10 ਅਪ੍ਰੈਲ ਲਈ ਵਿਸ਼ੇਸ਼ : ਹੋਮਿਓਪੈਥੀ ਦੇ ਜਨਮਦਾਤਾ : ਡਾ. ਸੈਮੂਅਲ ਹੈਨੇਮੈਨ - ਡਾ. ਅਮਨਦੀਪ ਸਿੰਘ ਟੱਲੇਵਾਲੀਆ

       ਜਦੋਂ ਵੀ ਦੁਨੀਆਂ 'ਤੇ ਦੁੱਖਾਂ ਦੀ ਹਨ੍ਹੇਰੀ ਝੁਲਦੀ ਰਹੀ ਤਾਂ ਕੁਦਰਤ ਨੇ ਇਨ੍ਹਾਂ ਦੁੱਖਾਂ ਨੂੰ ਦੂਰ ਕਰਨ ਲਈ ਅਜਿਹੇ ਇਨਸਾਨਾਂ ਨੂੰ ਧਰਤੀ 'ਤੇ ਭੇਜਿਆ ਹੈ, ਜਿਨ੍ਹਾਂ ਨੇ ਆਪਣੇ ਸੁੱਖਾਂ ਨੂੰ ਤਿਲਾਂਜਲੀ ਦੇ ਕੇ ਲੋਕਾਈ ਪੀੜਾ ਨੂੰ ਆਪਣੇ ਗਲ਼ ਨਾਲ ਹੀ ਨਹੀਂ ਲਾਇਆ, ਸਗੋਂ ਆਪਣੀ ਜ਼ਿੰਦਗੀ ਮਾਨਵਤਾ ਦੇ ਭਲੇ ਲਈ ਕੁਰਬਾਨ ਕੀਤੀ। ਅਜਿਹੇ ਇਨਸਾਨਾਂ ਵਿਚੋਂ ਇਕ ਸੀ ਹੋਮਿਓਪੈਥੀ ਦੇ ਜਨਮਦਾਤਾ ਡਾ. ਹੈਨੇਮੈਨ।
    ਡਾ. ਹੈਨੇਮੈਨ ਦਾ ਜਨਮ 10 ਅਪ੍ਰੈਲ 1755 ਨੂੰ ਜਰਮਨੀ ਦੇ ਇਕ ਪਿੰਡ ਵਿਚ ਬਹੁਤ ਹੀ ਗਰੀਬ ਪਰਿਵਾਰ ਵਿਚ ਹੋਇਆ। ਉਨ੍ਹਾਂ ਆਪਣੀ ਮੁੱਢਲੀ ਸਿੱਖਿਆ ਪਿੰਡ ਦੇ ਸਕੂਲ ਵਿਚੋਂ ਹੀ ਪ੍ਰਾਪਤ ਕੀਤੀ ਪਰ ਆਪ ਨੂੰ ਘਰ ਦੀ ਗਰੀਬੀ ਕਾਰਨ ਪੜ੍ਹਾਈ ਅੱਧ ਵਿਚਾਲੇ ਹੀ ਛੱਡਣੀ ਪਈ ਅਤੇ ਕਿਸੇ ਸਟੋਰ 'ਤੇ ਨੌਕਰੀ ਕਰਨੀ ਪਈ। ਆਪ ਦੇ ਮਨ ਵਿਚ ਮਾਨਵਤਾ ਲਈ ਕੁਝ ਕਰਨ ਦੀ ਇੱਛਾ ਸੀ। ਇਸ ਲਈ ਆਪ ਨੇ ਤੰਗੀਆਂ-ਤੁਰਸ਼ੀਆਂ ਦੇ ਬਾਵਜੂਦ ਆਪਣੀ ਪੜ੍ਹਾਈ ਨੂੰ ਜਾਰੀ ਰੱਖਿਆ ਅਤੇ ਐਮ.ਡੀ. ਦੀ ਡਿਗਰੀ ਹਾਸਿਲ ਕਰ ਲਈ।
    ਐਮ.ਡੀ. ਕਰਨ ਪਿੱਛੋਂ ਆਪ ਨੇ ਆਪਣੀ ਪ੍ਰੈਕਟਿਸ ਕਰਨੀ ਸ਼ੁਰੂ ਕਰ ਦਿੱਤੀ ਪਰ ਡਾ. ਹੈਨੇਮੈਨ ਉਸ ਵੇਲੇ ਦੀਆਂ ਸਿਹਤ ਸਹੂਲਤਾਂ ਤੋਂ ਅਸੰਤੁਸ਼ਟ ਸਨ। ਜਿਵੇਂ ਕਿ ਅੱਜ ਵੀ ਮਾਨਸਿਕ ਰੋਗੀਆਂ ਨੂੰ ਬਿਜਲੀ ਦੇ ਕਰੰਟ ਲਗਾਏ ਜਾਂਦੇ ਹਨ। ਇਸ ਲਈ ਆਪ ਆਪਣੀ ਪ੍ਰੈਕਟਿਸ ਛੱਡ ਕੇ ਇਕ ਭਾਸ਼ਾ ਤੋਂ ਦੂਜੀ ਭਾਸ਼ਾ ਵਿਚ ਕਿਤਾਬਾਂ ਦੇ ਅਨੁਵਾਦ ਕਰਨ ਲੱਗ ਪਏ। ਇਕ ਦਿਨ ਇਕ ਕਿਤਾਬ ਦਾ ਅਨੁਵਾਦ ਕਰਦੇ-ਕਰਦੇ ਆਪ ਨੇ 'ਸਿਨਕੋਨਾ ਟ੍ਰੀ' ਬਾਰੇ ਪੜ੍ਹਿਆ ਕਿ ਜੇਕਰ ਸਿਨਕੋਨਾ ਦੇ ਪੱਤੇ ਕਿਸੇ ਤੰਦਰੁਸਤ ਮਨੁੱਖ ਨੂੰ ਪਿਲਾਏ ਜਾਣ ਤਾਂ ਉਸ ਵਿਚ ਮਲੇਰੀਏ ਦੇ ਲੱਛਣ ਪ੍ਰਗਟ ਹੋ ਸਕਦੇ ਹਨ। ਇਹ ਗੱਲ ਡਾ. ਹੈਨੇਮੈਨ ਨੂੰ ਸੱਚੀ ਜਾਪੀ ਅਤੇ ਉਨ੍ਹਾਂ ਤਜ਼ਰਬਾ ਕਰਨਾ ਸ਼ੁਰੂ ਕਰ ਦਿੱਤਾ। ਸੱਚਮੁੱਚ ਉਹੀ ਹੋਇਆ। ਇਸੇ ਤਰ੍ਹਾਂ ਹੋਮਿਓਪੈਥੀ ਹੋਂਦ ਵਿਚ ਆਈ।
    ਹੋਮਿਓਪੈਥੀ ਦਾ ਸਿਧਾਂਤ 'ਜ਼ਹਿਰ ਨੂੰ ਜ਼ਹਿਰ ਮਾਰਦਾ ਹੈ' ਵਾਲਾ ਹੈ। ਇਸ ਤੋਂ ਭਾਵ ਜਿਹੋ ਜਿਹੀ ਬਿਮਾਰੀ ਸਾਡੇ ਸਰੀਰ ਵਿਚ ਹੈ, ਉਸਨੂੰ ਉਹੀ ਦਵਾਈ ਦੇਣੀ ਪਵੇਗੀ, ਜਿਹੜੀ ਸਰੀਰ ਵਿਚ ਜਾ ਕੇ ਉਸ ਤਰ੍ਹਾਂ ਦੇ ਰੋਗ ਪੈਦਾ ਕਰ ਸਕੇ ਤਾਂ ਕਿ ਬਿਮਾਰੀ, ਬਿਮਾਰੀ ਨਾਲ ਲੜੇ ਅਤੇ ਮਰੀਜ਼ ਤੰਦਰੁਸਤ ਹੋ ਜਾਵੇ।
    ਬੇਸ਼ੱਕ ਸ੍ਰਿਸ਼ਟੀ ਦੀ ਸਿਰਜਣਾ ਪੰਜ ਤੱਤਾਂ ਤੋਂ ਹੋਈ ਹੈ ਪਰ ਫਿਰ ਵੀ ਹਰੇਕ ਮਨੁੱਖ ਦਾ ਕੰਮ ਕਰਨ ਦਾ ਢੰਗ ਜਾਂ ਰਹਿਣ-ਸਹਿਣ ਦੂਸਰੇ ਨਾਲੋਂ ਭਿੰਨ ਹੈ। ਇਸ ਨੂੰ ਡਾਕਟਰ ਹੈਨੇਮੈਨ ਨੇ ਇੰਡੀਵਿਜ਼ੂਅਲਾਈਜੇਸ਼ਨ (Individualization) ਦਾ ਨਾਮ ਦਿੱਤਾ ਹੈ। ਇਸ ਤੋਂ ਭਾਵ ਜੇਕਰ ਦੋ ਵਿਅਕਤੀਆਂ ਨੂੰ ਬੁਖਾਰ ਹੋਇਆ ਹੈ ਤਾਂ ਉਨ੍ਹਾਂ ਦੋਹਾਂ ਦੇ ਲੱਛਣ ਭਿੰਨ-ਭਿੰਨ ਹੋਣਗੇ। ਬੇਸ਼ੱਕ ਬੁਖਾਰ ਨੂੰ ਨਾਂਅ ਕੋਈ ਵੀ ਦਿੱਤਾ ਜਾਵੇ। ਹੋਮਿਓਪੈਥੀ ਵਿਚ ਬਿਮਾਰੀ ਬਨਾਮ ਦਵਾਈ ਨਹੀਂ ਹੁੰਦੀ, ਸਗੋਂ ਮਰੀਜ਼ ਬਨਾਮ ਦਵਾਈ ਦੀ ਚੋਣ 'ਤੇ ਜ਼ਿਆਦਾ ਜ਼ੋਰ ਦਿੱਤਾ ਜਾਂਦਾ ਹੈ।
    ਭਾਵ ਕਿ ਹੋਮਿਓਪੈਥੀ ਦੀ ਖੋਜ ਨਾਲ ਡਾ. ਹੈਨੇਮੈਨ ਦਾ ਵਿਰੋਧ ਹੋਇਆ ਪਰ ਸਮੇਂ ਨਾਲ ਸਭ ਕੁਝ ਸੱਚ ਹੋਇਆ। ਹੋਮਿਓਪੈਥੀ ਦਾ ਇਕ ਹੋਰ ਸਿਧਾਂਤ, ਜੋ ਉਨ੍ਹਾਂ ਨੇ ਹੋਂਦ ਵਿਚ ਲਿਆਂਦਾ, ਉਹ ਇਹ ਹੈ ਕਿ ਸਾਡੇ ਸਰੀਰ ਨੂੰ ਇਕ ਸ਼ਕਤੀ ਚਲਾ ਰਹੀ ਹੈ, ਜਿਸ ਨੂੰ ਉਨ੍ਹਾਂ ਵਾਇਟਲ ਫੋਰਸ ਦਾ ਨਾਂਅ ਦਿੱਤਾ। ਇਹ ਉਹੀ ਕੁਦਰਤੀ ਸ਼ਕਤੀ ਹੈ, ਜੋ ਬਿਮਾਰੀਆਂ ਨਾਲ ਲੜਦੀ ਹੈ। ਕੁਦਰਤ ਨੇ ਮਨੁੱਖੀ ਸਰੀਰ ਅੰਦਰ ਇਕ ਡਾਕਟਰ ਬਿਠਾਇਆ ਹੋਇਆ ਹੈ ਪਰ ਜਦੋਂ ਬਿਮਾਰੀ ਆਪਣਾ ਜ਼ੋਰ ਪਾ ਲੈਂਦੀ ਹੈ, ਤਦ ਇਹ ਵਾਇਟਲ ਫੋਰਸ ਕਮਜ਼ੋਰ ਹੋ ਜਾਂਦੀ ਹੈ। ਉਸ ਵੇਲੇ ਹੋਮਿਓਪੈਥਿਕ ਦਵਾਈ ਜਦ ਮਰੀਜ਼ ਨੂੰ ਦਿੱਤੀ ਜਾਂਦੀ ਹੈ ਤਾਂ ਇਹੀ ਸ਼ਕਤੀ ਸਭ ਤੋਂ ਪਹਿਲਾਂ ਠੀਕ ਹੁੰਦੀ ਹੈ ਅਤੇ ਮਰੀਜ਼ ਤੰਦਰੁਸਤ ਮਹਿਸੂਸ ਕਰਦਾ ਹੈ।
    ਭਾਵੇਂ ਕਿ ਇਸ ਗੱਲ ਦਾ ਉਦੋਂ ਵੀ ਅਤੇ ਹੁਣ ਵੀ ਬਹੁਤ ਵਿਰੋਧ ਹੋਇਆ ਪਰ ਡਾ. ਹੈਨੇਮੈਨ ਨੇ ਤੱਥਾਂ ਦੇ ਅਧਾਰ 'ਤੇ ਇਹ ਸਮਝਾਇਆ ਕਿ ਇਕ ਪਾਸੇ ਤੰਦਰੁਸਤ ਜਿਉਂਦਾ-ਜਾਗਦਾ ਮਨੁੱਖ ਹੈ ਅਤੇ ਦੂਸਰੇ ਪਾਸੇ ਮਰਿਆ ਹੋਇਆ ਮਨੁੱਖ ਹੈ। ਦੋਹਾਂ ਵਿਚ ਸਾਰੇ ਅੰਗ ਆਪਣੀ-ਆਪਣੀ ਜਗ੍ਹਾ ਸਥਿਰ ਹਨ ਪਰ ਮਰਿਆ ਹੋਇਆ ਮਨੁੱਖ ਨਾ ਹਿੱਲ ਸਕਦਾ ਹੈ, ਨਾ ਬੋਲ ਸਕਦਾ ਹੈ ਪਰ ਸਰੀਰ ਦੇ ਸਾਰੇ ਅੰਗ ਤਾਂ ਉਸ ਵਿਚ ਵੀ ਮੌਜੂਦ ਹਨ। ਫਿਰ ਕੀ ਚੀਜ਼ ਗਾਇਬ ਹੈ? ਉਹ ਹੈ ਵਾਇਟਲ ਫੋਰਸ ਭਾਵ ਸਰੀਰ ਦੀ ਸ਼ਕਤੀ, ਜੋ ਸਾਨੂੰ ਬਿਮਾਰੀਆਂ ਨਾਲ ਲੜਨ ਦੇ ਸਮਰੱਥ ਬਣਾਉਂਦੀ ਹੈ ਅਤੇ ਜਦ ਇਹ ਆਪਣਾ ਕੰਮ-ਕਾਜ ਸਹੀ ਦਿਸ਼ਾ ਵਿਚ ਕਰਦੀ ਹੈ ਤਾਂ ਸਰੀਰ ਤੰਦਰੁਸਤ ਰਹਿੰਦਾ ਹੈ। ਲੋੜ ਹੈ ਇਸ ਸ਼ਕਤੀ ਨੂੰ ਬਰਕਰਾਰ ਰੱਖਣ ਦੀ ਤਾਂ ਕਿ ਦੁਨੀਆਂ ਦਾ ਹਰ ਮਨੁੱਖ ਆਪਣੇ ਆਪ ਨੂੰ ਤੰਦਰੁਸਤ ਮਹਿਸੂਸ ਕਰੇ।

-ਡਾ. ਅਮਨਦੀਪ ਸਿੰਘ ਟੱਲੇਵਾਲੀਆ
ਚੜ੍ਹਦੀਕਲਾ ਨਿਵਾਸ,
ਬਾਬਾ ਫ਼ਰੀਦ ਨਗਰ, ਕਚਹਿਰੀ ਚੌਕ,
ਬਰਨਾਲਾ।
98146-99446

09 April 2019