ਪੰਜਾਬੀ ਨੌਜਵਾਨੀ ਦਾ ਪਰਵਾਸ, ਵਰਦਾਨ ਜਾਂ ਸਰਾਪ - ਪ੍ਰੋ. ਗੁਰਵੀਰ ਸਿੰਘ ਸਰੌਦ

    ਪਰਵਾਸ ਸ਼ਬਦ ਪਰ ਅਤੇ ਵਾਸ ਦੋ ਸ਼ਬਦਾਂ ਦਾ ਸੁਮੇਲ ਹੈ।ਪਰ ਤੋਂ ਭਾਵ ਦੂਸਰਾ ਜਾਂ ਪਰਾਇਆ ਹੁੰਦਾ ਹੈ, ਵਾਸ ਕਿਸੇ ਥਾਂ ਦੇ ਰਹਿਣ ਜਾਂ ਵੱਸਣ ਨੂੰ ਕਹਿੰਦੇ ਹਨ।ਇਸ ਤਰ੍ਰਾਂ ਸ਼ਬਦ ਪਰਵਾਸ ਕਿਸੇ ਦੂਜੀ ਥਾਂ ਤੇ ਜਾ ਕਿ ਵੱਸਣ ਨੂੰ ਅਤੇ ਰਹਿਣ ਵਾਲੇ ਲੋਕਾਂ ਨੂੰ ਪਰਵਾਸੀ ਕਹਿੰਦੇ ਹਨ। ਉਹ ਵਿਅਕਤੀ ਜੋ ਅਪਣਾ ਵਤਨ ਤਿਆਗ ਕਿ ਅਣਮਿੱਥੇ ਸਮੇਂ ਲਈ ਵਿਦੇਸ਼ ਚਲਾ ਜਾਦਾ ਹੈ।
    ਪੰਜਾਬੀ ਨੇ ਵੀਹਵੀਂ ਸਦੀ ਦੇ ਆਰੰਭ ਵਿੱਚ ਰੁਜ਼ਗਾਰ ਤੇ ਆਰਥਿਕ ਪੱਖੋਂ ਵਧੇਰੇ ਕਾਮਯਾਬ ਹੋਣ ਲਈ ਪਰਵਾਸ ਧਾਰਨ ਕਰਦਿਆਂ ਯੂਰਪੀ ਤੇ ਅਮਰੀਕੀ ਮਹਾਦੀਪਾਂ ਵਿੱਚ ਪਰਵਾਸ ਕੀਤਾ। ਵਰਤਮਾਨ ਸਮੇਂ ਪੰਜਾਬੀਆਂ ਦੀ ਵੱਖ-ਵੱਖ ਮੰਤਵਾਂ ਅਧੀਨ ਪਰਵਾਸ ਧਾਰਨ ਕਰਨ ਦੀ ਰੁਚੀ ਨਿਰੰਤਰ ਜਾਰੀ ਹੈ। ਖਾਸਕਾਰ ਨੌਜਵਾਨ ਪੀੜ੍ਹੀ ਦਾ ਉੱਚ ਸਿੱਖਿਆਂ ਪ੍ਰਾਪਤੀ ਲਈ ਪਰਵਾਸ ਇੱਕ ਰਿਵਾਜ ਜਿਹਾ ਹੀ ਹੋ ਚੱਕਾ ਹੈ।
    ਅਸਲ ਵਿੱਚ ਉਹਨਾਂ ਦਾ ਮੁੱਖ ਉਦੇਸ਼ ਸਿਰਫ਼ ਪੜ੍ਹਨਾ ਨਹੀਂ, ਬਲਕਿ ਪੱਛਮੀ ਦੇਸ਼ਾਂ ਵਿੱਚ ਪੱਕੇ ਤੌਰ ਤੇ ਰਹਿਣਾ ਹੈ। ਅੱਜ ਪੰਜਾਬ ਦੇ ਪਿੰਡਾਂ ਦੇ ਪਿੰਡ ਨੌਜਵਾਨੀ ਪੀੜ੍ਹੀ ਤੋਂ ਖਾਲੀ ਹੋ ਗਏ ਜਾਪਦੇ ਹਨ। ਕਿਉਂਕਿ ਸੈਕੰਡਰੀ ਸਿੱਖਿਆਂ ਪ੍ਰਾਪਤੀ ਤੋਂ  (ਆਈਲਿਟਸ ਦੇ ਪੇਪਰ) ਬਾਅਦ ਵਿਦੇਸ਼ਾਂ ਦੇ ਕਾਲਜਾਂ ਵਿੱਚ ਪੜ੍ਹਨ ਦੀ ਇਜਾਜਤ ਮਿਲ ਜਾਦੀ ਹੈ।ਬੇਸ਼ੱਕ ਜਦੋਂ ਵੀ ਕੋਈ ਨੌਜਵਾਨ ਪਰਵਾਸ ਕਰਦਾ ਹੈ। ਬਹੁਤ ਹੀ ਆਸ਼ਾਵਾਦੀ ਸੋਚ ਮੁਤਾਬਿਕ ਹੀ ਉਜਵੱਲ ਭੱਵਿਖ ਦੀ ਕਲਪਨਾ ਕਰਦਾ ਹੈ ਅਤੇ ਪ੍ਰਾਪਤੀਆਂ ਵੀ ਕਰ ਰਿਹਾ ਹੈ। ਜਿਹੜੇ ਪਰਿਵਾਰ ਆਰਥਿਕ ਪੱਖ ਤੋਂ ਕੁਝ ਸਾਲ ਪਹਿਲਾ ਕਮਜੋਰ ਸਨ, ਉਨ੍ਹਾਂ ਦੇ ਬੱਚੇ ਵਿਦੇਸ਼ਾ ਵਿੱਚ ਭਾਵੇਂ ਪੜ੍ਹਾਈ ਦੇ ਤੌਰ ਤੇ ਗਏ ਸਨ, ਆਰਥਿਕਤਾ ਪੱਖੋਂ ਹੈਰਾਨੀਜਨਕ ਬਦਲਾਅ ਆਇਆ ਹੈ। ਜਿਸ ਕਾਰਨ ਨੌਜਵਾਨ ਵਰਗ ਦਾ ਵਿਦੇਸ਼ਾ ਨੂੰ ਜਾਣ ਦਾ ਰੁਝਾਨ ਵੱਧ ਚੁੱਕਾ ਹੈ।
ਜਿਸ ਤਰ੍ਰਾਂ ਇੱਕ ਫ਼ਸਲ ਦੇ ਬੀਜ ਉੱਗਣ ਸਮੇਂ ਖੇਤ ਵਿੱਚ ਨਦੀਨ ਆਪਣੇ ਆਪ ਉੱਗ ਆਉਂਦਾ ਹੈ। ਉਸੇ ਤਰ੍ਰਾਂ ਜਿੱਥੇ ਪਰਵਾਸ ਪੰਜਾਬੀ ਲੋਕਾਂ ਲਈ ਵਰਦਾਨ ਸਾਬਿਤ ਹੋਇਆ ਹੈ ਤਾਂ ਵਰਦਾਨ ਬਦਲੇ ਕੁਝ ਸਾਰਪ ਵੀ ਝੱਲਣਾ ਪਿਆ ਹੈ। ਪਰਵਾਸ ਸਿਰਫ਼ ਸ਼ੌਕ ਹੀ ਨਹੀਂ ਬਲਕਿ ਮਜਬੂਰੀ ਵੀ ਹੈ। ਜਿਹੜੀ ਨੌਜਵਾਨੀ ਪਰਵਾਸ ਕਰ ਰਹੀ ਹੈ, ਇੱਕ ਚਿੰਤਕ ਪੀੜ੍ਹੀ ਹੈ। ਕਿਉਂਕਿ ਸਾਡੇ ਦੇਸ਼ ਵਿੱਚ ਖਾਸ਼ਕਰ ਪੰਜਾਬ ਵਿੱਚ ਰੁਜਗਾਰ ਦੇ ਸਹੀ ਮੌਕੇ ਨਹੀਂ ਪ੍ਰਾਪਤ ਨਹੀਂ ਹੁੰਦੇ। ਇਸ ਦੇ ਉਲਟ ਪੱਛਮੀ ਦੇਸ਼ਾਂ ਵਿੱਚ ਉੱਚੇ ਦਰਜੇ ਦੀ ਵਿੱਦਿਆਂ ਦੇ ਨਾਲ-ਨਾਲ ਰੁਜ਼ਗਾਰ ਦੇ ਅਵਸਰ ਵੀ ਪ੍ਰਾਪਤ ਹੋ ਜਾਦੇ ਹਨ, ਬੇਸ਼ੁੱਕ ਪੜ੍ਹਾਈ ਦੇ ਨਾਲ-ਨਾਲ ਕੰਮ ਕਰਨਾ ਬਹੁਤ ਕਠਿਨ ਹੁੰਦਾ  ਹੈ। ਪਰ ਜਦ ਕੀਤੀ ਕਮਾਈ ਦੀ ਗੁਣਾਂ 50 ਨਾਲ ਹੁੰਦੀ ਹੈ, ਸਾਰੇ ਦੁੱਖ ਭੁੱਲ ਜਾਦੇ ਹਨ।ਵਿਦੇਸ਼ਾਂ ਵਿੱਚ ਰਹਿਣ ਵਾਲੇ ਲੋਕਾਂ ਤੋਂ ਉਹਨਾਂ ਦੀ ਆਮਦਨ ਦਾ ਕੁਝ ਹਿੱਸਾ ਟੈਕਸ ਦੇ ਰੂਪ ਵਿੱਚ ਲਿਆ ਜਾਦਾ ਹੈ। ਪਰ ਇਸ ਬਦਲੇ ਉਨ੍ਹਾਂ ਨੂੰ ਸੁੱਖ ਸਹੂਲਤਾਂ ਪ੍ਰਦਾਨ ਕੀਤੀਆਂ ਹਨ। ਸਭ ਤੋਂ ਅਹਿਮ ਗੱਲ ਵਿਦੇਸ਼ਾਂ ਵਿੱਚ ਰਹਿ ਰਹੇ ਲੋਕਾਂ ਨੂੰ ਆਪਣੇ ਭੱਵਿਖ ਦੀ ਚਿੰਤਾ ਦੂਰ ਹੋ ਜਾਦੀ ਹੈ। ਕਿਉਂਕਿ ਸਾਡੀਆਂ ਮੁੱਢਲੀਆਂ ਲੋੜਾਂ ਵਿੱਚੋਂ ਅਹਿਮ ਲੋੜ ਸਿੱਖਿਆਂ ਤੇ ਸਿਹਤ ਦੀ ਹੈ। ਜੋ ਉਥੋਂ ਦੀਆਂ ਸਰਕਾਰਾਂ ਮੁਫਤ ਪ੍ਰਦਾਨ ਕਰਦੀ ਹੈ। ਜੇਕਰ ਸਾਡੇ ਮੁਲਕ ਵੱਲ ਨਜ਼ਰ ਮਾਰੀ ਜਾਵੇ ਤਾਂ ਸਾਡੇ ਸਿੱਖਿਆਂ ਤੇ ਸਿਹਤ ਮੰਤਰੀ ਵੀ ਅਨਪੜ੍ਹ ਜਾਂ ਬਹੁਤ ਘੱਟ ਪੜ੍ਹੇ ਹੁੰਦੇ ਹਨ, ਉਨ੍ਹਾਂ ਤੋਂ ਕੀ ਆਸ ਰੱਖੀ ਜਾ ਸਕਦੀ ਹੈ? ਕੁਲ ਮਿਲਾ ਕਿ ਕਿਹਾ ਜਾ ਸਕਦਾ ਹੈ, ਭਾਵੇਂ ਵਿਦੇਸ਼ਾ ਵਿੱਚ ਰਹਿ ਕਿ ਬਹੁਤ ਸਖ਼ਤ ਮਿਹਨਤ ਕਰਨੀ ਪੈਂਦੀ ਹੈ।ਫਿਰ ਵੀ ਉਸ ਦੇ ਬਦਲੇ ਉਹ ਸਾਰੀਆਂ ਸੁੱਖ ਸਹੂਲਤਾਂ ਮਿਲਦੀਆਂ ਹਨ, ਜਿੰਨ੍ਹਾਂ ਦਾ ਅਸਲੀ ਹੱਕਦਾਰ ਹਰ ਇੱਕ ਨਾਗਰਿਕ ਹੁੰਦਾ ਹੈ।ਰਿਸ਼ਵਤਖੋਰੀ, ਭ੍ਰਿਸ਼ਟਾਚਾਰ ਬਹੁਤ ਘੱਟ ਹੋਣ ਕਾਰਨ ਦੇਸ਼ ਤਰੱਕੀ ਦੇ ਰਸਤੇ ਵੱਲ ਨੂੰ ਵੱਧਦਾ ਚਲਾ ਜਾਦਾ ਹੈ।ਇਨ੍ਹਾਂ ਕਾਰਕਾਂ ਕਰਕੇ ਅਜੋਕੀ ਨੋਜਵਾਨੀ ਪੀੜ੍ਹੀ ਵਿਦੇਸ਼ਾਂ ਵੱਲ ਖਿੱਚੀ ਚੱਲੀ ਜਾ ਰਹੀ ਹੈ।
    ਜੇਕਰ ਇਸ ਸਿੱਕੇ ਦੇ ਦੂਜੇ ਪਹਿਲੂ ਨੂੰ ਦੇਖਿਆ ਜਾਵੇ ਤਾਂ ਪਰਵਾਸ ਦੇ ਨਕਾਰਤਮਕ ਕਾਰਕ ਵੀ ਸਾਹਮਣੇ ਆਉਂਦੇ ਹਨ। ਜਿੰਨ੍ਹਾਂ ਵਿੱਚੋਂ ਸਭ ਤੋਂ ਅਹਿਮ ਗੱਲ ਨੋਜਵਾਨੀ ਨੂੰ ਆਪਣੀ ਜਨਮ-ਭੂਮੀ ਤੇ ਜਨਮ-ਦਤਿਆਂ ਤੋਂ ਦੂਰ ਹੋਣਾ ਪੈਂਦਾ ਹੈ। ਦੂਸਰਾ ਜਦੋਂ ਤੋਂ ਵਿਦੇਸ਼ਾਂ ਵਿੱਚ ਪੜਾਈ ਕਰਨ ਦਾ ਰੁਝਾਨ ਸ਼ੁਰੂ ਹੋਇਆਂ ਹੈ ਤਾਂ ਪੰਜਾਬ ਦੀ ਆਰਥਿਕਤਾ ਨੂੰ ਵੀ ਬਹੁਤ ਵੱਡਾ ਧੱਕਾ ਲੱਗਿਆਂ ਹੈ, ਕਿਉਂਕਿ ਪੰਜਾਬ ਦੀ ਸਾਰੀ ਕਮਾਈ ਤਾਂ ਵਿਦੇਸ਼ਾਂ ਵਿੱਚ ਫ਼ੀਸਾਂ ਰਾਹੀ ਜਾ ਰਹੀ ਹੈ। ਜੋ ਪੰਜਾਬ ਦੀ ਕੰਗਾਲੀ ਦਾ ਪ੍ਰਮੁੱਖ ਕਾਰਨ ਵੀ ਹੈ।
ਵੈਸੇ ਤਾਂ ਕੋਈ ਕੰਮ ਛੋਟਾ ਵੱਡਾ ਨਹੀਂ ਹੁੰਦਾ, ਹੱਥੀ ਕਿਰਤ ਸਭ ਤੋਂ ਵੱਡੀ ਹੈ। ਪਰ ਵਿਦੇਸ਼ੀ ਰੁਝਾਨ ਕਾਰਨ ਹੁਸ਼ਿਆਰ ਬੱਚੇ ਵਿਦੇਸ਼ਾਂ ਨੂੰ ਜਾ ਚੁੱਕੇ ਹਨ। ਉਥੇ ਹੋਟਲਾਂ, ਪੈਟਰੋਲ ਪੰਪਾਂ, ਟੈਕਸੀ ਚਲਾਉਣ (ਲੇਬਰ) ਆਦਿ ਕੰਮ ਕਰ ਰਹੇ ਹਨ। ਜਿਸ ਕਾਰਨ ਪੰਜਾਬ ਵਿੱਚ ਪੰਜਾਬੀਆਂ ਵਿੱਚ ਉੱਚੀਆਂ ਅਫ਼ਸਰੀ ਅਸਾਮੀਆਂ ਉੱਪਰ  ਫਾਡੀ ਰਹਿਣ ਦਾ ਖ਼ਦਸ਼ਾਂ ਜਿਤਾਇਆਂ ਜਾ ਸਕਦਾ ਹੈ। ਭਾਵੇਂ ਸਾਰੇ ਪਰਵਾਸੀ ਇਹ ਕਹਿੰਦੇ ਹਨ ਕਿ ਵਿਦੇਸ਼ਾਂ ਵਿੱਚ ਕੰਮ ਕਰਨਾ ਸੌਖਾ ਨਹੀਂ,ਪਰ ਜੋ ਵੀ ਇੱਕ ਵਾਰ ਚੱਲਿਆ ਜਾਦਾ ਹੈ, ਉਹ ਵਾਪਸ ਮੁੜ ਨਹੀਂ ਆਉਂਦਾ! ਜਿਸ ਨਾਲ ਉਹ ਪੰਜਾਬੀ ਸੱਭਿਆਚਾਰ ਨਾਲ ਟੁੱਟ ਜਾਦਾ ਹੈ,ਕਿਉਂਕਿ ਪੰਜਾਬੀ ਅਸੀਂ ਭਾਵਨਾਵਾਂ ਤੇ ਜਜ਼ਬਾਤਾਂ ਦੀ ਕਦਰ ਕਰਦੇ ਹਾਂ। ਪਰਵਾਸੀ ਮੁੱਨਖ ਜਿਆਦਾਤਾਰ ਪਦਾਰਥਵਾਦੀ ਹੋ ਜਾਂਦਾ ਹੈ।
ਅੰਤ ਇਹੀ ਕਿਹਾ ਜਾ ਸਕਦਾ ਹੈ, ਕਿ ਪਰਵਾਸ ਕੋਈ ਨਵੀਨ ਸ਼ੈਲੀ ਨਹੀਂ ਹੈ। ਜਿਸ ਨੇ ਪੰਜਾਬੀਆਂ ਦੀ ਆਰਥਿਕਤਾ ਨੂੰ ਕਾਫ਼ੀ ਮਜ਼ਬੂਤ ਕੀਤਾ ਹੋਵੇ। ਪਰ ਆਪਣੇ ਪੰਜਾਬ, ਪੰਜਾਬੀਅਤ ਨਾਲ ਪਿਆਰ ਤੋੜਨਾ ਕੋਈ ਪੜ੍ਹੇ-ਲਿਖੇ,ਆਮੀਰਾਂ ਦੀ ਵੀ ਨਿਸ਼ਾਨੀ ਨਹੀਂ।ਕਾਸ਼! ਇਹ ਨਾ ਹੋਵੇ ਕਿ ਆਉਣ ਵਾਲੇ ਸਮੇਂ ਵਿੱਚ ਪੰਜਾਬ ਰਾਜ ਸਿਰਫ਼ ਪੰਜਾਬੀਅਤ ਦਾ ਅਜਾਇਬ ਘਰ ਬਣਕਿ ਰਹਿ ਜਾਵੇ।  
                                     ਲੇਖਕ: ਅਸਿਸ.ਪ੍ਰੋ. ਗੁਰਵੀਰ ਸਿੰਘ ਸਰੌਦ
                                     ਹਰਫ਼ ਕਾਲਜ, ਮਲੇਰਕੋਟਲਾ।
                                     ਸੰਪਰਕ: 9417971451