ਆਪ ਮੁਹਾਰਾ ਜੱਗ - ਜਸਵੀਰ ਸ਼ਰਮਾਂ ਦੱਦਾਹੂਰ

ਹੁੰਦੇ ਦਾਤੀ ਦੇ ਦੰਦੇ ਇੱਕ ਪਾਸੇ,
ਪਰ ਦੁਨੀਆਂ ਦੇ ਪਾਸੇ ਦੋ ਸੱਜਣਾਂ।
ਇਥੇ ਹੱਸਦਾ ਕੋਈ ਕੋਈ ਹੈ,
ਬਾਕੀ ਸਾਰੇ ਰਹੇ ਨੇ ਰੋ ਸੱਜਣਾਂ।
ਨਿੰਦਿਆ ਇੱਕ ਦੂਜੇ ਦੀ ਕਰ ਕਰ ਕੇ,
ਸੱਭ ਮੈਲ ਰਹੇ ਨੇ ਧੋ ਸੱਜਣਾਂ।
ਇਥੇ ਹੱਕ ਦੀ ਖਾਂਦਾ ਕੋਈ ਕੋਈ,
ਜ਼ਿਆਦਾ ਦੂਜਿਆਂ ਤੋਂ ਰਹੇ ਖੋਹ ਸੱਜਣਾਂ।
ਮਾਇਆ ਦੇ ਲਈ ਜਿਉਣ ਸਾਰੇ,
ਨਾ ਰੱਖੇ ਕੋਈ ਵੀ ਕਿਸੇ ਨਾ ਮੋਹ ਸੱਜਣਾਂ।
ਚੰਨ ਸੂਰਜ ਨੂੰ ਤੁੱਛ ਸਮਝਦੇ ਨੇ,
ਤੇ ਆਪਣੀ ਵੰਡਦੇ ਲੋਅ ਸੱਜਣਾਂ।
ਵੇਖ ਆਪਣਿਆਂ ਨੂੰ ਕੋਈ ਰਾਜੀ ਨਾ,
ਧਤੂਰਾ ਜੜ੍ਹਾਂ ਦੇ ਵਿੱਚ ਰਹੇ ਚੋਅ ਸੱਜਣਾ।
ਉਜਾਗਰ ਕਰਨ ਬੁਰਾਈ ਦੂਜੇ ਦੀ,
ਤੇ ਆਪਣੀ ਰਹੇ ਲਕੋ ਸੱਜਣਾ।
ਗੱਲ ਕਿਸੇ ਦੀ ਕੋਈ ਵੀ ਮੰਨਦਾ ਨਾ,
ਕਹਿੰਦੇ ਜਾਹ ਤੂੰ ਪਾਸੇ ਹੋ ਸੱਜਣਾਂ।
ਸਮਝੀ ਬੈਠੀ ਖ਼ਲਕਤ ਸਾਰੀ ਹੀ,
ਇਉਂ ਮਿਲਜੂ ਦਰਗਾਹ ਢੋਹ ਸੱਜਣਾਂ।
ਦੱਦਹੂਰੀਆ ਰੱਬ ਨੂੰ ਅਰਜ ਕਰੇ,
ਆ ਤੂੰ ਹੀ ਸਭਨਾਂ ਵਿੱਚ ਖਲੋ ਸੱਜਣਾਂ।


ਜਸਵੀਰ ਸ਼ਰਮਾਂ ਦੱਦਾਹੂਰ
ਸ਼੍ਰੀ ਮੁਕਤਸਰ ਸਾਹਿਬ
94176 22046