿੰਮੇਵਾਰ ਉਡਵਾਇਰ 1884 ਵਿੱਚ ਆਈ.ਸੀ.ਐਸ ਪਾਸ ਕਰਕੇ ਪੰਜਾਬ ਦੇ ਸ਼ਾਹਪੁਰ ਦਾ ਮੁੱਖੀ ਨਿਯੁਕਤ ਹੋਇਆ ਸੀ। ਉਹ ਹੂੜ-ਮਤੀ, ਨਾਦਰਸ਼ਾਹੀ ਚਲਾਉਣ ਵਾਲਾ ਪ੍ਰਸ਼ਾਸਕ ਆਇਰਿਸ਼ ਮੂਲ ਦਾ ਗੋਰਾ ਸੀ। ਬਰਤਾਨਵੀ ਸਾਮਰਾਜ ਦਾ ਉਸਰੱਈਆ, ਭਾਰਤੀਆਂ ਨੂੰ ਤਹਿਜ਼ੀਬ ਸਿਖਾਉਣ ਵਾਲਾ ਹੱਠੀ, ਲੋੜ ਤੋਂ ਵੱਧ ਆਤਮ-ਵਿਸ਼ਵਾਸ਼ੀ ਅਤੇ ਅੜਬ ਅਫਸਰ ਸੀ। ਉਹ ਲਾਰੰਸ ਦਾ ਪੈਰੋਕਾਰ ਜਿਹੜਾ ਇਸ ਅਕੀਦੇ ਦਾ ਸੀ, ' ਕਿ ਮੁੱਢ ਵਿੱਚ ਹੀ ਤਾਕਤ ਦੀ ਵਰਤੋਂ ਕਰਨ ਵਾਲਾ ਅਤੇ ਵੇਲੇ ਸਮੇਂ ਘੱਟੋ ਘੱਟ ਤਾਕਤ ਵਰਤ ਕੇ ਸਫਲ ਹੋ ਜਾਂਦਾ ਹੈ। ਪੰਜਾਬ ਦਾ ਗਵਰਨਰ ਬਣਨ ਬਾਦ ਹੋਈਆ ਘਟਨਾਵਾਂ ਗਦਰ-ਪਾਰਟੀ, ਕਿਸਾਨੀ, ਆਜ਼ਾਦੀ ਲਹਿਰਾਂ ਅਤੇ ਅੰਮ੍ਰਿਤਸਰ ਦੇ ਜੱਲ੍ਹਿਆ ਵਾਲਾ ਬਾਗ ਦੀ ਘਟਨਾ ਵੀ ਉਡਵਾਇਰ ਦੇ ਮਨਸੂਬਿਆ ਦੀ ਸੋਚ ਦਾ ਪ੍ਰਗਟਾਵਾ ਸੀ। ਪੰਜਾਬ ਅੰਦਰ ਨਾਦਰਸ਼ਾਹੀ ਰੋਲ ਲਈ ਡਾਇਰ ਤੇ ਉਡਵਾਇਰ ਦੋਨੋ ਹੀ ਸਭ ਤੋਂ ਵੱਧ ਘਿਰਣਤ ਸਮਝੇ ਜਾਣ ਵਾਲੇ ਨਸਵਾਦੀ ਗੋਰੇ ਸਨ। ਇਨ੍ਹਾਂ ਦੋਨੋਂ ਕਾਤਲਾਂ, ਜਿਨ੍ਹਾਂ ਨੇ ਹਿੰਦੋਸਤਾਨੀਆਂ ਦੀ ਬੇਇਜ਼ਤੀ ਤੇ ਜ਼ਲੀਲ ਕੀਤਾ ਸੀ, 'ਦੇ ਕਾਰਿਆ ਦੀ ਸਜ਼ਾਅ ਦੇਣ ਲਈ ਮਹਾਨ ਪੰਜਾਬੀ ਸਪੂਤ (ਸ਼ਹੀਦ) ਊਧਮ ਸਿੰਘ ਨੇ ਭਾਜੀ ਮੋੜਨ ਲਈ ਕਦਮ ਚੁਕਿਆ ! ਜਨਰਲ ਡਾਇਰ ਪਹਿਲਾ ਹੀ ਮਰ ਚੁੱਕਾ ਸੀ, ਜਦਕਿ ਉਡਵਾਇਰ 30 ਮਈ 1919 ਨੂੰ ਗੋਰੀ ਸਰਕਾਰ ਨੇ ਵਾਪਸ ਬੁਲਾ ਗਿਆ ਸੀ, ਜੋ ਲੰਡਨ ਵਿਖੇ ਰਹਿ ਰਿਹਾ ਸੀ। ਕੈਕਸਟਨ ਹਾਲ ਲੰਡਨ, 'ਜਿਥੇ ਇਕ ਮੀਟਿੰਗ ਈਸਟ ਇੰਡੀਆ ਕੰਪਨੀ ਅਤੇ ਰਾਇਲ ਸੈਂਟਰਲ ਏਸ਼ੀਅਨ ਸੁਸਾਇਟੀ ਵੱਲੋਂ ਲਾਰਡ ਜੈਟਲੈਡ ਦੀ ਪ੍ਰਧਾਨਗੀ ਹੇਠ ਇਹ ਵਿਚਾਰ ਕਰਨ ਲਈ ਹੋ ਰਹੀ ਸੀ, 'ਕੀ ਹਿੰਦੂਸਤਾਨੀਆਂ ਨੂੰ ਹੋਰ ਅਧਿਕਾਰ ਦਿੱਤੇ ਜਾਣ ਜਾਂ ਨਹੀਂ,। 13-ਮਾਰਚ 1940 ਨੂੰ ਜਦੋਂ ਉਡਵਾਇਰ ਭਾਸ਼ਣ ਦੇ ਰਿਹਾ ਸੀ ਤਾਂ ਊਧਮ ਸਿੰਘ ਸ਼ਹੀਦ ਨੇ 21 ਸਾਲ ਬਾਦ ਉਸ ਦਾ ਹਿਸਾਬ-ਕਿਤਾਬ ਪੂਰਾ ਕਰ ਦਿੱਤਾ। ਦੋ ਗੋਲੀਆ ਉਸ ਦੀ ਛਾਤੀ ਵਿੱਚ ਦਾਗੀਆਂ ਗਈਆਂ ਤੇ ਉਹ ਉਥੇ ਹੀ ਚਲ ਵੱਸਿਆ। ਇਸ ਤਰ੍ਹਾਂ ਜੱਲ੍ਹਿਆਂ ਵਾਲੇ ਬਾਗ ਦੇ ਕਾਤਲ ਦਾ ਅੰਤ ਹੋ ਗਿਆ। ਊਧਮ ਸਿੰਘ ਸੁਨਾਮ ਨੂੰ 31-ਜੁਲਾਈ 1940 ਨੂੰ ਫਾਂਸੀ ਦਿੱਤੀ ਗਈ।
ਜੱਲ੍ਹਿਆ ਵਾਲੇ ਬਾਗ ਦੇ ਸ਼ਹੀਦ (13-ਅਪ੍ਰੈਲ 1919) ਅੰਮ੍ਰਿਤਸਰ: ਪ੍ਰਾਪਤ ਸੂਚਨਾਵਾਂ ਅਤੇ ਵਸੀਲਿਆਂ ਅਨੁਸਾਰ ਕੁਲ ਮੌਤਾਂ: 406
ਮਾਰਸ਼ਲ ਲਾਅ ਹੇਠ ਪੰਜਾਬ ਅੰਦਰ ਸਜ਼ਾਵਾਂ ਦਿੱਤੀਆਂ ਗਈਆਂ ਤੇ ਕੁਲ ਮੁਕੱਦਮੇ ਦਰਜ ਹੋਏ=114 ਕੇਸ, ਮੁਲਜ਼ਮ ਬਣਾਏ = 456, ਮੌਤ ਦੀ ਸਜ਼ਾ =77, ਉਮਰ ਕੈਦ/ਜਾਇਦਾਦ ਜ਼ਬਤ ਹੋਈ =185, ਘੱਟ ਸਜ਼ਾ=194 ਨੂੰ (ਬਾਦ 'ਚ ਕੁਝ ਸਜ਼ਾਵਾਂ ਘਟਾ ਦਿੱਤੀਆਂ ਗਈਆਂ)।
10 ਅਪ੍ਰੈਲ 1919 ਉਚਾ ਪੁਲ ਅੰਮ੍ਰਿਤਸਰ ਪੁਲੀਸ ਦੀ ਗੋਲੀ 'ਚ ਸ਼ਹੀਦ =23
    ਇਸ ਤੋਂ ਬਿਨਾਂ ਬਹੁਤ ਸਾਰੇ ਅਜਿਹੇ ਨਾ-ਮਾਲੂਮ ਅਤੇ ਗੁੰਮਨਾਮ ਸ਼ਹਿਰੀ ਸਨ, 'ਜਿਨ੍ਹਾਂ ਦੀ ਜਾਣਕਾਰੀ ਦਾ ਵੇਰਵਾ ਕਿਤੇ ਵੀ ਨਹੀਂ ਮਿਲਦਾ ਹੈ। ਗੋਰੀ ਸਰਕਾਰ ਨੇ ਪੰਜਾਬੀਆਂ ਨੂੰ ਸਬਕ ਸਿਖਾਉਣ ਲਈ ਹਰ ਤਰ੍ਹਾਂ ਦੇ ਤਸ਼ੱਦਦ ਦਾ ਸਹਾਰਾ ਲਿਆ, ਤਾਂ ਕਿ ਇਹ ਕੌਮ ਉਠ ਨਾ ਸਕੇ। ਉਡਵਾਇਰ ਪੰਜਾਬ ਅੰਦਰ  ਉਠ ਰਹੀਆਂ ਹਰ ਤਰ੍ਹਾਂ ਦੀਆਂ ਲਹਿਰਾਂ ਦਾ ਕੱਟੜ ਵਿਰੋਧੀ ਸੀ, 'ਜਿਸਨੇ ਪ੍ਰੈਸ ਦਾ ਵੀ ਗਲਾ ਘੁਟਿਆ। ਗੋਰੀ ਸਰਕਾਰ ਨੇ ਪੰਜਾਬ ਅੰਦਰ ਬਹੁਤ ਸਾਰੇ ਬੂਟ-ਚੱਟ ਅਤੇ ਟੋਡੀ ਵੀ ਪੈਦਾ ਕੀਤੇ ਜੋ ਪੰਜਾਬੀ ਸਮਾਜ ਅੰਦਰ ਹਾਕਮਾਂ ਲਈ ਇਕ ਸੂਤਰ ਧਾਰ ਦਾ ਕੰਮ ਕਰਦੇ ਸਨ। ਪੰਜਾਬ ਅੰਦਰ ਪਨਪ ਰਹੀਆਂ ਜਮਹੂਰੀ ਲਹਿਰਾਂ ਨੂੰ ਦਬਾਉਣ ਲਈ ਇਨ੍ਹਾਂ ਬੂਟ-ਚੱਟ ਅਨਸਰਾਂ ਨੂੰ 'ਤਾਜ' ਦੀ ਵਫ਼ਾਦਾਰੀ ਲਈ ਕਈ ਤਰ੍ਹਾਂ ਦੇ ਲਾਲਚ ਤੇ ਰੁਤਬੇ ਦੇ ਕੇ ਭਰਾ ਮਾਰ ਡਿਊਟੀ ਨਿਭਾਉਣ ਲਈ ਵਰਤਿਆ ਗਿਆ। ਪਰ ਪੰਜਾਬੀਆਂ ਨੇ ਆਪਣੀ ਏਕਤਾ ਨੂੰ ਕਾਇਮ ਰੱਖਿਆ ਅਤੇ ਸਾਮਰਾਜ ਵਿਰੁੱਧ 1947 ਤੱਕ ਜੰਗ ਨੂੰ ਜਾਰੀ ਰੱਖਿਆ ਜੋ ਅੱਜ ਵੀ ਜਾਰੀ ਹੈ !
    ਜੱਲ੍ਹਿਆ ਵਾਲੇ ਬਾਗ ਦੇ ਕੌਮੀ ਸਮਾਰਕ, ਇਤਿਹਾਸ ਅਤੇ ਇਸ ਦੀ ਮਾਣ-ਮਰਿਯਾਦਾ ਨੂੰ ਕਾਇਮ ਰੱਖਣ ਅਤੇ ਹਿਫਾਜ਼ਤ ਕਰਨ ਦਾ ਵੀ ਇਕ ਜ਼ਰੂਰੀ ਸਵਾਲ ਹੈ ? ਇਕ ਸਦੀ ਪਹਿਲਾ 13-ਅਪ੍ਰੈਲ, 1919 ਨੂੰ ਭਾਰਤ ਉਪ-ਮਹਾਂਦੀਪ ਦੇ ਧਾਰਮਿਕ ਅਤੇ ਇਤਿਹਾਸਕ ਸ਼ਹਿਰ ਅੰਮ੍ਰਿਤਸਰ ਅੰਦਰ ਜੋ ਅਤਿ ਦੁਖਦਾਈ ਘਟਨਾ ਵਾਪਰੀ ਸੀ। ਜਿਸ ਨੇ ਸਮੁਚੀ ਦੁਨੀਆਂ ਅੰਦਰ, 'ਪੁਰ ਅਮਨ ਲੋਕਾਂ ਨੂੰ ਆਪਣੇ ਆਗੂਆਂ ਨੂੰ ਸੁਣਦਿਆ, 'ਪੰਜਾਬੀਆ ਦੇ ਇਕ ਵੱਡੇ ਇਕੱਠ ਤੇ ਖੂਨੀ ਗੋਲੀਆਂ ਚਲਾ ਕੇ, 'ਜ਼ਾਲਮ ਡਾਇਰ ਨੇ ਜਾਂਗਲੀ ਦਹਿਸ਼ਤ ਦਾ ਸਬੂਤ ਦਿੰਦਿਆ ਸੈਂਕੜੇ ਪੰਜਾਬੀਆਂ ਨੂੰ ਨਿਸ਼ਾਨਾ ਬਣਾਇਆ ਸੀ ਤੇ ਹਾਹਾਕਾਰ ਮਚਾ ਦਿੱਤੀ ਸੀ। ਇਸ ਖੂਨੀ ਕਾਂਡ ਅਧੀਨ ਹਿੰਦੂ, ਮੁਸਲਿਮ, ਸਿੱਖ, ਬਜ਼ੁਰਗ, ਨੌਜਵਾਨ, ਇਸਤਰੀਆਂ ਅਤੇ ਬੱਚਿਆਂ ਨੇ ਖੂਨ ਦੇ ਕੇ ਇਕ ਇਤਿਹਾਸ ਰੱਚਿਆ ਸੀ। ਬਸਤੀਵਾਦੀ ਸਾਮਰਾਜੀਆਂ ਦੇ ਇਸ ਮਨੁਖਤਾ ਵਿਰੋਧੀ ਅਤੇ ਅਸੱਭਿਅਕ ਕਾਰਨਾਮਿਆਂ ਦੀ ਘਿਣੌਨੀ ਮਿਸਾਲ ਵਿਰੁੱਧ, 'ਲੋਕ ਨਫ਼ਰਤ ਅਤੇ ਸਾਮਰਾਜ ਵਿਰੋਧੀ ਰੋਹ, 'ਜੋ ਪੰਜਾਬੀਆਂ ਦੀ ਭਾਈਚਾਰਕ ਏਕਤਾ ਦੇ ਪ੍ਰਤੀਕ ਜੱਲ੍ਹਿਆਂਵਾਲੇ-ਬਾਗ ਵੱਜੋ ਆਜ਼ਾਦੀ ਲਈ ਜਿਲਾਈ ਮਿਸ਼ਾਲ ਵੱਜੋ ਇਤਿਹਾਸਕ ਕੌਮੀ ਨਿਸ਼ਾਨੀ ਹੈ। ਉਸ ਦੀ ਮੌਲਿਕਤਾ ਨੂੰ ਸੰਭਾਲਣਾ, ਮੂਲ ਸਪਿਰਟ ਅਤੇ ਇਤਿਹਾਸ ਨੂੰ ਕਾਇਮ ਰੱਖਣਾ ਵੀ ਸਾਡਾ ਫਰਜ ਹੈ। ਇਸ ਇਤਿਹਾਸਕ ਸਮਾਰਕ ਦੀ ਮੂਲ ਸਪਿਰਟ ਨਾਲ ਖੇਡਣ ਪਿਛੇ ਕੰਮ ਕਰਦੇ ਮਨੋਰਥਾਂ ਰਾਹੀ ਇਸ ਦੀ ਦਿਖ ਨੂੰ ਬਿਗਾੜਨ ਦੇ ਯਤਨ ਹੋ ਰਹੇ ਹਨ ? 1958 ਨੂੰ ਡਾ: ਐਮ.ਐਸ. ਰੰਧਾਵਾ ਵੀ.ਸੀ. ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਇਸ ਇਤਿਹਾਸਕ ਬਾਗ ਦੀ ਦਿਖ ਲਈ ਜੋ ਸਰੂਪ ਦਿੱਤਾ ਸੀ, 'ਨੂੰ ਕਾਇਮ ਰੱਖਣ, ਪੰਡਤ ਪਿਆਰੇ ਮੋਹਣ ਦੀ ਕਿਤਾਬ ਜੱਲ੍ਹਿਆ-ਵਾਲਾ ਬਾਗ ਦੇ ਖੂਨੀ ਬਿਰਤਾਂਤ ਦਾ (Punjab Rebellion-1919) ਜਿਕਰ ਅਤੇ ਉਸ ਵੇਲੇ ਦੀ ਨਾਨਕ ਸਿੰਘ ਦੀ ਲਿਖੀ ਲੰਬੀ ਕਵਿਤਾ "ਖੂਨੀ ਵਿਸਾਖੀ" ਕੁਝ ਉਹ ਇਤਿਹਾਸਕ ਹਕੀਕੀ ਅਤੇ ਸਚਾਈਆਂ ਹਨ ਜਿਨ੍ਹਾਂ ਅਧਾਰਿਤ ਇਸ ਯਾਦਗਾਰੀ ਧਰੋਹਰ ਨੂੰ ਕਾਇਮ ਰੱਖਿਆ ਜਾਣਾ ਚਾਹੀਦਾ ਹੈ। ਮਾਜੂਦਾ ਸਥਿਤੀ ਦਾ ਵਿਰੋਧਾਭਾਸ ਇਹ ਹੈ, " ਕਿ ਹਾਕਮਾਂ ਦੇ ਦੁਰ ਅਤੇ ਮਾੜੇ ਪ੍ਰਭਾਵ ਜੋ ਇਸ ਇਤਿਹਾਸਕ ਯਾਦਗਾਰ ਨੂੰ ਵਿਗਾੜਨਾ ਚਾਹੁੰਦੇ ਹਨ,' ਉਨ੍ਹਾਂ ਪ੍ਰਭਾਵਾਂ ਨੂੰ ਕਾਊਟਰ ਕਰਨ ਲਈ ਸਾਡੇ ਸਾਧਨ ਸੀਮਤ ਹਨ ? ਇਸ ਲਈ ਇਤਿਹਾਸਕਾਰਾਂ, ਖੋਜਕਾਰਾ, ਲੇਖਕਾਂ, ਜਮਹੂਰੀ- ਉਸਾਰੂ ਸੋਚ ਅਤੇ ਸਾਰੀਆਂ ਉਸਾਰੂ ਸੋਚ ਰੱਖਣ ਵਾਲੀਆਂ ਸ਼ਕਤੀਆਂ ਨੂੰ ਜੱਲ੍ਹਿਆ ਵਾਲੇ ਬਾਗ ਦੇ ਇਤਿਹਾਸ, ਧਰੋਹਰ, ਸੰਭਾਲ ਅਤੇ ਆਉਣ ਵਾਲੀਆਂ ਪੀੜੀਆਂ ਲਈ ਇਕ ਰਾਹ ਦੁਸੇਰਾ ਵੱਜੋ ਜੋ ਇਹ ਅਗਵਾਈ ਕਰ ਸੱਕੇ ਨੂੰ ਸੰਭਾਲਣ ਦੀ ਲੋੜ ਹੈ। ਆਓ ! ਜੱਲ੍ਹਿਆ-ਵਾਲੇ ਬਾਗ ਦੇ ਖੂਨ੍ਹੀ ਸਾਕੇ ਦੀ ਪਹਿਲੀ ਸ਼ਤਾਬਦੀ ਵਰ੍ਹੇ 'ਤੇ ਇਸ ਇਤਿਹਾਸਕ ਸਮਾਰਕ ਅਤੇ ਇਤਿਹਾਸ ਨੂੰ ਆਉਣ ਵਾਲੀਆਂ ਪੀੜੀਆਂ ਦੇ ਮਨ੍ਹਾਂ 'ਚ ਸਦੀਵੀ ਯਾਦ ਵੱਜੋਂ ਕਾਇਮ ਰੱਖਣ ਲਈ ਆਪਣਾ ਬਣਦਾ ਯੋਗਦਾਨ ਪਾਈਏ।

91-921799744    5
ਜਗਦੀਸ਼ ਸਿੰਘ ਚੋਹਕਾ

001-403-285-4208
ਹੁਸ਼ਿਆਰਪੁਰ